ਅਜ਼ਾਦੀ ਅਤੇ ਖੁੱਲ੍ਹ ਬਹੁਤ ਹੀ ਆਮ ਪਰਿਭਾਸ਼ਿਕ ਸ਼ਬਦ ਹਨ ਜੋ ਕਿ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਰਾਜਨੀਤਿਕ ਅਤੇ ਵਿਅਕਤੀਗਤ ਡਿਸਕੋਰਸ ਦੇ ਸੰਦਰਭ ਵਿਚ ਵਰਤੇ ਜਾਂਦੇ ਹਨ। ਇਹ ਦੋਹੇਂ ਸ਼ਬਦ ਸਮਾਨਰਥੀ ਹਨ।ਅਜ਼ਾਦੀ ਅਸਲ ਵਿਚ ਬਿਨਾਂ ਕਿਸੇ ਰੁਕਾਵਟ ਅਤੇ ਬੰਧਨਾਂ ਦੇ ਸੁਤੰਤਰ ਹੋਣ ਦੀ ਸਥਿਤੀ ਹੈ ਜਦੋਂ ਕਿ ਖੁੱਲ੍ਹ ਕਾਨੂੰਨ ਦੇ ਮੁਤਾਬਿਕ ਇਸੇ ਹੀ ਅਜ਼ਾਦੀ ਦੀ ਜ਼ਿੰਮੇਵਾਰਾਨਾ ਢੰਗ ਨਾਲ ਵਰਤੋਂ ਹੈ ਜਿਸ ਵਿਚ ਕਿਸੇ ਨੂੰ ਵੀ ਇਸ ਅਜ਼ਾਦੀ ਤੋਂ ਵਾਂਝਾ ਨਹੀਂ ਰੱਖਿਆ ਜਾਂਦਾ।ਇਸ ਵਿਚ ਅਜ਼ਾਦੀ ਜਿਆਦਾ ਵਿਸਤ੍ਰਿਤ ਸ਼ਬਦ ਹੈ ਜਿਸ ਵਿਚ ਆਪਣੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਕਿਸੇ ਵੀ ਪ੍ਰਕਾਰ ਦਾ ਕੋਈ ਬੰਧਨ ਨਹੀਂ ਹੁੰਦਾ ਹੈ।ਇਕ ਵਿਅਕਤੀ ਦੀ ਖੁੱਲ੍ਹ ਨੂੰ ਨੈਤਿਕ ਅਤੇ ਰਾਜਨੀਤਿਕ ਰੂਪ ਵਿਚ ਚੰਗਾ ਮੰਨਿਆ ਜਾਂਦਾ ਹੈ ਜੋ ਕਿ ਸੱਭਿਅਕ ਜ਼ਿੰਦਗੀ ਦੀ ਨਿਸ਼ਾਨੀ ਹੈ। ਖੁੱਲ੍ਹ ਤੋਂ ਬਿਨਾਂ ਜ਼ਿੰਦਗੀ ਦੀ ਹਾਲਤ ਰੂਹ ਤੋਂ ਬਿਨਾਂ ਸਰੀਰ ਵਾਲੀ ਹੁੰਦੀ ਹੈ।ਅਜ਼ਾਦੀ ਅਤੇ ਖੁੱਲ੍ਹ ਰੋਜ਼ਮੱਰਾ ਦੀ ਜ਼ਿੰਦਗੀ ਦੇ ਪ੍ਰਵਚਨ (ਡਿਸਕੋਰਸ) ਦਾ ਹਿੱਸਾ ਹਨ ਅਤੇ ਲੋਕਾਂ ਬੋਲਣ ਦੀ ਅਜ਼ਾਦੀ, ਪ੍ਰੈੱਸ ਦੀ ਅਜ਼ਾਦੀ, ਧਾਰਮਿਕ ਅਜ਼ਾਦੀ, ਸੂਚਨਾ ਦੇ ਅਧਿਕਾਰ ਦੀ ਅਜ਼ਾਦੀ ਜਿਹੇ ਇਨਾਂ ਭਾਵਾਂ ਨੂੰ ਸਵੀਕਾਰ ਕਰਦੇ ਹਨ।

ਅਜ਼ਾਦੀ ਅਤੇ ਖੁੱਲ੍ਹ ਲਈ ਠੀਕ ਠੀਖ ਸ਼ਬਦ ਲੱਭਣੇ ਅਸਾਨ ਨਹੀਂ ਹਨ।ਖੁੱਲ੍ਹ ਨੂੰ ਸਮਾਜ ਵਿਚ ਕਿਸੇ ਵੀ ਸੱਤਾ ਦੁਆਰਾ ਦਮਨਕਾਰੀ ਤਾਕਤਾਂ ਦੁਆਰਾ ਥੋਪੀਆਂ ਰੋਕਾਂ ਤੋਂ ਪਰੇ ਅਜ਼ਾਦ ਹੌਂਦ ਵਜੋਂ ਵਿਚਰਨ ਦੇ ਰੂਪ ਵਿਚ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਜਿਸ ਵਿਚ ਇਕ ਵਿਅਕਤੀ ਦਾ ਰਹਿਣ ਦਾ ਢੰਗ, ਉਸ ਦਾ ਅਚਾਰ-ਵਿਹਾਰ ਅਤੇ ਰਾਜਨੀਤਿਕ ਵਿਚਾਰ ਸ਼ਾਮਿਲ ਹੁੰਦੇ ਹਨ।ਅਜ਼ਾਦੀ ਦਾ ਭਾਵ ਬਿਨਾਂ ਕਿਸੇ ਰੋਕ-ਟੋਕ ਅਤੇ ਬੰਧਨ ਦੇ ਬੋਲਣ ਅਤੇ ਪਹਿਲ ਕਰਨ ਦੇ ਰੂਪ ਵਿਚ ਲਿਆ ਜਾਂਦਾ ਹੈ।ਮੋਟੇ ਰੂਪ ਵਿਚ ਇਹਨਾਂ ਦੋਹਾਂ ਹੀ ਸ਼ਬਦਾਂ ਨੂੰ ਸੱਤਾ ਅਤੇ ਵਰਗਬੰਦੀ ਦੇ ਬੰਧਨਾਂ ਅਤੇ ਥੋਪਾਂ ਤੋਂ ਪਰੇ ਦੀ ਹੌਂਦ ਵਜੋਂ ਸਮਝਿਆ ਜਾਂਦਾ ਹੈ।

ਅਜ਼ਾਦੀ ਅਤੇ ਖੁੱਲ੍ਹ ਨਿੱਜੀ ਸੰਕਲਪ ਹਨ ਜੋ ਕਿ ਸਿੱਖਿਆ, ਸੱਭਿਆਚਾਰ ਅਤੇ ਧਰਮ ਜਿਹੇ ਅੰਸ਼ਾਂ ਦੁਆਰਾ ਪ੍ਰਭਾਵਿਤ ਹੁੰਦੇ ਹਨ।ਅਜ਼ਾਦੀ ਅਤੇ ਖੁੱਲ੍ਹ ਦਾ ਮੁੱਖ ਰੂਪ ਵਿਚ ਭਾਵ ਹੈ ਕਿ ਵੱਖ-ਵੱਖ ਵਿਸ਼ਵਾਸ ਅਤੇ ਬੋਧ ਸਹਿ-ਹੌਂਦ ਵਿਚ ਹੁੰਦੇ ਹਨ।ਅਜ਼ਾਦੀ ਦਾ ਭਾਵ ਬਿਨਾਂ ਕਿਸੇ ਆਲੋਚਨਾ ਅਤੇ ਕਲੰਕ ਦੇ ਡਰ ਤੋਂ ਆਪਣੇ ਵਿਚਾਰ ਪ੍ਰਸਤੁਤ ਕਰਨ ਦੀ ਖੁੱਲ੍ਹ ਹੋਣਾ ਹੈ।ਹਰ ਇਕ ਵਿਅਕਤੀ ਦੇ ਲਈ ਅਜ਼ਾਦੀ ਅਤੇ ਖੁੱਲ੍ਹ ਅਲੱਗ-ਅਲੱਗ ਮਾਇਨੇ ਰੱਖਦੇ ਹਨ ਅਤੇ ਇਹ ਸੰਕਲਪ ਹੀ ਵਿਚਾਰ, ਬਹਿਸ-ਮੁਬਾਹਿਸੇ ਅਤੇ ਟਕਰਾਅ ਨੂੰ ਜਨਮ ਦਿੰਦੇ ਹਨ।ਅਜ਼ਾਦੀ ਅਤੇ ਖੁੱਲ੍ਹ ਇਕ ਵਿਅਕਤੀ ਨੂੰ ਨੈਤਿਕ ਮਨੁੱਖ ਦੀ ਪ੍ਰਤਿਸ਼ਠਾ ਪ੍ਰਦਾਨ ਕਰਦੇ ਹਨ।ਅਜ਼ਾਦੀ ਅਤੇ ਖੁੱਲ੍ਹ ਹੀ ਇਕ ਵਿਅਕਤੀ ਨੂੰ ਤਰਕ ਨਾਲ ਸੋਚਣ, ਚੁਣਨ ਅਤੇ ਵੱਖ-ਵੱਖ ਸਥਿਤੀਆਂ ਨੂੰ ਪਛਾਣਨ ਦੀ ਸਮਰੱਥਾ ਵਿਚ ਵਾਧਾ ਕਰਦੇ ਹਨ।ਇਹ ਹੀ ਇਕ ਵਿਅਕਤੀ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਛਾਣਨ, ਫੈਸਲਾ ਲੈਣ ਦੀ ਸਮਰੱਥਾ ਅਤੇ ਨਿੱਜੀ ਚੋਣ ਕਰਨ ਦੇ ਕਾਬਿਲ ਬਣਾਉਂਦੀਆਂ ਹਨ।ਇਸ ਵਿਚ ਆਲੋਚਨਾਤਮਕ ਸੋਚ, ਪਾਰਦਰਸ਼ਤਾ ਅਤੇ ਸਹਿਣਸ਼ੀਲਤਾ ਦੇ ਨਾਲ-ਨਾਲ ਸਵੈ-ਸ਼ਾਸ਼ਨ ਅਤੇ ਸਵੈ-ਦ੍ਰਿੜਤਾ ਵੀ ਸ਼ਾਮਿਲ ਹੁੰਦੇ ਹਨ।ਆਸਟ੍ਰੀਅਨ ਦਾਰਸ਼ਨਿਕ ਅਤੇ ਨਸਲਕੁਸ਼ੀ ਦੌਰਾਨ ਬਚੇ ਵਿਕਟਰ ਫ੍ਰੈਂਕਲਨ ਦਾ ਮੰਨਣਾ ਹੈ, “ਉਤੇਜਨਾ ਅਤੇ ਹੁੰਗਾਰੇ ਦੇ ਵਿਚਕਾਰ ਇਕ ਸਪੇਸ ਹੁੰਦਾ ਹੈ ਅਤੇ ਉਸੇ ਹੀ ਸਪੇਸ ਵਿਚ ਅਜ਼ਾਦੀ ਮੌਜੂਦ ਹੁੰਦੀ ਹੈ।”

ਇਸ ਤੋਂ ਅੱਗੇ ਖੁੱਲ੍ਹ ਨੂੰ ਨਾਕਾਰਤਮਕ ਅਤੇ ਸਾਕਾਰਤਮਕ ਰੂਪ ਵਿਚ ਵਰਗੀਕ੍ਰਿਤ ਕੀਤਾ ਜਾਂਦਾ ਹੈ। ਨਾਕਾਰਤਮਕ ਖੁੱਲ੍ਹ ਦਾ ਅਰਥ ਰੁਕਾਵਟਾਂ ਅਤੇ ਪ੍ਰਤੀਬੰਧਾਂ ਦੀ ਅਣਹੌਂਦ ਹੈ।ਸਾਕਰਾਤਮਕ ਖੁੱਲ੍ਹ ਦਾ ਅਰਥ ਇਸ ਤਰਾਂ ਨਾਲ ਵਿਚਰਨ ਦੀ ਸੰਭਾਵਨਾ ਹੈ ਜਿਸ ਵਿਚ ਵਿਅਕਤੀ ਦਾ ਆਪਣੀ ਜ਼ਿੰਦਗੀ ਉੱਪਰ ਨਿਯੰਤ੍ਰਣ ਹੈ ਅਤੇ ਆਪਣੇ ਮੁੱਢਲੇ ਉਦੇਸ਼ਾਂ ਦਾ ਅਹਿਸਾਸ ਕਰਨਾ ਹੈ।ਦੂਜੇ ਪਾਸੇ, ਅਜ਼ਾਦ ਹੋਣ ਦਾ ਅਰਥ ਆਪਣੇ ਹਿੱਤਾਂ ਅਨੁਸਾਰ ਆਪਣੇ ਮੁਕੱਦਰ ਨੂੰ ਨਿਯੰਤ੍ਰਿਤ ਕਰਨ ਦੀ ਸਵੈ-ਦ੍ਰਿੜਤਾ ਹੋਣਾ ਵੀ ਹੈ।ਸਮਕਾਲੀਨ ਰਾਜਨੀਤਿਕ ਦਰਸ਼ਨ ਵਿਚ ਅਤੇ ਰੋਜ਼ਮੱਰਾ ਦੇ ਪ੍ਰਵਚਨ (ਡਿਸਕੋਰਸ) ਵਿਚ ਅਜ਼ਾਦੀ ਦਾ ਸੰਕਲਪ ਮਹੱਤਵਪੂਰਨ ਰੋਲ ਅਦਾ ਕਰਦਾ ਹੈ।ਹਾਲ ਹੀ ਵਿਚ ਦਾਰਸ਼ਨਿਕ ਇਕ ਖਾਸ ਤਰੀਕੇ ਦੀ ਅਜ਼ਾਦੀ ਦੇ ਸੰਕਲਪ ਤੋਂ ਪਰੇ ਇਸ ਸੰਕਲਪ ਵੱਲ ਵਧ ਰਹੇ ਹਨ ਕਿ ਕੋਈ ਖਾਸ ਸਮਾਜ ਦੂਜੇ ਸਮਾਜ ਦੇ ਮੁਕਾਬਲਤਨ ਜਿਆਦਾ ਅਜ਼ਾਦ ਹੈ ਜਾਂ ਨਹੀਂ ਅਤੇ ਇਸ ਦੇ ਨਾਲ ਹੀ ਉਹ ਇਸ ਮਾਪਦੰਡ ਤੇ ਵੀ ਵਿਚਾਰ ਕਰਦੇ ਹਨ ਕਿ ਅਜ਼ਾਦੀ ਦੇ ਘੇਰੇ ਨੂੰ ਵਧਾਉਣ ਦੀ ਲੋੜ ਹੈ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਅਜ਼ਾਦੀ ਦੇ ਪੱਧਰ ਨੂੰ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ।

ਸਿਧਾਂਤਕਾਰਾਂ ਵਿਚ ਸੰਪੂਰਨ ਅਜ਼ਾਦੀ ਨੂੰ ਲੈ ਕੇ ਵੀ ਮਤਭੇਦ ਹਨ।ਉਹ ਅਜ਼ਾਦੀ ਦੇ ਸੰਕਲਪ ਦੀ ਆਪਣੇ ਆਪ ਵਿਚ ਮਹੱਤਤਾ ਨੂੰ ਸਮਝਦੇ ਹਨ ਅਤੇ ਮੰਨਦੇ ਹਨ ਕਿ ਘੱਟ ਅਜ਼ਾਦੀ ਨਾਲੋਂ ਜਿਆਦਾ ਅਜ਼ਾਦੀ ਹਮੇਸ਼ਾ ਬਿਹਤਰ ਹੈ।ਉਦਾਰਵਾਦੀ ਸਿਧਾਂਤਕਾਰੀ ਮੋਰ ਨੇ ਹਾਲ ਹੀ ਵਿਚ ਕਿਹਾ ਸੀ ਕਿ ਅਜ਼ਾਦੀ ਆਪਣੇ ਆਪ ਵਿਚ ਮੁੱਲਵਾਨ ਨਹੀਂ ਹੈ। ਇਸ ਗੱਲ ਨੂੰ ਲੈ ਕੇ ਵੀ ਬਹਿਸ ਚੱਲ ਰਹੀ ਹੈ ਕਿ ਜਿਆਦਾ ਤੋਂ ਜਿਆਦਾ ਜਾਂ ਬਰਾਬਰ ਅਜ਼ਾਦੀ ਨੂੰ ਸ਼ਾਬਦਿਕ ਅਤੇ ਪ੍ਰਮਾਣਿਕ ਰੂਪ ਵਿਚ ਸਮਝਣ ਦੀ ਲੋੜ ਹੈ ਜਾਂ ਅਜ਼ਾਦੀ ਨੂੰ ਕੁਝ ਕੁ ਮੁੱਲਾਂ ਦੇ ਅਧਾਰ ਤੇ ਪ੍ਰਭਾਸ਼ਿਤ ਕਰਨ ਦੀ ਲੋੜ ਹੈ।ਖੁੱਲ੍ਹ ਨੂੰ ਅਲੱਗ-ਅਲੱਗ ਢੰਗਾਂ ਨਾਲ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ, ਪਰ ਇਹ ਇਸ ਉੱਪਰ ਨਿਰਭਰ ਕਰਦਾ ਹੈ ਕਿ ਬੰਧਨਾਂ ਅਤੇ ਉਦੇਸ਼ਾਂ ਦੇ ਸੰਦਰਭ ਵਿਚ ਕਿਸ ਤਰਾਂ ਇਸ ਦੀ ਵਿਆਖਿਆ ਕੀਤੀ ਜਾਂਦੀ ਹੈ।ਅਜ਼ਾਦੀ ਨਾ ਸਿਰਫ ਰੁਕਾਵਟਾਂ ਦੀ ਅਣਹੌਂਦ ਵਿਚ ਕੁਝ ਕਰਨ ਦੀ ਸੰਭਾਵਨਾ ਹੈ, ਪਰ ਇਸ ਦੇ ਨਾਲ ਹੀ ਆਪਣੇ ਸਵੈ ਦੀ ਪਛਾਣ ਕਰਦੇ ਹੋਏ ਇਹ ਤਰਕਵਾਦੀ ਨਿਰਣਿਆਂ ਦੇ ਆਧਾਰ ਤੇ ਵਿਵਹਾਰ ਕਰਨ ਦੀ ਸੰਭਾਵਨਾ ਹੈ।ਇਸ ਦੇ ਉਲਟ ਖੁੱਲ੍ਹ ਨੂੰ ਇਸ ਸਥਿਤੀ ਦੇ ਰੂਪ ਵਿਚ ਸਮਝਿਆ ਜਾਂਦਾ ਹੈ ਜਿਸ ਵਿਚ ਇਕ ਵਿਅਕਤੀ ਕੋਲ ਆਪਣੀ ਇੱਛਾ ਅਨੁਸਾਰ ਕੁਝ ਕਰਨ ਦਾ ਅਧਿਕਾਰ ਹੈ ਅਤੇ ਇਹ ਹਰ ਤਰਾਂ ਦੇ ਦਮਨ ਤੋਂ ਮੁਕਤ ਹੁੰਦਾ ਹੈ।

ਕੁਝ ਕੁ ਪ੍ਰਸਥਿਤੀਆਂ ਅਤੇ ਦੇਸ਼ਾਂ ਵਿਚ ਖੁੱਲ੍ਹ ਦਾ ਚਿੰਨ੍ਹਾਤਮਕ ਅਰਥ ਹੈ।ਭਾਰਤ ਵਿਚ ਇਸ ਦਾ ਅਰਥ ਮੁਕਤੀ ਦੇ ਰੂਪ ਵਿਚ ਲਿਆ ਜਾਂਦਾ ਹੈ ਜੋ ਕਿ ਦੈਵੀ ਨਾਲ ਵਿਘਟਨ ਦੀ ਸਥਿਤੀ ਹੈ। ਇਸ ਦੇ ਨਾਲ ਹੀ ਇਸ ਦਾ ਅਰਥ ਸਵੈ ਨੂੰ ਜਾਣਨ ਦੇ ਸੰਦਰਭ ਵਿਚ ਵੀ ਲਿਆ ਜਾਂਦਾ ਹੈ।ਭਾਰਤ ਰਹੱਸਵਾਦੀਆਂ ਦੀ ਧਰਤੀ ਹੈ, ਇਸ ਕਰਕੇ ਇਸ ਨਾਲ ਵੱਖ-ਵੱਖ ਅਰਥ ਜੋੜੇ ਜਾਂਦੇ ਹਨ।ਵੱਖ-ਵੱਖ ਰਾਜਨੀਤਿਕ ਅਤੇ ਬਾਈਬਲ ਦੇ ਸੰਦਰਭ ਵਿਚ ਇਸ ਦੇ ਵੱਖਰੇ ਅਰਥ ਹਨ।ਅਜ਼ਾਦੀ ਨੂੰ ਇਸ ਸੰਦਰਭ ਵਿਚ ਵੀ ਸਮਝਿਆ ਜਾਂਦਾ ਹੈ ਜਿਸ ਵਿਚ ਇਕ ਵਿਅਕਤੀ ਨੂੰ ਆਪਣੇ ਢੰਗ ਨਾਲ ਬੋਲਣ ਅਤੇ ਕੰਮ ਕਰਨ ਦੀ ਅਜ਼ਾਦੀ ਹੋਵੇ।ਭਾਰਤ ਦੇ ਸੰਵਿਧਾਨ ਨੇ ਬਹੁਤ ਸਾਰੇ ਮੁੱਢਲੇ ਅਧਿਕਾਰ ਪ੍ਰਦਾਨ ਕੀਤੇ ਹਨ ਜੋ ਅਜ਼ਾਦੀ ਨੂੰ ਪ੍ਰਭਾਸ਼ਿਤ ਕਰਦੇ ਹਨ।ਦਿਲਚਸਪ ਢੰਗ ਨਾਲ ਅਜ਼ਾਦੀ ਮਹਿਜ਼ ਰਾਜਨੀਤਿਕ ਖੇਤਰ ਨਾਲ ਹੀ ਸੰਬੰਧਿਤ ਨਹੀਂ ਹੈ ਕਿਉਂਕਿ ਇਸ ਦਾ ਘੇਰਾ ਘਰ ਨਾਲ ਵੀ ਸੰਬੰਧਿਤ ਹੈ ਅਤੇ ਦੇਸ਼ ਨਾਲ ਵੀ।ਖੁੱਲ੍ਹ ਨੂੰ ਇਸ ਸਥਿਤੀ ਦੇ ਰੂਪ ਵਿਚ ਵੀ ਲਿਆ ਜਾਂਦਾ ਹੈ ਜਿਸ ਵਿਚ ਇਕ ਵਿਅਕਤੀ ਵਿਚ ਆਪਣੇ ਕਾਰਜਾਂ ਦੀ ਜ਼ਿੰਮੇਵਾਰੀ ਲੈਣ ਦੀ ਸਮਰੱਥਾ ਹੁੰਦੀ ਹੈ।ਖੁੱਲ੍ਹ (ਲਿਬਰਟੀ) ਸ਼ਬਦ ਦੀ ਉਤਪਤੀ ਲੈਟਿਨ ਸ਼ਬਦ ਲਿਬਰਟਮ ਵਿਚੋਂ ਹੁੰਦੀ ਹੈ ਜਿਸ ਦਾ ਅਰਥ ਅਜ਼ਾਦ ਹੋਣਾ ਹੈ।ਅਜ਼ਾਦੀ (ਫਰੀਡਮ) ਪੁਰਾਣੇ ਅੰਗਰੇਜ਼ੀ ਸ਼ਬਦ ਫਰਿਓਡਮ ਵਿਚੋਂ ਆਉਂਦਾ ਹੈ ਜਿਸ ਦਾ ਅਰਥ ਅਜ਼ਾਦ ਇੱਛਾ ਹੈ।

ਖੁੱਲ੍ਹ ਨੂੰ ਕੁਦਰਤੀ ਖੁੱਲ੍ਹ, ਨਾਗਰਿਕ ਖੁੱਲ੍ਹ, ਰਾਜਨੀਤਿਕ ਖੁੱਲ੍ਹ, ਨਿੱਜੀ ਖੁੱਲ੍ਹ ਅਤੇ ਘਰੇਲੂ ਖੁੱਲ੍ਹ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਜਾਂਦਾ ਹੈ। ਇਸੇ ਤਰਾਂ ਹੀ ਅਜ਼ਾਦੀ ਨੂੰ ਬੋਲਣ ਦੀ ਅਜ਼ਾਦੀ, ਸਾਂਝੀਵਾਲਤਾ ਦੀ ਅਜ਼ਾਦੀ, ਧਾਰਮਿਕ ਅਜ਼ਾਦੀ ਅਤੇ ਸਿੱਖਿਆ ਦੀ ਅਜ਼ਾਦੀ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਜਾਂਦਾ ਹੈ।ਇਸ ਦੋਹੇਂ ਹੀ ਸਮਾਨਰਥੀ ਸ਼ਬਦ ਹਨ ਜਿਸ ਵਿਚ ਖੁੱਲ੍ਹ ਅਜ਼ਾਦੀ ਦਾ ਹੀ ਇਕ ਰੂਪ ਹੈ।ਪਰ ਖੁੱਲ੍ਹ ਦੇ ਮੁਕਾਬਲਤਨ ਅਜ਼ਾਦੀ ਜਿਆਦਾ ਸਥੂਲ ਸ਼ਬਦ ਅਤੇ ਸੰਕਲਪ ਹੈ।ਖੁੱਲ੍ਹ ਜਿਆਦਾ ਜ਼ਿਮੇਵਾਰੀ ਅਤੇ ਅਜ਼ਾਦੀ ਦੇ ਸੰਦਰਭ ਵਿਚ ਮੌਜੂਦ ਹੁੰਦੀ ਹੈ ਜਿਸ ਦਾ ਮਕਸਦ ਸੰਪੂਰਣ ਸਮਾਜ ਅਤੇ ਦਾਰਸ਼ੀਨਕ ਵਿਵਸਥਾ ਵਿਕਸਿਤ ਕਰਨਾ ਹੈ ਜਦੋਂ ਕਿ ਅਜ਼ਾਦੀ ਆਪਣੀ ਇੱਛਾ ਅਨੁਸਾਰ ਕੰੰਮ ਕਰਨ ਦੀ ਅਜ਼ਾਦੀ ਹੈ।ਭਾਰਤੀ ਸੰਵਿਧਾਨ ਵਿਚ ਆਰਟੀਕਲ ੧੯ ਦੇ ਤਹਿਤ ਅਜ਼ਾਦੀ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਆਰਟੀਕਲ ੨੧ ਵਿਚ ਜ਼ਿੰਦਗੀ ਅਤੇ ਖੁੱਲ੍ਹ ਦਾ ਅਧਿਕਾਰ ਸ਼ਾਮਿਲ ਹੈ।ਦੂਜੇ ਹੋਰ ਮੁੱਢਲੇ ਅਧਿਕਾਰਾਂ ਦੇ ਨਾਲ ਇਹ ਅਧਿਕਾਰ ਨਾਕਾਰਤਮਕ ਅਧਿਕਾਰ ਵੀ ਮੰਨੇ ਗਏ ਹਨ ਕਿਉਂਕਿ ਇਹ ਰਾਜ ਉੱਪਰ ਇਹਨਾਂ ਅਧਿਕਾਰਾਂ ਦੀ ਉਲੰਘਣਾ ਨਾ ਕਰਨ ਦੀ ਜ਼ਿੰਮੇਵਾਰੀ ਵੀ ਸੌਂਪਦੇ ਹਨ।ਕਾਨੂੰਨੀ ਆਧਾਰ ਤੇ ਸੰਵਿਧਾਨ ਅਜ਼ਾਦੀ ਅਤੇ ਖੁੱਲ੍ਹ ਵਿਚ ਵਖਰੇਵਾਂ ਨਹੀਂ ਕਰਦਾ ਹੈ ਕਿਉਂਕਿ ਇਹ ਅਧਿਕਾਰ ਨਾਲ-ਨਾਲ ਚੱਲਦੇ ਹਨ।ਖੁੱਲ੍ਹ ਨਿੱਜੀ ਅਧਿਕਾਰ ਖੇਤਰ ਨਾਲ ਸੰਬੰਧਿਤ ਹੈ ਜਦੋਂ ਕਿ ਅਜ਼ਾਦੀ ਸਮੂਹਿਕ ਅਧਿਕਾਰ ਖੇਤਰ ਨਾਲ ਵੀ ਸੰਬੰਧਿਤ ਹੈ।ਕਈ ਵਾਰ ਵਿਅਕਤੀਗਤ ਅਜ਼ਾਦੀ ਦੀ ਕੀਮਤ ਤੇ ਸਮੂਹਿਕ ਅਜ਼ਾਦੀ ਜਿਆਦਾ ਮਹੱਤਵਪੂਰਨ ਹੋ ਜਾਂਦੀ ਹੈ।

ਖੁੱਲ੍ਹ ਨੂੰ ਅਕਸਰ ਉਸ ਅਜ਼ਾਦੀ ਦੇ ਰੂਪ ਵਿਚ ਸਮਝਿਆ ਜਾਂਦਾ ਹੈ ਜੋ ਕਿਸੇ ਵਿਅਕਤੀ ਜਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ।ਇਸ ਦੇ ਮੁਕਾਬਲਤਨ ਅਜ਼ਾਦੀ ਜਿਆਦਾ ਵਿਸਤ੍ਰਿਤ ਅਤੇ ਅੰਦਰੂਨੀ ਮਸਲਾ ਹੈ। ਵਿਕਟਰ ਫ੍ਰੈਂਕਨਲ ਆਪਣੀ ਪੁਸਤਕ “ਏ ਮੈਨਜ਼ ਸਰਚ ਫਾਰ ਮੀਨਿੰਗ” ਵਿਚ ਲਿਖਦਾ ਹੈ ਕਿ “ਇਕ ਵਿਅਕਤੀ ਤੋਂ ਸਭ ਕੁਝ ਖੋਹਿਆ ਜਾ ਸਕਦਾ ਹੈ, ਪਰ ਉਸ ਨੇ ਕਿਸੇ ਪ੍ਰਸਥਿਤੀ ਵਿਚ ਕਿਸ ਤਰਾਂ ਦਾ ਵਿਵਹਾਰ ਕਰਨਾ ਹੈ, ਇਹ ਉਸ ਦੀ ਅਜ਼ਾਦੀ ਹੈ।” ਦੂਜੇ ਸ਼ਬਦਾਂ ਵਿਚ ਅਜ਼ਾਦ ਹੋਣ ਦਾ ਅਰਥ ਆਪਣੇ ਕਾਰਜਾਂ ਦੀ ਜ਼ਿੰਮੇਵਾਰੀ ਲੈਣਾ, ਆਪਣੇ ਵਿਚਾਰਾਂ ਵਿਚ ਅਜ਼ਾਦ ਹੋ ਕੇ ਇਸ ਨੂੰ ਵਿਵਹਾਰ ਵਿਚ ਲੈ ਕੇ ਆਉਣਾ ਹੈ।ਇਹ ਹੀ ਅਜ਼ਾਦੀ ਦੇ ਸੰਕਲਪ ਨੂੰ ਨਿੱਜੀ ਅਤੇ ਅੰਦਰੂਨੀ ਵੀ ਬਣਾਉਂਦਾ ਹੈ।ਇਸ ਦੇ ਉਲਟ ਖੁੱਲ੍ਹ ਬਾਹਰੀ ਸੰਕਲਪ ਹੈ। ਇਸ ਦਾ ਅਰਥ ਸਮਾਜ ਵਿਚ ਦਮਨਕਾਰੀ ਸ਼ਕਤੀਆਂ ਦੁਆਰਾ ਇਕ ਵਿਅਕਤੀ ਦੇ ਜਿਉਣ ਦੇ ਢੰਗ, ਵਿਵਹਾਰ ਅਤੇ ਰਾਜਨੀਤਿਕ ਵਿਚਾਰਾਂ ਉੱਪਰ ਹੋ ਰਹੇ ਹਮਲੇ ਤੋਂ ਮੁਕਤੀ ਪਾਉਣਾ ਹੈ।ਸਮੂਹਿਕ ਪ੍ਰਫੁੱਲਤਾ ਲਈ ਇਕ ਵਿਅਕਤੀ ਦੀ ਅਜ਼ਾਦੀ ਨੂੰ ਸੁਨਿਸ਼ਚਿਤ ਕਰਨਾ ਪਹਿਲੀ ਸ਼ਰਤ ਹੈ।

ਭਾਰਤ ਵਿਚ ਅਜ਼ਾਦੀ ਦਾ ਅਰਥ ਮੁਕਤੀ ਦੇ ਸੰਦਰਭ ਵਿਚ ਲਿਆ ਜਾਂਦਾ ਹੈ ਜਦੋਂ ਕਿ ਫਰਾਂਸ ਵਿਚ ਇਸ ਨੂੰ ਵਿਅਕਤੀਗਤ ਸੁਤੰਤਰਤਾ ਦੇ ਰੂਪ ਵਿਚ ਸਮਝਿਆ ਜਾਂਦਾ ਹੈ।ਫਰਾਂਸੀਸੀ ਅਤੇ ਅਮਰੀਕੀ ਕ੍ਰਾਂਤੀਆਂ ਆਪਸ ਵਿਚ ਦਰਜਨ ਵਰ੍ਹਿਆਂ ਦੇ ਅੰਤਰ ਨਾਲ ਵਾਪਰੀਆਂ।ਪਰ ਇਹਨਾਂ ਦੋਹਾਂ ਦੇ ਹੀ ਕੇਂਦਰ ਵਿਚ ਵਿਅਕਤੀਗਤ ਅਜ਼ਾਦੀ ਦਾ ਸੰਕਲਪ ਸ਼ਾਮਿਲ ਸੀ।ਫਰਾਂਸ ਲਈ ਰਾਜਨੀਤਿਕ ਬਰਾਬਰਤਾ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਸੀ, ਅਮਰੀਕੀਆਂ ਲਈ ਨਿੱਜੀ ਸੁਤੰਤਰਤਾ।ਅਮਰੀਕੀ ਕ੍ਰਾਂਤੀ ਦਾ ਉਦੇਸ਼ ਮਹਿਜ਼ ਆਪਣੇ ਦੇਸ਼ ਦੀ ਸੁਤੰਤਰਤਾ ਲਈ ਲੜਨਾ ਨਹੀਂ ਸੀ ਬਲਕਿ ਵਿਅਕਤੀਗਤ ਅਧਿਕਾਰਾਂ ਅਤੇ ਅਜ਼ਾਦੀ ਲਈ ਲੜਨਾ ਵੀ ਸੀ।ਦੱਖਣੀ ਅਮਰੀਕੀ ਦੇਸ਼ਾਂ ਨੇ ਉਂਝ ਤਾਂ ਸੁਤੰਤਰਤਾ ਹਾਸਿਲ ਕਰ ਲਈ, ਪਰ ਉਹ ਵਿਅਕਤੀਗਤ ਅਜ਼ਾਦੀ ਸੁਨਿਸ਼ਚਿਤ ਨਹੀਂ ਕਰ ਸਕੇ।ਖੁੱਲ੍ਹ ਸਮਾਜਿਕ ਅਤੇ ਬਾਹਰੀ ਸੰਰਚਨਾ ਹੈ ਜਦੋਂ ਕਿ ਅਜ਼ਾਦੀ ਅੰਦਰੂਨੀ ਦਾਰਸ਼ਨਿਕ ਅਤੇ ਮਾਨਸਿਕ ਅਵਸਥਾ ਹੈ ਜਿਸ ਦੀ ਵਿਅਕਤੀਆਂ ਵਿਚ ਮਨੁੱਖ ਹੋਣ ਕਰਕੇ ਹੌਂਦ ਹੈ।

ਅੱਜ ਦੇ ਸੰਦਰਭ ਵਿਚ ਖੁੱਲ੍ਹ ਅਤੇ ਅਜ਼ਾਦੀ ਅਤੇ ਇਸ ਦੇ ਸਾਕਾਰਤਮਕ ਅਤੇ ਨਾਕਾਰਤਮਕ ਪੱਖਾਂ ਨੂੰ ਲੈ ਕੇ ਬਹਿਸ ਵਿਲੱਖਣ ਹੋ ਗਈ ਹੈ ਕਿਉਂਕਿ ਇਸ ਨੂੰ ਸਰਕਾਰ ਦੁਆਰਾ ਆਪਣੇ ਨਾਗਰਿਕਾਂ ਦੀਆਂ ਜ਼ਿੰਦਗੀਆਂ ਵਿਚ ਨਿਗਾਹਬਾਨੀ ਕਰਨ ਦੇ ਓਰਵੈਲੀਅਨ ਢੰਗ ਰਾਹੀ ਵਾਜਿਬ ਠਹਿਰਾਇਆ ਜਾਂਦਾ ਹੈ।ਇਸ ਦੇ ਅਰਥ ਬਹੁਤ ਹੀ ਅਸਪੱਸ਼ਟ ਹੋ ਜਾਂਦੇ ਹਨ ਕਿਉਂਕਿ ਸੱਤਾ ਸਾਹਮਣੇ ਅਸਾਨੀ ਨਾਲ ਗੋਡੇ ਟੇਕ ਦਿੱਤੇ ਜਾਂਦੇ ਹਨ। ਇਸ ਦਾ ਸਿੱਧੇ ਰੂਪ ਵਿਚ ਅਰਥ ਜਿਆਦਾ ਸੱਤਾ ਹਾਸਿਲ ਕਰਨਾ ਅਤੇ ਆਪਣੇ ਤਾਨਾਸ਼ਾਹੀ ਹਿੱਤਾਂ ਨੂੰ ਪੂਰਾ ਕਰਨ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨਾ ਹੈ। ਲੋਕਾਂ ਨੂੰ ਆਪਣੇ ਆਪ ਨੂੰ ਸਿੱਖਿਅਤ ਕਰਨ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਅਜ਼ਾਦੀ ਅਤੇ ਖੁੱਲ੍ਹ ਵਿਚਲੇ ਅੰਤਰ ਨੂੰ ਵੀ ਸਮਝਣ ਦੀ ਲੋੜ ਹੈ ਤਾਂ ਕਿ ਉਹ ਰਾਜਨੀਤਿਕ ਬਹਿਸਾਂ ਵਿਚ ਸਪੱਸ਼ਟਤਾ ਅਤੇ ਪਾਰਦਰਸ਼ਤਾ ਲਿਆ ਕੇ ਇਸ ਦੇ ਸਹੀ ਉਦੇਸ਼ਾਂ ਨੂੰ ਸਮਝ ਸਕਣ।