ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਦੇ ਮਨਾਂ ਅੰਦਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਲੈ ਕੇ ਅੱਜ ਵੀ ਕਈ ਪ੍ਰਕਾਰ ਦੇ ਚਰਚੇ ਚੱਲ ਰਹੇ ਹਨ। ਸਿੱਖ ਕੌਮ ਅੰਦਰ ਇਸ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਜੋ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਜੁੜੀ ਹੋਈ ਹੈ, ਕਾਫੀ ਰੋਸ ਦਿਖਾਈ ਦੇ ਰਿਹਾ ਹੈ। ਇਸਦਾ ਪ੍ਰਛਾਵਾਂ ੧੯ ਸਤੰਬਰ ਨੂੰ ਹੋਣ ਜਾ ਰਹੀਆਂ ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਉੱਪਰ ਸਾਫ ਦਿਖਾਈ ਦੇ ਰਿਹਾ ਹੈ। ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਬਹੁਤ ਲੋਕ ਖਾਸ ਕਰਕੇ ਸਿੱਖ ਇਸ ਪਾਰਟੀ ਦੇ ਵੱਲੋਂ ਚੋਣਾਂ ਵਿੱਚ ਖੜਨਾ ਚਾਹੁੰਦੇ ਹਨ ਪਰ ਦੂਜੇ ਪਾਸੇ ਦੋ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਆਪ ਹਨ। ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਸਿੱਖ ਕੌਮ ਦੀ ਪ੍ਰਮੁੱਖ ਨੁਮਾਇੰਦਾ ਜਮਾਤ ਸਮਝਦੀ ਹੈ, ਜਿਸਨੇ ਲੰਮਾਂ ਸਮਾਂ ਪੰਜਾਬ ਤੇ ਰਾਜ ਵੀ ਕੀਤਾ ਹੈ। ਇਸ ਪਾਰਟੀ ਦੇ ਉਮੀਦਵਾਰ ਵਜੋਂ ਚੋਣਾਂ ਲੜਨ ਲਈ ਲੋਕ ਕੰਨੀ ਕਤਰਾ ਰਹੇ ਹਨ। ਇਸ ਕਰਕੇ ਬਹੁਤੀਆਂ ਥਾਵਾਂ ਤੇ ਜਾ ਤਾਂ ਕਮਜ਼ੋਰ ਉਮੀਦਵਾਰ ਸਾਹਮਣੇ ਆਏ ਹਨ ਜਾਂ ਪਾਰਟੀ ਨੂੰ ਉਮੀਦਰਵਾਰ ਮਿਲ ਹੀ ਨਹੀਂ ਰਿਹਾ। ਇਸੇ ਤਰਾਂ ਮੁੱਖ ਵਿਰੋਧੀ ਰਾਜਨੀਤਿਕ ਆਮ ਆਦਮੀ ਪਾਰਟੀ ਵੱਲੋਂ ਆਪਣੀ ਅੰਦਰੂਨੀ ਫੁੱਟ ਕਰਕੇ ਇੰਨਾ ਚੋਣਾਂ ਪ੍ਰਤੀ ਵਧੇਰੇ ਰੁਚੀ ਨਹੀਂ ਦਿਖਾਈ ਜਾ ਰਹੀ ਹੈ। ਬਹੁਤੀਆਂ ਥਾਵਾਂ ਤੇ ਸੱਤਾਧਾਰੀ ਕਾਂਗਰਸ ਪਾਰਟੀ ਨੇ ਆਪਣੀ ਤਾਕਤ ਦੀ ਵਰਤੋਂ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਅਤੇ ਕਈ ਥਾਵਾਂ ਤੇ ਗੋਲੀ ਵੀ ਚੱਲੀ ਹੈ। ਮੁੱਖ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਇੰਨਾ ਚੋਣਾਂ ਪ੍ਰਤੀ ਉਤਸ਼ਾਹ ਬਹੁਤ ਮੱਧਮ ਨਜ਼ਰ ਆ ਰਿਹਾ ਹੈ ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਅਕਾਲੀ ਪਾਰਟੀ ਦੇ ਰਾਜਕਾਲ ਦੌਰਾਨ ਹੋਈ ਗੁਰੂ ਸਾਹਿਬ ਦੀ ਬੇਅਦਬੀ ਦੀ ਰਿਪੋਰਟ ਦੇ ਸਾਹਮਣੇ ਆਉਣ ਨਾਲ ਇਸ ਪਾਰਟੀ ਦੇ ਵਰਕਰਾਂ ਵਿੱਚ ਬੇਹੱਦ ਨਮੋਸ਼ੀ ਛਾਈ ਹੋਈ ਹੈ। ਜਿਸ ਕਹਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਵਿੱਚ ਇੰਨਾ ਚੋਣਾਂ ਪ੍ਰਤੀ ਕਾਫੀ ਹੱਦ ਤੱਕ ਬੇਰੁੱਖੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਮੁੱਖ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਉਸਦੇ ਰੋਸ ਵਜੋਂ ਬੈਠੀਆਂ ਸੰਗਤਾਂ ਤੇ ਜੋ ਗੋਲੀ ਚੱਲੀ ਸੀ, ਵਾਲੀ ਘਟਨਾ ਨੂੰ ਲੈ ਕੇ ਕਿਸੇ ਤੇ ਸਿੱਧੇ ਰੂਪ ਵਿੱਚ ਇਲਜਾਮ ਲਗਾਉਣ ਤੋਂ ਗੁਰੇਜ਼ ਕੀਤਾ ਹੈ, ਹਾਂ ਇਹ ਜਰੂਰ ਹੈ ਕਿ ਹੇਠਲੇ ਕੁਝ ਪੁਲੀਸ ਅਫਸਰਾਂ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਚੱਲੀ ਗੋਲੀ ਦੀ ਘਟਨਾ ਨੂੰ ਲੈ ਕੇ ਉਨਾਂ ਦਾ ਨਾਮ ਲੈ ਕੇ ਉਨਾਂ ਦੀ ਭੂਮਿਕਾ ਦੇ ਸੰਕੇਤ ਜਰੂਰ ਦਿਤੇ ਹਨ। ਜਿਥੋਂ ਤੱਕ ਉਸ ਸਮੇਂ ਦੀ ਸੱਤਾ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ ਸਿੰਘ ਬਾਦਲ ਦਾ ਸਵਾਲ ਹੈ ਅਤੇ ਉਨਾਂ ਦੀ ਇਸ ਵਾਕਿਆ ਪ੍ਰਤੀ ਜੋ ਭੂਮਿਕਾ ਹੈ, ਉਸ ਬਾਰੇ ਸਿੱਧੇ ਰੂਪ ਵਿੱਚ ਸੰਕੇਤ ਨਹੀਂ ਦਿੱਤੇ ਸਗੋਂ ਖਾਨਾਪੂਰਤੀ ਰਾਹੀਂ ਇਸ ਰਿਪੋਰਟ ਵਿੱਚ ਖਦਸ਼ਾ ਹੀ ਜ਼ਾਹਰ ਕੀਤਾ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਇਸ ਸਾਰੇ ਘਟਨਾ ਕ੍ਰਮ ਪਿਛੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਰਾਜਸੀ ਮਨੋਰਥ ਛਿਪਿਆ ਹੋਇਆ ਹੈ। ਇਸੇ ਮੁੱਦੇ ਨੂੰ ਲੈ ਕੇ ਸੱਤਾਧਾਰੀ ਪਾਰਟੀ ਕਾਂਗਰਸ ਦੇ ਕੁਝ ਮੈਂਬਰ ਤਿਖੀਆਂ ਸੁਰਾਂ ਵਿੱਚ ਸ੍ਰ. ਬਾਦਲ ਨੂੰ ਮੁੱਖ ਦੋਸ਼ੀ ਐਲਾਲਣ ਦੀ ਕੋਸ਼ਿਸ ਕਰ ਰਹੇ ਹਨ। ਦੂਜੇ ਪਾਸੇ ਇਸ ਰਿਪੋਰਟ ਦੇ ਖੁਲਾਸੇ ਤੋਂ ਬਾਅਦ ਜੋ ਹਕੀਕਤ ਸਾਹਮਣੇ ਆਈ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਕਿਧਰੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਜੋ ਉਸ ਸਮੇਂ ਉਪ ਮੁੱਖ ਮੰਤਰੀ ਸਨ ਅਤੇ ਪੰਜਾਬ ਦੀ ਪੂਰੀ ਕਾਨੂੰਨ ਵਿਵਸਥਾ ਦਾ ਕਾਰਜ ਵੀ ਇੰਨਾ ਦੀ ਹੀ ਜਿੰਮੇਵਾਰੀ ਸੀ। ਉਨਾਂ ਬਾਰੇ ਕੋਈ ਸ਼ੰਕਾ ਜ਼ਾਹਰ ਹੀ ਨਹੀਂ ਕੀਤੀ ਗਈ। ਹੁਣ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਵੱਲੋਂ ਇਸ ਸਾਰੇ ਘਟਨਾਕ੍ਰਮ ਨੂੰ ਸਮੇਟਣ ਲਈ ਭਾਵੇਂ ਇੱਕ ਪੁਲੀਸ ਦੀ ਵਿਸ਼ੇਸ ਟੀਮ ਦਾ ਗਠਨ ਕਰ ਦਿਤਾ ਹੈ ਤੇ ਨਾਲ ਹੀ ਉਨਾਂ ਨੇ ਜਨਤਕ ਰੂਪ ਵਿੱਚ ਇਹ ਵੀ ਕਿਹਾ ਹੈ ਕਿ ਇਸ ਘਟਨਾਕ੍ਰਮ ਪਿੱਛੇ ਸਿੱਧੇ ਰੂਪ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਸਾਹਮਣੇ ਆਉਣ ਦੇ ਸੰਕੇਤ ਮਿਲ ਰਹੇ ਹਨ। ਜਿਸ ਕਾਰਨ ਇਸ ਸਾਰੇ ਪ੍ਰਤੀਕ੍ਰਮ ਬਾਰੇ ਲੋਕਾਂ ਵਿੱਚ ਭੰਬਲਭੂਸਾ ਹੀ ਪੈ ਗਿਆ ਹੈ। ਕਿਉਂਕਿ ਸਾਢੇ ਤਿੰਨ ਪਹਿਲਾਂ ਵਾਪਰੇ ਇਸ ਘਟਨਾਕ੍ਰਮ ਬਾਰੇ ਕਿਸੇ ਰਿਪੋਰਟ ਜਾਂ ਪੁਲੀਸ ਜਾਂਚ ਵਿੱਚ ਇਸ ਤਰਾਂ ਦਾ ਜ਼ਿਕਰ ਸਾਹਮਣੇ ਨਹੀਂ ਆਇਆ। ਭਾਵੇਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਹੀ ਇਸ ਬਾਰੇ ਰੌਲਾ ਪਾ ਰਿਹਾ ਹੈ ਤਾਂ ਜੋ ਕਿਸੇ ਨਾ ਕਿਸੇ ਰੂਪ ਵਿੱਚ ਇਸ ਘਟਨਾਕ੍ਰਮ ਨੂੰ ਆਪਣੇ ਗਲੋਂ ਲਾਹ ਕੇ ਅੱਤਵਾਦ ਦੀ ਘਟਨਾ ਨਾਲ ਜੋੜ ਹਵਾ ਵਿੱਚ ਹੀ ਗੁਆ ਦਿੱਤਾ ਜਾਵੇ। ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਮੁੱਖ ਲੀਡਰਸ਼ਿਪ ਨੇ ਪੂਰੀ ਵਾਹ ਲਾਈ ਹੈ ਕਿ ਸਿੱਖ ਮਨਾਂ ਅੰਦਰ ਜੋ ਅਕਾਲੀ ਦਲ ਪ੍ਰਤੀ ਰੋਸ ਹੈ ਉਸਨੂੰ ਨਾ ਸਵੀਕਾਰਦਿਆਂ ਹੋਇਆ ਆਪਣੀ ਹੈਂਕੜਬਾਜੀ ਰਾਹੀਂ ਜਨਤਕ ਰੂਪ ਵਿੱਚ ਕਿਸੇ ਤਰਾਂ ਨਾਲ ਵੀ ਆਪਣੀ ਇਸ ਭੂਮਿਕਾਂ ਤੋਂ ਸਾਫ ਰੂਪ ਵਿੱਚ ਮੁਨਕਰ ਦਿਖਾਈ ਦੇ ਰਹੇ ਹਨ। ਇਹ ਇੱਕ ਤਰਾਂ ਨਾਲ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਕਾਰਜ਼ ਪ੍ਰਣਾਲੀ ਤੇ ਸਵਾਲੀਆਂ ਚਿੰਨ ਲਗਾ ਰਹੀ ਹੈ।

ਦੂਜੇ ਪਾਸੇ ਇਸ ਘਟਨਾਕ੍ਰਮ ਦੇ ਰੌਲੇ ਰੱਪੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪੁਲੀਸ ਮੁਖੀ ਦੀ ਸਲਾਹ ਨਾਲ ਅਣਗਿਣਤ ਬੇਗੁਨਾਹ ਸਿੱਖ ਨੌਜਵਾਨਾਂ ਦੇ ਮੰਨੇ ਜਾਂਦੇ ਕਾਤਲ ਪੁਲੀਸ ਅਧਿਕਾਰੀਆਂ ਲਈ ਆਮ ਮੁਆਫੀਨਾਮਾ ਤਿਆਰ ਕੀਤਾ ਜਾ ਰਿਹਾ ਹੈ। ਇਸਨੂੰ ਲੈ ਕੇ ਖੁਦ ਮੁੱਖ ਮੰਤਰੀ ਭਾਰਤ ਦੇ ਗ੍ਰਹਿ ਮੰਤਰੀ ਦੇ ਦਰ ਤੇ ਗਏ ਹਨ ਤੇ ਉਨਾਂ ਨੂੰ ਅਰਜੀ ਦਿੱਤੀ ਹੈ ਕਿ ਦੇਸ਼ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖ ਕੇ ਇੰਨਾਂ ਦੋਸ਼ੀ ਪੁਲੀਸ ਮੁਲਾਜ਼ਮਾਂ ਨੂੰ ਭਾਰਤ ਸਰਕਾਰ ਵੱਲੋਂ ਆਮ ਮੁਆਫੀਨਾਮਾ ਦਿੱਤਾ ਜਾਵੇ, ਤਾਂ ਜੋ ਪੰਜਾਬ ਵਿੱਚ ਜੋ ਸਰਕਾਰੀ ਅਤਿਆਚਾਰ ਤੇ ਜਬਰ ਜੁਲਮ ਸਿੱਖ ਨੌਜਵਾਨੀ ਦੇ ਸੰਘਰਸ਼ ਨੂੰ ਦਬਾਉਣ ਲਈ ਚਲਿਆ ਕਹਿਰ ਸੀ ਉਨਾਂ ਕਾਲੇ ਇਤਿਹਾਸ ਦੇ ਪੰਨਿਆ ਨੂੰ ਸਦਾ ਲਈ ਦਬਾ ਦਿੱੱਤਾ ਜਾਵੇ। ਇਸ ਸਾਰੇ ਬੇਅਦਬੀ ਘਟਨਾ-ਕ੍ਰਮ ਦਾ ਹਰ ਇੱਕ ਰੂਪ ਵਿੱਚ ਆਪਣਾ ਸਿਆਸੀ ਮਨੋਰਥ ਹੋਣ ਵਾਲੀਆਂ ਚੋਣਾਂ ਰਾਹੀਂ ਪੂਰਾ ਕੀਤਾ ਜਾਵੇ ਤੇ ਉਸ ਰਾਹੀਂ ਇਹ ਸਾਬਿਤ ਕੀਤਾ ਜਾਵੇ ਕਿ ਕਾਂਗਰਸ ਪਾਰਟੀ ਨੇ ਇਸ ਬੇਅਦਬੀ ਦੇ ਘਟਨਾਕ੍ਰਮ ਰਾਹੀਂ ਆਪਣੀ ਪਾਰਟੀ ਤੇ ਲਗਿਆ ਕਲੰਕ ਜੋ ਸਿੱਖ ਕੌਮ ਨੂੰ ਤਹਿਸ਼-ਨਹਿਸ਼ ਕਰਨ ਕਾਰਨ ਲੱਗਿਆ ਸੀ, ਉਸਨੂੰ ਸਦਾ ਲਈ ਧੋ ਦਿੱਤਾ ਜਾਵੇ। ਇਸ ਸਾਰੀ ਰਾਜਨੀਤਿਕ ਖੇਡ ਕਾਰਨ ਸਿੱਖਾਂ ਦੀਆਂ ਪੰਥਕ ਸਫਾਂ ਵੀ ਪੂਰੀ ਤਰਾਂ ਬੇਧਿਆਨੀਆਂ ਹਨ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ, ਜੋ ਲੋਕ ਵਿਦਰੋਹ ਪੈਦਾ ਹੋਇਆ ਹੈ ਉਸਦੇ ਵਿਰੋਧ ਵਿੱਚ ਵਧੇਰੇ ਬੁਲੰਦ ਅਵਾਜ ਰਾਹੀਂ ਉਸ ਵਿਦਰੋਹ ਨੂੰ ਦਬਾਉਣ ਲਈ ਪੂਰੀ ਵਾਹ ਲਾ ਰਿਹਾ ਹੈ ਤੇ ਕਾਂਗਰਸ ਦੀ ਵੱਡੀ ਰਾਜਨੀਤਿਕ ਖੇਡ ਜੋ ਪੁਲੀਸ ਅਧਿਕਾਰੀਆਂ ਨੂੰ ਨਿਰਦੋਸ਼ ਕਰਾਰ ਦੇਣ ਲਈ ਰਚੀ ਜਾ ਰਹੀ ਹੈ, ਉਸਤੋਂ ਨਿਰਲੇਪ ਹੋਇਆ ਦਿਖਾਈ ਦੇ ਰਿਹਾ ਹੈ।