ਕੀ ਭਾਰਤ ਦਾ ਕਨੂੰਨ ਸਭ ਲਈ ਬਰਾਬਰ ਹੈ? ਜਾਂ ਕੁਝ ਲੋਕ ਅਜਿਹੇ ਹਨ ਜਿਹੜੇ ਕਨੂੰਨ ਤੋਂ ਵੀ ਵੱਡੇ ਬਣ ਗਏ ਹਨ? ਭਾਈ ਬਲਵੰਤ ਸਿੰਘ ਮੁਲਤਾਨੀ ਸਣੇ ਪੰਜਾਬ ਦੇ ਹਜਾਰਾਂ ਸਿੱਖਾਂ ਤੇ ਭਾਰੀ ਤਸ਼ੱਦਦ ਕਰਕੇ ਉਨ੍ਹਾਂ ਦਾ ਕਤਲ ਕਰਨ ਵਾਲੇ ਇੱਕ ਪੁਲਸ ਅਫਸਰ ਨੂੰ ਜਿਸ ਤਰ੍ਹਾਂ ਭਾਰਤੀ ਸਿਸਟਮ ਵੱਲੋਂ ਬਚਾਇਆ ਜਾ ਰਿਹਾ ਹੈ ਉਸ ਤੋਂ ਪਰਤੀਤ ਹੁੰਦਾ ਹੈ ਕਿ ਭਾਰਤ ਦਾ ਕਨੂੰਨ, ਸਖਤ ਹੋਣ ਦੇ ਸਿਰਫ ਦਗਮਜੇ ਮਾਰਦਾ ਹੈ ਪਰ ਜਦੋਂ ਸਰਕਾਰੀ ਦਹਿਸ਼ਤ ਨੂੰ ਨੱਥ ਪਾਉਣ ਦੀ ਵਾਰੀ ਆਉਂਦੀ ਹੈ ਇਹ ਕਨੂੰਨ ਜਾਲਮ ਪੁਲਸ ਅਫਸਰਾਂ ਸਾਹਮਣੇ ਭਿੱਜੀ ਬਿੱਲੀ ਬਣ ਜਾਂਦਾ ਹੈੈ।

ਸੁਮੇਧ ਸੈਣੀ ਵੀ ਸਾਡੇ ਸਮਿਆਂ ਦਾ ਅਜਿਹਾ ਪੁਲਸ ਅਫਸਰ ਹੈ ਜੋ ਪਹਿਲੇ ਦਿਨ ਤੋਂ ਹੀ ਆਪਣੇ ਆਪ ਨੂੰ ਕਨੂੰਨ ਤੋਂ ਉਪਰ ਸਮਝਦਾ ਰਿਹਾ ਹੈੈੈ। 1982 ਤੋਂ ਲੈਕੇ ਆਪਣੀ ਸੇਵਾਮੁਕਤੀ ਤੱਕ ਸੁਮੇਧ ਸੈਣੀ ਨੇ ਕਦੇ ਵੀ ਆਪਣੇ ਆਪ ਨੂੰ ਕਨੂੰਨ ਦੀ ਅਧੀਨਗੀ ਕਰਨ ਵਾਲੇ ਵਿਅਕਤੀ ਦੇ ਤੌਰ ਤੇ ਨਹੀ ਦੇਖਿਆ। ਪੰਜਾਬ ਵਿੱਚ ਕਨੂੰਨ ਦੀਆਂ ਧੱਜੀਆਂ ਉਡਾਉਣ ਦੀ ਜੇ ਪਿਰਤ ਕਿਸੇ ਨੇ ਪਾਈ ਤਾਂ ੳਹ ਸੁਮੇਧ ਸੈਣੀ ਹੀ ਸੀ। ਪੰਜਾਬ ਦਾ ਕੋਈ ਵੀ ਅਫਸਰ ਕਨੂੰਨ ਦੀਆਂ ਧੱਜੀਆਂ ਉਡਾਉਣ ਦੇ ਮਾਮਲੇ ਵਿੱਚ ਉਸ ਉਚਾਈ ਤੱਕ ਨਹੀ ਪਹੁੰਚਿਆ ਜਿਸ ਉਚਾਈ ਤੱਕ ਸੁਮੇਧ ਪਹੁੰਚਿਆ ਹੈੈੈ।

ਹਰ ਭਿਆਨਕ ਤੋਂ ਭਿਆਨਕ ਜੁਰਮ ਕਰਕੇ ਸਾਫ ਨਿਕਲ ਜਾਣਾਂ ਅਤੇ ਹਰ ਪਾਰਟੀ ਦੇ ਸਿਆਸਤਦਾਨਾਂ ਅਤੇ ਸਰਕਾਰਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਜਾਣਾਂ ਇਹ ਸੁਮੇਧ ਸੈਣੀ ਦੀ ਪ੍ਰਾਪਤੀ ਰਹੀ ਹੈੈੈ। ਪੰਜਾਬ ਨਾਲ ਗੰਭੀਰ ਤੌਰ ਤੇ ਵਾ-ਬਾਸਤਾ ਰਹੇ ਹਰ ਸਿਆਸਤਦਾਨ, ਹਰ ਪੱਤਰਕਾਰ ਅਤੇ ਹਰ ਸਿੱਖ ਨੂੰ ਸੁਮੇਧ ਦੇ ਕਿਰਦਾਰ ਬਾਰੇ ਪਤਾ ਹੈ, ਪਰ ਇਸਦੇ ਬਾਵਜੂਦ ਵੀ ਹਾਲੇ ਤੱਕ ਕੋਈ ਵੀ ਉਸਨੂੰ ਕਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਵਿੱਚ ਸਫਲ ਨਹੀ ਹੋ ਸਕਿਆ।

ਜਦੋਂ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਤਾਂ, 1994 ਵਾਲੇ ਤੀਹਰੇ ਕਤਲ ਕਾਂਡ ਕਰਕੇ ਭਾਰਤੀ ਗ੍ਰਹਿ ਵਜ਼ਾਰਤ ਨੇ ਇਸਨੂੰ ਨੌਕਰੀ ਤੋਂ ਮੁਅੱਤਲ ਕਰਨ ਦਾ ਫੈਸਲਾ ਕਰ ਲਿਆ ਸੀ। ਪਰ ਪਤਾ ਨਹੀ ਇਸਨੇ ਕੀ ਜੁਗਾੜ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ, ਡਾਕਟਰ ਮਨਮੋਹਣ ਸਿੰਘ ਨੂੰ ਨਿੱਜੀ ਤੌਰ ਤੇ ਮਿਲਕੇ ਇਸਦੀ ਮੁਅੱਤਲੀ ਰੁਕਵਾਉਣ ਵਿੱਚ ਸਹਾਈ ਹੋਏ। ਉਸੇ ਅਮਰਿੰਦਰ ਸਿੰਘ ਨੂੰ ਇਸ ਅਫਸਰ ਨੇ ਕਈ ਕੇਸਾਂ ਵਿੱਚ ਫਸਾਇਆ ਅਤੇ ਫਿਰ ਇਹ ਬਾਦਲਾਂ ਦਾ ਚਹੇਤਾ ਬਣ ਗਿਆ। ਬਾਦਲ ਸਰਕਾਰ ਨੇ ਕਰੋੜਾਂ ਰੁਪਏ ਦੇ ਵਕੀਲ ਕਰਕੇ ਇਸਨੂੰ ਸੁਪਰੀਮ ਕੋਰਟ ਵਿੱਚੋਂ ਬਚਾ ਲਿਆਂਦਾ ਅਤੇ ਪੰਜਾਬ ਪੁਲਸ ਦਾ ਮੁਖੀ ਬਣਾ ਦਿੱਤਾ ਜਿਸਦਾ ਫਾਇਦਾ ਉਠਾ ਕੇ ਇਸਨੇ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਦਾ ਯਤਨ ਕੀਤਾ।

ਵੈਸੇ ਤਾਂ ਇਹ ਕੋਈ ਕੇਸ ਅਦਾਲਤਾਂ ਵਿੱਚ ਜਾਣ ਹੀ ਨਹੀ ਦੇਂਦਾ ਪਰ ਜੇ ਕਿਤੇ ਕੋਈ ਕੇਸ ਅਦਾਲਤਾਂ ਦੀਆਂ ਬਰੂਹਾਂ ਤੱਕ ਪਹੁੰਚ ਜਾਵੇ ਤਾਂ ਵਿਰੋਧੀ ਵਕੀਲਾਂ, ਗਵਾਹਾਂ ਅਤੇ ਇੱਥੋਂ ਤੱਕ ਜੱਜਾਂ ਨੂੰ ਧਮਕਾਉਣ ਤੱਕ ਚਲਿਆ ਜਾਂਦਾ ਹੈੈ। ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ ਸਾਬਕਾ ਚੀਫ ਜਸਟਿਸ ਤੀਰਥ ਸਿੰਘ ਠਾਕੁਰ ਨੇ ਇਸ ਅਫਸਰ ਤੇ ਵੱਡੇ ਦੋਸ਼ ਲਾਏ ਸਨ ਪਰ ਦੇਸ਼ ਦਾ ਮੁਖ ਜੱਜ ਬਣਦਿਆਂ ਹੀ ਉਸਨੇ ਸੁਮੇਧ ਸੈਣੀ ਕੇਸ ਨੂੰ ਭੁਲਾ ਹੀ ਦਿੱਤਾ।

ਹੁਣ ਬਲਵੰਤ ਸਿੰਘ ਮੁਲਤਾਨੀ ਕੇਸ ਜਿਸ ਪੜਾਅ ਤੇ ਪਹੁੰਚ ਗਿਆ ਹੈ ਉਸ ਵਿੱਚ੍ਵ ਕਨੂੰਨੀ ਤੌਰ ਤੇ ਸੈਣੀ ਦੇ ਬਚਣ ਦੀ ਬਹੁਤ ਘੱਟ ਸੰਭਾਵਨਾ ਹੈ ਪਰ ਹਾਲੇ ਵੀ ਭਾਰਤੀ ਸਿਸਟਮ ਲਗਾਤਾਰ ਉਸਨੂੰ ਬਚਾਉਣ ਦੇ ਯਤਨ ਕਰ ਰਿਹਾ ਹੈੈੈ। ਪੰਜਾਬ ਹਾਈਕੋਰਟ ਨੇ ਉਸਦੀ ਅਗਾਉੂਂ ਜਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ ਅਤੇ ਸਤਿਕਾਰਯੋਗ ਜੱਜ ਸਾਹਿਬ ਨੇ ਸੈਣੀ ਖਿਲਾਫ ਬਹੁਤ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ, ਇਸਦੇ ਬਾਵਜੂਦ ਵੀ ਉਸਨੂੰ ਗਰਿਫਤਾਰ ਕਰਨ ਦੇ ਕੋਈ ਯਤਨ ਨਹੀ ਕੀਤੇ ਜਾ ਰਹੇ।

ਇਸ ਤਰ੍ਹਾਂ ਲਗਦਾ ਹੈ ਕਿ ਭਾਰਤੀ ਸਿਸਟਮ ਵਿੱਚ ਕਈ ਲੋਕ ਕਨੂੰਨ ਤੋਂ ਉਪਰ ਹਨ। ਕਨੂੰਨ ਨੂੰ ਉਹ ਆਪਣੀ ਰਾਖੀ ਲਈ ਵਰਤਦੇ ਹਨ। ਸਿਆਸਤਦਾਨ, ਅਦਾਲਤਾਂ, ਸਰਕਾਰਾਂ ਅਤੇ ਪੁਲਸ ਦੀ ਸੁਰੱਖਿਆ ਸਭ ਕੁਝ ਉਨ੍ਹਾਂ ਦੀ ਰਾਖੀ ਲਈ ਹੀ ਹੁੰਦੇ ਹਨ। ਆਪਣੀ ਇਸ ਆਕੜ ਦਾ ਫਾਇਦਾ ਉਠਾਕੇ ਅਜਿਹੇ ਅਫਸਰ ਫਿਰ ਇਨਸਾਨ ਤੋਂ ਹੈਵਾਨ ਬਣ ਜਾਂਦੇ ਹਨ। ਜੋ ਕਿਸੇ ਨੂੰ ਵੀ ਕਤਲ ਕਰ ਦੇਣਾਂ ਆਪਣਾਂ ਫਰਜ ਸਮਝਦੇ ਹਨ।

ਸੁਮੇਧ ਸੈਣੀ ਵੀ ਸਾਡੇ ਸਮਿਆਂ ਦਾ ਅਜਿਹਾ ਅਫਸਰ ਹੈ ਜਿਸਨੇ ਭਾਰਤੀ ਸਿਸਟਮ ਦੇ ਹਰ ਪੁਰਜੇ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਿਆ। ਇੱਥੋਂ ਤੱਕ ਕਿ ਇਨਸਾਫ ਦੇ ਮੰਦਰ ਸੁਪਰੀਮ ਕੋਰਟ ਨੂੰ ਵੀ। ਅੱਜ ਵੀ ਉਹ ਅਦਾਲਤਾਂ ਨੂੰ ਟਿੱਚ ਜਾਣਦਾ ਹੋਇਆ ਲੁਕਿਆ ਬੈਠਾ ਹੈ ਅਤੇ ਆਪਣੀ ਨਵੀਂ ਚਾਲ ਦੀ ਤਾਕ ਵਿੱਚ ਹੈੈੈ।

ਦੇਖਦੇ ਹਾਂ ਕਿ ਅਗਲੇ ਦਿਨਾਂ ਵਿੱਚ ਉਹ ਸਿੱਖਾਂ ਨੂੰ ਕਿਵੇਂ ਮਾਤ ਦੇਂਦਾ ਹੈੈੈ।