ਨੈਲਸਨ ਮੰਡੇਲਾ ਜੋ ਕਿ ਕੁਝ ਦਿਨ ਪਹਿਲਾਂ ਆਪਣੀ ਜੀਵਨ ਯਾਤਰਾ ਪੂਰੀ ਕਰਦੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇਹ ਇੱਕ ਅਜਿਹਾ ਇਨਸਾਨ ਸੀ ਜਿਸਦੇ ਨਿਸ਼ਾਨ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਤਾਕਤਵਰ ਪੈੜ੍ਹ ਨੂੰ ਦਰਸਾਉਂਦੇ ਰਹਿਣਗੇ। ਨੈਲਸਨ ਮੰਡੇਲਾ ਹੀ ਅਜਿਹਾ ਇਨਸਾਨ ਹੋਇਆ ਹੈ ਜਿਸਨੂੰ ਦੁਨੀਆਂ ਬੜੇ ਮਾਣ ਨਾਲ ਰਾਜਨੀਤਿਕ ਸੰਤ ਵਜੋਂ ਯਾਦ ਕਰੇਗੀ। ਜਿਸਦੇ ਜੀਵਨ ਦਾ ਮੁਢਲਾ ਮਨੋਰਥ ਸੀ ਮਨੁੱਖ ਦੇ ਜੀਵਨ ਦੀ ਸਾਰਥਿਕਤਾ ਇਸੇ ਵਿੱਚ ਹੈ ਕਿ ਉਹ ਵਿਅਕਤੀਗਤ ਉਨਤੀ ਦੇ ਨਾਲ ਨਾਲ ਦੂਜਿਆਂ ਦੀ ਉਨਤੀ ਲਈ ਸਾਰੀ ਉਮਰ ਕੋਸ਼ਿਸ ਕਰਦਾ ਰਹੇ ਅਤੇ ਉਸਦਾ ਜੀਵਨ ਇਹ ਦਰਸਾਉਦਾ ਸੀ ਕਿ ਦਿਆਲਤਾ ਕਿਤੇ ਵੱਧ ਉੱਤਮ ਹੈ ਨਾ ਕਿ ਬਦਲਾ ਲਊ ਨੀਤੀ। ਨੈਲਸਨ ਮੰਡੇਲਾ ਦੀ ਸ਼ਖਸ਼ੀਅਤ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਉਸਨੇ ਆਪਣੇ ਦੇਸ਼ ਦੇ ਸੰਵਿਧਾਨ ਵਿੱਚ ਇੱਕ ਨਵੀਂ ਰੂਹ ਉਤਪੰਨ ਕੀਤੀ ਸੀ ਕਿਉਂਕਿ ਕਿਸੇ ਵੀ ਮੁਲਕ ਦਾ ਸੰਵਿਧਾਨ ਸਾਹ-ਹੀਣ ਹੁੰਦਾ ਹੈ ਅਤੇ ਉਸ ਵਿੱਚ ਸਾਹ ਉਦੋਂ ਹੀ ਆਉਂਦੇ ਹਨ ਜਦੋਂ ਉਸਨੂੰ ਚਲਾਉਣ ਵਾਲਾ ਅਤੇ ਅਧੀਨ ਕਰਨ ਵਾਲਾ ਯੋਗ ਇਨਸਾਨ ਨੈਲਸਨ ਮੰਡੇਲਾ ਵਰਗਾ ਹੋਵੇ। ਦੁਨੀਆਂ ਵਿੱਚ ਅਨੇਕਾਂ ਹੀ ਸੰਘਰਸ਼ਸ਼ੀਲ ਅਤੇ ਅਜਾਦੀ ਪ੍ਰਸਤ ਬਾਗੀ ਹੋਏ ਹਨ ਪਰ ਜਿਸ ਤਰਾਂ ਦਾ ਸੰਘਰਸ਼ ਮਈ ਅਤੇ ਅਜ਼ਾਦੀ ਘੁਲਾਟੀਆ ਨੈਲਸਨ ਮੰਡੇਲਾ ਹੋਇਆ ਹੈ ਅਤੇ ਬਾਅਦ ਵਿੱਚ ਆਪਣੇ ਮੁਲਕ ਦਾ ਸ਼ਾਸਕ ਵੀ ਬਣਿਆ ਉਸਦੀ ਕੋਈ ਹੋਰ ਮਿਸਾਲ ਨਹੀਂ ਹੈ।

ਇੱਕ ਛੋਟੇ ਜਿਹੇ ਕਬੀਲੇ ਦੇ ਸ਼ਾਸ਼ਕ ਦਾ ਸਾਰਿਆਂ ਤੋਂ ਛੋਟਾ ਬੇਟਾ ਨੈਲਸਨ ਮੰਡੇਲਾ ਜੋ ਕਿ ਬਚਪਨ ਵਿੱਚ ਪਹਿਲੇ ਕਦਮ ਬੱਕਰੀਆਂ ਚਰਾਉਣ ਲਈ ਚੁੱਕਦਾ ਹੈ ਉਹੀ ਕਦਮ ਜਿੰਦਗੀ ਦੇ ਅਨੇਕਾਂ ਸੰਘਰਸ਼ਮਈ ਪੈਂਡੇ ਤੈਹ ਕਰਦਾ ਅੱਡ-ਅੱਡ ਵਖਰੇਵਿਆਂ ਵਿੱਚੋਂ ਹੁੰਦਾ ਹੋਇਆਂ ਆਪਣੇ ਮੁਲਕ ਦਾ ਸਾਸ਼ਕ ਬਣਦਾ ਹੈ। ਸਾਸ਼ਕ ਵੀ ਅਜਿਹਾ ਜਿਸਨੂੰ ਕਿ ਦਸ ਦਸੰਬਰ ੨੦੧੩ ਨੂੰ ਅੰਤਿਮ ਸਰਧਾਂਜਲੀ ਦੇਣ ਲਈ ਦੁਨੀਆਂ ਦੇ ੭੦ ਤਾਕਤਵਰ ਮੁਲਕਾਂ ਦੇ ਸਾਸ਼ਕ ਇੱਕਠੇ ਹੁੰਦੇ ਹਨ। ਅਮਰੀਕਾ ਦੇ ਮੁੱਖ ਸਾਸ਼ਕ ਰਾਸਟਰਪਤੀ ਬਰਾਕ ਓਬਾਮਾ ਬੜੇ ਮਾਣ ਨਾਲ ਨੈਲਸਨ ਮੰਡੇਲਾ ਬਾਰੇ ਮਹਿਸੂਸ ਕਰਦੇ ਹਨ ਅਤੇ ਕਹਿੰਦੇ ਹਨ ਕਿ ਨੈਲਸਨ ਮੰਡੇਲਾ ਦੁਨੀਆਂ ਲਈ ਇੱਕ ਅਜਿਹੀ ਸਾਸ਼ਨ ਕਰਨ ਦੀ ਮਿਸਾਲ ਛੱਡ ਗਿਆ ਜਿਸਨੂੰ ਕਿਸੇ ਵੀ ਸ਼ਾਸ਼ਕ ਲਈ ਅੱਜ ਵੀ ਤੈਅ ਕਰਨਾ ਇੱਕ ਸੁਪਨੇ ਵਾਂਗ ਹੈ। ਇਹ ਕਿਹਾ ਜਾਂਦਾ ਹੈ ਕਿ ਹਰ ਇਨਸਾਨ ਦੀ ਜਿੰਦਗੀ ਉਸਦੇ ਜੀਵਨ ਦੇ ਤਜ਼ਰਬਿਆ ਨਾਲ ਰਚੀ ਜਾਂਦੀ ਹੈ। ਅਜਿਹੇ ਹੀ ਜੀਵਨ ਦੇ ਅੱਡ ਅੱਡ ਤਜ਼ਰਬਿਆਂ ਦੀਆਂ ਤਹਿਆਂ ਵਿੱਚੋਂ ਮੰਡੇਲਾ ਨੇ ਆਪਣੇ ਜੀਵਨ ਨੂੰ ਤਰਤੀਬ ਦਿੱਤੀ ਇਸ ਤਰਤੀਬ ਰਾਹੀਂ ਉਸਨੇ ਆਪਣੇ ਮੁਲਕ ਦੀ ਅਜਿਹੀ ਤਸਵੀਰ ਰਚੀ ਕਿ ਅੱਜ ਇਹ ਮੁਲਕ ਜ਼ਮਹੂਰੀਅਤ ਦਾ ਇੱਕ ਨਮੂਨਾ ਹੈ। ਮੰਡੇਲਾ ਨੇ ਆਪਣੇ ਜੀਵਨ ਵਿੱਚ ਹਮੇਸ਼ਾ ਆਪਣੇ ਨਿੱਜ ਤੋਂ ਵੱਧ ਸੰਘਰਸ ਨੂੰ ਪਹਿਲ ਦਿੱਤੀ ਅਤੇ ਇਸੇ ਸੰਦਰਭ ਵਿੱਚ ਜਦੋਂ ਉਸ ਸਾਹਮਣੇ ਇਹ ਸਵਾਲ ਆਇਆ ਕਿ ਜੀਵਨ ਸਾਥਣ ਦਾ ਸਾਥ ਪਹਿਲੇ ਹੈ ਕਿ ਸੰਘਰਸ਼ ਤਾਂ ਉਸਨੇ ਪਹਿਲ ਸੰਘਰਸ਼ ਨੂੰ ਦਿੱਤੀ ਅਤੇ ਆਪਣੀ ਪਹਿਲੀ ਜੀਵਨ ਸਾਥਣ ਤੋਂ ਤਲਾਕ ਮਨਜੂਰ ਕਰ ਲਿਆ। ਇਸੇ ਤਰਾਂ ਜਦੋਂ ਉਹ ਆਪਣੇ ਦੇਸ਼ ਦੇ ਸਾਸ਼ਕ ਸੀ ਤਾਂ ਉਸਨੇ ਆਪਣੇ ਇਖਲਾਕ ਅਤੇ ਅਸੂਲ ਨੂੰ ਉਤੇ ਰਖਦੇ ਹੋਏ ਆਪਣੀ ਦੂਜੀ ਜੀਵਨ ਸਾਥਣ ਨੂੰ ਵੀ ਅਲਵਿਦਾ ਆਖ ਦਿੱਤੀ। ਜਿਵੇਂ ਕਿ ਇਤਿਹਾਸ ਵਿੱਚ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਦੀ ਮਿਸਾਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਆਪਣੇ ਨਿੱਜ ਨਾਲੋਂ ਦੇਸ਼ ਨੂੰ ਚੰਗਾ ਸਾਸ਼ਨ ਦੇਣ ਨੂੰ ਤਰਜੀਹ ਦਿੱਤੀ ਅਤੇ ਸਿਰਫ ਇੱਕ ਵਾਰ ਹੀ ਰਾਸਟਰਪਤੀ ਦਾ ਅਹੁਦਾ ਨਿਭਾਇਆ ਅਤੇ ਉਸਤੋਂ ਬਾਅਦ ਇੱਕ ਸਧਾਰਨ ਵਿਅਕਤੀ ਵਾਂਗ ਆਪਣਾ ਜੀਵਨ ਬਤੀਤ ਕੀਤਾ ਭਾਵੇਂ ਕਿ ਜੇ ਉਹ ਆਪਣੀ ਸਖਸ਼ੀਅਤ ਮੁਤਾਬਕ ਅਤੇ ਦੇਸ਼ ਦੀ ਅਜਾਦੀ ਲਈ ਘਾਲੀ ਸੰਘਰਸ਼ਮਈ ਜ਼ਿੰਦਗੀ ਪ੍ਰਤੀ ਤਰਜੀਹ ਦਿੰਦੇ ਤਾਂ ਉਹ ਤਾਅ ਉਮਰ ਰਾਸਟਰਪਤੀ ਰਹਿ ਸਕਦੇ ਸੀ। ਇਸੇ ਤਰਾਂ ਨੈਲਸਨ ਮੰਡੇਲਾ ਨੇ ਵੀ ਇੱਕ ਵਾਰ ਆਪਣੇ ਦੇਸ਼ ਦਾ ਸਾਸ਼ਕ ਬਣ ਆਮ ਜ਼ਿੰਦਗੀ ਗਜਾਰਦੇ ਹੋਏ ਦੁਨੀਆਂ ਅੱਗੇ ਇੱਕ ਅਜਿਹਾ ਅਸੂਲ ਸਾਹਮਣੇ ਲਿਆਂਦਾ ਕਿ ਨਿੱਜ ਦੀ ਲਾਲਸਾ ਨਾਲੋਂ ਦੇਸ਼ ਦੀ ਖੁਸ਼ਹਾਲੀ ਅਤੇ ਸੰਵਿਧਾਨ ਵਧੇਰੇ ਵੱਡਾ ਹੈ। ਇਹ ਇੱਕ ਅਹਿਹਾ ਇਨਸਾਨ ਦੁਨੀਆਂ ਸਾਹਮਣੇ ਆਇਆ ਜਿਸਨੂੰ ਰਾਜਨੀਤਿਕ ਸੰਤ ਦੀ ਉਪਾਧੀ ਪ੍ਰਾਪਤ ਹੈ। ਉਸਨੇ ਆਪਣੇ ਜੀਵਨ ਕਾਲ ਵਿਚ ੧੯੪੮ ਤੋਂ ਲੈ ਕੇ ੧੯੯੦ ਤੱਕ ਸੰਘਰਸ਼ਮਈ ਜੀਵਨ ਬਤੀਤ ਕੀਤਾ। ਜਿਸ ਦੌਰਾਨ ਉਸਨੇ ਸਾਂਤਮਈ ਪੈਂਡਾ ਵੀ ਅਪਣਾਇਆ ਅਤੇ ਗੁਰੂ ਗੋਬਿੰਦ ਸਿੰਘ ਦੇ ਕਥਨ ਅਨੁਸਾਰ ਜਦੋਂ ਹਰ ਹੀਲਾ ਜ਼ਾਲਮ ਸਾਸ਼ਕਾਂ ਅੱਗੇ ਦਮ ਤੋੜ ਰਿਹਾ ਹੁੰਦਾ ਹੈ ਤਾਂ ਹਥਿਆਰਬੰਦ ਸੰਘਰਸ਼ ਦਾ ਰਾਹ ਅਪਣਾਇਆ ਅਤੇ ਇੱਕ ਸੁਚੱਜਾ ਜਰਨੈਲ ਬਣਕੇ ਤਾਕਤਵਰ ਜ਼ਾਲਮ ਸਾਸ਼ਕ ਨੂੰ ਵੰਗਾਰ ਪਾਈ ਅਤੇ ਇਸ ਅਧੀਨ ਹੀ ਉਸਨੂੰ ੧੯੬੨ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੌਰਾਨ aਸਨੇ ਅਫਰੀਕਾ ਮਹਾਂਦੀਪ ਦੇ ਅੱਡ-ਅੱਡ ਮੁਲਕਾਂ ਦਾ ਅਧਿਐਨ ਕੀਤਾ ਤੇ ਸਦੀਆਂ ਤੋਂ ਦੱਬੇ ਕੁਚਲੇ ਅਫਰੀਕੀ ਲੋਕਾਂ ਨੂੰ ਆਪਣੇ ਮੁਡਲੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਅਤੇ ੧੯੬੩ ਵਿੱਚ ਵਾਪਸ ਆਪਣੇ ਦੇਸ਼ ਪਰਤ ਹਥਿਆਰਬੰਦ ਸੰਘਰਸ਼ ਨੂੰ ਜਾਰੀ ਰੱਖਿਆ ਅਤੇ ਇਸੇ ਸਾਲ ਹੀ ਉਸਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸਨੂੰ ਉਮਰ-ਕੈਦ ਦੀ ਸਜ਼ਾ ਸੁਣਾਈ ਗਈ। ਆਪਣੇ ਸਜਾ ਵਾਲੇ ਦਿਨ ਉਹ ੪੪ ਵਰ੍ਹਿਆਂ ਦਾ ਸੀ ਤੇ ਉਸਦੇ ਆਪਣੇ ਸਜਾ ਦੇਣ ਵਾਲੇ ਜੱਜ ਅੱਗੇ ਚਾਰ ਘੰਟੇ ਤੱਕ ਆਪਣਾ ਵਿਦਰੋਹ ਪੂਰਵ ਭਾਸ਼ਨ ਦਿੱਤਾ। ਜਿਸ ਰਾਹੀ ਉਸ ਸਮੇਂ ਦੀ ਭੇਦ ਭਾਵ ਵਾਲੀ ਸਰਕਾਰ ਨੂੰ ਬੁਰੀ ਤਰਾਂ ਖਿਲਾਰ ਕੇ ਰੱਖ ਦਿੱਤਾ। ਆਪਣੇ ੨੭ ਸਾਲ ਲੰਮੇ ਜੇਲ੍ਹ ਜੀਵਨ ਵਿੱਚ ਉਸਨੇ ਆਪਣੇ ਤਜ਼ਰਬਿਆਂ ਬਾਰੇ ਦੱਸਦੇ ਹੋਏ ਇਹ ਕਿਹਾ ਕਿ ਜੇਲਬੰਦੀ ਇੱਕ ਅਜਿਹੀ ਦਾਸਤਾਨ ਹੈ ਜਿਹੜੀ ਕਿ ਜੀਵਨ ਨੂੰ ਜਾਂ ਤਾਂ ਮੁੱਢੋਂ ਹੀ ਉਖਾੜ ਦਿੰਦੀ ਹੈ ਜਾਂ ਫਿਰ ਉਸਨੂੰ ਤਰਤੀਬ ਨਾਲ ਸਿੰਜ ਦਿੰਦੀ ਹੈ। ਮੰਡੇਲਾ ਨੇ ਆਪਣੇ ਜੇਲ ਦੇ ਸਫਰ ਰਾਹੀਂ ਆਪਣੇ ਜੀਵਨ ਨੂੰ ਤਰਤੀਬ ਵਿੱਚ ਲਿਆਂਦਾ ਅਤੇ ਜਿਸ ਦਿਨ ੧੯੯੪ ਵਿੱਚ ਉਸਨੇ ਆਪਣੇ ਦੇਸ਼ ਦੇ ਸਾਸ਼ਕ ਵਜੋਂ ਸਹੁੰ ਚੁੱਕੀ ਤਾਂ ਉਸ ਸਹੁੰ ਚੁੱਕ ਸਮਾਂ ਗਮ ਵਿੱਚ ਆਪਣੇ ਮੁੱਖ ਮਹਿਮਾਨ ਵਜੋਂ ਉਸ ਗੋਰੇ ਜੇਲਰ ਨੂੰ ਬੁਲਾਇਆ, ਜਿਸ ਅਧੀਨ ਉਸਨੇ ਆਪਣੇ ਜੀਵਨ ਦੀ ਮੁੱਸ਼ਕਤ ਭਰੀ ਕੈਦ ਕੱਟੀ ਸੀ। ਇਹ ਦੁਨੀਆਂ ਅੱਗੇ ਅਜਿਹਾ ਸੁਨੇਹਾ ਸੀ, ਖਾਸ ਕਰਕੇ ਆਪਣੇ ਬੁਰੀ ਤਰਾਂ ਵੰਡੇ ਹੋਏ ਦੇਸ਼ ਅੱਗੇ ਕਿ ਜੇ ਆਪਾਂ ਆਪਣੇ ਸਾਸ਼ਨ ਨੂੰ ਉਸਾਰੂ ਲੀਹਾਂ ਤੇ ਰੱਖਣਾ ਹੈ ਤਾਂ ਕਿਸੇ ਵੀ ਵੈਰ ਵਿਰੋਧ ਤੋਂ ਨਿਰਲੇਪ ਰਹਿਣਾ ਹੈ। ਇੱਥੇ ਇਹ ਵੀ ਕਹਿਣਾ ਇਸ ਸਖਸ਼ੀਅਤ ਬਾਰੇ ਸਚਾਈ ਹੈ ਕਿ ਉਸਨੇ ਮਨੁੱਖਤਾ ਨੂੰ ਨਵੇਂ ਸਿਰਿਉਂ ਇੱਕ ਨਵੀਂ ਸੇਧ ਦਿੱਤੀ ਅਤੇ ਆਪਣੇ-ਆਪ ਨੂੰ ਸਮੇਂ ਅਨੁਸਾਰ ਨਿਡੱਰਤਾ ਅਤੇ ਭੈਅ ਰਹਿਤ ਹੋ ਕਿ ਆਪਣੇ ਵਿਚਾਰਾਂ ਰਾਹੀਂ ਇਹ ਦਰਸਾ ਦਿੱਤਾ ਕਿ ਅਫਰੀਕਾ ਇੱਕ ਅਜਿਹਾ ਮਹਾਂਦੀਪ ਹੈ ਜਿਸ ਕੋਲੇ ਸਿਰਫ ਕੁਦਰਤੀ ਰਸਾਇਣਾਂ ਦੀ ਹੀ ਭਰਮਾਰ ਨਹੀਂ ਹੈ ਸਗੋਂ ਇੱਕ ਸਿਆਣੇ ਤੇ ਸੁਝਵਾਨ ਲੀਡਰ ਪੈਂਦਾ ਕਰਨ ਦੀ ਵੀ ਸਮਰੱਥਾ ਹੈ। ਇਸ ਸੂਝ ਅਤੇ ਸਿਆਣਪ ਰਾਹੀਂ ਨੈਲਸਨ ਮੰਡੇਲਾ ਨੇ ਇੱਕ ਚੰਗੇ ਸਾਸ਼ਕ ਤੋਂ ਇਲਾਵਾ ਏਡਜ ਵਰਗੀ ਭਿਆਨਕ ਬੀਮਾਰੀ ਜਿਸਦਾ ਅਫਰੀਕਾ ਮਹਾਂਦੀਪ ਵਿੱਚ ਗਹਿਰਾ ਅਸਰ ਹੈ ਪ੍ਰਤੀ ਕਾਫੀ ਸੰਜੀਦਗੀ ਨਾਲ ਉਸਦੇ ਫੈਲਾਅ ਨੂੰ ਰੋਕਣ ਲਈ ਵੱਡਮੁਲਾ ਉਪਰਾਲਾ ਕੀਤਾ। ਅਫਰੀਕਾ ਮਹਾਂਦੀਪ ਜਿੱਥੇ ਕਿ ਸਮਲਿੰਗੀ ਸਬੰਧਾਂ ਨੂੰ ਬੜੀ ਨੀਚਤਾ ਨਾਲ ਦੇਖਿਆ ਜਾਂਦਾ ਹੈ ਉਸ ਪ੍ਰਤੀ ਵੀ ਫਰਾਖ – ਦਿਲੀ ਰੱਖਦੇ ਹੋਏ ਮੰਡੇਲਾ ਨੇ ਆਪਣੇ ਦੇਸ਼ ਵਿੱਚ ਅਜਿਹੇ ਸਬੰਧਾਂ ਨੂੰ ਸਨਮਾਨਿਤ ਸਥਾਨ ਦਿੱਤਾ ਅਤੇ ਦੱਖਣੀ – ਅਫਰੀਕਾਂ ਪੰਜਾਵਾਂ ਦੁਨੀਆਂ ਦਾ ਮੁਲਕ ਬਣਿਆ ਜਿਸ ਵਿੱਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਈ। ਅੱਜ ਮੰਡੇਲਾ ਭਾਵੇਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ ਪਰ ਉਸਦੀਆਂ ਪੈੜਾਂ ਤੇ ਉਸਵੱਲੋਂ ਮਨੁੱਖਤਾ ਪ੍ਰਤੀ ਨਿਭਾਇਆ ਯੋਗਦਾਨ ਸਦੀਆਂ ਤੱਕ ਸਮਾਜ ਅਤੇ ਦੁਨੀਆਂ ਲਈ ਇੱਕ ਉਦਾਹਰਨ ਬਣਿਆ ਰਹੇਗਾ ਅਤੇ ਨੋਬਲ ਸਾਂਤੀ ਪੁਰਸਕਾਰ ਵਿਜੇਤਾ ਸਦਾ ਅਮਰ ਰਹੇਗਾ।