ਅਕਾਲੀ ਦਲ ਦਾ ਅਹਿਮ ਹਿੱਸਾ ਰਹੇ ਸੁਖਦੇਵ ਸਿੰਘ ਢੀਂਡਸਾ ਅੱਜਕੱਲ੍ਹ ਪੰਜਾਬ ਦੀ ਸਿਆਸਤ ਵਿੱਚ ਮੁੜ ਸਰਗਰਮ ਹੋ ਗਏ ਹਨ। ਦਹਾਕਿਆਂ ਤੱਕ ਖੂੰਜੇ ਲੱਗੇ ਰਹਿਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਤੇ ਕਾਬਜ ਹੋਏ ਬਾਦਲ ਪਰਿਵਾਰ ਤੋਂ ਨਰਾਜ਼ ਚੱਲ ਰਹੇ ਪੁਰਾਣੇ ਅਕਾਲੀਆਂ ਨੂੰ ਇਕੱਠਾ ਕਰਨਾ ਅਰੰਭ ਕਰ ਦਿੱਤਾ ਹੈੈ।ਸੁਖਦੇਵ ਸਿੰਘ ਢੀਂਡਸਾ ਦੀ ਇਸ ਸਰਗਰਮੀ ਨੇ ਹਾਲ ਦੀ ਘੜੀ ਬਾਦਲ ਪਰਿਵਾਰ ਵਿੱਚ ਘਬਰਾਹਟ ਛੇੜ ਦਿੱਤੀ ਹੈੈ। ਸੁਖਦੇਵ ਸਿੰਘ ਜਿੱਥੇ ਰੈਲੀਆਂ ਕਰਕੇ ਆਪਣੀ ਸ਼ਕਤੀ ਦਾ ਪਰਦਰਸ਼ਨ ਕਰ ਰਹੇ ਹਨ ਉੱਥੇ ਘਰਾਂ ਵਿੱਚ ਬੈਠੇ ਅਕਾਲੀਆਂ ਨੂੰ ਵੀ ਮਿਲ ਰਹੇ ਹਨ, ਬੀਬੀ ਪਰਮਜੀਤ ਕੌਰ ਗੁਲਸ਼ਨ ਅਤੇ ਜਗਦੀਸ਼ ਸਿੰਘ ਗਰਚਾ ਨੂੰ ਉਨਾਂ ਆਪਣੇ ਨਾਲ ਰਲਾ ਲਿਆ ਹੈੈ।

ਹੁਣ ਸੁਆਲਾਂ ਦਾ ਸੁਆਲ ਇਹ ਹੈ ਕਿ ਕੀ ਸੁਖਦੇਵ ਸਿੰਘ ਢੀਂਡਸਾ ਅਤੇ ਟਕਸਾਲੀ ਅਕਾਲੀ, ਬਾਦਲ ਪਰਿਵਾਰ ਨੂੰ ਸਿਆਸਤ ਤੋਂ ਲਾਂਭੇ ਕਰ ਸਕਣਗੇ ਜਾਂ ਨਹੀ।

ਇਸ ਵੇਲੇ ਜੋ ਸਥਿਤੀ ਬਣੀ ਹੋਈ ਹੈ ਉਸਦੇ ਮੱਦੇਨਜ਼ਰ ਜੋ ਤਸਵੀਰ ਉਭਰ ਰਹੀ ਹੈ ਉਸਤੋ ਇਹ ਗੱਲ ਸਾਫ ਹੁੰਦੀ ਹੈ ਕਿ ਟਕਸਾਲੀ ਅਕਾਲੀਆਂ ਦਾ ਬਾਦਲ ਪਰਿਵਾਰ ਜਾਂ ਅਕਾਲੀ ਦਲ ਨਾਲ ਕੋਈ ਸਿਧਾਂਤਕ ਰੌਲਾ ਨਹੀ ਹੈੈ।ਉਹ ਤਾਂ ਸਿਆਸੀ ਬੁਰਕੀ ਨੂੰ ਵੰਡਾਉਣ ਦੇ ਚੱਕਰ ਵਿੱਚ ਹੀ ਬਾਦਲ ਪਰਿਵਾਰ ਨੂੰ ਅੱਖਾਂ ਦਿਖਾ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਨਾਲ ਲੈਕੇ ਚੱਲਣਗੇ।

ਇਸ ਲਈ ਟਕਸਾਲੀ ਅਕਾਲੀਆਂ ਦਾ ਬਾਦਲ ਪਰਿਵਾਰ ਨਾਲ ਸਿਧਾਂਤਕ ਤੌਰ ਤੇ ਕੋਈ ਰੌਲਾ ਨਹੀ ਹੈੈ। ਟਕਸਾਲੀ ਵੀ ਭਾਜਪਾ ਦੇ ਸਾਥ ਨਾਲ ਹੀ ਪੰਜਾਬ ਵਿੱਚ ਆਪਣੀ ਸ਼ਾਖ ਬਣਾਉਣੀ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਪੰਜਾਬ ਦੀ ਸੱਤਾ ਤੇ ਕਾਬਜ ਹੋਕੇ ਬਾਦਲ ਪਰਿਵਾਰ ਨੇ ਬਹੁਤ ਸਾਰਾ ਮਾਲ ਕਮਾ ਲਿਆ ਹੈ। ਹੁਣ ਕੁਝ ਦੇਰ ਲਈ ਸਾਨੂੰ ਵਾਰੀ ਮਿਲਣੀ ਚਾਹੀਦੀ ਹੈ ਤਾਂ ਕਿ ਅਸੀਂ ਵੀ ਮਾਲ ਕਮਾ ਸਕੀਏ ਅਤੇ ਅਗਲੀਆਂ ਪੀੜ੍ਹੀਆਂ ਲਈ, ਮੋਟੀ ਜਾਇਦਾਦ ਛੱਡਕੇ ਜਾ ਸਕੀਏ।

ਜਿੱਥੋਂ ਤੱਕ ਪੰਜਾਬ ਦੀ ਸਿਆਸੀ ਖੁਸ਼ਹਾਲੀ ਦਾ ਸੁਆਲ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬ ਨੂੰ ਬਾਦਲ ਪਰਿਵਾਰ ਅਤੇ ਬਾਦਲ ਦਲ ਦੀ ਵਿਚਾਰਧਾਰਾ ਤੋਂ ਬਿਲਕੁਲ ਮੁਕਤ ਕਰਨ ਵਾਲੀ ਲੀਡਰਸ਼ਿੱਪ ਚਾਹੀਦੀ ਹੈ ਜੋ ਪੰਜਾਬ ਨੂੰ ਜਾਤ-ਅਭਿਮਾਨੀ ਹਿੰਦੂ ਲੀਡਰਸ਼ਿੱਪ ਦੀ ਗੁਲਾਮੀ ਤੋਂ ਬਾਹਰ ਕੱਢ ਸਕੇ। ਉਸ ਲਈ ਨਵੇਂ ਚਿਹਰੇ, ਨਵੀਂ ਸਿਆਸਤ, ਨਵੇਂ ਨਾਅਰੇ ਅਤੇ ਨਵੇਂ ਨਿਸ਼ਾਨੇ ਮਿਥਣ ਵਾਲੀ ਲੀਡਰਸ਼ਿੱਪ ਚਾਹੀਦੀ ਹੈੈ। ਟਕਸਾਲੀ ਅਕਾਲੀ ਉਸ ਸਮਰਥਾ ਦੇ ਮਾਲਕ ਨਹੀ ਹਨ ਕਿ ਉਹ ਬਾਦਲ ਰੂਪੀ ਤਰਜ਼ੇਜਿੰਦਗੀ ਨੂੰ ਪੰਜਾਬ ਦੀ ਸੱਤਾ ਤੋਂ ਖਤਮ ਕਰ ਸਕਣ।

ਦੂਜਾ ਅਸੀਂ ਸਮਝਦੇ ਹਾਂ ਕਿ ਅਕਾਲੀ ਦਲ ਨੇ ਸਿੱਖਾਂ ਦੇ ਇੱਕ ਵੱਡੇ ਵਰਗ ਦੇ ਮਨਾਂ ਵਿੱਚ ਅਜਿਹੀ ਥਾਂ ਬਣਾ ਲਈ ਹੋਈ ਹੈ ਕਿ ਲੋਕ ਇਸ ਦੇ ਲੱਖਾਂ ਗੁਨਾਹਾਂ ਦੇ ਬਾਵਜੂਦ, ਇਸਨੂੰ ਵੋਟ ਪਾਉਣਾਂ ਨਹੀ ਭੁੱਲਦੇ।

2019 ਦੀਆਂ ਲੋਕ ਸਭਾ ਚੋਣਾਂ ਸਾਡੇ ਸਾਹਮਣੇ ਹਨ। ਬਾਦਲ ਪਰਿਵਾਰ ਤੇ ਲੱਗੇ ਗੰਭੀਰ ਦੂਸ਼ਣਾਂ ਦੇ ਬਾਵਜੂਦ, ਸੁਖਬੀਰ ਸਿੰਘ ਬਾਦਲ ਨੂੰ 6 ਲੱਖ ਤੋਂ ਵੱਧ ਵੋਟ ਮਿਲੀ, ਬੀਬੀ ਹਰਸਿਮਰਤ ਕੌਰ ਵੀ ਸ਼ਾਨ ਨਾਲ ਜਿੱਤ ਗਏ। ਹੁਣੇ ਜਿਹੇ ਹੋਈਆਂ ਜ਼ਿਮਨੀ ਚੋਣਾਂ ਵਿੱਚ ਮਨਪਰੀਤ ਸਿੰਘ ਇਆਲੀ ਉਸ ਸੀਟ ਤੇ ਕਾਬਜ ਹੋ ਗਿਆ ਜਿਸਨੇ 2017 ਵਿੱਚ ‘ਇਨਕਲਾਬ’ ਸਿਰਜਿਆ ਸੀ।

ਜੇ ਅਕਾਲੀ ਏਨੇ ਕਮਜੋਰ ਹੁੰਦੇ ਤਾਂ ਮਨਪਰੀਤ ਸਿੰਘ ਇਆਲੀ ਨੂੰ ਦਾਖੇ ਤੋਂ ਜਿੱਤ ਨਹੀ ਸੀ ਮਿਲਣੀ।

ਜੇ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਵਿੱਚ ਸਿਆਸੀ ਥਾਂ ਬਣਾਉਣੀ ਹੈ, ਤਾਂ ਇੱਕ ਤਾਂ ਉਸਨੂੰ ਬਾਦਲ ਮਾਰਕਾ ਰਾਜਨੀਤੀ ਛੱਡਣੀ ਪਵੇਗੀ, ਦੂਜਾ ਖਾਲਸਾ ਪੰਥ ਦੇ ਦਰਦ ਨੂੰ ਸਮਝਦੇ ਹੋਏ ਪੰਥਕ ਮੁੱਦਿਆਂ ਨੂੰ ਆਪਣੀ ਰਾਜਨੀਤੀ ਦਾ ਕੇਂਦਰ ਬਣਾਉਣਾਂ ਪਵੇਗਾ।

ਮਹਿਜ਼ ਬਾਦਲ ਪਰਿਵਾਰ ਨੂੰ ਮੰਦਾ ਚੰਗਾ ਬੋਲਕੇ ਉਹ ਪੰਜਾਬ ਵਿੱਚ ਕਾਮਯਾਬ ਨਹੀ ਹੋ ਸਕਣਗੇ।