ਪੰਜਾਬ ਦੇ ਪਾਣੀ ਅਤੇ ਇਨ੍ਹਾਂ ਪਾਣੀਆਂ ਦੇ ਰਾਖੇ ਇੱਕ ਵਾਰ ਫਿਰ ਚਰਚਾ ਵਿੱਚ ਹਨ। ਇੱਕ ਮਹੀਨਾ ਪਹਿਲਾਂ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਬੇਦਰਦੀ ਨਾਲ ਕਤਲ ਕਰ ਦਿੱਤੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ, ਮੂਸੇਵਾਲਾ ਦੇ ਨਵੇਂ ਗੀਤ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਛੇੜ ਦਿੱਤੀ ਹੈ। ਆਪਣੀ ਕਲਮ ਅਤੇ ਗਾਇਕੀ ਕਰਕੇ ਪੰਜਾਬੀ ਨੌਜਵਾਨਾਂ ਵਿੱਚ ਮਸ਼ਹੂਰ ਹੋਏ ਸਿੱਧੂ ਨੇ ਜਦੋਂ ਆਰਥਕ ਤੌਰ ਤੇ ਆਪਣਾਂ ਜੀਵਨ ਸੁਖਾਲਾ ਕਰ ਲਿਆ ਤਾਂ ਉਸਨੂੰ ਆਪਣੀ ਧਰਤੀ ਦੀ ਯਾਦ ਸਤਾਉਣ ਲੱਗੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ਅਤੇ ਪੰਜਾਬ ਲਈ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੀ ਯਾਦ ਉਸਦੀ ਸ਼ਖਸ਼ੀਅਤ ਦਾ ਹਿੱਸਾ ਬਣਨ ਲੱਗੀ ਸੀ। ਆਪਣੀ ਇੱਕ ਆਖਰੀ ਮੁਲਾਕਾਤ ਵਿੱਚ ਉਹ ਸਿੱਖ ਰਾਜ ਅਤੇ ਸੰਤ ਜੀ ਬਾਰੇ ਬਹੁਤ ਬੇਬਾਕੀ ਨਾਲ ਬੋਲਦਾ ਨਜ਼ਰ ਆਇਆ।

ਹੁਣ ਪੰਜਾਬ ਦੇ ਪਾਣੀਆਂ ਨੂੰ ਧੱਕੇ ਨਾਲ ਲੁੱਟਕੇ ਕਿਸੇ ਹੋਰ ਰਾਜ ਨੂੰ ਲੈ ਜਾਣ ਖਿਲਾਫ ਸਿੱਖਾਂ ਦੀ ਦਹਾਕਿਆਂ ਦੀ ਪੀੜ ਨੂੰ ਉਸਨੇ ਆਪਣੇ ਗੀਤ ਨਾਲ ਅਵਾਜ਼ ਦੇ ਦਿੱਤੀ ਹੈ। ਉਸਨੇ ਆਪਣੇ ਨਵੇਂ ਗਾਣੇ ਵਿੱਚ ਸਪਸ਼ਟ ਆਖਿਆ ਹੈ ਕਿ ਜੇ ਦਬਕੇ ਮਾਰਕੇ ਜਾਂ ਧੱਕੇ ਨਾਲ ਪੰਜਾਬ ਦੇ ਪਾਣੀ ਖੋਹਣ ਦੀ ਗੱਲ ਕਰੋਗੇ ਤਾਂ ਇੱਕ ਤਿਪਕਾ ਵੀ ਨਹੀ ਦੇਵਾਂਗੇ। ਇਸਦੇ ਨਾਲ ਹੀ ਉਸਨੇ ਪੰਜਾਬ ਤੋਂ ਖੋਹੇ ਗਏ ਹਰਿਆਣਾਂ ਅਤੇ ਹਿਮਾਚਲ ਨੂੰ ਵੀ ਪੰਜਾਬ ਵਿੱਚ ਸ਼ਾਮਲ ਕਰਨ ਦੀ ਗੱਲ ਉਠਾ ਦਿੱਤੀ ਹੈ।

ਭਾਰਤ ਸਰਕਾਰ ਵੱਲੋਂ ਜਬਰੀ ਪੰਜਾਬ ਦਾ ਪਾਣੀ ਖੋਹਕੇ ਲੈ ਜਾਣ ਦੀ ਕੋਸ਼ਿਸ਼ ਨੂੰ ਠੱਲ੍ਹ ਪਾਉਣ ਵਾਲੇ ਸਿੱਖ ਜੁਝਾਰੂ ਭਾਈ ਬਲਵਿੰਦਰ ਸਿੰਘ ਜਟਾਣਾਂ ਦਾ ਜਿਕਰ ਛੇੜਕੇ ਸਿੱਧੂ ਮੂਸੇਵਾਲੇ ਨੇ ਕੌਮ ਦੇ ਅਤੇ ਪੰਜਾਬ ਦੇ ਰਾਖਿਆਂ ਦੀ ਬਾਤ ਪਾ ਦਿੱਤੀ ਹੈ। ਇਸ ਨਾਲ ਉਨ੍ਹਾਂ ਮਾਂ ਧਰਤੀ ਪੰਜਾਬ ਦੇ ਪੁੱਤਰਾਂ ਅਤੇ ਇਸਦੇ ਦੁਸ਼ਮਣਾਂ ਦਰਮਿਆਨ ਵੀ ਲਕੀਰ ਖਿੱਚ ਦਿੱਤੀ ਹੈ। ਭਾਈ ਬਲਵਿੰਦਰ ਸਿੰਘ ਜਟਾਣਾਂ ਅਤੇ ਭਾਈ ਚਰਨਜੀਤ ਸਿੰਘ ਝੱਲੀਆਂ ਨੂੰ ਉਸ ਨਹਿਰ ਦੀ ਉਸਾਰੀ ਰੋਕਣ ਵਾਲੇ ਨਾਇਕਾਂ ਵੱਜੋਂ ਦੇਖਿਆ ਜਾਂਦਾ ਹੈ ਜੋ ਪੰਜਾਬ ਦੀ ਹਿੱਕ ਤੇ ਬਣਨ ਜਾ ਰਹੀ ਸੀ। ਸਿੱਖ ਜੁਝਾਰੂ ਲਹਿਰ ਦੇ ਇਨ੍ਹਾਂ ਸੁਹਿਰਦ ਨਾਇਕਾਂ ਦਾ ਜਿਕਰ ਛੇੜਕੇ ਸਿੱਧੂ ਨੇ ਸਾਡੇ ਨੇੜੇ ਅਤੀਤ ਦਾ ਉਹ ਸ਼ਾਨਾਮੱਤਾ ਇਤਿਹਾਸ ਮੁੜ ਤੋਂ ਜੀਵੰਤ ਕਰ ਦਿੱਤਾ ਹੈ ਜਿਸਨੂੰ ਭੁੱਲਾ ਦੇਣ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ।

ਇਤਿਹਾਸ ਵਿੱਚ ਕਲਾ ਦੀਆਂ ਵੱਖ ਵੱਖ ਵੰਨਗੀਆਂ ਬਗਾਵਤਾਂ ਨੂੰ ਅੱਗੇ ਵਧਾਉਣ ਲਈ ਬਹੁਤ ਵੱਡਾ ਰੋਲ ਅਦਾ ਕਰਦੀਆਂ ਹਨ। ਅਧੀਨ ਕੌਮਾਂ ਜਦੋਂ ਲੰਬੀ ਗੁਲਾਮੀ ਦੇ ਸਾਏ ਹੇਠ ਜਿਉਂਦੀਆਂ ਹਨ ਤਾਂ ਕਲਾ ਦੇ ਵੱਖ ਵੱਖ ਰੂਪਾਂ ਨੂੰ ਆਪਣੇ ਅੰਦਰ ਸੁਲਘਦੀ ਅੱਗ ਦੀ ਪੇਸ਼ਕਾਰੀ ਲਈ ਵਰਤਦੀਆਂ ਹਨ। ਇਸ ਵਿੱਚ ਨਾਵਲ, ਕਵਿਤਾ, ਕਹਾਣੀ ਅਤੇ ਗੀਤ ਪਰਮੁੱਖ ਹੁੰਦੇ ਹਨ। ਅਧੀਨਗੀ ਹੇਠ ਰਹਿ ਰਹੀ ਕੌਮ ਆਪਣੀ ਪਹਿਚਾਣ ਕਿਸ ਵਿਚਾਰਧਾਰਾ ਨਾਲ ਅਤੇ ਕਿਸ ਇਤਿਹਾਸ ਨਾਲ ਕਰ ਰਹੀ ਹੈ ਇਸਦੇ ਬਹੁਤ ਵੱਡੇ ਅਰਥ ਹੁੰਦੇ ਹਨ।

ਸਿੱਧੂ ਮੂਸੇਵਾਲੇ ਦੇ ਗੀਤ ਦੇ ਜਾਰੀ ਹੰਦਿਆਂ ਹੀ ਜੇ ਕਰੋੜਾਂ ਪੰਜਾਬੀ ਉਸਨੂੰ ਵਾਰ ਵਾਰ ਸੁਣ ਰਹੇ ਹਨ ਤਾਂ ਇਤਿਹਾਸਕ ਤੌਰ ਤੇ ਇਸਦਾ ਅਰਥ ਇਹ ਨਿਕਲਦਾ ਹੈ ਕਿ ਭਾਵੇਂ ਪੰਜਾਬ ਦੇ ਜਾਏ ਅਤੀ ਸਖਤ ਹੋ ਰਹੇ ਕਨੂੰਨੀ ਸਿਕੰਜੇ ਕਾਰਨ ਕਈ ਵਾਰ ਖੁਲ੍ਹਕੇ ਆਪਣੀ ਗੱਲ ਨਹੀ ਕਰਦੇ ਪਰ ਜਦੋਂ ਵੀ ਕੋਈ ਬੇਬਾਕੀ ਨਾਲ ਮਾਂ ਧਰਤੀ ਪੰਜਾਬ ਦੀ ਅਣਖ ਅਤੇ ਆਬਰੂ ਦੀ ਗੱਲ ਕਰਦਾ ਹੈ ਤਾਂ ਉਹ ਇੱਕਦਮ ਉਸ ਸ਼ਖਸ਼ੀਅਤ ਦੇ ਪਿੱਛੇ ਆਣ ਖੜ੍ਹੇ ਹੁੰਦੇ ਹਨ। ਸਿੱਧੂ ਮੂਸੇਵਾਲੇ ਦੇ ਪੰਜਾਬ ਦੇ ਪਾਣੀਆਂ ਬਾਰੇ ਰਚੇ ਗਏ ਇਸ ਨਵੇਂ ਗੀਤ ਨੂੰ ਜੇ ਕਰੋੜਾਂ ਪੰਜਾਬੀ ਪਿਆਰਿਆਂ ਨੇ ਦੇਖਿਆ ਹੈ ਤਾਂ ਇਸਦਾ ਸਪਸ਼ਟ ਮਤਲਬ ਨਿਕਲਦਾ ਹੈ ਕਿ ਉਹ ਕੀ ਚਾਹੁੰਦੇ ਹਨ ਅਤੇ ਕੀ ਸੋਚਦੇ ਹਨ। ਇਸ ਬਾਰੇ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀ ਹਨ। ਜੇ ਕਰੋੜਾਂ ਪੰਜਾਬੀਆਂ ਦੇ ਨਾਇਕ ਭਾਈ ਬਲਵਿੰਦਰ ਸਿੰਘ ਜਟਾਣਾਂ ਵਰਗੇ ਸਿੰਘ ਹਨ ਤਾਂ ਸਪਸ਼ਟ ਹੈ ਕਿ ਪੰਜਾਬ ਸਿਰਫ ਸਖਤ ਕਨੂੰਨਾਂ ਕਾਰਨ ਅਤੇ ਸਟੇਟ ਦੇ ਅੱਤ ਘਿਨਾਉਣੇ ਤਸ਼ੱਦਦ ਕਾਰਨ ਹੀ ਚੁੱਪ ਹੈ। ਅਸਲ ਵਿੱਚ ਉਹ ਆਪਣੇ ਦਿਲ ਵਿੱਚ ਕੀ ਲਈ ਬੈਠਾ ਹੈ। ਇਸਦਾ ਸਪਸ਼ਟ ਸੰਕੇਤ ਇਸ ਗੀਤ ਨੇ ਕਰ ਦਿੱਤਾ ਹੈ।

ਜਿਹੜੇ ਪੰਜਾਬ ਸਮੱਸਿਆ ਨੂੰ ਖਤਮ ਹੋ ਗਈ ਸਮਝ ਕੇ ਮਿੱਟੀ ਪਾਉਣ ਦੀ ਗੱਲ ਆਖ ਰਹੇ ਹਨ ਅਸਲ ਵਿੱਚ ਉ੍ਹਹ ਕੰਧ ਤੇ ਲਿਖਿਆ ਪੜ੍ਹਨ ਤੋਂ ਕੰਨੀ ਕਤਰਾ ਰਹੇ ਹਨ। ਪੰਜਾਬ ਦੇ ਪੁਲਾਂ ਹੇਠੋਂ ਜੇ ਪਾਣੀ ਲੰਘਣਾਂ ਹੈ ਤਾਂ ਉਹ ਗੁਰੂ ਖਾਲਸੇ ਦੀ ਸਹਿਮਤੀ ਨਾਲ ਹੀ ਲੰਘਣਾਂ ਹੈ ਕਿਸੇ ਸਰਕਾਰ ਦੇ ਦਾਬੇ ਜਾਂ ਲਲਕਾਰੇ ਕਾਰਨ ਨਹੀ। ਪੰਜਾਬ ਲਈ ਸੋਚਣ ਵਾਲੇ ਪੰਜਾਬ ਦੀ ਇਸ ਰੀਝ ਵੱਲ ਜਰੂਰ ਧਿਆਨ ਦੇਣ।