ਸਿੱਖ ਰਾਜਨੀਤੀ ਦੇ ਸੁਚੇਤ ਵਿਦਿਆਰਥੀ ਅਕਸਰ ਇਹ ਮਿਹਣਾਂ ਮਾਰਦੇ ਹਨ ਕਿ ਪੰਜਾਬ ਦੇ ਸਿੱਖ ਆਪਣੀ ਕੌਮੀ ਪਹਿਚਾਣ ਤੋਂ ਜਾਣਬੁੱਝ ਕੇ ਦੂਰ ਹੁੰਦੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾਂ ਹੈ ਕਿ ਸਿੱਖ ਜੋ ਮਾਨਸਕ ਤਸ਼ੱਦਦ ਭੋਗ ਰਹੇ ਹਨ ਉਸਦਾ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਕੌਮੀ ਇੱਕਜੁੱਟਤਾ ਵਿੱਚ ਕਮਜੋਰੀ ਆ ਗਈ ਹੋਈ ਹੈ। ਵਿਦਵਾਨ ਇਹ ਵੀ ਆਖਦੇ ਹਨ ਕਿ ਪੰਜਾਬ ਦੇ ਸਿੱਖ ਜਾਂ ਤਾਂ ਬਾਦਲ ਦੇ ਸਿੱਖ ਬਣ ਗਏ ਹਨ ਜਾਂ ਫਿਰ ਕਾਂਗਰਸ ਦੇ ਸਿੱਖ। ਜਦੋਂ ਉਹ ਰਾਜਸ਼ਕਤੀ ਦੀ ਚੋਣ ਕਰ ਰਹੇ ਹੁੰਦੇ ਹਨ ਉਸ ਵੇਲੇ ਉਨ੍ਹਾਂ ਵਿੱਚੋਂ ਆਪਣੀ ਕੌਮੀ ਪਹਿਚਾਣ ਗਵਾਚ ਜਾਂਦੀ ਹੈ। ਉਹ ਧੜਿਆਂ ਦਾ ਸ਼ਿਕਾਰ ਹੋਕੇ ਆਪਣੀ ਕੌਮੀ ਰੀਝ ਅਤੇ ਕੌਮੀ ਇੱਛਾ ਦਾ ਕਤਲ ਕਰ ਲੈਂਦੇ ਹਨ। ਵੋਟਾਂ ਪਾਉਣ ਵੇਲੇ ਉਹ ਇਸ ਤਰ੍ਹਾਂ ਵੰਡੇ ਜਾਂਦੇ ਹਨ ਜਿਵੇਂ ਇੱਕ ਗੁਰੂ ਦੇ ਨਾਦੀ ਪੁੱਤਰ ਨਾ ਹੋਣ ਬਲਕਿ ਸਦੀਵੀ ਦੁਸ਼ਮਣ ਹੋਣ ਜਿਨ੍ਹਾਂ ਦੇ ਸਾਰੇ ਸਰੋਕਾਰ ਅਤੇ ਲੋੜਾਂ ਵੱਖਰੀਆਂ ਹਨ।

ਪਰ ਵਰਤਮਾਨ ਸਮੇਂ ਪੰਜਾਬ ਵਿੱਚ ਜਿਸ ਕਿਸਮ ਦਾ ਮਹੌਲ ਬਣ ਉਸਰ ਰਿਹਾ ਹੈ ਉਸ ਤੇ ਗੰਭੀਰਤਾ ਨਾਲ ਨਜ਼ਰ ਮਾਰਿਆਂ ਕੁਝ ਕੁਝ ਇਹ ਲਗਦਾ ਹੈ ਕਿ ਸਿੱਖਾਂ ਵਿੱਚ ਉਹ ਚੇਤੰਨਤਾ ਉਭਰ ਰਹੀ ਹੈ ਅਤੇ ਸੰਗਠਤ ਹੋ ਰਹੀ ਹੈ ਜਿਸਨੂੰ ਕੌਮੀ ਚੇਤੰਨਤਾ ਆਖਿਆ ਜਾਂਦਾ ਹੈ। ਬੇਸ਼ੱਕ ਇਹ ਹਾਲੇ ਆਪਣੇ ਬਚਪਨੇ ਵਿੱਚ ਹੀ ਹੈ ਪਰ ਇਸਦੇ ਕੁਝ ਲੱਛਣ ਸਾਡੇ ਸਾਹਮਣੇ ਉਸਰਦੇ ਹੋਏ ਨਜ਼ਰ ਆ ਰਹੇ ਹਨ। ਮਾਮਲਾ ਸਿੱਖ ਸਿਆਸੀ ਕੈਦੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਹੈ। ਭਾਈ ਦਵਿੰਦਰਪਾਲ ਸਿੰਘ ਕਾਫੀ ਲੰਬੇ ਸਮੇਂ ਤੋਂ ਭਾਰਤ ਦੀਆਂ ਜੇਲ੍ਹਾਂ ਵਿੱਚ ਹਨ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਭਾਰਤੀ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਬਦਲ ਦਿੱਤੀ ਸੀ। ਦੋ ਸਾਲ ਪਹਿਲਾਂ ਸਿੱਖ ਕੌਮ ਦੀ ਮੰਗ ਤੇ ਭਾਰਤ ਸਰਕਾਰ ਨੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਜਾਰੀ ਕਰ ਦਿੱਤੇ ਸਨ। ਫਿਰ ਕਿਸੇ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਰਿਹਾਈ ਖਿਲਾਫ। ਦੋ ਸਾਲ ਹੋਰ ਲੰਘ ਗਏ। ਪਿਛਲੇ ਸਾਲ ਦਸੰਬਰ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਭਾਈ ਦਵਿੰਦਰਪਾਲ ਸਿੰਘ ਦੀ ਰਿਹਾਈ ਦੇ ਖਿਲਾਫ ਪਾਈ ਪਟੀਸ਼ਨ ਰੱਦ ਕਰ ਦਿੱਤੀ ਸੀ। ਹੁਣ ਸਿਰਫ ਦਿੱਲੀ ਸਰਕਾਰ ਦੀ ਹਰੀ ਝੰਡੀ ਦੀ ਲੋੜ ਸੀ ਉਨ੍ਹਾਂ ਦੀ ਰਿਹਾਈ ਲਈ ਪਰ ਦਿੱਲੀ ਸਰਕਾਰ ਪਿਛਲੇ ਦੋ ਸਾਲਾਂ ਦੌਰਾਨ ਤਿੰਨ ਵਾਰ ਉਨ੍ਹਾਂ ਦੀ ਰਿਹਾਈ ਰੋਕ ਚੁੱਕੀ ਹੈ।

ਹੁਣ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਸਿੱਖਾਂ ਤੋਂ ਵੋਟਾਂ ਮੰਗਣ ਤੁਰੀ ਹੋਈ ਹੈ ਤਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਇੱਕਦਮ ਜੋਰ ਫੜ ਗਿਆ ਹੈ। ਕੌਮ ਦਾ ਇੱਕ ਵੱਡਾ ਹਿੱਸਾ ਆਪਣੀ ਸਜ਼ਾ ਪੂਰੀ ਕਰ ਚੁੱਕੇ ਉਸ ਸਿੰਘ ਦੀ ਪਿੱਠ ਤੇ ਆਣ ਖੜਾ ਹੋਇਆ ਹੈ। ਬਹੁਤ ਦੇਰ ਬਾਅਦ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਚੋਣਾਂ ਦੇ ਮੌਸਮ ਵਿੱਚ ਸਿੱਖਾਂ ਵਿੱਚ ਆਪਣੀ ਕੌਮੀ ਚੇਤੰਨਤਾ ਜਾਗ ਰਹੀ ਹੈ। ਵਰਨਾ ਇਨ੍ਹਾਂ ਦਿਨਾਂ ਵਿੱਚ ਤਾਂ ਉਹ ਵੱਖ ਵੱਖ ਪਾਰਟੀਆਂ ਦੇ ਝੰਡੇ ਚੁੱਕਕੇ ਆਪਣੇ ਹੀ ਸਿੱਖ ਭਰਾਵਾਂ ਖਿਲਾਫ ਭੁਗਤਦੇ ਹੁੰਦੇ ਹਨ। ਕੁਝ ਵਿਦਵਾਨ ਆਖਦੇ ਹਨ ਕਿ ਕੋਈ ਵੀ ਕੌਮ ਜਦੋਂ ਕਿਸੇ ਬਾਹਰੀ ਸੰਕਟ ਦਾ ਸਾਹਮਣਾਂ ਕਰ ਰਹੀ ਹੋਵੇ ਤਾਂ ਉਸ ਦੇ ਅੰਦਰੂਨੀ ਮੱਤਭੇਦ ਖਤਮ ਹੋ ਜਾਂਦੇ ਹਨ ਅਤੇ ਉਹ ਬਾਹਰੀ ਦੁਸ਼ਮਣ ਦੇ ਖਿਲਾਫ ਇੱਕਜੁੱਟ ਹੋ ਜਾਂਦੀ ਹੈ। ਜਦੋਂ ਉਹ ਖਤਰਾ ਟਲ ਜਾਂਦਾ ਹੈ ਤਾਂ ਕੌਮ ਵਿੱਚ ਫਿਰ ਉਹ ਹੀ ਅਲਾਮਤਾਂ ਪਸਰਨ ਲੱਗ ਜਾਂਦੀਆਂ ਹਨ।

ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਸਿੱਖਾਂ ਲਈ ਇੱਕ ਕੌਮੀ ਮਸਲਾ ਬਣ ਗਿਆ ਲਗਦਾ ਹੈ। ਥਾਂ ਥਾਂ ਇਸ ਸਬੰਧੀ ਇਸ਼ਤਿਹਾਰ ਲੱਗ ਰਹੇ ਹਨ। ਸਿੱਖਾਂ ਦੀਆਂ ਪੰਥਕ ਜਥੇਬੰਦੀਆਂ ਪ੍ਰੈਸ ਵਾਰਤਾ ਕਰ ਰਹੀਆਂ ਹਨ, ਦਿੱਲੀ ਅਤੇ ਪੰਜਾਬ ਵਿੱਚ ਇਸ ਰਿਹਾਈ ਲਈ ਮੁਜਾਹਰੇ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਵੱਡੀ ਸਿਆਸੀ ਮੁਹਿੰਮ ਅਰੰਭ ਕਰਨ ਦੇ ਯਤਨ ਤੇਜ਼ ਹੋ ਰਹੇ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿੱਪ ਨੂੰ ਥਾਂ ਥਾਂ ਸੁਆਲ ਹੋਣ ਲੱਗ ਪਏ ਹਨ ਜਿਹੜੇ ਅਗਲੇ ਦਿਨਾਂ ਦੌਰਾਨ ਹੋਰ ਤਿੱਖੇ ਹੋਣਗੇ।

ਭਾਈ ਦਵਿੰਦਰਪਾਲ ਸਿੰਘ ਦੀ ਰਿਹਾਈ ਲਈ ਸ਼ੁਰੂ ਹੋਈ ਮੁਹਿੰਮ ਨੇ ਸਿੱਖਾਂ ਵਿੱਚ ਜੋ ਕੌਮੀ ਚੇਤੰਨਤਾ ਜਗਾਈ ਹੈ ਉਹ ਜੇਕਰ ਅਗਲੇ ਦਿਨਾਂ ਦੌਰਾਨ ਤਿੱਖੀ ਹੋ ਜਾਂਦੀ ਹੈ ਤਾਂ ਇਸ ਨਾਲ ਸਿਰਫ ਆਮ ਆਦਮੀ ਪਾਰਟੀ ਨੂੰ ਹੀ ਸਿਆਸੀ ਨੁਕਸਾਨ ਨਹੀ ਹੋਵੇਗਾ ਬਲਕਿ ਹੋਰ ਪਾਰਟੀਆਂ ਲਈ ਵੀ ਖਤਰੇ ਦੀ ਘੰਟੀ ਵੱਜ ਸਕਦੀ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਹਿੰਦੂ ਵੋਟ ਸੰਗਠਤ ਢੰਗ ਨਾਲ ਪੈਂਦੀ ਹੈ ਅਤੇ ਉਹ ਹਿੰਦੂ ਹਿੱਤਾਂ ਦੀ ਰਾਖੀ ਦੇ ਨਜ਼ਰੀਏ ਤੋਂ ਪਾਈ ਜਾਂਦੀ ਹੈ ਜੇਕਰ ਇਸ ਵਾਰ ਅਤੇ ਹਰ ਵਾਰ ਸਿੱਖ ਵੋਟ ਵੀ ਕੌਮੀ ਨਜ਼ਰੀਏ ਤੋਂ ਪਾਈ ਜਾਣ ਲੱਗੀ ਤਾਂ ਇਹ ਕੌਮ ਵਿੱਚ ਮੁੜ ਤੋਂ ਕੌਮੀ ਜਾਗਰਤੀ ਨੂੰ ਮਜਬੂਤ ਕਰ ਸਕਦੀ ਹੈ। ਇਸ ਹਾਲਤ ਵਿੱਚ ਕਿਸੇ ਹੋਰ ਇੰਦਰਾ ਗਾਂਧੀ ਦੀ ਫਿਰ ਸਿੱਖਾਂ ਤੇ ਹਮਲਾ ਕਰਨ ਦੀ ਜੁਅਰਤ ਨਹੀ ਪਵੇਗੀ।