ਸੰਸਾਰ ਰਾਜਨੀਤੀ ਦੇ ਰੰਗ ਕਾਫੀ ਤੇਜ਼ੀ ਨਾਲ ਬਦਲ ਰਹੇ ਹਨ। ਸੀਰੀਆ ਦੀ ਸਰਕਾਰ ਵੱਲੋਂ ਆਪਣੇ ਹੀ ਸ਼ਹਿਰੀਆਂ ਦੇ ਭਿਆਨਕ ਕਤਲੇਆਮ ਤੋਂ ਬਾਅਦ ਅਮਰੀਕਾ ਨੇ ਆਪਣੀ ਜਿੰਮੇਵਾਰੀ ਸਮਝਦਿਆਂ ਪਹਿਲੀ ਵਾਰ ਸੀਰੀਆਨ ਫੌਜ ਦੇ ਟਿਕਾਣਿਆਂ ਤੇ ਹਮਲਾ ਕਰ ਦਿੱਤਾ ਹੈ। ਓਬਾਮਾ ਪ੍ਰਸ਼ਾਸ਼ਨ ਜਿਸ ਕਿਸਮ ਦੇ ਕਦਮ ਤੋਂ ਟਾਲਾ ਵੱਟ ਰਿਹਾ ਸੀ ਡੌਨਲਡ ਟਰੰਪ ਨੇ ਉਹ ਕਦਮ ਚੁੱਕਣ ਲੱਗਿਆਂ ਬਿਲਕੁਲ ਵੀ ਦੇਰ ਨਹੀ ਕੀਤੀ।

ਕਿਸੇ ਵੀ ਸੰਸਾਰ ਪੱਧਰੀ ਤਾਕਤ ਦੀ ਇਹ ਨੈਤਿਕ ਜਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਕੋਈ ਮੁਲਕ ਆਪਣੇ ਅਧੀਨ ਰਹਿਣ ਵਾਲੀਆਂ ਘੱਟ ਗਿਣਤੀਆਂ ਤੇ ਅਜਿਹੇ ਭਿਆਨਕ ਹਮਲੇ ਕਰਕੇ ਉਸਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਵੱਡੀਆਂ ਤਾਕਤਾਂ ਉਸ ਘੱਟ ਗਿਣਤੀ ਅਤੇ ਤਸ਼ੱਦਦ ਸਹਿ ਰਹੀ ਜਨਤਾ ਦੇ ਹੱਕ ਵਿੱਚ ਨਿੱਤਰੇ ਅਤੇ ਉਸ ਨੂੰ ਇਨਸਾਫ ਦਿਵਾਉਣ ਲਈ ਯਤਨਸ਼ੀਲ ਹੋਵੇ।

ਡੌਨਲਡ ਟਰੰਪ ਨੇ ਸੀਰੀਆ ਦੇ ਲੋਕਾਂ ਦੇ ਹੱਕ ਵਿੱਚ ਅਵਾਜ਼ ਉਠਾ ਕੇ ਅਜਿਹਾ ਹੀ ਸੰਦੇਸ਼ ਦਿੱਤਾ ਹੈ। ਟਰੰਪ ਨੇ ਪਿਛਲੇ ਅਮਰੀਕੀ ਪ੍ਰਸ਼ਾਸ਼ਨ ਤੋਂ ਬਿਲਕੁਲ ਵੱਖਰੀ ਲੀਹ ਲ਼ੈਂਦੇ ਹੋਏ ਇਹ ਸਪਸ਼ਟ ਆਖ ਦਿੱਤਾ ਹੈ ਕਿ ਜਦੋਂ ਤੱਕ ਬਸ਼ਰ ਅਲ ਅਸਾਦ ਸੀਰੀਆ ਦਾ ਪ੍ਰਧਾਨ ਹੈ ਉਦੋਂ ਤੱਕ ਉੁਸ ਦੇਸ਼ ਵਿੱਚ ਸ਼ਾਂਤੀ ਨਹੀ ਹੋ ਸਕਦੀ। ਪਿਛਲੇ ਦਿਨੀ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਫੀਰ ਨਿੱਕੀ ਹਰਲੇ ਨੇ ਵੀ ਇਹ ਸਪਸ਼ਟ ਆਖਿਆ ਹੈ ਕਿ ਬਸ਼ਰ ਅਸਾਦ ਨੂੰ ਹਟਣਾਂ ਪਵੇਗਾ। ਸੀਰੀਆ ਬਾਰੇ ਅਮਰੀਕਾ ਦੀ ਇਹ ਨਵੀਂ ਪਹੁੰਚ ਸੰਸਾਰ ਰਾਜਨੀਤੀ ਦੀਆਂ ਕਈ ਪਰਿਭਾਸ਼ਾਵਾਂ ਤਹਿ ਕਰ ਸਕਦੀ ਹੈ।

ਦੂਜੇ ਪਾਸੇ ਦੱਖਣੀ ਏਸ਼ੀਆ ਵਿੱਚ ਵੀ ਕਾਫੀ ਤਿੱਖੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਚੀਨ, ਪਾਕਿਸਤਾਨ ਅਤੇ ਰੂਸ ਦਾ ਬਣ ਰਿਹਾ ਗੱਠਜੋੜ ਇਸ ਖਿੱਤੇ ਵਿੱਚ ਕਾਫੀ ਨਵੀਆਂ ਰਾਜਸੀ ਤਬਦੀਲੀਆਂ ਲਿਆਉਣ ਦੀ ਸਮਰਥਾ ਰੱਖਦਾ ਹੈ। ਸ਼ੰਸਾਰ ਪੱਧਰ ਤੇ ਇਸਲਾਮਿਕ ਸਟੇਟ ਨਾਮੀ ਜਥੇਬੰਦੀ ਦੇ ਵਧ ਰਹੇ ਖਤਰੇ ਦੇ ਮੱਦੇਨਜ਼ਰ ਪਾਕਿਸਤਾਨ ਨੇ ਰੂਸ ਅਤੇ ਚੀਨ ਨੂੰ ਇਹ ਗੱਲ ਜਚਾ ਦਿੱਤੀ ਹੈ ਕਿ ਤਾਲਿਬਾਨ ਹੁਣ ਕੋਈ ਸੰਸਾਰ ਵਿਆਪੀ ਖਤਰਾ ਨਹੀ ਰਹੇ ਬਲਕਿ ਉਹ ਤਾਂ ਇੱਕ ਸਥਾਨਕ ਵਰਤਾਰਾ ਬਣਕੇ ਰਹਿ ਗਏ ਹਨ। ਇਸ ਲਈ ਇਸਲਾਮਿਕ ਸਟੇਟ ਦੇ ਖਤਰੇ ਨੂੰ ਨਜਿੱਠਣ ਲਈ ਕੁਝ ਹੱਦ ਤੱਕ ਤਾਲਿਬਾਨ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਜਿਸ ਲਈ ਕਿ ਚੀਨ ਅਤੇ ਰੂਸ ਰਾਜ਼ੀ ਹੋ ਗਏ ਹਨ। ਰੂਸ ਅਤੇ ਚੀਨ ਲਈ ਵੀ ਇਸਲਾਮਿਕ ਸਟੇਟ ਨੇ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ।

ਰੂਸ ਦੇ ਨਾਲ ਲਗਦੇ ਇਸਲਾਮਿਕ ਦੇਸ਼ਾਂ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਇਸਲਾਮਿਕ ਸਟੇਟ ਵਿੱਚ ਲੜਨ ਲਈ ਜਾ ਰਹੇ ਹਨ ਜੋ ਕਿ ਉਸ ਖਿੱਤੇ ਲਈ ਖਤਰਾ ਬਣ ਸਕਦੇ ਹਨ। ਚੀਨ ਲਈ ਵੀ ਇਹ ਖਤਰਾ ਕਾਫੀ ਚੁਣੌਤੀ ਭਰਪੂਰ ਹੈ। ਇਸ ਲਈ ਪਾਕਿਸਤਾਨ ਨੇ ਰੂਸ ਅਤੇ ਚੀਨ ਨੂੰ ਇਸਲਾਮਿਕ ਸਟੇਟ ਦੇ ਖਤਰੇ ਦੇ ਨਾਲ ਨਾਲ ਵੱਡੀਆਂ ਵਪਾਰਕ ਖੁੱਲ਼੍ਹਾਂ ਦੇ ਕੇ ਆਪਣੇ ਨਾਲ ਜੋੜ ਲਿਆ ਹੈ। ਇੱਕ ਵਪਾਰ ਇੱਕ ਸੜਕ (One Business – One Road) ਦੇ ਸੰਕਲਪ ਨੇ ਇਸ ਖਿੱਤੇ ਵਿੱਚ ਵੱਡੀਆਂ ਵਪਾਰਕ ਤਬਦੀਲੀਆਂ ਦੀ ਸੰਭਾਵਨਾ ਪੈਦਾ ਕਰ ਦਿੱਤੀ ਹੈ ਜੋ ਤੇਜ਼ੀ ਨਾਲ ਤਬਦੀਲ ਹੋ ਰਹੀਆਂ ਵਪਾਰਕ ਹਾਲਤਾਂ ਦੇ ਮੱਦੇਨਜ਼ਰ ਭਵਿੱਖ ਲਈ ਬਹੁਤ ਸਾਜ਼ਗਾਰ ਹੋ ਸਕਦੀਆਂ ਹਨ। ਪਾਕਿਸਤਾਨ ਦੀ ਗਵਾਦਰ ਬੰਦਰਗਾਹ ਅਤੇ ਚੀਨ ਤੋਂ ਬਣੀ ਸਿੱਧੀ ਸੜਕ ਜੋ ਅਫਗਾਨਿਸਤਾਨ ਵਿੱਚ ਦਾਖਲ ਹੋਣ ਤੋਂ ਬਿਨਾ ਹੀ ਬਣਾ ਦਿੱਤੀ ਗਈ ਹੈ ਨੇ ਵਪਾਰਕ ਤੌਰ ਤੇ ਚੀਨ ਅਤੇ ਰੂਸ ਨੂੰ ਵੱਡਾ ਫਾਇਦਾ ਪਹੁੰਚਾ ਦਿੱਤਾ ਹੈ। ਚੀਨ ਦੇ ਕਹਿਣ ਦੇ ਬਾਵਜੂਦ ਭਾਰਤ ਇਸ ਪ੍ਰਜੈਕਟ ਤੋਂ ਬਾਹਰ ਹੈ।

ਇਹ ਸਿਰਫ ਵਪਾਰਕ ਸਫਬੰਦੀ ਹੀ ਨਹੀ ਹੋ ਰਹੀ ਬਲਕਿ ਸੰਸਾਰ ਰਾਜਨੀਤੀ ਦੇ ਮਾਹਰ ਇਹ ਮੰਨ ਕੇ ਚੱਲ ਰਹੇ ਹਨ ਕਿ ਭਵਿੱਖ ਵਿੱਚ ਏਸ਼ੀਆ ਦੇ ਖਿੱਤੇ ਨੂੰ ਇਸਲਾਮਿਕ ਸਟੇਟ ਵਰਗੀਆਂ ਜਥੇਬੰਦੀਆਂ ਦੇ ਖਤਰੇ ਤੋਂ ਬਚਾਉਣ ਲਈ ਅਮਰੀਕਾ ਵੀ ਚੀਨ ਤੇ ਹੀ ਟੇਕ ਰੱਖੇਗਾ ਕਿਉਂਕਿ ਚੀਨ ਹੀ ਹੈ ਜੋ ਇਸ ਭਿਆਨਕ ਖਤਰੇ ਨੂੰ ਹਾਰ ਦੇ ਸਕਦਾ ਹੈ। ਭਾਰਤ ਵਿੱਚ ਇਹ ਤਾਕਤ ਨਹੀ ਹੈ ਕਿ ਉਹ ਇਸਲਾਮਿਕ ਸਟੇਟ ਅਤੇ ਅਜਿਹੇ ਪੈਦਾ ਹੋਣ ਵਾਲੇ ਹੋਰ ਖਤਰਿਆਂ ਨੂੰ ਅਮਰੀਕੀ ਤਰਜੀਹਾਂ ਅਨੁਸਾਰ ਹਰਾ ਸਕੇ।

ਅਫਗਾਨਿਸਤਾਨ ਵਿੱਚ ਅਮਰੀਕਾ ਨੇ ਭਾਰਤ ਦਾ ਤਜ਼ਰਬਾ ਕਰਕੇ ਦੇਖ ਲਿਆ ਹੈ। ਸੋ ਸੰਸਾਰ ਰਾਜਨੀਤੀ ਦੇ ਮਾਹਰ ਸਮਝਦੇ ਹਨ ਕਿ ਭਵਿੱਖ ਵਿੱਚ ਚੀਨ ਅਮਰੀਕਾ ਦੀ ਪਹਿਲੀ ਪਸੰਦ ਹੋਵੇਗਾ, ਫੌਜੀ ਦੋਸਤ ਦੇ ਤੌਰ ਤੇ। ਭਾਰਤ ਸਿਰਫ ਇੱਕ ਮੰਡੀ ਰਹਿ ਜਾਵੇਗਾ ਬਲਕਿ ਭਾਈਵਾਲ ਨਹੀ ਰਹੇਗਾ।

ਇਸ ਤਰ੍ਹਾਂ ਭਵਿੱਖ ਦਾ ਸੰਸਾਰ ਕਿਸ ਤਰ੍ਹਾਂ ਦਾ ਹੋਵੇਗਾ ਇਹ ਚੀਨ ਅਤੇ ਅਮਰੀਕਾ ਤੈਅ ਕਰਨਗੇ।

ਸੀਰੀਆ ਤੇ ਕੀਤੇ ਗਏ ਅਮਰੀਕੀ ਹਮਲੇ ਨੇ ਇਹ ਗੱਲ ਇੱਕ ਵਾਰ ਫਿਰ ਸਿੱਧ ਕਰ ਦਿੱਤੀ ਹੈ ਕਿ ਜੇ ਕੋਈ ਸਟੇਟ ਆਪਣੇ ਸ਼ਹਿਰੀਆਂ ਦੀ ਨਸਲਕੁਸ਼ੀ ਦਾ ਪ੍ਰੋਗਰਾਮ ਚਲਾਉਂਦੀ ਹੈ ਤਾਂ ਹੁਣ ਉਹ ਉਸ ਸਟੇਟ ਦਾ ਅੰਦਰੂਨੀ ਮਸਲਾ ਨਹੀ ਰਿਹਾ ਬਲਕਿ ਕੌਮਾਂਤਰੀ ਭਾਈਚਾਰਾ ਤਸ਼ੱਦਦ ਸਹਿ ਰਹੀ ਘੱਟ ਗਿਣਤੀ ਨੂੰ ਬਚਾਉਣ ਲਈ ਫੌਜੀ ਹਮਲਾ ਵੀ ਕਰ ਸਕਦਾ ਹੈ।