ਯੂਕਰੇਨ ਦਾ ਭਾਗ ਰਹੇ ਕਰਾਈਮੀਆ ਨੇ ਪਿਛਲੇ ਦਿਨੀ ਇੱਕ ਰਾਇਸ਼ੁਮਾਰੀ ਰਾਹੀਂ ਅਜ਼ਾਦ ਹੋਣ ਅਤੇ ਆਪਣੀ ਕਿਸਮਤ ਰੂਸ ਨਾਲ ਜੋੜਨ ਦਾ ਐਲਾਨ ਕਰ ਦਿੱਤਾ ਹੈ। ਰੂਸ ਦੇ ਪ੍ਰਧਾਨ ਵਲਾਦੀਮੀਰ ਪੁਤਿਨ ਨੇ ਸੰਸਦ ਵਿੱਚ ਮਤਾ ਪਾਸ ਕਰਕੇ ਕਰਾਈਮੀਆ ਨੂੰ ਰੂਸੀ ਫੈਡਰੇਸ਼ਨ ਦਾ ਅੰਗ ਵੀ ਬਣਾ ਲਿਆ ਹੈ। ਯੂਕਰੇਨ ਦੇ ਚੁਣੇ ਹੋਏ ਰਾਸ਼ਟਰਪਤੀ ਵਿਕਟਰ ਯੁਕਾਂਚੋਵਿਚ ਵੱਲੋਂ ਰੂਸ ਨਾਲ ਜੁੜਨ ਦੇ ਫੈਸਲੇ ਤੋਂ ਬਾਅਦ ਅਰੰਭ ਹੋਏ ਸ਼ਾਂਤਮਈ ਸੰਘਰਸ਼ ਦੇ ਖੂਨੀ ਹੋ ਜਾਣ ਅਤੇ ਫਿਰ ਵਿਕਟਰ ਵੱਲੋਂ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਰੂਸ ਵੱਲੋਂ ਕੀਤਾ ਗਿਆ ਆਪਣੀ ਤਾਕਤ ਦਾ ਮੁਜਾਹਰਾ ਕਰਾਈਮੀਆ ਦੀ ਅਜ਼ਾਦੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ।

ਅਮਰੀਕਾ ਅਤੇ ਯੂਰਪ ਵੱਲੋਂ ਕਰਾਈਮੀਆ ਵਿੱਚ ਹੋਈ ਰਾਇਸ਼ੁਮਾਰੀ ਨੂੰ ਅਣਅਧਿਕਾਰਿਤ ਅਤੇ ਗੈਰਕਨੂੰਨੀ ਆਖਿਆ ਜਾ ਰਿਹਾ ਹੈ। ਪਹਿਲੇ ਦਿਨ ਤੋਂ ਹੀ ਅਮਰੀਕੀ ਸੈਕਟਰੀ ਆਫ ਸਟੇਟ ਜਾਨ ਕੈਰੀ ਅਤੇ ਯੂਰਪੀ ਯੂਨੀਅਨ ਦੀ ਫਾਰਨ ਪਾਲਿਸੀ ਚੀਫ ਮੈਡਮ ਐਥਰੀਨ ਐਸਟਨ ਯੂਕਰੇਨ ਦੇ ਨਵੇਂ ਸ਼ਾਸ਼ਕਾਂ ਨਾਲ ਲਗਾਤਾਰ ਰਾਬਤਾ ਰੱਖ ਕੇ ਉਸ ਦੇਸ਼ ਨੂੰ ਯੂਰਪੀ ਯੂਨੀਅਨ ਨਾ ਜੁੜਨ ਲਈ ਰਾਜ਼ੀ ਕਰ ਰਹੇ ਸਨ। ਯੂਕਰੇਨ ਦੇ ਨਵੇਂ ਸ਼ਾਸ਼ਕ ਤਾਂ ਪਹਿਲੋਂ ਹੀ ਰੂਸੀ ਫੈਡਰੇਸ਼ਨ ਨਾਲੋਂ ਯੂਰਪੀ ਯੂਨੀਅਨ ਨਾਲ ਆਪਣੀ ਕਿਸਮਤ ਜੋੜਨ ਲਈ ਕਾਹਲੇ ਸਨ। ਨਵੰਬਰ ੨੦੧੩ ਵਿੱਚ ਅਰੰਭ ਹੋਏ ਸੰਘਰਸ਼ ਦਾ ਮੂਲ ਮੁੱਦਾ ਹੀ ਇਹ ਸੀ ਕਿ ਯੂਕਰੇਨ ਦੀ ਸਿਆਸੀ ਕਿਸਮਤ ਯੂਰਪ ਨਾਲ ਜੋੜੀ ਜਾਵੇ ਤਾਂ ਕਿ ਲੋਕਾਂ ਲਈ ਵਪਾਰ ਅਤੇ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਹੋ ਸਕਣ। ਪਰ ਵਲਾਦੀਮੀਰ ਪੁਤਿਨ ਆਪਣੇ ਯੂਰੇਸ਼ੀਆ ਦੀ ਤਾਕਤ ਵਧਾਉਣ ਲਈ ਯੂਕਰੇਨ ਨੂੰ ਰੂਸੀ ਫੈਡਰੇਸ਼ਨ ਨਾਲ ਜੋੜਨਾ ਚਾਹੁੰਦੇ ਸਨ।

ਅਮਰੀਕਾ ਵੀ ਯੂਕਰੇਨ ਦੇ ਯੂਰਪ ਨਾਲ ਜੁੜਨ ਵਿੱਚ ਦਿਲਚਸਪੀ ਲੈ ਰਿਹਾ ਸੀ। ਜਿਉਂ ਹੀ ਯੂਕਰੇਨ ਦਾ ਸੰਕਟ ਗੰਭੀਰ ਹੋਇਆ ਅਤੇ ਰੂਸ ਨੇ ਆਪਣੀ ਫੌਜ ਕਰਾਈਮੀਆ ਵਿੱਚ ਭੇਜਣੀ ਅਰੰਭ ਕੀਤੀ ਤਾਂ ਅਮਰੀਕਾ ਅਤੇ ਯੂਰਪ ਨੇ ਉਸ ਖਿਲਾਫ ਡਿਪਲੋਮੈਟਿਕ ਪਾਬੰਦੀਆਂ ਲਾਉਣ ਅਤੇ ਆਰਥਿਕ ਪਾਬੰਦੀਆਂ ਦੀਆਂ ਧਮਕੀਆਂ ਦੇਣੀਆਂ ਅਰੰਭ ਕਰ ਦਿੱਤੀਆਂ। ਰੂਸ ਇਨ੍ਹਾਂ ਧਮਕੀਆਂ ਦੀ ਅਸਲੀਅਤ ਜਾਣਦਾ ਸੀ ਅਤੇ ਉਸਨੇ ਇਨ੍ਹਾਂ ਧਮਕੀਆਂ ਦੀ ਬਿਲਕੁਲ ਵੀ ਪਰਵਾਹ ਨਾ ਕੀਤੀ। ਰੂਸ ਦੀ ਸਿਆਸੀ ਗਿਣਤੀ ਕਾਫੀ ਪਾਇਦਾਰ ਸੀ ਉਸ ਨੇ ਜਿਵੇਂ ਸੋਚਿਆ ਸੀ ਬਿਲਕੁਲ ਉਵੇਂ ਹੀ ਹੋਇਆ। ਯੂਰਪ ਦਾ ਕੋਈ ਵੀ ਦੇਸ਼ ਰੂਸ ਨਾਲ ਸਿੱਧੀ ਟੱਕਰ ਲੈਣ ਦੇ ਹੱਕ ਵਿੱਚ ਨਾ ਨਿਤਰਿਆ ਅਤੇ ਉਹ ਅਮਰੀਕਾ ਤੇ ਹੀ ਦਬਾਅ ਪਾਉਂਦੇ ਰਹੇ ਕਿ ਅਮਰੀਕਾ ਆਪਣੀ ਫੌਜ ਕਰਾਈਮੀਆ ਵਿੱਚ ਭੇਜੇ। ਯੂਰਪੀ ਲੀਡਰ ਆਪ ਸਿਰਫ ਆਪਣੇ ਵਪਾਰ ਅਤੇ ਆਰਥਿਕ ਫਾਇਦਿਆਂ ਤੱਕ ਹੀ ਸੀਮਤ ਰਹੇ ਕਿਉਂਕਿ ਰੂਸ ਨਾਲ ਪੰਗਾ ਲੈਕੇ ਉਹ ਆਪਣੀ ਆਰਥਿਕਤਾ ਨੂੰ ਡੋਬਣਾ ਨਹੀ ਸੀ ਚਾਹੁੰਦੇ। ਯੂਕਰੇਨ ਦੇ ਸਾਬਕਾ ਰਾਸ਼ਟਰਪਤੀ ਵਿਕਟਰ ਤੇ ਲਗਭਗ ੭੦ ਬਿਲੀਅਨ ਡਾਲਰ ਡਕਾਰ ਲੈਣ ਦੇ ਦੋਸ਼ ਹਨ ਜੋ ਉਸ ਨੇ ਲੰਡਨ ਦੀਆਂ ਕਈ ਕੰਪਨੀਆਂ ਰਾਹੀਂ ਇਨਵੈਸਟ ਕੀਤੇ ਹੋਏ ਹਨ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਇੱਕ ਵਾਰ ਵੀ ਉਹ ਖਾਤੇ ਫਰੀਜ਼ ਕਰਨ ਦੀ ਗੱਲ ਨਹੀ ਆਖੀ ਜੋ ਕਿ ਬਰਤਾਨੀਆ ਦੀ ਵੱਡੀ ਕਮਜ਼ੋਰੀ ਸੀ। ਰੂਸ ਇਸ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਇਸਦੇ ਨਾਲ ਹੀ ਅਮਰੀਕਾ ਵੀ ਯੂਰਪ ਦੀ ਦੋਹਰੀ ਚਾਲ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਉਹ ਅਮਰੀਕਾ ਨੂੰ ਫਸਾਕੇ ਆਪ ਲਾਹਾ ਲੈਣਾਂ ਚਾਹੁੰਦੇ ਹਨ । ਇਸੇ ਕਰਕੇ ਅਮਰੀਕਾ ਯੂਰਪੀ ਲੀਡਰਾਂ ਦੀਆਂ ਗੱਲਾਂ ਵਿੱਚ ਨਹੀ ਆਇਆ ਅਤੇ ਕਿਸੇ ਫੌਜੀ ਕਲੇਸ਼ ਵਿੱਚ ਨਹੀ ਫਸਿਆ।

ਹੁਣ ਜਦੋਂ ਕਰਾਈਮੀਆ ਦੇ ਲੋਕਾਂ ਨੇ ਆਪਣੇ ਰਾਜਨੀਤਿਕ ਹੱਕ ਦੀ ਵਰਤੋਂ ਕਰਕੇ ਆਪਣੀ ਕਿਸਮਤ ਰੂਸ ਨਾਲ ਜੋੜਨ ਦਾ ਫੈਸਲਾ ਕਰ ਲਿਆ ਹੈ ਤਾਂ ਇਸ ਸਥਿਤੀ ਵਿੱਚ ਅਮਰੀਕਾ ਅਤੇ ਯੂਰਪ ਦੀ ਸਿਆਸੀ ਪੁਜੀਸ਼ਨ ਨੂੰ ਠੀਕ ਨਹੀ ਆਖਿਆ ਜਾ ਸਕਦਾ ਕਿਉਂਕਿ ਕਿਸੇ ਵੀ ਦੇਸ਼ ਦੀ ਘੱਟ ਗਿਣਤੀ ਦੀਆਂ ਅਜ਼ਾਦੀ ਦੀਆਂ ਖਾਹਸ਼ਾਂ ਉਸ ਦੇਸ਼ ਦੀ ਏਕਤਾ ਅਖੰਡਤਾ ਨਾਲੋਂ ਵੱਧ ਪਵਿੱਤਰ ਅਤੇ ਸਨਮਾਮਯੋਗ ਹੁੰਦੀਆਂ ਹਨ। ਜੇ ਕਿਸੇ ਘੱਟ-ਗਿਣਤੀ ਨੂੰ ਇਹ ਮਹਿਸੂਸ ਹੋਵੇ ਕਿ ਉਸਦੇ ਧਰਮ, ਸੱਭਿਆਚਾਰ, ਰਾਜਨੀਤਿਕ ਜੀਵਨ ਅਤੇ ਸਮਾਜਿਕ ਜਿੰਦਗੀ ਨੂੰ ਬਹੁਗਿਣਤੀ ਤੋਂ ਖਤਰਾ ਹੈ ਅਤੇ ਭਵਿੱਖ ਵਿੱਚ ਉਸਦੀ ਨਸਲਕੁਸ਼ੀ ਹੋ ਸਕਦੀ ਹੈ ਤਾਂ ਉਹ ਕੌਮਾਂਤਰੀ ਭਾਈਚਾਰੇ ਨੂੰ ਸਹਾਇਤਾ ਲਈ ਬੇਨਤੀ ਕਰ ਸਕਦੀ ਹੈ। ਕੌਮਾਂਤਰੀ ਭਾਈਚਾਰੇ ਦਾ ਇਹ ਫਰਜ਼ ਬਣਦਾ ਹੈ ਕਿ ਉਹ ਨਸਲਕੁਸ਼ੀ ਦੇ ਮੂੰਹ ਆਈ ਘੱਟ ਗਿਣਤੀ ਦੀ ਅਜ਼ਾਦੀ ਲਈ ਅੱਗੇ ਆਵੇ।

ਕਸੋਵੋ ਦੀ ਅਜ਼ਾਦੀ ਵੀ ਇਸੇ ਸਥਿਤੀ ਵਿੱਚ ਹੋਈ ਸੀ। ਉਥੇ ਵੀ ਘੱਟ ਗਿਣਤੀ ਮੁਸਲਿਮ ਭਾਈਚਾਰੇ ਤੇ ਬਹੁ-ਗਿਣਤੀ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਸੀ ਅਤੇ ਉਸਦੀ ਨਸਲਕੁਸ਼ੀ ਕੀਤੀ ਜਾ ਰਹੀ ਸੀ। ਅਮਰੀਕਾ ਨੇ ਉਦੋਂ ਆਖਿਆ ਸੀ ਕਿ ਅਜਿਹੀ ਨਸਲਕੁਸ਼ੀ ਦੇ ਸੰਦਰਭ ਵਿੱਚ ਇਹ ਮਸਲਾ ਉਸ ਦੇਸ਼ ਦਾ ਅੰਦਰੂਨੀ ਮਸਲਾ ਨਹੀ ਰਹਿ ਜਾਂਦਾ ਅਤੇ ਕੌਮਾਂਤਰੀ ਭਾਈਚਾਰਾ ਅਜਿਹੀ ਸਥਿਤੀ ਵਿੱਚ ਦਖਲਅੰਦਾਜ਼ੀ ਕਰਨ ਲਈ ਅਜ਼ਾਦ ਹੈ। ਇਸੇ ਕਰਕੇ ਨਾਟੋ ਅਤੇ ਅਮਰੀਕਾ ਦੀਆਂ ਫੌਜਾਂ ਨੇ ਦਖਲਅੰਦਾਜ਼ੀ ਕਰਕੇ ਕਸੋਵੋ ਨੂੰ ਅਜ਼ਾਦੀ ਲੈ ਕੇ ਦਿੱਤੀ ਸੀ।

ਹੁਣ ਕਰਾਈਮੀਆ ਦੇ ਲੋਕ ਵੀ ਜੇ ਇਹ ਮਹਿਸੂਸ ਕਰਦੇ ਹਨ ਕਿ ਯੂਕਰੇਨ ਵਿੱਚ ਵਸਣ ਵਾਲੀ ਬਹੁ-ਗਿਣਤੀ ਉਸਦੀ ਨਸਲਕੁਸ਼ੀ ਕਰ ਸਕਦੀ ਹੈ ਜਾਂ ਭਵਿੱਖ ਵਿੱਚ ਉਸਦੀ ਹੋਂਦ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ ਤਾਂ ਉਸਨੇ ਬਿਲਕੁਲ ਜਮਹੂਰੀ ਢੰਗ ਨਾਲ ਆਪਣੇ ਹੱਕ ਦੀ ਵਰਤੋਂ ਕਰਕੇ ਆਪਣੀ ਅਜ਼ਾਦੀ ਅਤੇ ਆਪਣੀ ਕਿਸਮਤ ਰੂਸ ਨਾਲ ਜੋੜਨ ਦਾ ਫੈਸਲਾ ਲਿਆ ਹੈ।

ਕਰਾਈਮੀਆ ਦੇ ਲੋਕਾਂ ਦਾ ਇਹ ਸਿਧਾਂਤਿਕ ਫੈਸਲਾ ਹੈ ਅਤੇ ਕੌਮਾਂਤਰੀ ਕਨੂੰਨਾਂ ਤਹਿਤ ਹੀ ਹੋਇਆ ਹੈ। ਇਸ ਸੰਦਰਭ ਵਿੱਚ ਅਸੀਂ ਯੂਰਪ ਅਤੇ ਅਮਰੀਕਾ ਦੀ ਪੁਜੀਸ਼ਨ ਨੂੰ ਸਹੀ ਨਹੀ ਮੰਨਦੇ ਕਿਉਂਕਿ ਉਹ ਆਪਣੇ ਵੱਲੋਂ ਕਸੋਵੋ ਦੇ ਮਾਮਲੇ ਵਿੱਚ ਘੜੇ ਹੋਏ ਸਿਧਾਂਤ ਨੂੰ ਹੀ ਰੱਦ ਕਰ ਰਹੇ ਹਨ। ਇਸ ਤਰ੍ਹਾਂ ਕੌਮਾਂਤਰੀ ਰਵਾਇਤਾਂ ਨੂੰ ਛੋਟੇ ਜਿਹੇ ਸਿਆਸੀ ਫਾਇਦਿਆਂ ਲਈ ਰੱਦ ਕਰਨਾ ਠੀਕ ਨਹੀ ਹੈ। ਯੂਰਪ ਅਤੇ ਅਮਰੀਕਾ ਨੂੰ ਕਰਾਈਮੀਆ ਦੀ ਅਜ਼ਾਦੀ ਦੇ ਹੱਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਸ ਮਾਨਤਾ ਨੂੰ ਮਜਬੂਤ ਕਰਨਾ ਚਾਹੀਦਾ ਹੈ ਕਿ ਦੁਨੀਆਂ ਭਰ ਵਿੱਚ ਜੇ ਕੋਈ ਘੱਟ-ਗਿਣਤੀ ਅਸੁਰੱਖਿਅਤ ਮਹਿਸੂਸ ਕਰਦੀ ਹੈ ਅਤੇ ਅਜ਼ਾਦ ਹੋਣਾਂ ਚਾਹੁੰਦੀ ਹੈ ਤਾਂ ਕੌਮਾਂਤਰੀ ਭਾਈਚਾਰਾ ਉਸਦੀ ਹਮਾਇਤ ਵਿੱਚ ਨਿੱਤਰੇ।