ਪੰਜਾਬ ਕਾਂਗਰਸ ਦਾ ਸੰਕਟ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈੈ। ਜਿਉਂ ਜਿਉਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਤਿਉਂ ਤਿਉਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿੱਪ ਲਈ ਚੁਣੌਤੀਆਂ ਵੀ ਵਧਦੀਆਂ ਜਾ ਰਹੀਆਂ ਹਨ। ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜੀ ਜੰਗ ਧੁਖ ਰਹੀ ਸੀ ਉਹ ਹੁਣ ਸਭ ਦੇ ਸਾਹਮਣੇ ਮਚਣ ਲੱਗ ਪਈ ਹੈੈ। ਕਾਂਗਰਸ ਦੀ ਹਾਈਕਮਾਂਡ ਨੇ ਵੀ ਪੰਜਾਬ ਦੀ ਇਸ ਅੰਦਰੂਨੀ ਲੜਾਈ ਨੂੰ ਦੇਖਦਿਆਂ ਸਰਗਰਮੀਆਂ ਅਰੰਭ ਕਰ ਦਿੱਤੀਆਂ ਹਨ।

ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਜੋ ਬਹੁਤ ਦੇਰ ਤੋਂ ਸ਼ੋਸ਼ਲ ਮੀਡੀਆ ਰਾਹੀਂ ਕੈਪਟਨ ਅਮਰਿੰਦਰ ਸਿੰਘ ਉੱਤੇ ਹਮਲੇ ਕਰਦੇ ਆ ਰਹੇ ਸਨ ਨੇ ਹੁਣ ਸਾਹਮਣੇ ਆ ਕੇ ਕੈਪਟਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈੈ। ਕੁਝ ਵੱਡੇ ਅੰਗਰੇਜ਼ੀ ਅਖਬਾਰਾਂ ਨਾਲ ਮੁਲਾਕਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਸਰਕਾਰ ਬਾਰੇ ਜੋ ਖੁਲਾਸੇ ਕੀਤੇ ਹਨ ਉਹ ਕਾਫੀ ਸਨਸਨੀਖੇਜ ਹਨ। ਨਵਜੋਤ ਸਿੰਘ ਸਿੱਧੂ ਦਾ ਕਹਿਣਾਂ ਹੈ ਕਿ ਪੰਜਾਬ ਵਿੱਚ ਬਾਦਲ ਪਰਵਾਰ ਅਤੇ ਕੈਪਟਨ ਪਰਵਾਰ ਆਪਸੀ ਸਮਝੌਤੇ ਤਹਿਤ ਸਰਕਾਰਾਂ ਚਲਾ ਰਹੇ ਹਨ ਅਤੇ ਇਹ ਦੋਹੇਂ ਪਰਵਾਰ ਪੰਜਾਬ ਦੇ ਖਜਾਨੇ ਨੂੰ ਅਸਿੱਧੇ ਢੰਗ ਨਾਲ ਲੁੱਟ ਕੇ ਆਪਣੀਆਂ ਜੇਬਾਂ ਭਰ ਰਹੇ ਹਨ ਜਦੋਂਕਿ ਪੰਜਾਬ ਦਾ ਖਜਾਨਾ ਖਾਲੀ ਹੋਈ ਜਾ ਰਿਹਾ ਹੈੈ। ਉਨ੍ਹਾਂ ਆਖਿਆ ਕਿ ਪੰਜਾਬ ਆਪਣਾਂ ਪਿਛਲਾ ਕਰਜਾ ਮੋੜਨ ਲਈ ਨਵੇਂ ਕਰਜੇ ਲੈ ਰਿਹਾ ਹੈ ਅਤੇ ਇਸਦਾ ਭਾਰ ਸਾਰੇ ਪੰਜਾਬ ਵਾਸੀਆਂ ਤੇ ਪੈ ਰਿਹਾ ਹੈ। ਨਾ ਸਾਡੇ ਬੱਚਿਆਂ ਨੂੰ ਨੌਕਰੀ ਦੇਣ ਲਈ ਪੈਸੇ ਹਨ ਅਤੇ ਨਾ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਲਈ।

ਨਵਜੋਤ ਸਿੰਘ ਸਿੱਧੂ ਨੇ ਇਹ ਵੀ ਆਖਿਆ ਕਿ ਪੰਜਾਬ ਦਾ ਖਜਾਨਾ ਬਹੁਤ ਵਧੀਆ ਢੰਗ ਨਾਲ ਭਰਿਆ ਜਾ ਸਕਦਾ ਹੈ ਅਤੇ ਉਸ ਭਰੇ ਹੋਏ ਖਜਾਨੇ ਨਾਲ ਪੰਜਾਬ ਦੇ ਪੜ੍ਹੇ-ਲਿਖੇ ਬੱਚਿਆਂ ਨੂੰ ਨੌਕਰੀ ਦਿੱਤੀ ਜਾ ਸਕਦੀ ਹੈੈ। ਨਵੀਆਂ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਜਾ ਸਕਦੀਆਂ ਹਨ ਅਤੇ ਬਜ਼ੁਰਗਾਂ ਨੂੰ ਸਾਂਭਿਆ ਜਾ ਸਕਦਾ ਹੈੈ। ਇੱਕ ਆਦਰਸ਼ਕ ਸਰਕਾਰ ਆਪਣੇ ਸ਼ਹਿਰੀਆਂ ਲਈ ਜੋ ਕਰ ਸਕਦੀ ਹੈੈ,ਪੰੰਜਾਬ ਵਿੱਚ ਵੀ ਉਹੋ ਜਿਹਾ ਸਿਸਟਮ ਉਸਾਰਿਆ ਜਾ ਸਕਦਾ ਹੈੈੈ।

ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦਾ ਖਜਾਨਾ ਭਰਨ ਲਈ ਬਹੁਤ ਸਾਰੀਆਂ ਨਵੀਆਂ ਤਬਦੀਲੀਆਂ ਦੀ ਗੱਲ ਕੀਤੀ ਹੈੈ। ਉਨ੍ਹਾਂ ਨੇ ਰਾਜ ਦੀ ਸ਼ਰਾਬ ਨੀਤੀ, ਰੇਤਾ-ਬਜਰੀ ਨੀਤੀ,ਇਸ਼ਤਿਹਾਰ ਨੀਤੀ, ਮਨੋਰੰਜਨ ਨੀਤੀ ਅਤੇ ਟਰਾਂਸਪੋਰਟ ਨੀਤੀ ਵਿੱਚ ਵੱਡੀਆਂ ਤਬਦੀਲੀਆਂ ਦੀ ਮੰਗ ਕਰਦਿਆਂ ਆਖਿਆ ਕਿ ਜਿਸ ਨੀਤੀ ਦੀ ਉਹ ਵਕਾਲਤ ਕਰ ਰਹੇ ਹਨ ਉਹ ਨੀਤੀ ਸਿਆਸੀ ਨੇਤਾਵਾਂ ਦੀਆਂ ਜੇਬਾਂ ਨਹੀ ਭਰੇਗੀ ਬਲਕਿ ਪੰਜਾਬ ਦਾ ਖਜਾਨਾ ਭਰੇਗੀ। ਪਰ ਕੈਪਟਨ ਅਮਰਿੰਦਰ ਸਿੰਘ ਅਜਿਹਾ ਨਹੀ ਕਰਨਾ ਚਾਹੁੰਦੇ ਕਿਉਂਕਿ ਉਹ ਬਾਦਲ ਪਰਵਾਰ ਦੇ ਵਪਾਰ ਨੂੰ ਘਾਟਾ ਨਹੀ ਪਾਉਣਾਂ ਚਾਹੁੰਦੇ।

ਨਿਰਸੰਦੇਹ ਨਵਜੋਤ ਸਿੰਘ ਸਿੱਧੂ ਦਾ ਕੈਪਟਨ ਤੇ ਇਹ ਵਾਰ ਕਾਫੀ ਕਰਾਰਾ ਸੀ ਅਤੇ ਉਨ੍ਹਾਂ ਤੋਂ ਬਾਅਦ ਹੁਣ ਕਾਂਗਰਸ ਦੇ ਹੋਰ ਵਿਧਾਇਕਾਂ ਨੇ ਵੀ ਕੈਪਟਨ ਦੇ ਪੰਜਾਬ ਵਿਰੋਧੀ ਕੰਮ-ਢੰਗ ਉਤੇ ਗੰਭੀਰ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸਿਆ ਜਾਂਦਾ ਹੈ ਕਿ ਦਿੱਲੀ ਵਿੱਚ ਹਾਈਕਮਾਂਡ ਨੂੰ ਮਿਲਣ ਵਾਲੇ ਬਹੁਤੇ ਵਿਧਾਇਕਾਂ ਨੇ ਕੈਪਟਨ ਦੇ ਖਿਲਾਫ ਡਟਕੇ ਭੜਾਸ ਕੱਢੀ। ਹਾਈਕਮਾਂਡ ਵੀ ਕੈਪਟਨ ਦੇ ਤੇਵਰਾਂ ਨੂੰ ਨੇੜਿਓਂ ਭਾਂਪ ਰਹੀ ਹੈ ਅਤੇ ਹੋ ਸਕਦਾ ਹੈ ਕੋਈ ਸਖਤ ਕਾਰਵਾਈ ਕੀਤੀ ਜਾਵੇ।

ਅੰਦਰ ਦੀਆਂ ਖਬਰਾਂ ਜਾਨਣ ਵਾਲੇ ਦੱਸਦੇ ਹਨ ਕਿ ਕਾਂਗਰਸ ਹਾਈਕਮਾਂਡ ਹੁਣ ਅਗਲੀ ਵਾਰੀ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀ ਬਣਾਉਣਾਂ ਚਾਹੁੰਦੀ ਉਹ ਕਿਸੇ ਹੋਰ ਚਿਹਰੇ ਦੀ ਭਾਲ ਵਿੱਚ ਹੈ ਜੋ ਪੰਜਾਬ ਵਿੱਚ ਚੱਲ ਲਈ ਦੋ ਪਰਵਾਰਾਂ ਦੀ ਖੇਡ ਨੂੰ ਖਤਮ ਕਰਕੇ ਉਸ ਰਾਜ ਵਿੱਚ ਕਾਂਗਰਸ ਦਾ ਰਾਜ ਮੁੜ ਸਥਾਪਤ ਕਰ ਸਕੇ। ਜਿਹੜੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਆਪਣੀ ਨਰਾਜ਼ਗੀ ਜਤਾਈ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਗੱਲ ਨਹੀ ਆਖੀ।

ਇਸ ਝਗੜੇ ਵਿੱਚ ਹਰ ਕੋਈ ਆਪਣਾਂ ਦਾਅ ਲਾਉਣਾਂ ਚਾਹੁੰਦਾ ਹੈ ਪਰ ਜਿਸ ਕਿਸਮ ਦੀ ਆਰਥਕ ਸੁਧਾਰ ਨੀਤੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਲਈ ਸੁਝਾਈ ਹੈੈ ਉਹ ਪੰਜਾਬ ਲਈ ਕਾਫੀ ਲਾਹੇਵੰਦੀ ਹੋ ਸਕਦੀ ਹੈੈੈ। ਨਵਜੋਤ ਸਿੰਘ ਸਿੱਧੂ ਨੇ ਇਹ ਸਿਆਸੀ ਧਮਾਕਾ ਕਰਕੇ ਕੈਪਟਨ ਦੇ ਰਾਹ ਵਿੱਚ ਕੰਡੇ ਬੀਜ ਦਿੱਤੇ ਹਨ।