ਕੋਈ ਦੋ ਹਫਤੇ ਪਹਿਲਾਂ ਭਅਰਤੀ ਫੌਜ ਦੇ ਮੁਖੀ ਬਿਪਨ ਰਾਵਤ ਚੰਡੀਗੜ੍ਹ ਇੱਕ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਆਏ ਅਤੇ ਉਨ੍ਹਾਂ ਪੰਜਾਬ ਬਾਰੇ ਇਹ ਸਨਸਨੀਖੇਜ ਬਿਆਨ ਦਿੱਤਾ ਕਿ ਪੰਜਾਬ ਦੀ ਕਹਾਣੀ ਖਤਮ ਨਾ ਸਮਝੋ ਬਲਕਿ ਇੱਥੇ ਹਾਲਾਤ ਮੁੜ ਤੋਂ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਤੇਜ਼ੀ ਨਾਲ ਬਣ ਰਹੀਆਂ ਹਨ। ਉਨ੍ਹਾਂ ਨਾਲ ਹੀ ਭਾਰਤ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਪੰਜਾਬ ਦੇ ਖਿਲਾਫ ਜਾਂ ਇਹ ਕਹਿ ਲਵੋ ਕਿ ਸਿੱਖਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਪੰਜਾਬ ਵਿੱਚ ਵੱਡੀ ਧਮਾਕਾਖੇਜ ਹਾਲਤ ਬਣ ਸਕਦੀ ਹੈੈ।

ਬਿਪਨ ਰਾਵਤ ਦਾ ਇਹ ਬਿਆਨ ਆਉਣ ਦੀ ਦੇਰ ਸੀ ਕਿ ਗੈਰਸੰਜੀਦਾ ਪੱਤਰਕਾਰੀ ਲਈ ਮਸ਼ਹੂਰ ਭਾਰਤੀ ਮੀਡੀਆ ਨੇ ਇਸ ਗੱਲ ਨੂੰ ਕਈ ਦਿਨਾਂ ਤੱਕ ਸਿਰ ਤੇ ਚੁੱਕੀ ਰੱਖਿਆ, ਕਿ ਪੰਜਾਬ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਦੋ ਹਫਤੇ ਬੀਤ ਗਏ ਕੁਝ ਨਾ ਹੋਇਆ ਪਰ ਹੁਣ ਅੰਮ੍ਰਿਤਸਰ ਨੇੜੇ ਇੱਕ ਨਿਰੰਕਾਰੀ ਭਵਨ ਵਿੱਚ ਗਰਨੇਡ ਧਮਾਕਾ ਹੋਇਆ ਜਿਸ ਵਿੱਚ ਤਿੰਨ ਵਿਅਕਤੀ ਮਾਰੇ ਗਏ। ਸਿੱਖਾਂ ਖਿਲਾਫ ਤੇਜੀ ਨਾਲ ਕਾਰਵਾਈ ਕਰਨ ਦੀ ਵਕਾਲਤ ਕਰਨ ਵਾਲੇ ਮੀਡੀਆ ਨੂੰ ਅਤੇ ਆਪਣੀ ਸਿਆਸੀ ਜਿੰਦਗੀ ਦੇ ਘੋਰ ਸੰਕਟ ਵਿੱਚ ਫਸੇ ਸਿਆਸਤਦਾਨਾਂ ਨੂੰ ਇੱਕ ਮੁੱਦਾ ਮਿਲ ਗਿਆ। ਹਰ ਕਿਸੇ ਨੇ ਬਿਨਾ ਕੋਈ ਜਾਂਚ ਪੜਤਾਲ ਕੀਤੇ ਸਿੱਖਾਂ ਖਿਲਾਫ ਮੁਹਿੰਮ ਵਿੱਢ ਲਈ ਹੈੈ। ਪੰਜਾਬ ਪੁਲਿਸ ਨੇ ਕਿਸੇ ਦੋਸ਼ੀ ਦੀ ਸੂਹ ਦੇਣ ਵਾਲੇ ਨੂੰ 50 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈੈ। ਇਸਦਾ ਮਤਲਬ ਹੈ ਕਿ ਪੁਲਿਸ ਨੂੰ ਦੋਸ਼ੀਆਂ ਬਾਰੇ ਹਾਲੇ ਕੋਈ ਸੁਰਾਗ ਨਹੀ ਹੈ। ਪਰ ਆਪਣੇ ਆਪ ਨੂੰ ਦੇਸ਼ ਦੇ ਮਾਲਕ ਸਮਝਣ ਵਾਲੇ ਮੀਡੀਆ ਕਰਮੀਆਂ ਨੇ ਸਿੱਖ ਦੁਸ਼ਮਣ ਗਰਦਾਨ ਦਿੱਤੇ ਹਨ।

ਜਦੋਂ ਕੁਝ ਸਾਲ ਪਹਿਲਾਂ ਸਮਝੌਤਾ ਐਕਸਪ੍ਰੈਸ ਵਿੱਚ ਧਮਾਕਾ ਹੋਇਆ ਸੀ ਤਾਂ ਭਾਰਤੀ ਏਜੰਸੀਆਂ ਨੇ ਇੱਕ ਦਮ ਇਸਦੀ ਜਿੰਮੇਵਾਰੀ ਜੈਸ਼-ਏ_ਮੁਹੰਮਦ ਨਾਅ ਦੀ ਖਾੜਕੂ ਜਥੇਬੰਦੀ ਉੱਤੇ ਪਾ ਦਿੱਤੀ ਸੀ। ਪਰ ਜਦੋਂ ਜਾਂਚ ਪੜਤਾਲ ਹੋਈ ਤਾਂ ਦੋਸ਼ੀ ਸਾਰੇ ਹਿੰਦੂ ਸੰਗਠਨਾ ਨਾਲ ਸਬੰਧਿਤ ਨਿਕਲੇ। ਉਸ ਭਿਅੰਕਰ ਕੇਸ ਦੇ ਜਾਂਚ ਕਰ ਰਹੇ ਇਮਾਨਦਾਰ ਅਫਸਰ ਮਿਸਟਰ ਕਰਕਰੇ ਨੂੰ ਇੱਕ ਸੰਗਠਿਤ ਖਾੜਕੂ ਕਾਰਵਾਈ ਦੌਰਾਨ ਕਤਲ ਕਰ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮੌੜ ਮੰਡੀ ਵਿੱਚ ਇੱਕ ਬੰਬ ਧਮਾਕਾ ਹੋਇਆ ਜਿਸ ਵਿੱਚ 7 ਵਿਅਕਤੀ ਮਾਰੇ ਗਏ। ਮੀਡੀਆ ਅਤੇ ਪੁਲਿਸ ਨੇ ਉਸ ਕੇਸ ਦੀ ਜਾਂਚ ਤੋਂ ਬਿਨਾ ਉਹ ਵੀ ਸਿੱਖਾਂ ਦੇ ਗਲ ਮੜ੍ਹ ਦਿੱਤਾ, ਹੁਣ ਉਸ ਕੇਸ਼ ਦੇ ਦੋਸ਼ੀ ਇੱਕ ਵਿਵਾਦਤ ਡੇਰੇ ਦੇ ਪੈਰੋਕਾਰ ਨਿਕਲੇ।

ਪਿਛਲੇ ਦਿਨੀ ਸੀਨੀਅਰ ਸਿੱਖ ਪੱਤਰਕਾਰ ਨੇ ਅੰਗਰੇਜ਼ੀ ਦੇ ਇੱਕ ਵੱਡੇ ਅਖਬਾਰ ਵਿੱਚ ਲੇਖ ਲਿਖਕੇ ਭਾਰਤੀ ਨੀਤੀਘਾੜਿਆਂ ਦੇ ਉਨ੍ਹਾਂ ਬਿਆਨਾਂ ਦਾ ਪਾਜ ਉਘਾੜਿਆ ਸੀ ਜਿਸ ਵਿੱਚ ਉਹ ਸਿੱਖਾਂ ਨੂੰ ਦੇਸ਼ ਦੇ ਦੁਸ਼ਮਣ ਅਤੇ ਅੱਤਵਾਦੀ ਐਲਾਨਣ ਦੇ ਆਦੀ ਹੋ ਗਏ ਹਨ। ਉਨ੍ਹਾਂ ਨੇ ਪੰਜਾਬ ਨੂੰ ਲਾਂਬੂ ਲਾਉਣ ਲਈ ਸਰਗਰਮ ਅੰਦਰੂਨੀ ਤਾਕਤਾਂ ਵੱਲ ਇਸ਼ਾਰਾ ਕੀਤਾ ਸੀ ਜੋ ਭਾਰਤ ਸਰਕਾਰ ਦੀ ਪੁਸ਼ਤਪਨਾਹੀ ਹੇਠ ਪਲ ਰਹੀਆਂ ਹਨ। ਇਸ ਤਰ੍ਹਾਂ ਜਦੋਂ ਸਿੱਖ ਮੰਗਾਂ ਦੀ ਪ੍ਰਾਪਤੀ ਲਈ ਬਰਗਾੜੀ ਮੋਰਚੇ ਵਿੱਚ ਸੰਗਤ ਦੀ ਸ਼ਮੂਲੀਅਤ ਵੱਡੀ ਪੱਧਰ ਤੇ ਹੋ ਰਹੀ ਹੈ ਅਤੇ ਮੁੱਖਧਾਰਾਈ ਮੀਡੀਆ ਵਿੱਚ ਸਿੱਖਾਂ ਦਾ ਪੱਖ ਪੇਸ਼ ਕੀਤਾ ਜਾਣ ਲੱਗ ਪਿਆ ਹੈ ਉਸ ਹਾਲਾਤ ਵਿੱਚ ਅੰਮ੍ਰਿਤਸਰ ਸਾਹਿਬ ਲਾਗੇ ਇੱਕ ਨਿਰੰਕਰਾਰੀ ਭਵਨ ਵਿੱਚ ਧਮਾਕਾ ਹੋਣਾਂ ਕਈ ਕਿਸਮ ਦੇ ਸ਼ੱਕ ਪੈਦਾ ਕਰਦਾ ਹੈੈ।

ਇਸ ਵੇਲੇ ਸਿੱਖਾਂ ਦਾ ਨਿਰੰਕਾਰੀਆਂ ਨਾਲ ਕੋਈ ਸਿੱਧਾ ਟਕਰਾਅ ਨਹੀ ਹੈੈ। 1978 ਵਿੱਚ ਹਾਲਾਤ ਹੋਰ ਸਨ ਹੁਣ ਹੋਰ ਹਨ। ਆਪਣੇ ਲੀਡਰਾਂ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਨਿਰੰਕਾਰੀ ਵੀ ਹੁਣ ਆਪਣੇ ਘੇਰੇ ਤੱਕ ਹੀ ਸੀਮਤ ਹਨ ਉਹ ਸਿੱਖਾਂ ਨਾਲ ਕੋਈ ਵੱਡੇ ਕਲੇਸ਼ ਵਿੱਚ ਨਹੀ ਪੈਣਾਂ ਚਾਹੁੰਦੇ ਅਤੇ ਨਾ ਹੀ ਸਿੱਖ ਨਿਰੰਕਾਰੀਆਂ ਨਾਲ ਕਿਸੇ ਕਲੇਸ਼ ਵਿੱਚ ਪੈਣਾਂ ਚਾਹੁੰਦੇ ਹਨ।

ਇਸ ਸੰਦਰਭ ਵਿੱਚ ਦੇਖਿਆਂ ਇਹ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਕਿਸੇ ਵੀ ਥਾਂ ਹੋਈ ਕਿਸੇ ਵਾਰਦਾਤ ਦਾ ਅਸਲ ਫਾਇਦਾ ਕਿਸ ਨੂੰ ਹੋ ਸਕਦਾ ਹੈੈ। ਬਹੁਤ ਸਾਰੇ ਸਿਆਸੀ ਨੇਤਾ ਜੋ ਆਪਣੀਆਂ ਲੋਕ ਵਿਰੋਧੀ ਅਤੇ ਧਰਮ ਵਿਰੋਧੀ ਕਾਰਵਾਈਆਂ ਕਾਰਨ ਲੋਕਾਂ ਦੇ ਦਿਲਾਂ ਵਿੱਚੋਂ ਲਹਿ ਰਹੇ ਹਨ ਅਤੇ ਉਹ ਪੁੀਲਸ ਅਫਸਰ ਜਿਨ੍ਹਾਂ ਨੇ ਭਰਿਸ਼ਟ ਸਿਆਸਤਦਾਨਾਂ ਦੇ ਆਖੇ ਲੱਗ ਕੇ ਨਿਰਦੋਸ਼ ਲੋਕਾਂ ਦੇ ਕਤਲ ਕੀਤੇ ਅਤੇ ਜੋ ਹੁਣ ਕਨੂੰਨੀ ਸਿਕੰਜੇ ਵਿੱਚ ਅ ਸਕਦੇ ਹਨ ਅਜਿਹੀਆਂ ਵਾਰਦਾਤਾਂ ਤੋਂ ਸਿੱਧਾ ਫਾਇਦਾ ਲੈਂਦੇ ਨਜ਼ਰ ਆ ਰਹੇ ਹਨ।

ਅਸੀਂ ਸਮੁੱਚੀ ਸਿੱਖ ਕੌਮ ਨੂੰ ਇਹ ਨਿਮਰਤਾ ਭਰੀ ਅਪੀਲ ਕਰਾਂਗੇ ਕਿ ਸਿੱਖ ਕੌਮ ਦੇ ਦੁਸ਼ਮਣਾਂ ਦੀ ਸਾਜਿਸ਼ ਵਿੱਚ ਫਸਕੇ ਕਿਸੇ ਅਜਿਹੀ ਕਾਰਵਾਈ ਵਿੱਚ ਨਾ ਪੈਣ ਜਿਸ ਨਾਲ ਪੰਥ ਦਾ ਮੁੜ ਨੁਕਸਾਨ ਹੋਵੇ। ਅਸੀਂ ਬੰਬ ਧਮਾਕੇ ਵਿੱਚ ਮਾਰੇ ਗਏ ਆਮ ਲੋਕਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ।