ਪ੍ਰਦਰਸ਼ਨਕਾਰੀ ਕਿਸਾਨਾਂ ਦੁਆਰਾ ਰਾਸਤਾ ਰੋਕੇ ਜਾਣ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ੫ ਜਨਵਰੀ ਨੂੰ ਫਿਰੋਜ਼ਪੁਰ ਵਿਚ ਹੋਣ ਵਾਲੀ ਰੈਲੀ ਰੱਦ ਹੋ ਗਈ।ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਬਠਿੰਡਾ ਏਅਰਪੋਰਟ ਤੋਂ ਫਿਰੋਜ਼ਪੁਰ ਜਾਣ ਲਈ ਸੜਕ ਰਾਸਤੇ ਤੋਂ ਰਵਾਨਾ ਹੋਇਆ ਕਿਉਂ ਕਿ ਖਰਾਬ ਮੌਸਮ ਕਰਕੇ ਹੈਲੀਕਾਪਟਰ ਰਾਹੀ ਜਾਣਾ ਸੰਭਵ ਨਹੀਂ ਸੀ।ਕੇਂਦਰੀ ਮੰਤਰਾਲੇ ਨੇ ਇਸ ਨੂੰ “ਵੱਡੀ ਸੁਰੱਖਿਆ ਖਾਮੀ” ਦੇ ਰੂਪ ਵਿਚ ਪੇਸ਼ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਪੰਦਰਾਂ-ਵੀਹ ਮਿੰਟਾਂ ਲਈ ਫਲਾਈਓਵਰ ’ਤੇ ਇੰਤਜ਼ਾਰ ਕਰਨਾ ਪਿਆ।ਇਸ ਨਾਲ ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਵਿਚ ਇਕ ਦੂਜੇ ਉੱਪਰ ਦੋਸ਼ ਮੜ੍ਹਨ ਦੀ ਗੇਮ ਸ਼ੁਰੂ ਹੋ ਗਈ।ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਵਿਚ ਖਾਮੀਆਂ ਦੇ ਮੱੁਦੇ ਨੇ ਰਾਜਨੀਤਿਕ ਮੋੜ ਲੈ ਲਿਆ ਜਦੋਂ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਲਈ ਮੰਦਰਾਂ ਵਿਚ ਪੂਜਾ ਪਾਠ ਕਰਵਾਉਣਾ ਸ਼ੁਰੂ ਕਰ ਦਿੱਤਾ।ਪੰਜਾਬ ਦੇ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਦੀ ਦੀ ਰੈਲੀ ਰੱਦ ਹੋਣ ਕਰਕੇ ਦੁੱਖ ਜ਼ਾਹਿਰ ਕੀਤਾ, ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕੋਈ ਕੁਤਾਹੀ ਨਹੀਂ ਹੋਈ ਹੈ।ਕਿਸੇ ਵੀ ਦੇਸ਼ ਦੇ ਪ੍ਰਮੁੱਖ ਦੀ ਸੁਰੱਖਿਆ ਪੱਖਪਾਤੀ ਰਾਜਨੀਤੀ ਤੋਂ ਉੱਪਰ ਹੋਣੀ ਚਾਹੀਦੀ ਹੈ।ਪਰ ਨਰਿੰਦਰ ਮੋਦੀ ਦੇ ਸੰਦਰਭ ਵਿਚ ਸਭ ਕੁਝ ਰਾਜਨੀਤਿਕ ਪੱਖ ਤੋਂ ਹੀ ਦੇਖਿਆ ਜਾਂਦਾ ਹੈ।ਇਸ ਲਈ ਪੰਜ ਜਨਵਰੀ ਨੂੰ ਫਿਰੋਜ਼ਪੁਰ ਵਿਚ ਰੈਲੀ ਦਾ ਰੱਦ ਹੋਣਾ ਵੀ ਰਾਜਨੀਤਿਕ ਸੰਦਰਭ ਵਿਚ ਹੀ ਸਮਝਿਆ ਜਾ ਰਿਹਾ ਹੈ।

ਇਸ ਗੱਲ ਨੂੰ ਲੈ ਕੇ ਵੀ ਮਾਹਿਰ ਵੰਡੇ ਹੋਏ ਹਨ ਕਿ ਇਸ ਤਰਾਂ ਦਾ ਰਾਜਨੀਤਿਕ ਵਿਵਾਦ ਮੋਦੀ ਦੀ ਆਪਣੀ ਸਖਸ਼ੀਅਤ ਕਰਕੇ ਹੋਇਆ ਹੈ ਜਾਂ ਉਸ ਦੇ ਵਿਰੋਧੀਆਂ ਦੁਆਰਾ ਉਸ ਵਿਰੱੁਧ ਵੈਰ ਦੀ ਭਾਵਨਾ ਰੱਖਣ ਕਰਕੇ।ਭਾਜਪਾ ਦੇ ਸਮਰਥਕ ਇਸ ਨੂੰ ਲੋੜ ਤੋਂ ਜਿਆਦਾ ਤਵੱਜੋ ਦੇ ਰਹੇ ਹਨ, ਜਦੋਂਕਿ ਦੂਜੇ ਲੋਕ ਇਸ ਤਰਾਂ ਪੇਸ਼ ਕਰ ਰਹੇ ਹਨ ਜਿਵੇਂ ਕੋਈ ਘਟਨਾ ਹੋਈ ਹੀ ਨਾ ਹੋਵੇ।ਪਹਿਲੇ ਇਸ ਨੂੰ ਇਕ ਗਹਿਰੀ ਸਾਜਿਸ਼ ਦੇ ਰੂਪ ਵਿਚ ਪੇਸ਼ ਕਰ ਰਹੇ ਹਨ ਜਦੋਂਕਿ ਦੂਜੇ ਇਸ ਨੂੰ ਨਿਗੂਣੀ ਘਟਨਾ ਕਹਿ ਰਹੇ ਹਨ।ਇਸ ਘਟਨਾ ਦੀ ਵਿਸਤਰਿਤ ਜਾਂਚ ਤੋਂ ਬਾਅਦ ਇਸ ਸੰਬੰਧੀ ਤਾਲਮੇਲ ਦੀ ਕਮੀ ਅਤੇ ਪ੍ਰੋਟੋਕੋਲ ਦੀ ਉਲੰਘਣਾ ਸਾਹਮਣੇ ਆਈ ਹੈ।ਸੂਬਾ ਅਤੇ ਕੇਂਦਰ ਸਰਕਾਰ ਦੁਆਰਾ ਇਕ ਦੂਜੇ ਉੱਪਰ ਦੋਸ਼ ਮੜ੍ਹਨ ਦੀ ਪ੍ਰੀਕਿਰਿਆ ਨੇ ਸੰਘੀ ਢਾਂਚੇ ਦੀਆਂ ਖਾਮੀਆਂ ਨੂੰ ਸਾਹਮਣੇ ਲਿਆਂਦਾ ਹੈ ਜੋ ਕਿ ਬਹੁਤ ਹੀ ਗੰਭੀਰ ਮੁੱਦਾ ਹੈ।ਭਾਜਪਾ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਤੋਂ ਬਾਹਰਲੇ ਲੋਕ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਮੰਨਣ ਦੀ ਬਜਾਇ ਆਪਣਾ ਰਾਜਨੀਤਿਕ ਵਿਰੋਧੀ ਮੰਨਦੇ ਹਨ।ਪ੍ਰਧਾਨ ਮੰਤਰੀ ਬਣਨ ਦੇ ਅੱਠ ਸਾਲਾਂ ਬਾਅਦ ਵੀ ਉਹ ਉਸ ਨੂੰ ਇਸ ਅਹੁਦੇ ਲਈ ਯੋਗ ਉਮੀਦਵਾਰ ਮੰਨਣ ਲਈ ਤਿਆਰ ਨਹੀਂ ਹਨ।

ਭਾਜਪਾ ਦੁਆਰਾ ਇਸ ਘਟਨਾ ਉੱੱਪਰ ਰਾਜਨੀਤੀ ਕਰਨਾ ਇਸ ਗੱਲ ਨੂੰ ਜੱਗ ਜ਼ਾਹਿਰ ਕਰਦਾ ਹੈ ਕਿ ਭਾਜਪਾ ਇਸ ਮੁੱਦੇ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਜਿਸ ਜਨਤਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਸਨ, ਉਹ ਪੂਰੀ ਤਰਾਂ ਅਸਫਲ ਰਹੀ। ਜਿੰਨੇ ਇਕੱੱਠ ਦੀ ਉਮੀਦ ਪਾਰਟੀ ਉੱਥੋਂ ਕਰ ਰਹੀ ਸੀ, ਉਸ ਤੋਂ ਅੱਧੇ ਵੀ ਲੋਕ ਰੈਲੀ ਵਿਚ ਨਹੀਂ ਪਹੁੰਚੇ। ਸਰਵਉੱਚ ਅਦਾਲਤ, ਕੇਂਦਰ ਅਤੇ ਪੰਜਾਬ ਸਰਕਾਰ “ਸੁਰੱਖਿਆ ਖਾਮੀਆਂ” ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।ਭਾਰਤ ਦੇ ਸਾਬਕਾ ਗ੍ਰਹਿ ਸਕੱਤੲ ਗੋਪਾਲ ਕ੍ਰਿਸ਼ਨ ਪਿਲੱਈ ਨੇ ਕਿਹਾ ਕਿ ਨਾ ਸਿਰਫ ਪੰਜਾਬ ਪੁਲਿਸ ਬਲਕਿ ਸਪੈਸ਼ਲ ਪ੍ਰੋਟੈਕਸ਼ਨ ਗਰੱੁਪ (ਐਸ ਪੀ ਜੀ) ਅਤੇ ਜਾਂਚ ਬਿਊਰੋ ਨੂੰ ਵੀ ਇਸ ਲਈ ਜ਼ਿਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦੌਰਾਨ ਹੋਈਆਂ ਸੁਰੱਖਿਆ ਖਾਮੀਆਂ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਲਈ ਸਾਰੇ ਮੌਸਮਾਂ ਵਿਚ ਚੱਲਣ ਵਾਲਾ ਹੈਲੀਕਾਪਟਰ ਦਿੱਤਾ ਗਿਆ ਸੀ, ਪਰ ਇਸ ਨੂੰ ਵਰਤੋਂ ਵਿਚ ਨਾ ਲੈ ਕੇ ਆਉਣ ਦਾ ਨਿਰਣਾ ਕੀਤਾ ਗਿਆ।ਪੰਜਾਬ ਦੇ ਮੱੁਖ ਮੰਤਰੀ ਨੇ ਕਿਸੇ ਵੀ ਤਰਾਂ ਦੀ ਸੁਰੱਖਿਆ ਖਾਮੀ ਤੋਂ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਰੈਲੀ ਵਿਚ ਲੋਕਾਂ ਦੀ ਨਿਗੂਣੀ ਸ਼ਮੂਲੀਅਤ ਕਰਕੇ ਆਪਣੀ ਯਾਤਰਾ ਰੱਦ ਕੀਤੀ।ਪਰ ਇਸ ਦਾ ਜਵਾਬ ਦਿੰਦੇ ਹੋਏ ਭਾਜਪਾ ਨੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਪ੍ਰਧਾਨ ਮੰਤਰੀ ਨੂੰ ਪੰਜਾਬ ਫੇਰੀ ਦੌਰਾਨ ਲੋੜੀਂਦੀ ਸੁਰੱਖਿਆ ਦੇਣ ਵਿਚ ਨਾਕਾਮ ਰਹੀ।ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਕਾਨੂੰਨੀ ਵਿਵਸਥਾ ਉੱਪਰ ਸੁਆਲ ਉਠਾਏ ਹਨ।

ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਨੀਤੀ ਵਿਚ ਉੱਚ ਸਥਾਨ ਨਾ ਹਾਸਿਲ ਕੀਤਾ ਹੁੰਦਾ ਤਾਂ ਉਸ ਨੇ ਡਰਾਮੇ ਵਿਚ ਪੱਕਾ ਹੀ ਮੱਲ੍ਹਾਂ ਮਾਰਨੀਆਂ ਸਨ।ਕਿਉਂਕਿ ਪੰਜ ਜਨਵਰੀ ਨੂੰ ਫਿਰੋਜ਼ਪੁਰ ਨਾ ਪਹੁੰਚ ਸਕਣ ਦੀ ਘਟਨਾ ਨੂੰ ਅਸਲੋਂ ਹੀ ਡਰਾਮੇ ਵਜੋਂ ਪੇਸ਼ ਕੀਤਾ ਗਿਆ।ਜਿਸ ਗੱਲ ਨੇ ਉਸ ਦਾ ਗੁੱਸਾ ਭੜਕਾਇਆ, ਉਹ ਸੀ ਪੰਦਰਾਂ-ਵੀਹ ਮਿੰਟਾਂ ਲਈ ਫਲਾਈਓਵਰ ’ਤੇ ਇੰਤਜ਼ਾਰ ਕਰਨਾ।ਇਸ ਤਰਾਂ ਦੀ ਘਟਨਾ ਕਿਸੇ ਪ੍ਰਧਾਨ ਮੰਤਰੀ ਨਾਲ ਪਹਿਲੀ ਵਾਰ ਨਹੀਂ ਵਾਪਰੀ ਹੈ , ਬਲਕਿ ਪਿਛਲੇ ਪਝੱਤਰ ਵਰ੍ਹਿਆਂ ਵਿਚ ਅਜਿਹੀਆਂ ਘਟਨਾਵਾਂ ਕਈ ਪ੍ਰਧਾਨ ਮੰਤਰੀਆਂ ਨਾਲ ਹੋਈਆਂ ਹਨ ਜਿਸ ਵਿਚ ਮੋਦੀ ਨਾਲ ਹੋਈਆਂ ਦੋ ਘਟਨਾਵਾਂ ਵੀ ਸ਼ਾਮਿਲ ਹਨ।ਇਸ ਘਟਨਾ ਤੋਂ ਬਾਅਦ ਇਹ ਕਾਫੀ ਸਪੱਸ਼ਟ ਹੋ ਗਿਆ ਕਿ ਇਹ ਘਟਨਾ ਭਾਜਪਾ ਦੁਆਰਾ ਪਹਿਲਾਂ ਹੀ ਨਿਯੋਜਿਤ ਨਹੀਂ ਸੀ ਕੀਤੀ ਹੋਈ।ਪਰ ਹੁਣ ਇਸ ਘਟਨਾ ਨੂੰ ਮੋਦੀ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਨਾ ਕਰਨ ਦੇ ਬਹਾਨੇ ਵਜੋਂ ਵਰਤਣਾ ਚਾਹੁੰਦਾ ਹੈ ਜਿਸ ਵਿਚ ਉਨ੍ਹਾਂ ਦੀ ਪਾਰਟੀ ਦਾ ਹਾਰਨਾ ਤੈਅ ਹੈ।ਅਗਰ ਮੋਦੀ ਸਚਮੁੱਚ ਹੀ ਹੁਸੈਨੀਵਾਲਾ ਪਹੁੰਚਣ ਲਈ ਦ੍ਰਿੜ ਹੁੰਦਾ ਤਾਂ ਉਸ ਦਾ ਕਾਫਲਾ ਪਿੰਡਾਂ ਵਿਚਲਾ ਰੂਟ ਵੀ ਲੈ ਸਕਦਾ ਸੀ।ਪਿਛਲੇ ਦਹਾਕੇ ਵਿਚ ਯਾਤਾਯਾਤ ਨੂੰ ਅਸਾਨ ਬਣਾਉਣ ਲਈ ਮੰਡੀ ਕਮੇਟੀਆਂ ਦੁਆਰਾ ਪਿੰਡਾਂ ਵਿਚ ਅਜਿਹੀਆਂ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ। ਪਰ ਇਸ ਵਿਕਲਪ ਉੱਪਰ ਕੋਈ ਵਿਚਾਰ ਨਹੀਂ ਕੀਤਾ ਗਿਆ।ਇਸ ਗੱਲ ਦੀ ਸੰਭਾਵਨਾ ਜਿਆਦਾ ਹੈ ਕਿ ਉਸ ਨੇ ਪਿੱਛੇ ਮੁੜਨ ਦਾ ਨਿਰਣਾ ਹੀ ਤਾਂ ਲਿਆ ਕਿਉਂਕਿ ਉਸ ਨੂੰ ਆਪਣੀ ਸੁਰੱਖਿਆ ਸਟਾਫ ਤੋਂ ਪਹਿਲਾਂ ਹੀ ਇਹ ਜਾਣਕਾਰੀ ਮਿਲ ਗਈ ਸੀ ਕਿ ਰੈਲੀ ਵਿਚ ਨਿਗੂਣੀ ਗਿਣਤੀ ਵਿਚ ਹੀ ਲੋਕ ਪਹੁੰਚੇ ਹਨ ਜਦੋਂ ਕਿ ਭਾਜਪਾ ਦੁਆਰਾ ਸੱਤਰ ਹਜਾਰ ਕੁਰਸੀਆਂ ਲਗਾਈਆਂ ਗਈਆਂ ਸਨ।

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੁਆਰਾ ਬਠਿੰਡਾ ਏਅਰਪੋਰਟ ਤੇ ਜਾ ਕੇ ਇਹ ਕਹਿਣਾ ਕਿ “ਆਪਣੇ ਮੁੱਖ ਮੰਤਰੀ ਨੂੰ ਧੰਨਵਾਦ ਕਹਿ ਦੇਣਾ ਕਿ ਮੈਂ ਬਠਿੰਡਾ ਏਅਰਪੋਰਟ ਜਿਉਂਦਾ ਵਾਪਿਸ ਆ ਪਾਇਆ ਹਾਂ”, ਉਸ ਦੀ ਹਉਮੈ ਨੂੰ ਹੀ ਦਿਖਾਉਂਦਾ ਹੈ।ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਕੇਂਦਰੀ ਮੰਤਰੀਆਂ ਦੁਆਰਾ ਇਸ ਸੰਬੰਧੀ ਦਿਤੇ ਗਏ ਬਿਆਨ ਪਹਿਲਾਂ ਤੋਂ ਹੀ ਨਿਯੋਜਿਤ ਪਟਕਥਾ (ਸਕਰਿਪਟ) ਲੱਗਦੇ ਹਨ।ਛੇ ਜਨਵਰੀ ਨੂੰ ਇਸ ਘਟਨਾ ਸੰਬੰਧੀ ਰਾਸ਼ਟਰਪਤੀ ਨੂੰ ਜਾਣੂ ਕਰਵਾਉਣ ਲਈ ਪ੍ਰਧਾਨ ਮੰਤਰੀ ਉਚੇਚਾ ਰਾਸ਼ਟਰਪਤੀ ਭਵਨ ਪੁੱਜੇ ਅਤੇ ਰਾਸ਼ਟਰਪਤੀ ਨੇ ਵੀ ਇਸ ਨੂੰ ਭਾਰੀ “ਸੁਰੱਖਿਆ ਖਾਮੀ” ਕਰਾਰ ਦਿੱਤਾ।ਫਲਾਈਓਵਰ ’ਤੇ ਅਸਲ ਵਿਚ ਕੋਈ ਘਟਨਾ ਨਹੀਂ ਵਾਪਰੀ।ਅਗਲੇ ਦਿਨ ਅਖਬਾਰਾਂ ਵਿਚ ਛਪੀਆਂ ਫੋਟੋਆਂ ਅਤੇ ਵੀਡਿਓ ਕਲਿੱਪਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਪ੍ਰਧਾਨ ਮੰਤਰੀ ਦੀ ਕਾਲੀ ਟੋਏਟਾ ਕਾਰ ਦੇ ਆਲੇ-ਦੁਆਲੇ ਐਸ ਪੀ ਜੀ ਦੇ ਛੇ ਜਵਾਨ ਮੁਸਤੈਦੀ ਕਰ ਰਹੇ ਸਨ।ਉਨ੍ਹਾਂ ਦੇ ਚਿਹਰਿਆਂ ਉੱਪਰ ਸ਼ਿਕਨ ਜਾਂ ਡਰ ਦਾ ਭਾਵ ਨਹੀਂ ਸੀ।ਪ੍ਰਧਾਨ ਮੰਤਰੀ ਦੀ ਕਾਰ ਦੇ ਆਲੇ-ਦੁਆਲੇ ਦੀ ਸਾਰੀ ਜਗ੍ਹਾ ਖਾਲੀ ਸੀ ਅਤੇ ਚਾਰ-ਮਾਰਗੀ ਸੜਕ ਦੇ ਦੂਜੇ ਪਾਸੇ ਭਾਜਪਾ ਦੇ ਹੀ ਸਮਰਥਕ ਮੋਦੀ ਦੀ ਪ੍ਰਸ਼ੰਸ਼ਾ ਵਿਚ ਨਾਅਰੇ ਲਗਾ ਰਹੇ ਸਨ।ਇਹਨਾਂ ਫੋਟੋਆਂ ਜਾਂ ਵੀਡਿਓ ਵਿਚ ਕਿਤੇ ਵੀ ਕੋਈ ਪ੍ਰਦਰਸ਼ਨਕਾਰੀ ਕਿਸਾਨ ਨਜ਼ਰ ਨਹੀਂ ਆਉਂਦਾ।ਪਰ ਇਹ ਸਾਰੇ ਤੱਥ ਪ੍ਰਧਾਨ ਮੰਤਰੀ ਲਈ ਕੋਈ ਮਹੱਤਤਾ ਨਹੀਂ ਰੱਖਦੇ ਹਨ ਕਿਉਂਕਿ ਉਸ ਨੂੰ ਝੂਠ ਘੜਨ ਦੀ ਆਦਤ ਪੈ ਗਈ ਹੈ ਜਿਸ ਵਿਚ ਉਸ ਨੇ ਆਪਣੀ ਭਰੋਸੇਯੋਗਤਾ ਬਣਾਈ ਰੱਖਣ ਨੂੰ ਵੀ ਅੱਖੋਂ-ਪਰੋਖੇ ਕਰ ਦਿੱਤਾ ਹੈ।

ਨਿਊ ਯਾਰਕ ਟਾਈਮਜ਼ ਦੀ ਪੱਤਰਕਾਰ ਬਾਰਬਰਾ ਕੌਰਸੈਟ ਨੇ ੮ ਦਿਸੰਬਰ ੧੯੮੯ ਨੂੰ ਲਿਖਿਆ ਸੀ, “ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜਧਾਨੀ ਤੋਂ ਬਾਹਰ ਪਹਿਲੀ ਫੇਰੀ ਦੌਰਾਨ ਵੀ.ਪੀ. ਸਿੰਘ ਸਿੱਖਾਂ ਦੇ ਸਰਵਉੱਚ ਧਾਰਮਿਕ ਸਥਾਨ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਜਿਸ ਦੌਰਾਨ ਉਸ ਦੇ ਪੰਜਾਬ ਦੇ ਰਿਸਦੇ ਜ਼ਖਮਾਂ ਨੂੰ ਭਰਨ ਦੀ ਗੱਲ ਕੀਤੀ।ਪਿਛਲੇ ਪੰਜ ਵਰ੍ਹਿਆਂ ਵਿਚ ਹਜਾਰਾਂ ਹੀ ਸਿੱਖਾਂ ਨੇ ਆਪਣੀਆਂ ਜਾਨਾਂ ਗੁਆਈਆਂ ਸਨ।ਮੇਲ ਮਿਲਾਪ ਦੀ ਭਾਵਨਾ ਜ਼ਾਹਿਰ ਕਰਦੇ ਹੋਏ ਉਸ ਨੇ ਦਰਬਾਰ ਸਾਹਿਬ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਪੰਜਾਬ ਦੀ ਜ਼ਖਮਾਂ ਨੂੰ ਭਰਨ ਦੀ ਲੋੜ ਹੈ, ਪਰ ਇਹ ਜ਼ਖਮ ਕਿਰਚਾਂ ਨਾਲ ਨਹੀਂ, ਪਿਆਰ, ਵਿਸ਼ਵਾਸ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਭਰੇ ਜਾ ਸਕਦੇ ਹਨ।ਇਸੇ ਫੇਰੀ ਦੌਰਾਨ ਹੀ ਉਸ ਨੇ ਖੁੱਲੀ ਜੀਪ ਵਿਚ ਸ਼ਹਿਰ ਦਾ ਚੱਕਰ ਵੀ ਲਗਾਇਆ।ਪ੍ਰਧਾਨ ਮੰਤਰੀ ਦੇ ਕਾਫਿਲੇ ਨਾਲ ਜਾ ਰਹੇ ਭਾਰਤੀ ਪੱਤਰਕਾਰਾਂ ਨੇ ਲਿਖਿਆ ਕਿ ਲੋਕਾਂ ਦੀ ਵੱਡੀ ਭੀੜ ਨੇ ਉਸ ਦਾ ਸੁਆਗਤ ਕੀਤਾ।ਇਸ ਦੇ ਮੁਕਾਬਲਤਨ ਮੌਜੂਦਾ ਪ੍ਰਧਾਨ ਮੰਤਰੀ ਪੰਦਰਾਂ-ਵੀਹ ਮਿੰਟ ਦੇ ਇੰਤਜ਼ਾਰ ਦੌਰਾਨ ਆਪਣੇ ਗੁੱਸੇ ਨੂੰ ਹੀ ਵਧਾਉਂਦੇ ਰਹੇ। ਇਸ ਤੋਂ ਸਪੱਸ਼ਟ ਹੈ ਕਿ ਭਾਰਤ ਨੂੰ ਕਿਹੋ ਜਿਹੇ ਪ੍ਰਧਾਨ ਮੰਤਰੀ ਦੀ ਲੋੜ ਹੈ।ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਸੰਪ੍ਰਦਾਇਕ ਘ੍ਰਿਣਾ ਫੈਲਾਉਣ ਵਾਲੇ ਸੰਦੇਸ਼ ਵਾਇਰਲ ਹੋਣੇ ਸ਼ੁਰੂ ਹੋ ਗਏ।ਟਾਈਮਜ਼ ਆਫ ਇੰਡਿਆ ਦੀ ਰਿਪੋਰਟ ਅਨੁਸਾਰ, “ਨਸਲਕੁਸ਼ੀ ਕਰਨ” ਅਤੇ “ਸ਼ਰੇਆਮ ਚੁਰਾਸੀ ਨੂੰ ਦੁਹਰਾਉਣ” ਦੀਆਂ ਧਮਕੀਆਂ ਸੋਸ਼ਲ ਮੀਡੀਆ ਉੱਪਰ ਦਿੱਤੀਆਂ ਗਈਆਂ।

ਹਾਲੀਆ ਘਟਨਾਵਾਂ ਇਹ ਦਿਖਾਉਂਦੀਆਂ ਹਨ ਕਿ ਮੋਦੀ ਆਪਣੇ ਤੋਂ ਪਹਿਲੇ ਪ੍ਰਧਾਨ ਮੰਤਰੀਆਂ ਤੋਂ ਵੱਖ ਹੈ।ਜਦੋਂ ਸਖ਼ਸ਼ੀਅਤ ਨਾਲ ਜੁੜੀ ਰਾਜਨੀਤੀ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੇ ਸਮਰਥਕਾਂ ਨੂੰ ਭਾਵਨਾਤਮਕ ਰੂਪ ਵਿਚ ਆਪਣੇ ਨਾਲ ਜੋੜਨ ਵਿਚ ਕਾਮਯਾਬ ਹੋ ਜਾਂਦਾ ਹੈ ਜਿਸ ਵਿਚ ਸੁਰੱਖਿਆ ਖਤਰੇ ਅਤੇ ਉਸ ਨੂੰ ਜਾਨੋਂ ਮਾਰਨ ਦੀ ਗੱਲ ਕੀਤੀ ਜਾਂਦੀ ਹੈ।ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਅੱਜ ਦੇ ਭਾਰਤ ਦੀ ਸਿਆਸਤ ਵਿਚ ਅਸੀਂ ਮੁਰਦਾ ਸ਼ਹਿਰਾਂ ਅਤੇ ਮੁਰਦਾ ਅਵਾਜ਼ਾਂ ਨਾਲ ਹੀ ਘਿਰੇ ਹੋਏ ਹਾਂ ਜਿਸ ਵਿਚ ਲੋਕਾਂ ਉੱਪਰ ਵਿਚਾਰ ਥੋਪੇ ਜਾਂਦੇ ਹਨ ਨਾ ਕਿ ਉਨ੍ਹਾਂ ਦੇ ਉਤਪੰਨ ਹੋਣ ਲਈ ਮਾਹੌਲ਼ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਹਲਕੀ ਸਮਝ ਵਾਲੇ ਕੁਝ ਕੁ ਲੋਕ ਸਾਰਿਆਂ ੳੱੁਪਰ ਰਾਜ ਕਰਦੇ ਹਨ। ਇਸੇ ਲਈ ਮੱੁਦਿਆਂ ਦੀ ਬਜਾਇ ਇਕ ਦੂਜੇ ਉੱਪਰ ਦੋਸ਼ ਮੜ੍ਹਨ ਦੀ ਸਿਆਸਤ ਭਾਰੂ ਹੈ।