ਪਿਛਲੇ ਸਮੇਂ ਦੌਰਾਨ ਲਿਖੇ ਗਏ ਆਪਣੇ ਕੁਝ ਲੇਖਾਂ ਵਿੱਚ ਅਸੀਂ ਖਾਲਸਾ ਪੰਥ ਨੂੰ ਇਹ ਗੱਲ ਦ੍ਰਿੜ ਕਰਵਾਉਣ ਦਾ ਯਤਨ ਕੀਤਾ ਸੀ ਕਿ ਸੰਸਾਰ ਤੇ ਵਸਦੀਆਂ ਉਹ ਕੌਮਾਂ ਹੀ ਆਪਣੇ ਭਵਿੱਖ ਨੂੰ ਅਤੇ ਆਪਣੇ ਆਪੇ ਨੂੰ ਬਚਾ ਸਕਦੀਆਂ ਹਨ ਜੋ ਆਪਣੀਆਂ ਰਵਾਇਤਾਂ ਨੂੰ ਕਾਇਮ ਰੱਖਦੀਆਂ ਹਨ, ਆਪਣੇ ਧਰਮ ਗਰੰਥ ਤੇ ਵਿਸ਼ਵਾਸ਼ ਰੱਖਦੀਆਂ ਹਨ, ਆਪਣੀ ਮਾਂ ਬੋਲੀ ਨਾਲ ਗੂੜ੍ਹਾ ਰਿਸ਼ਤਾ ਰੱਖਦੀਆਂ ਹਨ ਅਤੇ ਆਪਣੇ ਸ਼ਹੀਦਾਂ ਦੇ ਪੂਰਨਿਆਂ ਨੂੰ ਨਾ ਕੇਵਲ ਯਾਦ ਕਰਦੀਆਂ ਹਨ ਬਲਕਿ ਉਨ੍ਹਾਂ ਪੂਰਨਿਆਂ ਤੇ ਚੱਲਣ ਦਾ ਯਤਨ ਵੀ ਕਰਦੀਆਂ ਹਨ।

ਛੋਟੇ ਹੁੰਦਿਆਂ ਤੋਂ ਅਸੀਂ ਪੰਜਾਬੀ ਗਾਇਕ ਕੁਲਦੀਪ ਮਾਣਕ ਦਾ ਇੱਕ ਗੀਤ ਸੁਣਦੇ ਆ ਰਹੇ ਹਾਂ-
ਭਾਈ ਮਤੀ ਦਾਸ ਗੁਰੂ ਦਾ ਪਿਆਰਾ ਮੁੱਖੋਂ ਸਤਨਾਮ ਬੋਲਦਾ
ਜਦੋਂ ਚੱਲਦਾ ਸੀ ਸੀਸ ਉਤੇ ਆਰਾ ਮੁੱਖੋਂ ਸਤਨਾਮ ਬੋਲਦਾ।

ਗੀਤ ਦੇ ਬੋਲ ਅਤੇ ਉਸਦਾ ਸ਼ੋਰ ਰਹਿਤ ਸੰਗੀਤ ਹਰ ਸ਼ਰਧਾਵਾਨ ਸਿੱਖ ਦੀ ਸ਼ਖਸ਼ੀਅਤ ਨੂੰ ਟੁੰਬ ਜਾਂਦਾ ਹੈ। ਇਨ੍ਹਾਂ ਬੋਲਾਂ ਵਿੱਚ ਸਿੱਖ ਇਤਿਹਾਸ ਦੇ ਮਹਾਨ ਨਾਇਕ ਦੀ ਲਾਸਾਨੀ ਸ਼ਹਾਦਤ ਦੀ ਅਦੁੱਤੀ ਘਟਨਾ ਦਾ ਇਤਿਹਾਸ ਸਮਾਇਆ ਹੋਇਆ ਹੈ। ਜਿਹੜੇ ਸ਼ਰਧਾਵਾਨ ਸਿੱਖ ਆਪਣੇ ਇਤਿਹਾਸ ਅਤੇ ਆਪਣੇ ਗੁਰੂ ਦੀ ਬਖਸ਼ਿਸ਼ ਨਾਲ ਜੁੜੇ ਹੋਏ ਹਨ ਉਹ ਇਸ ਗੀਤ ਦੇ ਡੂੰਘੇ ਅਰਥਾਂ ਨੂੰ ਆਪਣੇ ਇਤਿਹਾਸ ਦਾ ਸੁਨਹਿਰੀ ਪੰਨਾ ਸਮਝਕੇ ਮਾਣਦੇ ਅਤੇ ਝੰਜੋੜੇ ਜਾਂਦੇ ਹਨ।

ਇਤਿਹਾਸ ਦੇ ਅਜਿਹੇ ਨਾਇਕ ਜੋ ਹਰ ਕਿਸਮ ਦੇ ਸਰਕਾਰੀ ਜਬਰ ਸਾਹਮਣੇ ਆਪਣੇ ਗੁਰੂ ਦੀ ਬਖਸ਼ਿਸ਼ ਨਾਲ ਡਟਕੇ ਖੜ੍ਹ ਗਏ ਹਮੇਸ਼ਾ ਹਮੇਸ਼ਾ ਲਈ ਸਿੱਖ ਕੌਮ ਦੀ ਸ਼ਰਧਾ ਦੇ ਪਾਤਰ ਬਣ ਗਏ । ਸਿੱਖ ਧਰਮ ਨਾਲ ਜੁੜਿਆ ਹੋਇਆ ਹਰ ਵਿਅਕਤੀ ਸਵੇਰੇ ਸ਼ਾਮ ਆਪਣੇ ਇਨ੍ਹਾਂ ਸ਼ਹੀਦਾਂ ਨੂੰ ਕੇਵਲ ਯਾਦ ਹੀ ਨਹੀ ਕਰਦਾ ਬਲਕਿ ਮਨ ਹੀ ਮਨ ਇਹ ਅਰਦਾਸ ਵੀ ਕਰਦਾ ਹੈ ਕਿ ਵਾਹਿਗੁਰੂ ਕਿਸੇ ਘੋਰ ਸੰਕਟ ਦੀ ਘੜੀ ਵਿੱਚ ਸਾਡੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖੀਂ ਤਾਂ ਕਿ ਅਸੀਂ ਵੀ ਭਾਈ ਮਤੀ ਦਾਸ ਵਾਂਗ ਨਿਭ ਸਕੀਏ। ਸਿਰ ਤੇ ਚੱਲ ਰਹੇ ਤਿੱਖੇ ਆਰੇ ਦੇ ਬਾਵਜੂਦ ਭਾਈ ਮਤੀ ਦਾਸ ਜੀ ਦਾ ਆਪਣੇ ਗੁਰੂ ਦੀ ਬਖਸ਼ਿਸ਼ ਦੇ ਵਜਦ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸਿੱਖ ਇਤਿਹਾਸ ਦੀ ਵਿਲੱਖਣ ਘਟਨਾ ਹੈ।

ਭਾਈ ਮਤੀ ਦਾਸ ਜੀ ਨੇ ਭਵਿੱਖ ਦੀਆਂ ਸਿੱਖ ਪੀੜ੍ਹੀਆਂ ਨੂੰ ਇਤਿਹਾਸ ਦੇ ਇਨ੍ਹਾਂ ਪੈਰਨਿਆਂ ਤੇ ਚੱਲਣ ਦੀ ਜਾਂਚ ਦੱਸ ਦਿੱਤੀ ਸੀ।

ਭਾਈ ਮਤੀ ਦਾਸ ਜੀ ਤੇ ਹੋਏ ਜੁਲਮ ਵਰਗਾ ਹੀ ਜੁਲਮ ਸਿੱਖ ਕੌਮ ਤੇ ਅਜ਼ਾਦ ਭਾਰਤ ਵਿੱਚ ਵੀਹਵੀਂ ਸਦੀ ਵਿੱਚ ਹੋਇਆ।

ਪਿਛਲੇ ਦਿਨੀ ਸਿੱਖ ਕੌਮ ਤੇ ਜੁਲਮ ਢਾਹੁਣ ਵਾਲੀ ਮਸ਼ੀਨਰੀ ਦੇ ਇੱਕ ਅੰਗ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਦਾ ਇੱਕ ਸੀਨੀਅਰ ਸਿੱਖ ਪੱਤਰਕਾਰ ਨਾਲ ਇੰਟਰਵਿਊ ਦੇਖਣ ਨੂੰ ਮਿਲਿਆ। ਗੁਰਮੀਤ ਸਿੰਘ ਪਿੰਕੀ ਪਿਛਲੇ ਸਿੱਖ ਇਤਿਹਾਸ ਦੌਰਾਨ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਰਿਹਾ ਹੈ ਜਿਸਨੇ ਸਿੱਖ ਜਵਾਨੀ ਤੇ ਅਣਗਿਣਤ ਜਬਰ ਢਾਹਿਆ। ਭਾਰਤੀ ਸਟੇਟ ਨੇ ਉਸ ਨੂੰ ਆਪਣੇ ਹਿੱਤ ਲਈ ਵਰਤ ਕੇ ਹੁਣ ਵਗਾਹ ਮਾਰਿਆ ਹੈ। ਸੱਟ ਖਾਧੇ ਵਿਅਕਤੀ ਵਾਂਗ ਹੁਣ ਉਹ ਸਟੇਟ ਦੀਆਂ ਜਾਬਰ ਕਾਰਵਾਈਆਂ ਦੇ ਪਰਦੇ ਉਧੇੜ ਰਿਹਾ ਹੈ। ਇੱਕ ਤਾਂ ਉਸ ਨੂੰ ਸਟੇਟ ਨਾਲ ਰੰਜ ਹੈ ਅਤੇ ਦੂਜਾ ਹੁਣ ਉਸਨੂੰ ਸਮਝ ਆਈ ਲਗਦੀ ਹੈ ਕਿ ਅਸਲ ਵਿੱਚ ਪਿਛਲੇ ੩੦ ਸਾਲਾਂ ਦੀ ਕਹਾਣੀ ਉਹ ਨਹੀ ਸੀ ਜੋ ਉਹ ਪੁਲਿਸ ਅਫਸਰ ਦੇ ਤੌਰ ਤੇ ਦੇਖ ਰਿਹਾ ਸੀ। ਇਹ ਤਾਂ ਕਹਾਣੀ ਹੀ ਹੋਰ ਸੀ।

ਖ਼ੈਰ ਗੁਰਮੀਤ ਸਿੰਘ ਪਿੰਕੀ ਨੇ ਆਪਣੇ ਲੰਬੇ ਇੰਟਰਵਿਊ ਵਿੱਚ ਬਹੁਤ ਸਾਰੇ ਅਜਿਹੇ ਵਾਕਿਆਤਾਂ ਤੋਂ ਪਰਦਾ ਚੁੱਕਿਆ ਹੈ ਜਿਸ ਬਾਰੇ ਬਹੁਤੇ ਲੋਕਾਂ ਨੂੰ ਪਤਾ ਨਹੀ ਸੀ। ਉਸਨੇ ਇੱਕ ਸਿੱਖ ਨੌਜਵਾਨ ਭਾਈ ਕੰਵਲਜੀਤ ਸਿੰਘ ਵਾਹਿਗੁਰੂ ਦਾ ਜ਼ਿਕਰ ਕੀਤਾ ਹੈ, ਜੋ ਬੇਕਿਰਕ ਸਰਕਾਰੀ ਤਸ਼ੱਦਦ ਨੂੰ ਆਪਣੇ ਗੁਰੂ ਦਾ ਭਾਣਾਂ ਸਮਝਕੇ ਝੱਲਦਾ ਰਿਹਾ। ਪੰਜਾਬ ਵਿੱਚ ਆਪਣੇ ਆਪ ਨੂੰ ਜਬਰ ਦੀ ਇੰਤਹਾ ਸਮਝਣ ਵਾਲੇ ਲੋਕ, ਜੋ ਇਹ ਮਾਣ ਕਰਦੇ ਸਨ ਕਿ ਉਹ ਤਾਂ ਕੰਧਾਂ ਨੂੰ ਵੀ ਬੁਲਵਾ ਲ਼ੈਂਦੇ ਹਨ ਉਸ ਸਿਦਕੀ ਸਿੱਖ ਦੇ ਅਣਭੋਲ ਸਬਰ ਦੇ ਸਾਹਮਣੇ ਹਾਰ ਗਏ ਸਨ। ਉਹ ਮਾਸੂਮ ਸਿੱਖ ਨੌਜਵਾਨ ਹਰ ਜਬਰ ਦਾ ਮੁਕਾਬਲਾ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਹੀ ਕਰਦਾ ਰਿਹਾ। ਉਸਨੇ ਆਪਣੇ ਸਾਥੀਆਂ ਬਾਰੇ ਜਾਂ ਕੌਮੀ ਕਾਫਲੇ ਬਾਰੇ ਦੁਸ਼ਮਣਾਂ ਨੂੰ ਕੋਈ ਵੀ ਜਾਣਕਾਰੀ ਨਾ ਦਿੱਤੀ। ਜਦੋਂ ਜਬਰ ਦੀ ਮਸ਼ੀਨਰੀ ਉਸਦੇ ਵਾਹਿਗੁਰੂ ਦੇ ਜਾਪ ਦੇ ਸਾਹਮਣੇ ਹਾਰ ਗਈ ਤਾਂ ਉਸਦੇ ਮੂੰਹ ਵਿੱਚ ਸਾਇਨਾਈਡ ਦਾ ਕੈਪਸੂਲ ਪਾਇਆ ਗਿਆ, ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਉਹ ਵੀ ਕੋਈ ਅਸਰ ਨਾ ਕਰ ਸਕਿਆ। ਫਿਰ ਕੀੜੇ ਮਾਰਨ ਵਾਲੀ ਦਵਾਈ ਉਸਦੇ ਮੂੰਹ ਵਿੱਚ ਪਾਈ ਗਈ। ਉਹ ਫਿਰ ਵਾਹਿਗੁਰੂ ਦਾ ਜਾਪ ਕਰਦਾ ਕਰਦਾ ਜਿੰਦਾ ਰਿਹਾ। ਜਦੋਂ ਸਾਰੇ ਹੀਲੇ ਮੁੱਕ ਗਏ ਫਿਰ ਜਾਲਮਾਂ ਨੇ ਉਸਦੀ ਪੁੜਪੁੜੀ ਵਿੱਚ ਗੋਲੀ ਮਾਰ ਦਿੱਤੀ।

ਸੱਚਮੁੱਚ ਜਦੋਂ ਤੁਹਾਡੇ ਪੁਰਖੇ ਤੁਹਾਡੀ ਪਿੱਠ ਤੇ ਆਉਂਦੇ ਹਨ, ਜਦੋਂ ਕੌਮੀ ਇਤਿਹਾਸ ਦੇ ਨਾਇਕ ਪ੍ਰੇਰਨਾ ਦੇ ਸਰੋਤ ਬਣਦੇ ਹਨ ਉਸ ਵੇਲੇ ਕੌਮਾਂ ਦੇ ਇਤਿਹਾਸ ਲਿਖੇ ਜਾਂਦੇ ਹਨ।

ਅਸੀਂ ਭਾਈ ਕੰਵਲਜੀਤ ਸਿੰਘ ਵਾਹਿਗੁਰੂ ਦਾ ਮੁਕਾਬਲਾ ਭਾਈ ਮਤੀ ਦਾਸ ਜੀ ਦੀ ਅਦੁੱਤੀ ਸ਼ਹਾਦਤ ਨਾਲ ਤਾਂ ਨਹੀ ਕਰ ਸਕਦੇ ਪਰ ਇਸ ਸ਼ਹਾਦਤ ਵਿੱਚ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਦੇ ਹੀ ਰੰਗ ਬਿਖਰ ਰਹੇ ਸਨ।

ਜਦੋਂ ਸਿੱਖ ਕੌਮ ਦਾ ਇਤਿਹਾਸ ਲਿਖਿਆ ਜਾਵੇਗਾ ਉਸ ਵੇਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਨਾਲ ਨਾਲ ਭਾਈ ਕੰਵਲਜੀਤ ਸਿੰਘ ਵਰਗੇ ਹਜਾਰਾਂ ਸੂਰਬੀਰਾਂ ਦਾ ਜਿਕਰ ਵੀ ਹੋਵੇਗਾ, ਜੋ ਕੌਮੀ ਅਜ਼ਮਤ ਲਈ ਵਕਤ ਦੀਆਂ ਨੀਹਾਂ ਵਿੱਚ ਬੇਨਾਮ ਚਿਣੇ ਗਏ।