ਸਮੇਂ ਦੇ ਨਾਲ ਸਿੱਖ ਰਾਜਨੀਤੀ ਦਾ ਪ੍ਰਛਾਵਾਂ ਧਾਰਮਿਕ ਵਰਗ ਵਿੱਚ ਵਧੇਰੇ ਹੋਣ ਕਰਕੇ ਸਿੱਖ ਕੌਮ ਦੇ ਸਿਰਮੌਰ ਜੱਥੇਦਾਰ ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਸਿੰਘ ਸਾਹਿਬਾਨਾਂ ਪ੍ਰਤੀ ਰੁਤਬੇ ਦੀ ਸਿੱਖ ਕੌਮ ਦੇ ਮਨਾਂ ਵਿੱਚ ਮਾਣ ਸਤਿਕਾਰ ਪ੍ਰਤੀ ਕਮੀ ਆਈ ਹੈ। ਇਸ ਮਾਣ ਸਤਿਕਾਰ ਦਾ ਸਮੇਂ ਨਾਲ ਕਮਜ਼ੋਰ ਪੈਣਾ ਸਿੱਖ ਕੌਮ ਦੀ ਬਿਹਤਰੀ ਲਈ ਕੋਈ ਚੰਗੇਰਾ ਲੱਛਣ ਨਹੀਂ ਹੈ। ੧੯੮੪ ਤੋਂ ਲੈ ਕੇ ਤੇ ਉਸ ਤੋਂ ਪਹਿਲਾਂ ਵੀ ਸਿੱਖ ਜੱਥੇਦਾਰ ਸਾਹਿਬਾਨਾਂ ਨੇ ਕੌਮ ਪ੍ਰਤੀ ਜਿੰਮੇਵਾਰੀ ਪੂਰੀ ਤਰਾਂ ਨਿਭਾਈ ਹੀ ਨਹੀਂ। ਇੰਨਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਤੇ ਦਿਸ਼ਾ ਨਿਰਦੇਸ਼ਾਂ ਦੀ ਵੀ ਰਾਜਨੀਤਿਕ ਪ੍ਰਭਾਵ ਥੱਲੇ ਹੋਣ ਕਾਰਨ ਵਾਰ-ਵਾਰ ਉਲੰਘਣਾ ਹੋਈ ਹੈ।

ਮੌਜੂਦਾ ਸਮੇਂ ਵਿੱਚ ਸਿੰਘ ਸਾਹਿਬਾਨਾਂ ਨੇ ਇੱਕਤਰਤਾ ਕਰਕੇ ਤੇ ਆਪਸੀ ਵਿਚਾਰ ਮਗਰੋਂ ਚਾਲੀ (੪੦) ਦੇ ਕਰੀਬ ਸਿੱਖ ਰਾਜਨੀਤਿਕ ਲੀਡਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਹੈ ਤਾਂ ਜੋ ਉਹਨਾਂ ਤੋਂ ਇੱਕ ਹੁਕਮਨਾਮੇ ਦੀ ਉਲੰਘਣਾ ਬਾਰੇ ਸ਼ਪਸਟੀਕਰਣ ਲਿਆ ਜਾ ਸਕੇ। ਕੁਝ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਜੱਥੇਦਾਰ ਸਿੰਘ ਸਾਹਿਬਾਨਾਂ ਵੱਲੋਂ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਅੰਦਰ ਇੱਕ ਹੁਕਮਨਾਮਾ ਕੌਮ ਲਈ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਸਿੱਖ ਕੌਮ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਸਰਸਾ ਸਾਧ ਨਾਲ ਕਿਸੇ ਤਰਾਂ ਦਾ ਵੀ ਸਬੰਧ ਨਾ ਰੱਖਣ ਕਿਉਂਕਿ ਸਰਸਾ ਸਾਧ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਸੀ। ਅੱਜ ਵੀ ਇਹ ਹੁਕਮਨਾਮਾ ਲਾਗੂ ਹੈ। ਭਾਵੇਂ ਕਿ ਸਿੰਘ ਸਾਹਿਬਾਨ ਨੇ ਰਾਜਨੀਤਿਕ ਪ੍ਰਭਾਵ ਕਰਕੇ ਇਸ ਹੁਕਮਨਾਮੇ ਨੂੰ ਮਾਫੀਨਾਮੇ ਵਿੱਚ ਬਦਲ ਕੇ ਖਤਮ ਕਰਨਾ ਚਾਹਿਆ ਸੀ ਪਰ ਸਿੱਖ ਕੌਮ ਦੇ ਰੋਹ ਨੂੰ ਦੇਖਦਿਆਂ ਹੋਇਆ ਮਾਫੀਨਾਮਾ ਦਬਾ ਦਿੱਤਾ ਗਿਆ ਸੀ। ਪਰ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਪੰਜਾਬ ਐਸੰਬਲੀ ਦੀਆਂ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਤੇ ਹੋਰ ਪਾਰਟੀਆਂ ਦੇ ਨੁਮਾਇੰਦੇ ਵੋਟਾਂ ਦੀ ਹਮਾਇਤ ਮੰਗਣ ਲਈ ਸਰਸਾ ਸਾਧ ਦੇ ਦਰਬਾਰ ਵਿੱਚ ਪਹੁੰਚੇ ਸਨ। ਜੋ ਕਿ ਜੱਥੇਦਾਰ ਸਿੰਘ ਸਾਹਿਬਾਨਾਂ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦੀ ਸਿੱਧੀ ਉਲੰਘਣਾ ਸੀ। ਇੰਨਾ ਨੁਮਾਇੰਦਿਆਂ ਦੀ ਮਿਲਣੀ ਤੋਂ ਬਾਅਦ ਸਰਸਾ ਸਾਧ ਨੇ ਖੁੱਲੇ ਰੂਪ ਵਿੱਚ ਆਪਣੇ ਸੇਵਕਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਐਸੰਬਲੀ ਚੋਣਾਂ ਵਿੱਚ ਹਮਾਇਤ ਕਰਨ। ਪਰ ਇਹ ਹਮਾਇਤ ਸਿੱਖ ਮਨਾਂ ਅੰਦਰ ਰੋਹ ਵਾਂਗ ਸਾਬਿਤ ਹੋਈ ਤੇ ਉਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਮਾਰਿਆ।

ਸਿੰਘ ਸਾਹਿਬਾਨ ਨੇ ਇਸ ਦੌਰਾਨ ਆਪਣੇ ਵੱਲੋਂ ਕੋਈ ਪ੍ਰਤੀਕਰਮ ਨਹੀਂ ਦਿੱਤਾ। ਪਰ ਚੋਣਾਂ ਤੋਂ ਬਾਅਦ ਆਪਣੇ ਮਾਨ-ਸਨਮਾਨ ਨੂੰ ਬਚਾਉਣ ਖਾਤਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਸ ਵਾਕਿਆ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ। ਇਸ ਜਾਂਚ ਤੋਂ ਬਾਅਦ ਜੋ ਰਿਪੋਰਟ ਸਿੰਘ ਸਾਹਿਬਾਨ ਕੋਲ ਆਈ ਹੈ ਉਸ ਆਧਾਰ ਤੇ ਇੰਨਾ ਨੇ ਸਿੱਖ ਨੁਮਾਇੰਦਿਆਂ ਜਿੰਨਾਂ ਨੇ ਸਰਸਾ ਸਾਧ ਨਾਲ ਮੀਟਿੰਗ ਕੀਤੀ ਸੀ, ਨੂੰ ੧੭ ਅਪ੍ਰੈਲ ਨੂੰ ਅਕਾਲ ਤਖਤ ਸਾਹਿਬ ਤੇ ਬੁਲਾਇਆ ਹੈ। ਸਦਾ ਵਾਂਗ ਰਾਜਨੀਤਿਕ ਦਬਾਅ ਕਾਰਨ ਸਿੰਘ ਸਾਹਿਬਾਨ ਇੰਨੀ ਜ਼ੁਅਰਤ ਨਹੀਂ ਕਰ ਸਕੇ ਕਿ ਉਹ ਸਿੱਖ ਨੁਮਾਇੰਦਿਆਂ ਦੇ ਮੁੱਖੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਹੁਕਮਨਾਮਿਆਂ ਦੀ ਉਲੰਘਣਾ ਕਾਰਨ ਤਲਬ ਕਰ ਸਕਣ। ਇੰਨਾਂ ਕਾਰਨਾਂ ਕਰਕੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੱਥੇਦਾਰੀ ਦੀ ਸਿਰਮੌਰ ਹਸਤੀ ਪ੍ਰਤੀ ਸਿੱਖ ਮਨਾਂ ਅੰਦਰ ਮਾਣ ਸਤਿਕਾਰ ਨਿਰੰਤਰ ਘਟਦਾ ਹੀ ਜਾ ਰਿਹਾ ਹੈ। ਅੱਜ ਹਾਲਾਤ ਇਹ ਹਨ ਕਿ ਸਿੰਘ ਸਾਹਿਬਾਨ ਸਿੱਖ ਸੰਗਤ ਵਿੱਚ ਨਾ ਤਾਂ ਖੁੱਲ ਦੇ ਵਿਚਰ ਸਕਦੇ ਹਨ ਤੇ ਨਾ ਹੀ ਕੌਮ ਉਨਾਂ ਆਦੇਸ਼ਾਂ ਪ੍ਰਤੀ ਪੂਰੀ ਤਰਾਂ ਵਫਾਦਾਰ ਹੈ।

ਇਸੇ ਸਿੱਖ ਰੋਹ ਵਜੋਂ ਕੁਝ ਜੱਥੇਦਾਰ ਸਿੱਖ ਕੌਮ ਦੇ ਇੱਕਠ ਵਿੱਚ ਮੁੱਕਰਰ ਕੀਤੇ ਗਏ ਸਨ ਜਿਨਾਂ ਨੂੰ ਮੌਜੂਦਾ ਸਿੰਘ ਸਾਹਿਬਾਨ ਦੇ ਨਾਲ ਨਾਲ ਜੱਥੇਦਾਰ ਥਾਪਿਆ ਗਿਆ ਸੀ ਪਰ ਉਹ ਵੀ ਸਿੱਖ ਕੌਮ ਅੰਦਰ ਆਪਣਾ ਕੋਈ ਅਸਰ ਤੇ ਪਛਾਣ ਨਹੀਂ ਬਣਾ ਸਕੇ। ਅੱਜ ਸਮਾਂ ਮੰਗ ਕਰਦਾ ਹੈ ਕਿ ਸਿੰਘ ਸਾਹਿਬਾਨ ਦੀ ਪ੍ਰਭੂਸਤਾ ਤੇ ਸਿਰਮੌਰ ਹਸਤੀ ਨੂੰ ਬਣਦਾ ਮਾਣ ਸਤਿਕਾਰ ਤਾਂ ਹੀ ਦਿੱਤਾ ਜਾ ਸਕੇਗਾ ਜਦੋਂ ਇੰਨਾਂ ਉੱਪਰ ਰਾਜਨੀਤਿਕ ਪ੍ਰਭਾਵ ਦਾ ਖੌਫ ਖਤਮ ਹੋ ਜਾਵੇਗਾ। ਉਹ ਤਾਂ ਹੀ ਸੰਭਵ ਹੈ ਕਿ ਸਿੱਖ ਜੱਥੇਦਾਰਾਂ ਦੀ ਚੋਣ ਵੇਲੇ ਐਸ.ਜੀ.ਪੀ.ਸੀ. ਤੋਂ ਇਲਾਵਾ ਸਾਰੇ ਪੰਥ ਵਿੱਚੋਂ ਬੁਧੀਜੀਵੀਆਂ ਤੇ ਸੂਝਵਾਨ ਵਰਗ ਨੂੰ ਸ਼ਾਮਿਲ ਕੀਤਾ ਜਾਵੇ ਤੇ ਵਿਵਾਦਾਂ ਤੋਂ ਉਪਰ ਉੱਠ ਕੇ ਸਰਬ ਪ੍ਰਵਾਨਿੱਤ ਜੱਥੇਦਾਰ ਦੀ ਚੋਣ ਹੋਵੇ। ਜੱਥੇਦਾਰ ਸਾਹਿਬ ਵੀ ਕਿਸੇ ਖੁੱਲੇ ਵਿਚਾਰ ਵਟਾਂਦਰੇ ਤੋਂ ਬਿਨਾਂ ਕੌਮ ਦੇ ਨਾਮ ਕੋਈ ਦਿਸ਼ਾ ਨਿਰਦੇਸ਼ ਜਾਰੀ ਨਾ ਕਰਨ।