ਸਿੱਖ ਕਤਲੇਆਮ ੧੯੮੪ ਨੂੰ ਬੀਤਿਆਂ ੩੫ ਸਾਲ ਹੋ ਗਏ ਹਨ। ਇੰਨਾ ੩੫ ਸਾਲਾਂ ਵਿੱਚ ਪੂਰੇ ਇਨਸਾਫ ਦੀ ਅੱਜ ਵੀ ਸਿੱਖ ਕੌਮ ਨੂੰ ਤਲਾਸ਼ ਹੈ। ਜਿਹੜੀ ਸੱਜਣ ਕੁਮਾਰ ਨੂੰ ਸਜ਼ਾ ਹੋਈ ਹੈ ਉਸ ਪ੍ਰਤੀ ਵੀ ਪੀੜਤ ਸਿੱਖਾਂ ਦਾ ਇਹੀ ਪ੍ਰਤੀਕਰਮ ਹੈ ਕਿ ਇਸ ਨੂੰ ਸਜ਼ਾ ਹੋਣੀ ਚਾਹੀਦੀ ਸੀ। ਸੱਜਣ ਕੁਮਾਰ ਦਾ ਕੇਸ ਅਜੇ ਉਚਨਿਆਲਿਆ ਵਿੱਚ ਵਿਚਾਰ ਅਧੀਨ ਹੈ ਅਤੇ ਉਹ ਅੱਜ ਵੀ ਜ਼ਮਾਨਤ ਲੈਣ ਲਈ ਕੋਸ਼ਿਸ ਕਰ ਰਿਹਾ ਹੈ। ਇਸੇ ਤਰਾਂ ਜਿਹੜੇ ਹੋਰ ਇਸ ਕਤਲੇਆਮ ਦੇ ਮੁੱਖ ਨਾਇਕ ਸਨ (ਕਾਂਗਰਸ ਐਮ.ਪੀ.) ਉਨਾਂ ਵਿਚੋਂ ਦੋ ਦਾ ਕਤਲ ਹੋ ਚੱਕਿਆ ਹੈ ਅਤੇ ਬਾਕੀ ਸਾਰੇ (ਜਗਦੀਸ਼ ਟਾਈਟਲਰ ਨੂੰ ਛੱਡ ਕੇ) ਆਪਣੀ ਉਮਰ ਭੋਗ ਕੇ ਮਰ ਚੁੱਕੇ ਹਨ। ਇੰਨਾ ਸਾਰਿਆਂ ਨੂੰ ਕਦੇ ਵੀ ਇੱਕ ਦਿਨ ਥਾਣੇ ਵਿੱਚ ਨਹੀਂ ਬੁਲਾਇਆ ਗਿਆ। ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਤੱਕ ਨੂੰ ਬਾਕੀਆਂ ਵਾਂਗ ਕਦੇ ਥਾਣੇ ਨਹੀਂ ਲਿਆਂਦਾ ਗਿਆ ਤੇ ਨਾ ਹੀ ਕਦੀ ਗਿਰਫਤਾਰੀ ਪਾਈ ਗਈ ਹੈ। ਇੰਨਾਂ ਦੇ ਕੇਸ਼ ਅਦਾਲਤਾਂ ਵਿੱਚ ਹੀ ਚੱਲੇ ਹਨ। ਅਦਾਲਤ ਨੇ ਹੀ ਸੱਜਣ ਕੁਮਾਰ ਨੂੰ ਦੋਸ਼ੀ ਪਾਇਆ ਹੈ। ਜਗਦੀਸ਼ ਟਾਈਟਲਰ ਦਾ ਮੁਕੱਦਮਾ ਅਜੇ ਵਿਚਾਰ ਅਧੀਨ ਹੈ। ਜਿਹੜੇ ਇੱਕ ਬੰਦੇ ਨੂੰ ਇਸ ਸਿੱਖ ਕਤਲੇਆਮ ਕਰਕੇ ਸਜ਼ਾ ਹੋਈ ਸੀ ਤੇ ਉਸ ਨੂੰ ਛੇ ਫਾਂਸੀਆਂ ਦੀ ਸਜ਼ਾ ਹੋਈ ਸੀ ਪਰ ਵੱਡੀ ਅਦਾਲਤ ਨੇ ਉਸਦੀਆਂ ਫਾਂਸੀਆਂ ਨੂੰ ਤੋੜ ਦਿੱਤਾ, ਇਥੋਂ ਤੱਕ ਕੇ ਦਿੱਲੀ ਸਰਕਾਰ ਨੇ ਉਸਦੀ ਪੈਰੋਲ ਤੱਕ ਮਨਜੂਰ ਕਰ ਦਿੱਤੀ। ਇੱਕ ਕਿਤਾਬ ‘Who are the guilty?‘ ਤੇ ਇੱਕ ਦੋ ਹੋਰ ਕਿਤਾਬਾਂ ਨੇ ਉਸ ਵੇਲੇ ਵਿਸਥਾਰ ਨਾਲ ਇਸ ਸਿੱਖ ਕਤਲੇਆਮ ਨੂੰ ਬਿਆਨ ਕੀਤਾ ਸੀ ਤੇ ਇੱਕ ਦੋਸ਼ੀ ਦਾ ਨਾਮ ਆਪਣੀ ਕਿਤਾਬ ਵਿੱਚ ਲਿਖਿਆ ਸੀ ਜੇ ਅੱਜ ਇੰਨਾ ਨਾਵਾਂ ਤੇ ਝਾਤ ਮਾਰ ਲਈ ਜਾਵੇ ਤਾਂ ਕਿਤਾਬਾਂ ਦੇ ਹਿਸਾਬ ਨਾਲ ਬਹੁਤ ਥੋੜੇ ਬੰਦਿਆਂ ਨੂੰ ਇਸ ਸਿੱਖ ਕਤਲੇਆਮ ਦਾ ਦੋਸ਼ੀ ਮੁੱਕਰਰ ਕੀਤਾ ਗਿਆ ਹੈ। ਇਸ ਕਤਲੇਆਮ ਬਾਰੇ ਇੰਨਾਂ ਕਿਤਾਬਾਂ ਵਿੱਚ ਸਿੱਖ ਕਤਲੇਆਮ ਲਈ ਜਿਮੇਵਾਰ ਤੇ ਹਜੂਮ ਦਾ ਸਾਥ ਦੇਣ ਵਾਲੇ ਉਸ ਸਮੇਂ ਦੇ ਪੁਲੀਸ ਅਫਸਰਾਂ ਥਾਣਾਂ ਇੰਚਾਰਜਾਂ ਦਾ ਬੜੇ ਵਿਸਥਾਰ ਨਾਲ ਨਾਮ ਜ਼ਿਕਰ ਕੀਤਾ ਗਿਆ ਹੈ। ਇਸੇ ਤਰਾਂ ਜਿੰਨਾਂ ਨੇ ਹਜੂਮ ਨੂੰ ਸਿੱਖ ਘਰਾਂ ਦੀਆਂ ਲਿਸਟਾਂ ਦਿੱਤੀਆਂ ਉਨਾਂ ਦਾ ਨਾਮ ਵੀ ਇੰਨਾਂ ਕਿਤਾਬਾਂ ਵਿੱਚ ਸ਼ਾਮਿਲ ਹੈ। ੩੫ ਵਰੇ ਬੀਤ ਜਾਣ ਬਾਅਦ ਵੀ ਇੰਨਾਂ ਪੁਲੀਸ ਅਫਸਰਾਂ ਤੇ ਥਾਣਾ ਇੰਚਾਰਜਾਂ ਨੂੰ ਕਿਸੇ ਤਰਾਂ ਵੀ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਲਿਆਂਦਾ ਗਿਆ। ਇਸੇ ਤਰਾਂ ਦੂਸਰੇ ਸਿਵਲ ਦੇ ਅਫਸਰਾਂ ਨੂੰ ਵੀ ਕਨੂੰਨੀ ਕਾਰਵਾਈ ਅਧੀਨ ਨਹੀਂ ਲਿਆਂਦਾ ਗਿਆ। ਜਿੰਨਾ ਲੋਕਾਂ ਨੇ ਇਸ ਸਿੱਖ ਕਤਲੇਆਮ ਨੂੰ ਹੰਡਾਇਆ ਹੈ ਤੇ ਜਿੰਦਾ ਬਚੇ ਹਨ ਤੇ ਇਸੇ ਤਰਾਂ ਜਿੰਨਾਂ ਨੇ ਇਹ ਕਤਲੇਆਮ ਦੇਖਿਆ ਹੈ ਉਹ ਅੱਜ ਵੀ ਇਸ ਦਰਦ ਨਾਲ ਪੀੜਤ ਹਨ ਇਸ ਦ੍ਰਿਸ਼ ਨੂੰ ਕਦੀ ਵੀ ਭੁਲਾ ਨਹੀਂ ਸਕਦੇ। ਸਿੱਖਾਂ ਦੀ ਕਮਜ਼ੋਰ ਲੀਡਰਸ਼ਿਪ ਕਰਕੇ ਇਸ ਸਿੱਖ ਕਤਲੇਆਮ ਅੱਜ ਵੀ ਇਨਸਾਫ ਦੀ ਉਡੀਕ ਹੈ। ਪੰਜਾਬ ਵਿੱਚ ਤਾਂ ਇਸ ਵਾਰੀ ਕਿਧਰੇ ਕੋਈ ਰੋਸ ਮਾਰਚ ਨਹੀਂ ਹੋਇਆ। ਇਥੋਂ ਤੱਕ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਬਾਰੇ ਕੋਈ ਉਪਰਾਲਾ ਨਹੀਂ ਕੀਤਾ ਹੈ। ਅੱਜ ਵੀ ਪੈਂਤੀ ਵਰੇ ਬਾਅਦ ਸਿੱਖ ਕਤਲੇਆਮ ਬਾਰੇ ਭਾਰਤੀ ਲੋਕਤੰਤਰ ਦੇ ਨਿਜ਼ਾਮ ਤੋਂ ਇਨਸਾਫ ਦੀ ਉਡੀਕ ਹੈ।