ਸਿੱਖ ਕੌਮ ਤੇ ਇਤਿਹਾਸ ਵਿੱਚ ਵੱਡੀਆਂ ਭੀੜਾਂ ਪਈਆਂ ਹਨ। ਕੌਮ ਦਾ ਸਮੁੱਚਾ ਇਤਿਹਾਸ ਅਜਿਹੇ ਸੰਕਟਮਈ ਸਮਿਆਂ ਨਾਲ ਭਰਿਆ ਪਿਆ ਹੈ ਜਦੋਂ ਗੁਰੂ ਸਾਹਿਬ ਦੇ ਸਿੰਘ, ਸਿੰਘਣੀਆਂ ਅਤੇ ਬੱਚਿਆਂ ਨੂੰ ਬਹੁਤ ਦੁਖ ਸਹਾਰਨੇ ਪਏ ਸਨ। ਹਰ ਰੋਜ਼ ਅਰਦਾਸ ਵੇਲੇ ਖਾਲਸਾ ਪੰਥ ਉਨ੍ਹਾਂ ਮਹਾਨ ਸ਼ਹੀਦਾਂ ਅਤੇ ਸਿਦਕੀ ਸਿੰਘਾਂ-ਸਿੰਘਣੀਆਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਖਾਲਸਾ ਪੰਥ ਲਈ ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਵਾਏ ਅਤੇ ਬੱਚਿਆਂ ਦੇ ਟੋਟੇ ਕਰਵਾਕੇ ਗਲਾਂ ਵਿੱਚ ਹਾਰ ਪਵਾਏ।

ਵੀਹਵੀਂ ਸਦੀ ਦੇ ਇਤਿਹਾਸ ਵਿੱਚ ਵੀ ਸਿੱਖ ਕੌਮ ਨੂੰ ਅਜਿਹੇ ਸੰਕਟ ਦਾ ਸਾਹਮਣਾਂ ਕਰਨਾ ਪਿਆ ਜਦੋਂ ਕੌਮ ਦੀ ਇੱਕ ਪੀੜ੍ਹੀ ਦੇ ਸਿਰਾਂ ਦੇ ਮੁੱਲ ਪਾਏ ਗਏ।ਬੰੰਦ ਬੰਦ ਕੱਟੇ ਗਏ ਅਤੇ ਬੇਤਹਾਸ਼ਾ ਤਸ਼ੱਦਦ ਤੋਂ ਬਾਅਦ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪੁਰਾਤਨ ਅਤੇ ਵਰਤਮਾਨ ਇਤਿਹਾਸ ਦੇ ਉਨ੍ਹਾਂ ਸਮੂਹ ਸਿੰਘਾਂ-ਸਿੰਘਣੀਆਂ ਨੂੰ ਖਾਲਸਾ ਪੰਥ ਨਤਮਸਤਕ ਹੁੰਦਾ ਰਹੇਗਾ ਜਿਨ੍ਹਾਂ ਨੇ ਆਪਣਾਂ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ।

ਭਾਰਤ ਵਿੱਚ ਇਸ ਵੇਲੇ ਜਿਸ ਕਿਸਮ ਦੀ ਸਿਆਸੀ ਸਥਿਤੀ ਬਣ-ਉਸਰ ਰਹੀ ਹੂ ਉਸ ਨੂੰ ਦੇਖਦਿਆਂ ਕੌਮ ਦੀ ਚਿੰਤਾ ਕਰਨ ਵਾਲੇ ਬਹੁਤ ਸਾਰੇ ਦਾਨਿਸ਼ਵਰਾਂ ਨੇ ਇਹ ਸੋਚਣਾਂ ਸ਼ੁਰੂ ਕਰ ਦਿੱਤਾ ਹੈ ਕਿ ਸਿੱਖ ਕੌਮ ਨੂੰ ਭਵਿੱਖ ਵਿੱਚ ਇੱਕ ਵਾਰ ਫਿਰ ਕਿਸੇ ਵੱਡੇ ਸੰਕਟ ਨਾਲ ਜੂਝਣਾਂ ਪੈ ਸਕਦਾ ਹੈੈ। ਇਨ੍ਹਾਂ ਦਾਨਿਸ਼ਵਰਾਂ ਦਾ ਕਹਿਣਾਂ ਹੈ ਕਿ, ਸੱਤਾ ਵਿੱਚ ਆਏ ਸਿਆਸੀ ਗੁੱਟ ਨੇ ਜਿਸ ਤਰ੍ਹਾਂ ਜਮਹੂਰੀਅਤ ਦੇ ਸਾਰੇ ਘੁੰਡ ਲਾਹ ਕੇ ਨੰਗੇ ਚਿੱਟੇ ਰੂਪ ਵਿੱਚ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣਾਂ ਅਰੰਭ ਕਰ ਦਿੱਤਾ ਹੈ ਉਸ ਨਾਲ ਬਹੁਤ ਜਲਦ ਸਿੱਖ ਕੌਮ ਲਈ ਸੰਕਟਮਈ ਸਥਿਤੀ ਪੈਦਾ ਹੋ ਸਕਦੀ ਹੈੈ।

ਇਨ੍ਹਾਂ ਦਾਨਿਸ਼ਵਰਾਂ ਦਾ ਕਹਿਣਾਂ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਰਾਜਨੀਤੀ ਵਿੱਚ ਵਿਚਰ ਰਹੀਆਂ ਸਿਆਸੀ ਪਾਰਟੀਆਂ ਜਮਹੂਰੀਅਤ ਦਾ ਓਹਲਾ ਕਰਕੇ ਕਈ ਵਾਰ ਨਰਮ ਰੁਖ ਅਖਤਿਆਰ ਕਰ ਜਾਂਦੀਆਂ ਸਨ ਪਰ ਹੁਣ ਇਸ ਨਵੇਂ ਗੁੱਟ ਨੇ ਸ਼ਪਸ਼ਟ ਰੂਪ ਵਿੱਚ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਅਪਨਾਉਣਾਂ ਅਰੰਭ ਕਰ ਦਿੱਤਾ ਹੈੈ। ਪਹਿਲਾਂ ਜੋ ਖਤਰੇ ਜਾਂ ਖਦਸ਼ੇ ਹੁੰਦੇ ਸਨ ਉਹ ਹੁਣ ਅਸਲੀਅਤ ਵਿੱਚ ਪਲਟਣ ਲੱਗੇ ਹਨ। ਇਸ ਨਵੀਂ ਸਿਆਸੀ ਸਥਿਤੀ ਦਾ ਸਭ ਤੋਂ ਗੰਭੀਰ ਖਤਰਾ ਪੰਜਾਬ ਲਈ ਹੋ ਸਕਦਾ ਹੈੈ।

ਦੱਖਣੀ ਏਸ਼ੀਆ ਵਿੱਚ ਪੰਜਾਬ ਇੱਕ ਅਜਿਹੇ ਮਹੱਤਵਪੂਰਨ ਖਿੱਤੇ ਦੇ ਤੌਰ ਤੇ ਉਭਰ ਰਿਹਾ ਹੈ ਜਿਸ ਲਈ ਭਵਿੱਖ ਵਿੱਚ ਬਹੁਤ ਸਾਰੀ ਕਸ਼ਮਕਸ਼ ਹੋ ਸਕਦੀ ਹੈੈ। ਕੇਂਦਰੀ ਏਸ਼ੀਆ ਦੇ ਬਣਨ ਜਾ ਰਹੇ ਵਪਾਰਕ ਲਾਂਘੇ ਦੇ ਨਾਲ ਨਾਲ ਪੰਜਾਬ ਭਵਿੱਖ ਦੀ ਕੌਮਾਂਤਰੀ ਸਿਆਸਤ ਦੇ ਵੀ ਇੱਕ ਵੱਡੇ ਕੇਂਦਰ ਵੱਜੋਂ ਉਭਰ ਸਕਦਾ ਹੈੈ। ਇਸ ਲਈ ਹੋ ਸਕਦਾ ਹੈ ਕਿ ਭਵਿੱਖ ਦੇ ਔਰੰਗੇ ਅਤੇ ਨਾਦਰ ਮੁੜ ਤੋਂ ਪੰਜਾਬ ਨੂੰ ਆਪਣੇ ਘੋੜਿਆਂ ਦੀਆਂ ਪੌੜਾਂ ਨਾਲ ਰੌਂਦ ਦੇਣ ਦਾ ਯਤਨ ਕਰਨ।

ਅੰਦਰੂਨੀ ਤੌਰ ਤੇ ਭਾਰਤ ਵਿੱਚ ਜੋ ਮਹੌਲ ਬਣ ਰਿਹਾ ਹੈ ਅਤੇ ਜਿਵੇਂ ਬਹੁ-ਗਿਣਤੀ ਸਿੱਖ ਵਿਰੋਧੀ ਨਫਰਤ ਨਾਲ ਉਬਲਣ ਲੱਗੀ ਹੈੈ। ਜਿਵੇਂ ਪਿਛਲੇ 6 ਮਹੀਨਿਆਂ ਤੋਂ ਪੰਜਾਬ ਤੋਂ ਬਾਹਰ ਸਿੱਖਾਂ ਤੇ ਸਰੀਰਕ ਹਮਲੇ ਵਧਣ ਲੱਗੇ ਹਨ ਉਸ ਤੋਂ ਲਗਦਾ ਹੈ ਕਿ ਸਿੱਖਾਂ ਦੇ ਦਿੱਸਹੱਦਿਆਂ ਤੇ ਵਕਤ ਦੀਆਂ ਕਾਲੀਆਂ ਘਟਾਵਾਂ ਫਿਰ ਤੋਂ ਛਾ ਸਕਦੀਆਂ ਹਨ। ਪਿਛਲੇ ਦਿਨੀ ਦੇਸ਼ ਦੀ ਰਾਜਧਾਨੀ ਵਿੱਚ ਵਕਤ ਦੇ ਹਾਕਮਾਂ ਦੀ ਪੁਲਿਸ ਨੇ ਜਿਵੇਂ ਆਪਣੀ ਸਿੱਖ ਵਿਰੋਧੀ ਨਫਰਤ ਦਾ ਮੁਜਾਹਰਾ ਕੀਤਾ ਹੈ ਉਸ ਤੋਂ ਇਹ ਸੰਕੇਤ ਮਿਲਦੇ ਹਨ ਕਿ ਨਸਲਕੁਸ਼ੀ ਦੇ ਅੰਸ਼ ਦਿਲ ਵਿੱਚ ਸਾਂਭੀ ਬੈਠੀ ਬਹੁ-ਗਿਣਤੀ ਹੁਣ ਆਪਣੀ ਨਫਰਤ ਉਗਲਣ ਲਈ ਬਹੁਤਾ ਸਮਾਂ ਨਹੀ ਲਵੇਗੀ।

ਇਸ ਹਾਲਤ ਵਿੱਚ ਕੌਮ ਦੇ ਦਾਨਿਸ਼ਵਰ ਅਤੇ ਸੂਝਵਾਨ ਹਿੱਸਿਆਂ ਨੂੰ ਸੁਚੇਤ ਅਤੇ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਬਹੁ-ਗਿਣਤੀ ਦਾ ਵੱਡਾ ਹਿੱਸਾ ਪਹਿਲੋਂ ਹੀ, ਸਿਊਂਕ ਸਮਝੀਆਂ ਜਾਂਦੀਆਂ ਘੱਟ-ਗਿਣਤੀਆਂ ਦੇ ਸਫਾਏ ਦੀ ਸਹਿਮਤੀ ਦੇਈ ਬੈਠਾ ਹੈੈ। ਮੀਡੀਆ ਅਦਾਲਤਾਂ ਅਤੇ ਹੋਰ ਸੰਸਥਾਵਾਂ ਪਹਿਲੋਂ ਹੀ ਸਿੱਖਾਂ ਦੀ ਗੱਲ ਸੁਣਨ ਲਈ ਤਿਆਰ ਨਹੀ ਹਨ।

ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਕੌਮ ਨੂੰ ਹੁਣ ਕਿਸੇ ਹੋਰ ਵੱਡੇ ਸੰਕਟ ਵਿੱਚ ਨਾ ਪੈਣ ਦੇਣ ਤਾਂ ਕਿ ਕੌਮ ਆਪਣੇ ਗੁਰੂ ਸਾਹਿਬ ਦੇ ਚਰਨਾ ਵਿੱਚ ਜੁੜ ਕੇ ਆਪਣੇ ਭਵਿੱਖ ਬਾਰੇ ਸੋਚ ਸਕੇ।