ਲੰਮਾਂ ਅਰਸਾ ਹੁੰਦਾ ਹੈ ੨੯ ਸਾਲ, ਕਿਸੇ ਸਵਾਲ ਦਾ ਅਰਥ ਜਾਣਨ ਲਈ ਤਾਂ ਕਿ ਉਸਦਾ ਕੋਈ ਜੁਵਾਬ ਮਿਲ ਸਕੇ। ਪੰਜਾਬ ਵਿੱਚ ਸਿੱਖਾਂ ਨਾਲ ਖੂਨੀ ਦੁਖਾਂਤ ੨੯ ਸਾਲ ਪਹਿਲਾਂ ਜੂਨ ਦੇ ਮਹੀਨੇ ‘ਚ ਹੋਇਆ ਜਿਸ ਦੀ ਪੀੜ ਅਤੇ ਦੁੱਖ ਅੱਜ ਵੀ ਸਿੱਖ ਧਰਮ ਨਾਲ ਸਾਂਝ ਰੱਖਣ ਵਾਲਿਆਂ ਦੇ ਧੁਰ ਅੰਦਰ ਵਸੀ ਹੋਈ ਹੈ। ਇਹ ਦੁਖਾਂਤ ਜੂਨ ਚੁਰਾਸੀ ਨੂੰ ਹੋਇਆ ਜਦੋਂ ਭਾਰਤੀ ਹੁਕਮਰਾਨਾਂ ਨੇ ਆਪਣੀ ਫੌਜ ਨਾਲ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਤੇ ਹਮਲਾ ਕੀਤਾ। ਇਸ ਵਿੱਚ ਇਹ ਪਵਿੱਤਰ ਅਸਥਾਨ ਤਾਂ ਢਹਿ ਢੇਰੀ ਹੋਇਆ ਹੀ ਪਰ ਨਾਲ ਹੀ ਸਿੱਖ ਭਾਈਚਾਰੇ ਦੀ ਆਸਥਾ ਅਤੇ ਮਾਨਸਿਕਤਾ ਵੀ ਢਾਹ ਦਿੱਤੀ ਗਈ ਜੋ ਕਿ ਅੱਜ ਵੀ ਉਸ ਢਹੀ ਹੋਈ ਹਸਤੀ ਨੂੰ ਲੀਹ ਜਾਂ ਅਰਥ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਜੂਨ ਚੁਰਾਸੀ ਤੋਂ ਪਹਿਲਾਂ ਵੀ ਅਜ਼ਾਦ ਭਾਰਤ ਵਿੱਚ ਸਿੱਖ ਮਾਨਸਿਕਤਾ ਦਾ ੧੯੪੭ ਤੋਂ ਬਾਅਦ ਸਮੇਂ ਸਮੇਂ ਸਿਰ ਖਿਲਵਾੜ ਹੁੰਦਾ ਰਿਹਾ। ਇੱਕ ਬੁਲੰਦ ਅਵਾਜ਼ ਤੇ ਸੂਝਵਾਨ ਸੋਚ ਦੀ ਕਮੀ ਰੜਕਦੀ ਰਹੀ। ਇਸ ਕਮੀ ਨੂੰ ਸਿੱਖਾਂ ਦੀ ਰਾਜਸੀ ਧਿਰ ਆਪਣੀ ਰਾਜਸੀ ਤਾਕਤ ਨੂੰ ਮਜਬੂਤ ਕਰਨ ਲਈ ਅਤੇ ਆਪਣੀ ਕਮਜ਼ੋਰ ਸੋਚ ਨੂੰ ਹਾਵੀ ਕਰਨ ਲਈ ਸਿੱਖ ਭਾਵਨਾਵਾਂ ਨੂੰ ਸਮੇਂ ਸਮੇਂ ਸਿਰ ਵਰਤਦੀ ਰਹੀ। ਕਦੇ ਮਰਨ ਵਰਤਾਂ ਰਾਹੀਂ, ਕਦੇ ਪੰਜਾਬੀ ਸੂਬੇ ਲਈ, ਕਦੇ ਅਗਨ ਕੁੰਡਾ ਰਾਹੀਂ ਸਿੱਖ ਮਾਨਸਿਕਤਾ ਅਤੇ ਹਸਤੀ ਦੀ ਖਿੱਲੀ ਉੱਡਦੀ ਰਹੀ। ਆਖਿਰਕਾਰ ਇਹ ਅਨੰਦਪੁਰ ਸਾਹਿਬ ਦਾ ਮਤਾ ਬਣਿਆ, ਪਾਣੀਆਂ ਦਾ ਹੱਕ ਸਾਹਮਣੇ ਆਇਆ, ਸਿੰਖਾਂ ਦੀਆਂ ਕਦਰਾਂ-ਕੀਮਤਾਂ ਦਾ ਮੁੱਲ ਸਾਹਮਣੇ ਆਇਆ ਅਤੇ ਧਰਮ ਯੁੱਧ ਮੋਰਚਾ ਹੋਂਦ ਵਿੱਚ ਆਇਆ। ਇਸ ਦੌਰਾਨ ਹੀ ਇੱਕ ਬੁਲੰਦ ਸ਼ਖਸ਼ੀਅਤ ਅਤੇ ਅਵਾਜ਼ ਸਿੱਖ ਕੌਮ ਸਾਹਮਣੇ ਉੱਭਰ ਕੇ ਆਈ, ਉਹ ਸੀ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੋ ਕਿ ਉਸ ਸਮੇਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਦੇ ਮੁਖੀ ਸਨ। ਉਹਨਾਂ ਨੇ ਦਰਬਾਰ ਸਾਹਿਬ ਤੋਂ ਸਿੱਖਾਂ ਨੂੰ ਯੋਗ ਅਗਵਾਈ ਦੇਣ ਅਤੇ ਸਿੱਖ ਹਸਤੀ ਦੀ ਕਦਰ ਕੀਮਤ ਨੂੰ ਅਜ਼ਾਦ ਸੋਚ ਅਤੇ ਬਣਦਾ ਮਾਣ ਸਤਿਕਾਰ ਦਿਵਾਉਣ ਦੀ ਗੱਲ ਤੋਰੀ ਤਾਂ ਜੋ ਰੋਜ਼ ਰੋਜ਼ ਦੀ ਥਿਰਕਦੀ ਮਾਨਸਿਕਤਾ ਨੂੰ ਫੱਲ ਪਾਈ ਜਾਵੇ।

ਇਸ ਬੁਲੰਦ ਆਵਾਜ਼ ਨੇ ਸਿੱਖਾਂ ਦੀ ਰਾਜਸੀ ਧਿਰ ‘ਚ ਵੀ ਸੋਚ ਨੂੰ ਵੰਗਾਰ ਪਾਈ ਅਤੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਖੜ੍ਹਾ ਕੀਤਾ। ਸਿੱਖਾਂ ਦੀ ਰਾਜਸੀ ਧਿਰ ਜੋ ੧੯੮੦ ਤੱਕ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਕੇਦਰਾਂ ਤੇ ਵੀ ਕਾਬਜ਼ ਹੋ ਚੁੱਕੀ ਸੀ। ਇਹ ਧਿਰ ਸੀ ਸ੍ਰੋਮਣੀ ਅਕਾਲੀ ਦਲ’ ਜੋ ਸਿੱਖਾਂ ਨੇ ਵਡੇਰੀ ਸੋਚ ਨੂੰ ਮੁੱਖ ਰੱਖਕੇ ਅੰਗਰੇਜ਼ ਹਕੂਮਤ ਵੇਲੇ ੧੯੨੦ ਨੇੜੇ ਹੋਂਦ ਵਿੱਚ ਲਿਆਂਦਾ ਸੀ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ, ਕਦਰਾਂ-ਕੀਮਤਾਂ ਅਤੇ ਹਸਤੀ ਨੂੰ ਮਹਿਫੂਜ ਕਰ ਸਕੇ। ਪਰ ਸਮੇਂ ਨਾਲ ਸਿੱਖਾਂ ਦੀ ਇਹ ਸ੍ਰੋਮਣੀ ਅਕਾਲੀ ਦਲ, ਸਿੱਖਾਂ ਦੀ ਵਜਾਇ ਹਸਤੀਆਂ ਦੀ ਪਕੜ ਵਿੱਚ ਆ ਗਈ। ਸਿੱਖਾਂ ਦੀ ਬੁਲੰਦ ਅਵਾਜ਼ ਅਤੇ ਨਵੀਂ ਰੂਹ ਸ਼ਹੀਦ ਸੰਤ ਜ਼ਰਨੈਲ ਸਿੰਘ ਜੀ ਨੇ ਇਹਨਾਂ ਹਸਤੀਆ ਦੇ ਦਬਾਅ ਹੇਠ ਆਈ ਰਾਜਸੀ ਧਿਰ ਨੂੰ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਉਣ ਲਈ ਮਜ਼ਬੂਰ ਕੀਤਾ ਅਤੇ ਸਿੱਖ ਮਾਨਸਿਕਤਾ ਤੇ ਪੰਜਾਬ ਨਾਲ ਹੋ ਰਹੇ ਭਾਰਤੀ ਹੁਕਮਰਾਨਾਂ ਦੇ ਦਬਾਅ ਨੂੰ ਫੱਲ ਪਾਉਣ ਦੀ ਕੋਸ਼ਿਸ਼ ਅਰੰਭੀ।

ਇਸ ਅਜ਼ਾਦ ਹਸਤੀ ਦੀ ਸੋਚ ਦਾ ਉਜਾਗਰ ਹੋਣਾ ਸਿੱਖਾਂ ਨੂੰ ਕਾਫੀ ਹੱਦ ਤੱਕ ਪ੍ਰੇਰਿਤ ਕਰਨ ਵਿੱਚ ਕਾਮਯਾਬ ਹੋਇਆ। ਇਸ ਨਵੇਂ ਅਹਿਸਾਸ ਜਿਸਦੀ ਮੁੱਖ ਕਾਮਨਾ ਸੀ ਕਿ ਸਿੱਖਾਂ ਦੀ ਅਜ਼ਾਦ ਹਸਤੀ ਨੂੰ ਸਵੀਕਾਰਿਆ ਜਾਵੇ ਅਤੇ ਬਣਦਾ ਮਾਣ ਸਤਿਕਾਰ ਜੋ ਕਿਸੇ ਇਨਸਾਨ ਦਾ ਮੁਢਲਾ ਹੱਕ ਹਨ, ਦਿੱਤੇ ਜਾਣ। ਪਰ ਇਸਨੂੰ ਭਾਰਤ ਦੀ ਉਸ ਸਮੇਂ ਦੀ ਹੁਕਮਰਾਨ ਧਿਰ ਅਤੇ ਸਿੱਖਾਂ ਦੀ ਰਾਜਸੀ ਧਿਰ ਤੇ ਕਾਬਜ਼ ਧਿਰ ਨੂੰ ਸੋਚਣ ਤੇ ਮਜਬੂਰ ਕੀਤਾ। ਇਸ ਸੋਚ ਨੂੰ ਵੰਡਣ ਲਈ ਜਾਂ ਖਤਮ ਕਰਨ ਲਈ ਇਸ ਅਜਾਦ ਹਸਤੀ (Liberation of mind, body & soul) ਨੂੰ ਖਿਤਿਆਂ ਜਾਂ ਨਵੇਂ ਸਿਰੇ ਦੀ ਹੱਦ ਬੰਦੀ ਦੇ ਨਾਅਰਿਆਂ ਨਾਲ ਖਿਲਾਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਅਧੀਨ ਹੀ ਅੰਤ ਜੂਨ ਚੁਰਾਸੀ ਭਾਰਤੀ ਫੌਜ ਦੀ ਤਾਕਤ ਨਾਲ ਸਦਾ ਲਈ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਭਾਰਤੀ ਫੌਜ ਦੇ ਹਮਲੇ ਨੇ ਸਿੱਖਾਂ ਤੋਂ ਬੁਲੰਦ ਅਵਾਜ਼ ਅਤੇ ਅਜ਼ਾਦ ਹਸਤੀ ਦੀ ਮੰਗ ਉਜ਼ਾਗਰ ਕਰਨ ਵਾਲੀ ਸੋਚ ਤਾਂ ਖੋਹ ਹੀ ਲਈ ਤੇ ਨਾਲ ਹੀ ਸਿੱਖਾਂ ਦੀਆਂ ਕਦਰਾਂ-ਕੀਮਤਾਂ, ਮਾਣ-ਸਤਿਕਾਰ ਦਾ ਕੇਂਦਰਿਤ ਅਸਥਾਨ ਵੀ ਢਹਿ-ਢੇਰੀ ਕਰ ਦਿੱਤਾ ਜਿਸ ਦੀ ਪੀੜ ਅੱਜ ੨੯ ਸਾਲ ਬੀਤ ਜਾਣ ਬਾਅਦ ਵੀ ਸਿੱਖ ਮਹਿਸੂਸ ਕਰ ਰਹੇ ਹਨ। ਭਾਵੇਂ ਸਿੱਖਾਂ ਦੀ ਰਾਜਸੀ ਧਿਰ ਇਸ ਪੀੜ ਨੂੰ ਸਿਰਫ ਆਪਣੀ ਰਾਜਸੀ ਤਾਕਤ ਦੀ ਪਕੜ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ।

ਵਕਤ ਦੀਆਂ ਸਦੀਆਂ ‘ਚ ਕਦੇ-ਕਦਾਈ’ ਹੀ ਬੁਲੰਦ ਅਵਾਜ ਅਤੇ ਸੋਚ ਉਜਾਗਰ ਹੁਮਦਿ ਹੈ। ਸਿੱਖ ਕੌਮ ਕੋਲ ਕਦੇ ਅਜਿਹੀ ਅਵਾਜ ਤੇ ਸੋਚ ਫਿਰ ਵਾਪਸ ਆਵੇਗੀ ਕਿਹਾ ਨਹੀਂ ਜਾ ਸਕਦਾ। ਪਰ ਅਜਾਦ ਹਸਤੀ ਦੀ ਸੋਚ ਜਰੂਰ ਵਿਚਾਰ ਦੀ ਮੰਗ ਕਰਦੀ ਹੈ ਜਿਹੜੀ ਧਿਰ ਹੁਣ ਉਸ ਮਾਣ ਸਤਿਕਾਰ ਵਾਲੀ ਜਥੇਬੰਦੀ ਦਮਦਮੀ ਟਕਸਾਲ ਦੀ ਰਹਿਨੁਮਾਈ ਕਰ ਰਹੀ ਹੈ, ਉਸ ਨੂੰ ਜਰੂਰ ਬੁਲੰਦ ਅਵਾਜ ਅਤੇ ਸਾਡੇ ਕੌਮੀ ਸ਼ਹੀਦ ਦੀ ਵਿਚਾਰ ਹਸਤੀ (Liberated mind) ਤੇ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਸਿੱਖਾਂ ਦੀ ਰਾਜਸੀ ਅਤੇ ਧਾਰਮਿਕ ਤਾਕਤ ਤੇ ਕਾਬਜ ਧਿਰ ਨੂੰ ਵੀ ਇਸ ਵਿਚਾਰ ਦੀ ਕਦਰ ਦਰਸਾਉਣੀ ਚਾਹੀਦੀ ਹੈ।

ਇਸ ਸਾਲ ਵੀ ੨੯ ਸਾਲਾਂ ਵਾਂਗ ਭਾਰਤੀ ਫੌਜ ਦੇ ਹਮਲੇ ਅਤੇ ਭਾਰਤੀ ਹੁਕਮਰਾਨ ਵਜੋਂ ਕੀਤੇ ਹਮਲੇ ਬਾਰੇ ਸਮਾਗਮ ਤਾਂ ਹੋਏ ਤੇ ਤਕਰੀਰਾਂ ਤੇ ਵਿਚਾਰ ਵੀ ਹੋਏ। ਇਹ ਇੱਕ ਰਸਮ ਬਣ ਕੇ ਹਰਿ ਗਈ ਹੈ। ਇਸਦੀ ਪੀੜ ਨੂੰ ਸਿਰਫ ਸਿੱਖਾਂ ਦੀ ਰਾਜਨੀਤੀ ਤੇ ਕਾਬਜ਼ ਧਿਰ ਆਪਣੀ ਤਾਕਤ ਨੂੰ ਪੱਕਿਆਂ ਕਰਨ ਲਈ ਵਰਤ ਰਹੀ ਹੈ ਅਤੇ ਬਾਕੀ ਧਿਰਾਂ ਅਜ਼ਾਦ ਹਸਤੀ ਦੀ ਸੋਚ ਨੂੰ ਅੱਡ ਖਿਤਿੱਆਂ ਦੀ ਮੰਗ ਦੇ ਨਾਰਰਿਆਂ ਵਿੱਚ ਬਦਲ ਰਹੀਆਂ ਹਨ। ਇਸ ਪੀੜ ਨੂੰ ਵਿਚਾਰ ਅਧੀਨ ਲਿਆਉਣ ਲਈ ਅਜਾਦ ਹਸਤੀ (Liberated mind) ਦੀ ਸੋਚ ਦੇ ਆਲੇ ਦੁਆਲੇ ਕੇਂਦਰਿਤ ਹੋਣਾ ਹੀ ਉਸ ਬੁਲੰਦ ਅਵਾਜ਼ ਤੇ ਰਾਹ ਨੂੰ ਕੋਈ ਸੇਧ ਮਿਲ ਸਕਦੀ ਹੈ।