ਕਈ ਵਾਰ ਜਦੋਂ ਅਜ਼ਾਦੀ ਦੀਆਂ ਲਹਿਰਾਂ ਆਪਣੇ ਮਿਥੇ ਨਿਸ਼ਾਨੇ ਹਾਸਲ ਕਰਨ ਵਿੱਚ ਸਫਲ ਨਹੀ ਹੋ ਪਾਉਂਦੀਆਂ ਤਾਂ ਵਕਤ ਪਾ ਕੇ ਉਨ੍ਹਾਂ ਨਾਲ ਸਬੰਧਤ ਰਹੇ ਲੋਕਾਂ ਦੀ ਮਾਨਸਿਕਤਾ ਵਿੱਚ ਨਿਰਾਸ਼ਾ ਦਾ ਆਲਮ ਘਰ ਕਰ ਜਾਂਦਾ ਹੈੈ। ਕਿਉਂਕਿ ਉਹ ਇੱਕ ਬਹੁਤ ਹੀ ਪਵਿੱਤਰ ਕਾਜ਼ ਲਈ ਜੰਗੇ ਮੈਦਾਨ ਵਿੱਚ ਵਿਚਰੇ ਹੁੰਦੇ ਹਨ ਅਤੇ ਆਪਣੇ ਸਮੇਂ ਉਨ੍ਹਾਂ ਨੇ ਬਹੁਤ ਦਲੇਰਾਨਾ ਕਾਰਜ ਕੀਤੇ ਹੁੰਦੇ ਹਨ ਪਰ ਵਕਤ ਬੀਤਣ ਨਾਲ ਜਦੋਂ ਸਰਕਾਰੀ ਤਸ਼ੱਦਦ ਕਾਰਨ ਲਹਿਰ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦੀ ਹੈ ਤਾਂ ਲਹਿਰ ਨਾਲ ਸਬੰਧਤ ਰਹੇ ਕੁਝ ਲੋਕ ਮਾਨਸਕ ਤੌਰ ਤੇ ਅਸੰਤੁਲਤ ਹੋ ਜਾਂਦੇ ਹਨ। ਉਹ ਮੈਡੀਕਲ ਤੌਰ ਤੇ ਅਸੰਤੁਲਤ ਨਹੀ ਹੁੰਦੇ ਬਲਕਿ ਭਾਵਨਾਤਮਕ ਤੌਰ ਤੇ ਅਸਥਿਰ ਹੋ ਜਾਂਦੇ ਹਨ। ਜਿਨ੍ਹਾਂ ਵੱਡੇ ਅਤੇ ਪਵਿੱਤਰ ਨਿਸ਼ਾਨਿਆਂ ਦੀ ਪਰਾਪਤੀ ਲਈ ਉਨ੍ਹਾਂ ਦੇ ਸਾਥੀਆਂ ਨੇ ਸਿਰ ਤਲੀ ਤੇ ਧਰ ਕੇ ਜੰਗ ਲੜੀ ਹੁੰਦੀ ਹੈ ਅਤੇ ਜਿੰਨੇ ਸ਼ਾਨਾਮੱਤੇ ਢੰਗ ਨਾਲ ਲਹਿਰ ਦੇ ਇੱਕ ਵੱਡੇ ਹਿੱਸੇ ਨੇ ਸ਼ਹਾਦਤ ਦਾ ਜਾਮ ਪੀਤਾ ਹੁੰਦਾ ਹੈ, ਵਕਤ ਬੀਤਣ ਤੋਂ ਬਾਅਦ ਉਨ੍ਹਾਂ ਸੂਰਬੀਰਾਂ ਦੀ ਯਾਦ ਲਹਿਰ ਦੇ ਕੁਝ ਹਿੱਸਿਆਂ ਨੂੰ ਤੜਫਾਉਣ ਲੱਗ ਜਾਂਦੀ ਹੈੈ।

ਅਜਿਹੀ ਹਾਲਤ ਵਿੱਚ ਲਹਿਰ ਨਾਲ ਸਬੰਧਤ ਰਹੇ ਵੀਰ ਕਈ ਵਾਰ ਅਜਿਹੀਆਂ ਹਰਕਤਾਂ ਕਰਨ ਲੱਗ ਜਾਂਦੇ ਹਨ ਜੋ ਉਨ੍ਹਾਂ ਨੇ ਸਧਾਰਨ ਮਨੁੱਖ ਹੋਣ ਦੇ ਨਾਤੇ ਨਹੀ ਸੀ ਕਰਨੀਆਂ। ਅਜਿਹੇ ਵੀਰਾਂ ਦੀਆਂ ਇਹ ਹਰਕਤਾਂ ਕਈ ਵਾਰ ਤਾਂ ਵੈਰਾਗ ਵਿੱਚੋਂ ਉਪਜਦੀਆਂ ਹਨ ਅਤੇ ਕਈ ਵਾਰ ਮਾਨਸਕ ਪਰੇਸ਼ਾਨੀ ਵਿੱਚੋਂ। ਲਹਿਰ ਨਾਲ ਜੁੜਿਆ ਹੋਇਆ ਕੋਈ ਸ਼ਖਸ਼ ਆਪਣੇ ਗੁਰੂ ਦੇ ਕਿੰਨਾ ਕੁ ਨੇੜੇ ਹੈ ਅਤੇ ਉਸਨੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਕਿੰਨਾ ਕੁ ਕਮਾਇਆ ਹੈ ਇਹ ਗੱਲ ਹੀ ਅਸਲ ਵਿੱਚ ਕਿਸੇ ਦੀ ਸ਼ਖਸ਼ੀ ਜਿੰਦਗੀ ਨੂੰ ਤੈਅ ਕਰਦੀ ਹੈੈ।

ਸਾਡੇ ਸਾਹਮਣੇ ਇਸ ਵੇਲੇ ਦੋ ਉਦਾਹਰਨਾ ਹਨ। ਇੱਕ ਹੈ ਭਾਈ ਲਾਲ ਸਿੰਘ ਦੀ ਜਿਨ੍ਹਾਂ ਨੇ ਸਿੱਖ ਲਹਿਰ ਦੌਰਾਨ ਇਤਿਹਾਸ ਵੱਲੋਂ ਉਨ੍ਹਾਂ ਦੇ ਜਿੰਮੇ ਲੱਗੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ। ਆਪਣੀ ਕੌਮੀ ਜਿੰਮੇਵਾਰੀ ਨਿਭਾਉਂਦਿਆਂ ਭਾਈ ਲਾਲ ਸਿੰਘ ਨੇ ਆਪਣੀ ਸ਼ਖ਼ਸ਼ੀ ਰਹਿਣੀ ਨੂੰ ਗੁਰ-ਮੰਤਰ ਨਾਲ ਪਰਪੱਕ ਹੀ ਨਹੀ ਕੀਤਾ ਬਲਕਿ ਉਹ ਗੁਰੂ ਲਿਵ ਨਾਲ ਓਤਪੌਤ ਹੋਈ ਹੋਈ ਰੂਹ ਹਨ। ਇਸੇ ਲਈ ਅੰਤਾਂ ਦਾ ਤਸ਼ੱਦਦ, ਵੱਡੇ ਲਾਲਚ ਅਤੇ ਕਨੇਡਾ ਵਸਣ ਦੀਆਂ ਪੇਸ਼ਕਸ਼ਾਂ ਉਨ੍ਹਾਂ ਦੇ ਕੌਮੀ ਇਮਾਨ ਨੂੰ ਡੁਲਾ ਨਾ ਸਕੀਆਂ। ਉਨ੍ਹਾਂ ਆਪਣੇ ਗੁਰੂ ਦੇ ਪਰੇਮ ਨਾਲ ਹੀ ਪਰੀਤ ਨਿਭਾਉਣ ਨੂੰ ਤਰਜੀਹ ਦਿੱਤੀ। ਹ੍ਹਰ ਔਖੀ ਘੜੀ ਵਿੱਚ ਉਹ ਗੁਰੂ ਦੇ ਓਟ ਆਸਰੇ ਨਾਲ, ਸਹਿਜ ਜੀਵਨ ਜਿਉਂਦਿਆਂ ਅੱਗੇ ਵਧੇ। ਇਹ ਨਹੀ ਕਿ ਭਾਈ ਲਾਲ ਸਿੰਘ ਨੂੰ ਉਹ ਔਕੜਾਂ ਨਹੀ ਆਈਆਂ ਜੋ ਸਿੱਖ ਲਹਿਰ ਨਾਲ ਜੁੜੇ ਹੋਰ ਸੱਜਣਂ ਨੂੰ ਆਈਆਂ ,ਪਰ ਭਾਈ ਲਾਲ ਸਿੰਘ ਨੇ ਆਪਣੇ ਨਿੱਗਰ ਕਿਰਦਾਰ ਕਾਰਨ ਉਨ੍ਹਾਂ ਔਕੜਾਂ ਦਾ ਸਾਹਮਣਾਂ ਕੀਤਾ।

ਲਹਿਰ ਨਾਲ ਸਬੰਧਤ ਇੱਕ ਦੂਜੀ ਧਿਰ ਵੀ ਹੈ ਜੋ ਲਹਿਰ ਵੇਲੇ ਤਾਂ ਜੀ ਜਾਨ ਨਾਲ ਨਿਭੀ ਪਰ ਲਹਿਰ ਦੇ ਪਾਣੀ ਉਤਰ ਜਾਣ ਤੋਂ ਬਾਅਦ ਉਹ ਆਪਣੀ ਸ਼ਖਸ਼ੀ ਜਿੰਦਗੀ ਨੂੰ ਲਹਿਰ ਦੀ ਮਰਯਾਦਾ ਦੇ ਹਾਣ ਦਾ ਨਹੀ ਰੱਖ ਸਕੀ। ਉਸਦਾ ਮਾਨਸਕ ਸੰਤੁਲਨ ਕੁਝ ਅਸਾਵਾਂ ਹੋ ਗਿਆ ਅਤੇ ਉਹ ਦੁਸ਼ਮਣਾਂ ਨਾਲੋਂ ਆਪਣੇ ਹੀ ਦੋਸਤਾਂ ਤੇ ਕਿੰਤੂ ਕਰਨ ਲੱਗ ਪਈ। ਅਜਿਹੀ ਅਵਸਥਾ ਹਰ ਵੱਡੀ ਲਹਿਰ ਵਿੱਚ ਪੈਦਾ ਹੁੰਦੀ ਹੈੈੈ। ਮਨੋਵਿਗਿਆਨੀਆਂ ਅਨੁਸਾਰ ਇਹ ਅਵਸਥਾ ਲਹਿਰ ਜਾਂ ਲਹਿਰ ਦੇ ਲੀਡਰਾਂ ਨਾਲ ਕਿਸੇ ਦੁਸ਼ਮਣੀ ਵਿੱਚੋਂ ਘੱਟ ਬਲਕਿ ਲਹਿਰ ਦੇ ਹਾਰ ਜਾਣ ਦੇ ਦਰਦ ਵਿੱਚੋਂ ਵੱਧ ਨਿਕਲੀ ਹੁੰਦੀ ਹੈੈੈ। ਗੁਰੂ ਸਾਹਿਬ ਨਾਲ ਉਹ ਪੀਢਾ ਰਿਸ਼ਤਾ ਨਾ ਬਣਿਆ ਹੋਣ ਕਰਕੇ ਫਿਰ ਉਹ ਆਪਣੇ ਜਰਨੈਲਾਂ ਤੇ ਹੀ ਦੂਸ਼ਣਬਾਜ਼ੀ ਕਰਨ ਲੱਗ ਜਾਂਦੀ ਹੈੈੈ। ਅਜਿਹਾ ਕਰਨ ਵਾਲੇ ਵੀਰਾਂ ਨੂੰ ਵੀ ਨਹੀ ਪਤਾ ਹੁੰਦਾ ਕਿ ਉਹ ਕੀ ਕਰ ਰਹੇ ਹਨ।ਅਸਲ ਵਿੱਚ ਅਜਿਹੀ ਮਾਨਸਿਕਤਾ ਲਹਿਰ ਨਾਲ ਅਤੇ ਲਹਿਰ ਦੇ ਖੂਬਸੂਰਤ ਪਾਤਰਾਂ ਨਾਲ ਉੱਚੀਆਂ ਉਡਾਰੀਆਂ ਲਾਉਣ ਤੋਂ ਬਾਅਦ ਜਦੋਂ ਕਿਸੇ ਕਾਰਨ ਵਾਪਸ ਧਰਤੀ ਤੇ ਪਰਤਦੀ ਹੈ ਤਾਂ ਉਸਨੂੰ ਆਪ ਹੀ ਵਿਸ਼ਵਾਸ਼ ਨਹੀ ਹੁੰਦਾ ਕਿ ਅਸੀਂ ਮੁੜ ਆਏ ਹਾਂ। ਹੱਥਾਂ ਵਿੱਚੋਂ ਗਏ ਮਿੱਤਰਾਂ ਸਹਿਯੋਗੀਆਂ ਦੇ ਚਲੇ ਜਾਣ ਦੀ ਪੀੜ ਉਨ੍ਹਾਂ ਨੂੰ ਕਿਹੋ ਜਿਹਾ ਨਿਰਮੋਹਾ ਬਣਾ ਦੇਂਦੀ ਹੈ, ਇਹ ਉਨ੍ਹਾਂ ਨੂੰ ਵੀ ਨਹੀ ਪਤਾ ਹੁੰਦਾ।

ਪਿਛਲੇ ਦੋ ਹਫਤਿਆਂ ਤੋਂ ਭਾਈ ਦਲਜੀਤ ਸਿੰਘ ਬਾਰੇ ਜੋ ਕੁਝ ਕਿਹਾ ਸੁਣਿਆਂ ਜਾ ਰਿਹਾ ਹੈ ਉਹ ਇਸ ਮਾਨਸਕ ਰੋਗ ਦੀ ਹੀ ਉਪਜ ਹੈੈੈ।

ਵੈਸੇ ਭਾਈ ਅਜਮੇਰ ਸਿੰਘ ਨੇ ਇਸ ਮਸਲੇ ਨੂੰ ਕਾਫੀ ਸਪਸ਼ਟ ਕਰ ਦਿੱਤਾ ਹੈ ਪਰ ਅਸੀਂ ਸਮਝਦੇ ਹਾਂ ਕਿ ਇਹ ਅਵਸਥਾ ਗੁਰੂ ਲਿਵ ਨਾਲੋਂ ਟੁੱਟ ਜਾਣ ਅਤੇ ਸੂਰਮਗਤੀ ਦੇ ਰੁਹਾਨੀ ਸੰਕਲਪ ਤੋਂ ਵਿਛੜ ਜਾਣ ਦਾ ਸੰਕਟ ਹੈ। ਇਹ ਹਰ ਲਹਿਰ ਵਿੱਚ ਹੁੰਦਾ ਹੈ ਅਤੇ ਹੁੰਦਾ ਰਹੇਗਾ ਪਰ ਲਹਿਰ ਦੇ ਸਜੱਗ ਹਿੱਸਿਆਂ ਨੂੰ ਇਸ ਵਰਤਾਰੇ ਵਿਰੁੱਧ ਤਿੱਖੀ ਅਵਾਜ਼ ਉਠਾਕੇ ਇਸਨੂੰ ਠੱਲ੍ਹਣ ਦੇ ਯਤਨ ਕਾਫੀ ਜਰੂਰੀ ਹੁੰਦੇ ਹਨ।