ਖਾੜਕੂ ਸਿੱਖ ਲਹਿਰ ਦੌਰਾਨ ਹੋਏ ਕੁਝ ਰਾਜਸੀ ਕਤਲਾਂ ਬਾਰੇ ਬਹੁਤ ਲੰਬੇ ਸਮੇਂ ਤੋਂ ਇੱਕ ਘੁੱਟਵੀਂ ਜਿਹੀ ਵਿਚਾਰ ਚਰਚਾ ਚੱਲ ਰਹੀ ਸੀ।ਵੈੈਸੇ ਤਾਂ ਅਜਿਹੇ ਇੱਕ ਤੋਂ ਵੱਧ ਕਤਲ ਸਨ ਜਿਨ੍ਹਾਂ ਬਾਰੇ ਕੁਝ ਦੱਬੀ ਜੀਭ ਨਾਲ ਕੁਝ ਵਿਚਾਰ ਹੁੰਦਾ ਰਿਹਾ ਪਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਰਹੇ ਭਾਈ ਹਰਮਿੰਦਰ ਸਿੰਘ ਸੰਧੂ ਦੇ ਕਤਲ ਬਾਰੇ ਕੁਝ ਸਿੱਖ ਹਲਕਿਆਂ ਅਤੇ ਖਾਸ ਕਰਕੇ ਭਾਈ ਸੰਧੂ ਦੇ ਹਮਾਇਤੀਆਂ ਵੱਲੋਂ ਵਾਰ ਵਾਰ ਇਹ ਸਵਾਲ ਉਠਾਇਆ ਜਾ ਰਿਹਾ ਸੀ। ਕਿਉਂਕਿ ਇਸ ਕਤਲ ਦੀ ਜਿੰਮੇਵਾਰੀ ਉਸ ਵੇਲੇ ਸਰਗਰਮ ਰਹੀਆਂ ਖਾੜਕੂ ਜਥੇਬੰਦੀਆਂ ਨੇ ਲਈ ਸੀ ਇਸ ਕਰਕੇ ਲਹਿਰ ਦੇ ਚੜ੍ਹਾਈ ਦੇ ਦਿਨਾਂ ਦੌਰਾਨ ਕਿਸੇ ਨੇ ਵੀ ਖੁਲ੍ਹਕੇ ਇਸ ਕਤਲ ਬਾਰੇ ਆਪਣੀ ਜੁਬਾਨ ਨਹੀ ਸੀ ਖੋਲ੍ਹੀ। ਵੈਸੇ ਭਾਈ ਸੰਧੂ ਦੇ ਹਮਾਇਤੀ ਇਸ ਗੱਲ ਦਾ ਬੁਰਾ ਜਰੂਰ ਮਨਾਉਂਦੇ ਰਹੇ ਕਿ ਉਨ੍ਹਾਂ ਦਾ ਕਤਲ ਹੋ ਗਿਆ ਹੈੈ। ਖਾੜਕੂ ਜਥੇਬੰਦੀਆਂ ਨੇ ਭਾਵੇਂ ਦੁਖੀ ਮਨ ਨਾਲ ਇਹ ਕਦਮ ਚੁੱਕਿਆ ਸੀ ਪਰ ਉਨਾਂ੍ਹ ਨੇ ਵੀ ਸਿੱਖ ਮਰਯਾਦਾ ਦਾ ਖਿਆਲ ਕਰਦਿਆਂ ਇਸ ਕਤਲ ਨੂੰ ਛੱਜ ਵਿੱਚ ਪਾਕੇ ਛੱਟਿਆ ਕਦੇ ਨਹੀ ਸੀ। ਬੇਸ਼ੱਕ ਉਨ੍ਹਾਂ ਨੂੰ ਭਾਈ ਹਰਮਿੰਦਰ ਸਿੰਘ ਸੰਧੂ ਦੀ ਦਿਸ਼ਾ ਬਦਲੀ ਦਾ ਗਿਆਨ ਬਹੁਤ ਚਿਰ ਪਹਿਲਾਂ ਹੋ ਗਿਆ ਸੀ ਪਰ ਇਸਦੇ ਬਾਵਜੂਦ ਵੀ ਖਾੜਕੂ ਧਿਰਾਂ ਨੇ ਬਹੁਤ ਚੋਣਵੇਂ ਅਤੇ ਬੋਚਵੇਂ ਸ਼ਬਦਾਂ ਨਾਲ ਹੀ ਇਸਦੀ ਜਿੰਮੇਵਾਰੀ ਲਈ ਸੀ।

ਹੁਣ ਜਦੋਂ ਸਿਆਸੀ ਸੱਤਾ ਦਾ ਨਿੱਘ ਮਾਣ ਰਹੇ ਭਾਈ ਸੰਧੂ ਦੇ ਹਮਾਇਤਆਂਿ ਨੇ ਸੁਚੇਤ ਰੂਪ ਵਿੱਚ ਇੱਕ ਮੁਹਿੰਮ ਬਣਾਕੇ ਉਨਾਂ ਦੇ ਕਤਲ ਦੀ ਘਟਨਾ ਨੂੰ ਉਛਾਲਣਾਂ ਸ਼ੁਰੂ ਕਰ ਦਿੱਤਾ ਸੀ ਤਾਂ ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਨੂੰ ਜਿੰਮੇਵਾਰੀ ਓਟ ਕੇ ਇਸ ਘਟਨਾ ਤੋਂ ਪਰਦਾ ਚੁੱਕਣਾਂ ਪਿਆ। ਭਾਈ ਅਜਮੇਰ ਸਿੰਘ ਨੇ ਭਾਈ ਸੰਧੂ ਦੇ ਕਤਲ ਬਾਰੇ ਜੋ ਸਥਿਤੀ ਸਪਸ਼ਟ ਕੀਤੀ ਹੈ ਅਸੀਂ ਸਮਝਦੇ ਹਾਂ ਕਿ ਉਹ ਦੇਰ ਨਾਲ ਚੁਕਿਆ ਗਿਆ ਸਹੀ ਕਦਮ ਹੈੈ। ਜੇ ਹੁਣ ਵੀ ਇਸ ਦੁਖਦਾਈ ਕਤਲ ਤੋਂ ਪਰਦਾ ਨਾ ਚੁਕਿਆ ਜਾਂਦਾ ਤਾਂ ਉਨ੍ਹਾਂ ਦੇ ਹਮਾਇਤੀ ਪਤਾ ਨਹੀ ਅਸਲੀਅਤ ਨੂੰ ਕੀ ਤੋਂ ਕੀ ਬਣਾ ਦਿੰਦੇ।

ਭਾਈ ਅਜਮੇਰ ਸਿੰਘ ਨੇ ਆਪਣੇ ਵਿਚਾਰਾਂ ਵਿੱਚ ਇੱਕ ਗੱਲ ਸਪਸ਼ਟ ਰੂਪ ਵਿੱਚ ਆਖੀ ਹੈ ਕਿ ਭਾਈ ਸੰਧੂ ਨੇ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਵੀ ਚਿੱਠੀ ਲਿਖਕੇ ਆਪਣੀ ਜਾਨ ਬਚਾਉਣ ਦੀ ਮੰਗ ਕੀਤੀ ਸੀ, ਪਰ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਵੀ ਭਾਈ ਸੰਧੂ ਦੀ ਕੋਈ ਸਹਾਇਤਾ ਨਹੀ ਕੀਤੀ। ਆਪਣੇ ਪਾਠਕਾਂ ਨੂੰ ਦੱਸਦੇ ਜਾਈਏ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਹਰਮਿੰਦਰ ਸਿੰਘ ਸੰਧੂ ਦੇ ਬਹੁਤ ਨੇੜਲੇ ਸਾਥੀ ਰਹੇ ਸਨ। ਉਨ੍ਹਾਂ ਦੀ ਆਪਸੀ ਦੋਸਤੀ ਕਾਫੀ ਗੂੜ੍ਹੀ ਰਹੀ ਸੀ। ਪਰ ਇਸਦੇ ਬਾਵਜੂਦ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਉਨ੍ਹਾਂ ਦੀ ਕੋਈ ਸਹਾਇਤਾ ਨਹੀ ਕੀਤੀ। ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਵੀ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਭਾਈ ਸੰਧੂ, ਸਿੱਖ ਲਹਿਰ ਤੋਂ ਕਿਨਾਰਾ ਕਰਕੇ ਆਪਣਾਂ ਵੱਖਰਾ ਰਾਹ ਅਪਨਾ ਰਹੇ ਹਨ ਜੋ ਪੰਜਾਬ ਲਈ ਵੀ ਘਾਤਕ ਹੈ ਅਤੇ ਸਿੱਖ ਕੌਮ ਲਈ ਵੀ। ਜਿਸ ਰਾਹ ਤੇ ਭਾਈ ਸੰਧੂ ਚੱਲ ਰਹੇ ਸਨ ਉਹ ਰਾਹ ਉਨਾਂ੍ਹ ਲਈ ਤਾਂ ਕੋਈ ਰਾਜਸੀ ਸ਼ਕਤੀ ਹਾਸਲ ਕਰਵਾ ਸਕਦਾ ਸੀ ਪਰ ਪੰਥ ਅਤੇ ਪੰਜਾਬ ਲਈ ਨਹੀ।

ਇਸ ਗੱਲ ਦਾ ਵੱਡਾ ਦੁਖ ਹੁੰਦਾ ਹੈ ਕਿ ਭਾਈ ਹਰਮਿੰਦਰ ਸਿੰਘ ਸੰਧੂ ਵਰਗਾ ਪੜ੍ਹਿਆ ਲਿਖਿਆ ਲੀਡਰ ਸਮੇਂ ਦੀ ਹਕੀਕਤ ਨੂੰ ਨਾ ਪਹਿਚਾਣ ਸਕਿਆ ਅਤੇ ਸਿਆਸੀ ੳਲਾਰਪੁਣੇ ਦੀਆਂ ਸ਼ਕਤੀਆਂ ਨੇ ਉਸਦੀ ਮਾਨਸਿਕਤਾ ਤੇ ਗਲਬਾ ਪਾ ਲਿਆ। ਉਸਦੀ ਚੇਤੰਨ ਅੱਖ ਸਾਹਮਣੇ ਖੜ੍ਹੀ ਹਕੀਕਤ ਨੂੰ ਨਾ ਪਹਿਚਾਣ ਸਕੀ ਅਤੇ ਖਾੜਕੂ ਲਹਿਰ ਨੂੰ ਇੱਕ ਦੁਖਦਾਈ ਕਦਮ ਚੁਕਣਾਂ ਪਿਆ।

ਭਾਈ ਅਜਮੇਰ ਸਿੰਘ ਨੇ ਆਪਣੇ ਵਖਿਆਨ ਵਿੱਚ ਇੱਕ ਹੋਰ ਰਾਜਸੀ ਕਤਲ ਬਾਰੇ ਸਥਿਤੀ ਸਪਸ਼ਟ ਕੀਤੀ ਹੈ ਜੋ ਕਿ ਸਮੇਂ ਦੀ ਵੱਡੀ ਜਰੂਰਤ ਸੀ। ਉਹ ਹੈ ਸੀਨੀਅਰ ਫੈਡਰੇਸ਼ਨ ਆਗੂ ਭਾਈ ਸਰਬਜੀਤ ਸਿੰਘ ਰੋਪੜ ਦੇ ਕਤਲ ਦੀ ਗੁੰਝਲ। ਬੇਸ਼ੱਕ ਲਹਿਰ ਨਾਲ ਨੇੜਿਓਂ ਜੁੜੇ ਹਲਕਿਆਂ ਨੇ ਬਹੁਤ ਦੇਰ ਪਹਿਲਾਂ ਆਪਣੀ ਉਸ ਗਲਤੀ ਦਾ ਅਹਿਸਾਸ ਕਰ ਲਿਆ ਸੀ ਪਰ ਸਿੱਖ ਲਹਿਰ ਦੇ ਕਿਸੇ ਅਧਿਕਾਰਤ ਬੁਲਾਰੇ ਵੱਲੋਂ ਭਾਈ ਸਰਬਜੀਤ ਸਿੰਘ ਰੋਪੜ ਦੇ ਕਤਲ ਬਾਰੇ ਸਥਿਤੀ ਸਪਸ਼ਟ ਨਹੀ ਸੀ ਕੀਤੀ ਗਈ। ਭਾਈ ਸਰਬਜੀਤ ਸਿੰਘ ਦੇ ਮਾਪੇ ਹਾਲੇ ਵੀ ਆਖ ਰਹੇ ਸਨ ਕਿ ਸਾਨੂੰ ਸਾਡੇ ਪੁੱਤ ਦਾ ਗੁਨਾਹ ਤਾਂ ਦੱਸ ਦੇਵੋ। ਜੇ ਉਹ ਗੁਨਾਹਗਾਰ ਹੋਇਆ ਤਾਂ ਅਸੀਂ ਆਪ ਆਪਣੇ ਪਿੰਡ ਦੀ ਫਿਰਨੀ ਤੇ ਉਸਦੇ ਨਾਅ ਨਾਲ ਗਦਾਰ ਲਿਖਕੇ ਵੱਡਾ ਗੇਟ ਉਸਾਰਾਂਗੇ।

ਹੁਣ ਭਾਈ ਅਜਮੇਰ ਸਿੰਘ ਨੇ ਇਹ ਗੱਲ ਅਧਿਕਾਰਕ ਤੌਰ ਤੇ ਸਪਸ਼ਟ ਕਰ ਦਿੱਤੀ ਹੈ ਕਿ ਭਾਈ ਸਰਬਜੀਤ ਸਿੰਘ ਰੋਪੜ ਦਾ ਕਤਲ ਇੱਕ ਗਲਤੀ ਸੀ ਅਤੇ ਉਸਦਾ ਕੋਈ ਕਸੂਰ ਨਹੀ ਸੀ ਉਹ ਸ਼ੱਕ ਦੇ ਅਧਾਰ ਤੇ ਮਾਰਿਆ ਗਿਆ ਅਤੇ ਉਹ ਇੱਕ ਨਿਹੱਕਾ ਕਤਲ ਸੀ।

ਅਸੀਂ ਸਮਝਦੇ ਹਾਂ ਕਿ ਲਹਿਰ ਦੇ ਜਿੰਮੇਵਾਰ ਹਲਕਿਆਂ ਨੂੰ ਭਾਈ ਸਰਬਜੀਤ ਸਿੰਘ ਦੇ ਪਰਵਾਰ ਨੂੰ ਮਿਲਕੇ ਇਸ ਗਲਤੀ ਬਾਰੇ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ ਹੈ ਤਾਂ ਕਿ ਉਹ ਦੋਹਰੀ ਮੌਤ ਨਾ ਮਰਨ। ਇੱਕ ਉਨਾਂ ਆਪਣਾਂ ਪੁੱਤ ਗਵਾ ਲਿਆ ਦੂਜਾ ਗਦਾਰੀ ਦਾ ਧੱਬਾ ਲਵਾ ਲਿਆ।