ਵੀਹਵੀਂ ਸਦੀ ਦੇ ਕੌਮੀ ਸੰਘਰਸ਼ਾਂ ਦੀ ਜੋਤ (ਨੈਲਸਨ ਮੰਡੇਲ਼ਾ) ਪਿਛਲੇ ਦਿਨੀ ਆਪਣੀ ਅਉਧ ਪੁਗਾ ਕੇ ਬੁਝ ਗਈ ਹੈ। ਉਹ ਮਨੁੱਖ ਜਿਸਨੇ ਆਪਣੀ ਪ੍ਰਤੁਬੱਧਤਾ ਅਤੇ ਇਮਾਨਦਾਰੀ ਨਾਲ ਇਹ ਦਰਸਾ ਦਿੱਤਾ ਕਿ ਇੱਕ ਇਕੱਲਾ ਵਿਅਕਤੀ ਵੀ ਆਪਣੀ ਕੌਮ ਦੀ ਹੋਣੀ ਬਦਲ ਸਕਦਾ ਹੈ ਉਹ ਹੁਣ ਸਾਡੇ ਵਿੱਚ ਨਹੀ ਰਿਹਾ। ਇੱਕ ਬਾਗੀ, ਇੱਕ ਕੈਦੀ, ਇੱਕ ਰਾਸ਼ਟਰਪਤੀ ਅਤੇ ਦੁਨੀਆ ਦਾ ਨਾਇਕ ਸਾਡੇ ਕੋਲੋਂ ਵਿਛੜ ਗਿਆ ਹੈ। ਸਰੀਰਕ ਤੌਰ ਤੇ ਨੈਲਸਨ ਮੰਡੇਲਾ ਵਿਛੜ ਗਿਆ ਹੈ ਸਭ ਕੋਲੋਂ ਪਰ ਆਪਣੇ ਪਿੱਛੇ ਉਹ ਸੰਘਰਸ਼ ਅਤੇ ਪ੍ਰਤੀਬੱਧਤਾ ਦਾ ਇੱਕ ਅਜਿਹਾ ਇਤਿਹਾਸ ਛੱਡ ਗਿਆ ਹੈ ਜੋ ਆਉਣ ਵਾਲੀਆਂ ਨਸਲਾਂ ਨੂੰ ਉਮਰਾਂ ਲਈ ਰਾਹ ਦਰਸਾਉਂਦਾ ਰਹੇਗਾ।

ਅਜ਼ਾਦੀ ਸੰਘਰਸ਼ ਨਾਲ ਹਮੇਸ਼ਾ ਡਰ, ਭੈਅ ਤਸ਼ੱਦਦ ਅਤੇ ਖੁਆਰੀ ਦਾ ਨੇੜਲਾ ਰਿਸ਼ਤਾ ਰਿਹਾ ਹੈ। ਕਿਸੇ ਵੀ ਅਜ਼ਾਦੀ ਸੰਘਰਸ਼ ਦਾ ਇਹ ਅਨਿੱਖੜਵਾਂ ਅੰਗ ਹੁੰਦਾ ਹੈ। ਅਫਰੀਕਨ ਲੋਕਾਂ ਨੇ ਇਸ ਭੈਅਭੀਤ ਵਰਤਾਰੇ ਨੂੰ ਆਪਣੇ ਹੱਡਾਂ ਤੇ ਹੰਢਾਇਆ ਸੀ। ਨੈਲਸਨ ਮੰਡੇਲਾ ਨੇ ਆਪਣੇ ਲੋਕਾਂ ਵਿੱਚੋਂ ਉਸ ਭੈਅ ਨੂੰ ਬਾਹਰ ਕੱਢਣ ਦੇ ਯਤਨ ਉਮਰ ਭਰ ਕੀਤੇ। ਉਸਦਾ ਕਹਿਣਾਂ ਹੈ, ‘ਦਲੇਰੀ ਭੈਅ ਦਾ ਖਾਤਮਾ ਨਹੀ ਹੁੰਦੀ ਬਲਕਿ ਭੈਅ ਤੇ ਜਿੱਤ ਪ੍ਰਾਪਤ ਕਰ ਲੈਣ ਨੂੰ ਹੀ ਦਲੇਰੀ ਆਖਦੇ ਹਨ’। ਜਦੋਂ ੨੦ ਅਪ੍ਰੈਲ ੧੯੬੪ ਨੂੰ ਨੈਲਸਨ ਮੰਡੇਲਾ ਤੇ ਪਾਏ ਗਏ ਦੇਸ਼ ਧਰੋਹ ਦੇ ਕੇਸ ਦੀ ਅੰਤਿਮ ਕਾਰਵਾਈ ਹੋ ਰਹੀ ਸੀ ਤਾਂ ਉਸਦੇ ਵਕੀਲ ਨੇ ਮੰਡੇਲਾ ਨੂੰ ਸਲਾਹ ਦਿੱਤੀ ਕਿ ਆਪਣੇ ਨੀਤੀ ਬਿਆਨ ਵਿੱਚੋਂ ਉਹ ਆਖਰੀ ਸਤਰ ਕੱਢ ਦੇਵੇ ਕਿਉਂਕਿ ਇਸ ਨਾਲ ਉਸਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ। ਉਹ ਆਖਰੀ ਸਤਰ ਸੀ ਕਿ ‘ਅਸੀਂ ਅਜਿਹਾ ਸਮਾਜ ਸਿਰਜਣਾਂ ਚਾਹੁੰਦੇ ਹਾਂ ਜਿਸ ਵਿੱਚ ਹਰ ਮਨੁੱਖ ਬਰਾਬਰ ਦੇ ਸ਼ਹਿਰੀ ਵੱਜੋਂ ਰਹਿ ਸਕੇ ਅਤੇ ਉਸਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਮਿਲਣ’। ਆਪਣੇ ਵਕੀਲ ਨੂੰ ਉਸਨੇ ਭਰੀ ਅਦਾਲਤ ਵਿੱਚ ਆਖਿਆ ਕਿ ਆਪਣੇ ਇਸ ਉਦੇਸ਼ ਲਈ ਉਹ ਆਪਣੀ ਜਾਨ ਦੇਣ ਲਈ ਵੀ ਤਿਆਰ ਹੈ।

ਆਪਣੀ ਜਾਨ ਅਤੇ ਆਪਣੇ ਜੀਵਨ ਦੀ ਵੱਡੀ ਕੁਰਬਾਨੀ ਦੇ ਕੇ ਨੈਲਸਨ ਮੰਡੇਲਾ ਨੇ ਵੀਹਵੀਂ ਸਦੀ ਦੀ ਸਭ ਤੋਂ ਭੈੜੀ ਅਲਾਮਤ ਨੂੰ ਖਤਮ ਕਰਨ ਦਾ ਯਤਨ ਕੀਤਾ। ਆਪਣੀ ਸਿਆਣਪ ਨਾਲ ਉਸਨੇ ਦੱਖਣੀ ਅਫਰੀਕਾ ਨੂੰ ਇੱਕ ਨਰਕ ਤੋਂ ਆਧੁਨਿਕ ਜਮਹੂਰੀਅਤ ਵਿੱਚ ਤਬਦੀਲ਼ ਕੀਤਾ।

੨੭ ਸਾਲਾਂ ਦੇ ਬੰਦੀ ਜੀਵਨ ਨੇ ਉਸਦੀ ਸ਼ਖਸ਼ੀਅਤ ਤੇ ਕੋਈ ਮਾਰੂ ਪ੍ਰਭਾਵ ਨਹੀ ਪਾਇਆ। ਬੇਸ਼ੱਕ ਉਹ ਇੱਕ ਗੁਰੀਲੇ ਤੋਂ ਇੱਕ ਨੀਤੀਵਾਨ ਵਿੱਚ ਤਬਦੀਲ ਹੋ ਗਿਆ ਸੀ ਪਰ ਉਸਨੇ ਸੰਘਰਸ਼ ਦਾ ਪੱਲਾ ਨਹੀ ਛੱਡਿਆ, ਉਦੋਂ ਵੀ ਜਦੋਂ ਉਹ ਗੱਲਬਾਤ ਅਤੇ ਸਮਝੌਤੇ ਰਾਹੀਂ ਸਾਰੇ ਮਸਲਿਆਂ ਦੇ ਹੱਲ ਲਈ ਗੱਲਾਂ ਕਰਦੇ ਸੀ ਉਸ ਵੇਲੇ ਵੀ ਸੰਘਰਸ਼ ਉਨ੍ਹਾਂ ਦੀ ਆਤਮਾਂ ਦਾ ਅਨਿੱਖੜਵਾਂ ਅੰਗ ਬਣਿਆ ਰਿਹਾ। ਬੰਦੀ ਜੀਵਨ ਨੇ ਨੈਲਸਨ ਮੰਡੇਲਾ ਵਿੱਚ ਇਹ ਤਬਦੀਲੀ ਲਿਆਂਦੀ ਕਿ ਉਹ ਇੱਕ ਗੁਰੀਲੇ ਤੋਂ ਨੀਤੀਵਾਨ ਵੱਜੋਂ ਉਭਰਿਆ। ਇਸੇ ਲਈ ਉਹ ਸੰਸਾਰ ਭਰ ਲਈ ਇੱਕ ਨੈਤਿਕ ਪ੍ਰੇਰਨਾ ਦੇ ਰੂਪ ਵਿੱਚ ਪੂਜਿਆ ਜਾਣ ਲੱਗਾ। ਉਹ ਲੋਕ ਜੋ ਉਸ ਨੂੰ ਇੱਕ ਅੱਤਵਾਦੀ ਦੇ ਤੌਰ ਤੇ ਭੰਡਦੇ ਸਨ ਉਸ ਨਾਲ ਹੱਥ ਮਿਲਾਉਣ ਲਈ ਉਤਾਵਲੇ ਹੋ ਗਏ। ਮਾਰਗਰੇਟ ਥੈਚਰ ਨੇ ਉਸਨੂੰ ਸਾਹ ਰੋਕ ਕੇ ੫੦ ਮਿੰਟ ਲਈ ਸੁਣਿਆ।

ਦੁਨੀਆਂ ਦੇ ਇਤਿਹਾਸ ਵਿੱਚ ਕਈ ਹੋਰ ਸ਼ਖਸ਼ੀਅਤਾਂ ਵੀ ਹਨ ਜਿਨ੍ਹਾਂ ਨੂੰ ਕਾਫੀ ਮਾਣ ਅਤੇ ਸਤਿਕਾਰ ਮਿਲਿਆ ਹੈ। ਵਿਨਸਟਨ ਚਰਚਿਲ, ਫਰੈਂਕਲਿਨ ਰੂਸਲ਼ਵੈਲਟ, ਪੋਪ ਜਾਨ ਪਾਲ, ਮਦਰ ਟੈਰੇਸਾ ਅਤੇ ਬਰਮਾ ਦੀ ਅਜ਼ਾਦੀ ਪਸੰਦ ਆਗੂ ਆਂਗ ਸਾਨ ਸੂ ਕੀ ਦੁਨੀਆਂ ਭਰ ਵਿੱਚ ਸਤਿਕਾਰੇ ਜਾਂਦੇ ਹਨ ਪਰ ਨੈਲਸਨ ਮੰਡੇਲਾ ਦਾ ਕਦ ਇਨ੍ਹਾਂ ਵਿੱਚੋਂ ਬਹੁਤ ਵੱਡਾ ਹੈ। ਨੈਲਸਨ ਮੰਡੇਲਾ ਅਜਿਹੀ ਸ਼ਖਸ਼ੀਅਤ ਸੀ ਜੋ ਸੱਤਾ ਅਤੇ ਸ਼ਕਤੀ ਦੇ ਘਟੀਆ ਸਮਝੌਤਿਆਂ ਨਾਲ ਪਲੀਤ ਨਹੀ ਹੋਇਆ। ਉਸਨੇ ਆਪਣੀ ਸ਼ਖਸ਼ੀਅਤ ਨੂੰ ਆਧੁਨਿਕ ਜਮਹੂਰੀ ਵਿਧਾਨ ਦੇ ਭਰਿਸ਼ਟ ਸਮਝੌਤਿਆਂ ਤੋਂ ਬਹੁਤ ਉਤਮ ਰੱਖਿਆ। ਇਹੋ ਉਸਦੇ ਜੀਵਨ ਦੀ ਅਸਲ ਅਤੇ ਨੇਕ ਕਮਾਈ ਸੀ। ਇਸੇ ਲਈ ਨੈਲਸਨ ਮੰਡੇਲਾ ਨੂੰ ਦੁਨੀਆਂ ਭਰ ਵਿੱਚ ਪੂਜਿਆ ਤੱਕ ਜਾਂਦਾ ਹੈ। ਜੋ ਮੌਤ ਤੋਂ ਨਾ ਡਰਿਆ ਅਤੇ ਭਰਿਸ਼ਟ ਰਾਜਨੀਤੀ ਜਿਸਦਾ ਇਮਾਨ ਨਾ ਡੁਲਾ ਸਕੀ ਉਸਦਾ ਨਾਮ ਨੈਲਸਨ ਮੰਡੇਲਾ ਸੀ। ਉਸਦੇ ਇਸ ਉਚੇ ਸੁਚੇ ਕਿਰਦਾਰ ਦੀ ਨੀਹ ਉਸਦੇ ਗੁਰੀਲਾ ਜੀਵਨ ਨੇ ਹੀ ਰੱਖੀ ਸੀ। ਆਪਣੀ ਬੰਦੀ ਦੌਰਾਨ ਅਦਾਲਤੀ ਕੇਸ ਤੇ ਆਪਣੇ ਪਹਿਲੇ ਵਿਚਾਰ ਪੇਸ਼ ਕਰਦਿਆਂ ਮੰਡੇਲਾ ਨੇ ਆਖਿਆ ਸੀ, ‘ਅਸੀ ਇਸ ਕੇਸ ਨੂੰ ਇੱਕ ਸਧਾਰਨ ਅਦਾਲਤੀ ਕੇਸ ਵੱਜੋਂ ਨਹੀ ਦੇਖ ਰਹੇ, ਇਹ ਇੱਕ ਰਾਜਨੀਤਿਕ ਕੇਸ ਹੈ ਅਤੇ ਅਸੀਂ ਇਸ ਨੂੰ ਰਾਜਨੀਤਿਕ ਤਰੀਕਿਆਂ ਨਾਲ ਹੀ ਲੜਾਂਗੇ। ਸਾਨੂੰ ਅਪਣੀਆਂ ਕਾਰਵਾਈਆਂ ਦਾ ਕੋਈ ਅਫਸੋਸ ਨਹੀ ਹੈ ਅਤੇ ਉਨ੍ਹਾਂ ਲਈ ਅਸੀਂ ਕੋਈ ਮੁਆਫੀ ਨਹੀ ਮੰਗਾਂਗੇ…. ਅਸੀਂ ਸਰਕਾਰ ਤੋਂ ਕਿਸੇ ਰਿਆਇਤ ਦੀ ਮੰਗ ਵੀ ਨਹੀ ਕਰਦੇ। ਜੇ ਸਾਨੂੰ ਸਾਡੀਆਂ ਕਾਰਵਾਈਆਂ ਬਦਲੇ ਫਾਂਸੀ ਦੀ ਸਜ਼ਾ ਵੀ ਦਿੱਤੀ ਗਈ ਤਾਂ ਵੀ ਅਸੀਂ ਇਸਦੇ ਖਿਲਾਫ ਅਪੀਲ ਨਹੀ ਕਰਾਂਗੇ’।

ਨੈਲਸਨ ਮੰਡੇਲਾ ਦਾ ਜੀਵਨ ਵੈਸੇ ਤਾਂ ਸੰਘਰਸ਼ ਦਾ ਸਮੁੰਦਰ ਹੈ ਅਤੇ ਇਸਨੂੰ ਥੋੜੇ ਜਿਹੇ ਸ਼ਬਦਾਂ ਵਿੱਚ ਬਖਿਆਨ ਨਹੀ ਕੀਤਾ ਜਾ ਸਕਦਾ ਪਰ ਉਨ੍ਹਾਂ ਦੇ ਵਿਛੋੜੇ ਨੇ ਵੀਹਵੀਂ ਸਦੀ ਦੇ ਸੰਘਰਸ਼ ਦੀ ਜੋਤ ਨੂੰ ਬੁਝਾ ਦਿੱਤਾ ਹੈ, ਜੋ ਦੁਖਦਾਈ ਹੈ।