ਵਲੈਤ ਦੀ ਪ੍ਰਧਾਨ ਮੰਤਰੀ ਥਰੇਸਾ ਮੇਅ ਦਿਨੋ ਦਿਨ ਸਿਆਸੀ ਸੰਕਟ ਵਿੱਚ ਫਸਦੇ ਜਾ ਰਹੇ ਹਨ। ਯੂਰਪ ਤੋਂ ਵੱਖ ਹੋਣ ਦੀ ਰਾਇਸ਼ੁਮਾਰੀ ਕਰਵਾ ਕੇ ਸੱਜੇ ਪੱਖੀ ਲੀਡਰ ਨੀਜਲ ਫਰਾਜ ਨੇ ਦੇਸ਼ ਦੀ ਸਿਆਸਤ ਵਿੱਚ ਜੋ ਫਾਨਾ ਗੱਡ ਦਿੱਤਾ ਹੈ ਉਹ ਕਿਸੇ ਤੋਂ ਵੀ ਸੰਭਾਲਿਆ ਨਹੀ ਜਾ ਰਿਹਾ। ਰਾਇਸ਼ੁਮਾਰੀ ਵੇਲੇ ਥਰੇਸਾ ਮੇਅ ਨੂੰ ਨਰਮਪੰਥੀ ਅਤੇ ਯੂਰਪ ਦੇ ਨਾਲ ਰਹਿਣ ਵਾਲੀ ਲੀਡਰ ਮੰਨਿਆ ਜਾ ਰਿਹਾ ਸੀ। ਪਰ ਜਿਉਂ ਹੀ ਉਹ ਪ੍ਰਧਾਨ ਮੰਤਰੀ ਬਣੀ ਤਾਂ ਉਸਨੇ ਸਖਤ ਰੁਖ ਅਪਨਾ ਲਿਆ ਅਤੇ ਕਰੜੇ ਬਰੈਕਸਿਟ ਦੀ ਅਵਾਜ਼ ਉਠਾਉਣੀ ਅਰੰਭ ਕਰ ਦਿੱਤੀ।

ਨੀਜਲ ਫਰਾਜ ਨੇ ਵਲੈਤ ਨਿਵਾਸੀਆਂ ਨੂੰ ਜੋ ਸੁਪਨੇ ਦਿਖਾਏ ਸਨ ਉਹ ਨਰਿੰਦਰ ਮੋਦੀ ਦੇ ਸੁਪਨਿਆਂ ਵਰਗੇ ਹੀ ਸਨ। ਨਰਿੰਦਰ ਮੋਦੀ ਵਾਂਗ ਨੀਜਲ ਫਰਾਜ ਨੇ ਵੀ ਇਹ ਹੋਕਾ ਦਿੱਤਾ ਸੀ ਕਿ ਯੂਰਪ ਤੋਂ ਵੱਖ ਹੋ ਜਾਣ ਤੋਂ ਬਾਅਦ ਯੂ.ਕੇ. ਨੂੰ ਹਰ ਹਫਤੇ ੩੫੦ ਮਿਲੀਅਨ ਪੌਂਡ ਦੀ ਬਚਤ ਹੋਵੇਗੀ ਜੋ ਕਿ ਉਹ ਯੂਰਪੀ ਯੂਨੀਅਨ ਨੂੰ ਫੰਡ ਵੱਜੋਂ ਦੇਂਦਾ ਹੈ ਪਰ ਹੁਣ ਰਾਇਸ਼ੁਮਾਰੀ ਹੋ ਜਾਣ ਤੋਂ ਲਗਭਗ ਡੇਢ ਸਾਲ ਬਾਅਦ ਹਰ ਕਿਸੇ ਦੀਆਂ ਅੱਖਾਂ ਖੁਲੀਆਂ ਹੀ ਰਹਿ ਗਈਆਂ ਹਨ ਕਿਉਂਕਿ ਇਸ ਤਰ੍ਹਾਂ ਦਾ ਇੱਕ ਪੌਂਡ ਵੀ ਯੂ.ਕੇ. ਨੂੰ ਨਹੀ ਮਿਲਿਆ। ਜਿਹੜੇ ਕਹਿੰਦੇ ਸੀ ਕਿ ਯੂਰਪ ਤੋਂ ਬਾਹਰ ਆਉਣ ਤੋਂ ਬਾਅਦ ਯੂ.ਕੇ. ਨੂੰ ਬਹੁਤ ਫਾਇਦਾ ਹੋਵੇਗਾ ਉਹ ਹੀ ਆਖ ਰਹੇ ਹਨ ਕਿ ਵਪਾਰਕ ਪੱਖ ਤੋਂ ਹੀ ਮੁਲਕ ਨੂੰ ਹਰ ਸਾਲ ੬੯ ਬਿਲੀਅਨ ਪੌਂਡ ਦਾ ਘਾਟਾ ਸਹਿਣਾਂ ਪਵੇਗਾ।

ਬਰੈਕਸਿਟ ਦੀਆਂ ਹੁਣ ਜੋ ਅਸਲ ਸ਼ਰਤਾਂ ਅਤੇ ਨੀਤੀਆਂ ਸਾਹਮਣੇ ਆ ਰਹੀਆਂ ਹਨ ਉਸ ਨੇ ਯੂ.ਕੇ. ਦੇ ਕਹਿੰਦੇ ਕਹਾਉਂਦੇ ਸਿਆਸੀ ਨੇਤਾਵਾਂ ਅਤੇ ਡਿਪਲੋਮੈਟਸ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ।ਉਨ੍ਹਾਂ ਨੂੰ ਹੁਣ ਸਮਝ ਆ ਰਹੀ ਹੈ ਕਿ ਦੇਸ਼ ਨੇ ਰਾਇਸ਼ੁਮਾਰੀ ਕਰਵਾ ਕੇ ਕਿੰਨਾ ਵੱਡਾ ਪੰਗਾ ਲੈ ਲਿਆ ਹੈ।

ਬੇਸ਼ੱਕ ਥਰੇਸਾ ਮੇਅ ਦੀ ਟੀਮ ਪਹਿਲੇ ਦਿਨ ਤੋਂ ਹੀ ਯੂਰਪੀ ਯੂਨੀਅਨ ਦੇ ਨੇਤਾਵਾਂ ਨਾਲ ਗੱਲਬਾਤ ਕਰ ਰਹੀ ਹੈ ਪਰ ਹਜਾਰਾਂ ਮੀਲਾਂ ਦੇ ਸਫਰ ਵਿੱਚੋਂ ਉਹ ਸਿਰਫ ਕੁਝ ਕਦਮ ਹੀ ਅੱਗੇ ਵਧ ਸਕੇ ਹਨ ਅਤੇ ਸਮੱਸਿਆਵਾਂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਘੇਰਿਆ ਹੈ ਕਿ ਸਭ ਦੇ ਹੱਥ ਖੜ੍ਹੇ ਹੋ ਗਏ ਹਨ।

ਬਰੈਕਸਿਟ ਦੇ ਮਸਲੇ ਨੂੰ ਕਿਸੇ ਕੰਢੇ ਲਾਉਣ ਲਈ ਅਤੇ ਯੂਰਪੀ ਨੇਤਾਵਾਂ ਵੱਲ਼ੋਂ ਦਿੱਤੇ ਦਸ ਦਿਨਾਂ ਦੇ ਸਮੇਂ ਦੌਰਾਨ ਕੁਝ ਕਦਮ ਪੁਟਣ ਦੀ ਕਾਹਲ ਕਾਰਨ ਥਰੇਸਾ ਮੇਅ ਦੀ ਟੀਮ ਹੁਣ ਤਲਾਕ ਬਿਲ ਲਈ ੫੦ ਬਿਲੀਅਨ ਪੌਂਡ ਮੰਨਣ ਤੱਕ ਆ ਗਈ ਹੈ ਪਰ ਇਸ ਨਾਲ ਵੀ ਯੂਰਪੀ ਨੇਤਾਵਾਂ ਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਨਜ਼ਰ ਨਹੀ ਆ ਰਹੀਆਂ। ਸਾਡੀ ਸਮਝ ਮੁਤਾਬਿਕ ਇਹ ਬਿਲ ੧੦੦ ਬਿਲੀਅਨ ਪੌਂਡ ਤੋਂ ਘੱਟ ਨਹੀ ਹੋ ਸਕਦਾ। ਕਿੱਥੇ ਆਖਦੇ ਸੀ ਕਿ ਹਰ ਹਫਤੇ ੩੫੦ ਮਿਲੀਅਨ ਪੌਡ ਵਾਪਸ ਆਉਣਗੇ ਕਿੱਥੇ ੫੦ ਬਿਲੀਅਨ ਪੌਡ ਪੱਲਿਓਂ ਦੇ ਕੇ ਵੀ ਜਾਨ ਨਹੀ ਛੁੱਟ ਰਹੀ। ਵਪਾਰ ਦਾ ਜੋ ਨੁਕਸਾਨ ਹੋਣਾਂ ਹੈ ਉਹ ਵੱਖਰਾ।

ਹੁਣ ਆਇਰਲ਼ੈਂਡ ਦੇ ਮਸਲੇ ਤੇ ਜੋ ਗੱਲ ਟੁੱਟ ਰਹੀ ਹੈ ਉਸਨੇ ਥਰੇਸਾ ਮੇਅ ਦੀ ਸਰਕਾਰ ਨੂੰ ਠੁੰਮਣਾਂ ਦੇ ਰਹੀ ਡੈਮੋਕਰੇਟਿਕ ਯੂਨੀਅਨਨਿਸਟ ਪਾਰਟੀ ਦੀ ਨਰਾਜਗੀ ਸਹੇੜ ਲਈ ਹੈ ਅਤੇ ਹੋ ਸਕਦਾ ਹੈ ਅਗਲੇ ਦਿਨਾਂ ਦੌਰਾਨ ਉਹ ਪਾਰਟੀ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲੈ ਲਵੇ।

ਉਸ ਸਥਿਤੀ ਵਿੱਚ ਜਾਂ ਤਾਂ ਲੇਬਰ ਪਾਰਟੀ ਬਾਕੀ ਭਾਈਵਾਲਾਂ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ ਜਾਂ ਫਿਰ ਦੇਸ਼ ਵਿੱਚ ਫਿਰ ਆਮ ਚੋਣਾਂ ਹੋ ਸਕਦੀਆਂ ਹਨ। ਇਸ ਵੇਲੇ ਲੇਬਰ ਪਾਰਟੀ ੮ ਅੰਕਾਂ ਨਾਲ ਅੱਗੇ ਜਾ ਰਹੀ ਹੈ।

ਅਸਲ ਵਿੱਚ ਯੂਰਪੀ ਯੂਨੀਅਨ ਤੋਂ ਵੱਖ ਹੋਣ ਦਾ ਫੈਸਲਾ ਏਨਾ ਗੁੰਝਲਦਾਰ ਹੋਵੇਗਾ ਜਾਂ ਏਨਾ ਗੁੰਝਲਦਾਰ ਬਣਾ ਦਿੱਤਾ ਜਾਵੇਗਾ ਇਹ ਇੰਗਲੈਡ ਦੇ ਸਿਆਸੀ ਨੇਤਾਵਾਂ ਨੇ ਸੋਚਿਆ ਵੀ ਨਹੀ ਸੀ। ਯੂਰਪ ਦੇ ਘਾਗ ਸਿਆਸਤਦਾਨਾਂ ਅਤੇ ਡਿਪਲੋਮੈਟਸ ਨੇ ਇਸ ਤਲਾਕ ਨੂੰ ਏਨਾ ਸਖਤ ਬਣਾ ਦਿੱਤਾ ਹੈ ਕਿ ਇਹ ਥਰੇਸਾ ਮੇਅ ਸਰਕਾਰ ਦੀ ਬਲੀ ਲੈਣ ਦੇ ਨੇੜੇ ਪਹੁੰਚ ਗਿਆ ਹੈ।

ਅਗਲੇ ਦਿਨ ਇੰਗਲ਼ੈਂਡ ਦੇ ਸਿਆਸੀ ਦ੍ਰਿਸ਼ ਲਈ ਕਾਫੀ ਮਹੱਤਵਪੂਰਨ ਹੋਣਗੇ, ਕਿਉਂਕਿ ਵਰਤਮਾਨ ਸਰਕਾਰ ਦਾ ਭਵਿੱਖ ਡਾਵਾਂਡੋਲ ਨਜ਼ਰ ਆ ਰਿਹਾ ਹੈ।