ਭਾਰਤ ਅੰਦਰ ਸਭ ਤੋਂ ਵਧੇਰੇ ਗਿਣਤੀ ਵਿੱਚ ਦਲਿਤ ਭਾਈਚਾਰਾ ਪੰਜਾਬ ਦਾ ਵਸਨੀਕ ਹੈ। ਪੰਜਾਬ ਦੀ ਕੁਲ ਅਬਾਦੀ ਵਿਚੋਂ 33% ਤੋਂ ਵਧੇਰੇ ਦਲਿਤ ਹਨ। ਗਰੀਬੀ ਰੇਖਾ ਦੇ ਸਭ ਤੋਂ ਨੇੜੇ ਵੀ ਦਲਿਤ ਸਮਾਜ ਹੈ। ਦਲਿਤਾਂ ਦੀ ਵਧੇਰੇ ਗਿਣਤੀ ਪੰਜਾਬ ਦੇ ਪਿੰਡਾਂ ਵਿੱਚ ਵਸਦੀ ਹੈ। ਇਹ ਵਧੇਰੇ ਕਰਕੇ ਖੇਤੀਬਾੜੀ ਦੇ ਕੰਮ ਨਾਲ ਜੁੜੇ ਹੋਏ ਹਨ। ਇਹਨਾਂ ਦਾ ਸਭ ਤੋਂ ਵੱਡਾ ਹਿੱਸਾ ਪੰਜਾਬ ਦੇ ਦੁਆਬਾ ਖੇਤਰ ਵਿੱਚ ਹੈ। ਭੂਮੀ ਖੇਤਰ ਮੁਤਾਬਕ ਵੀ ਦਲਿਤਾਂ ਕੋਲ 6 ਫੀਸਦੀ ਹਿੱਸਾ ਹੀ ਹੈ। ਵਪਾਰਿਕ ਕਿਤਿਆ ਵਿੱਚ ਇਹ ਗਿਣਤੀ 4 ਫੀਸਦੀ ਤੋਂ ਵਧੇਰੇ ਨਹੀਂ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 34 ਸੀਟਾਂ ਦਲਿਤ ਸਮਾਜ ਦੇ ਹਿੱਸੇ ਆਉਂਦੀਆਂ ਹਨ। ਇਸੇ ਤਰਾਂ 13 ਲੋਕ ਸਭਾ ਹਲਕਿਆਂ ਵਿਚੋਂ ਵੀ 4 ਸੀਟਾਂ ਦਲਿਤ ਸਮਾਜ ਦੇ ਹਿੱਸੇ ਆਉਂਦੀਆਂ ਹਨ। ਦਲਿਤਾਂ ਦੀ ਪਹਿਲੀ ਵਾਰ ਸਿਆਸੀ ਲਾਮਬੰਦੀ ਬਾਬੂ ਮੰਗੂ ਰਾਮੀ ਦੀ ਅਗਵਾਈ ਹੇਠ ਹੋਈ ਸੀ। ਇਸ ਤੋਂ ਬਾਅਦ ਸ਼ਡਿਊਲ ਕਾਸਟ ਫਰੰਟ ਬਣਿਆ। ਇਸ ਫਰੰਟ ਹੇਠ ਸਿਆਸੀ ਲਾਮਬੰਦੀ ਹੋਈ ਜੋ ਬਾਅਦ ਵਿੱਚ ਤਬਦੀਲ ਹੋ ਕਿ ਰੀਪਬਲਿਕਨ ਪਾਰਟੀ ਆਫ ਇੰਡੀਆਂ ਵਿੱਚ ਤਬਦੀਲ ਹੋਈ। ਇਸ ਤੋਂ ਬਾਅਦ 1984 ਵਿੱਚ ਬਾਬੂ ਕਾਸ਼ੀ ਰਾਮ ਦੀ ਅਗਵਾਈ ਹੇਠ ਨਵਾਂ ਦਲਿਤ ਫਰੰਟ ਬਹੁਜਨ ਸਮਾਜ ਪਾਰਟੀ ਬਣਿਆ। ਦੇਸ਼ ਦੀ ਸਭ ਤੋਂ ਕੱਦਾਵਰ ਦਲਿਤ ਆਗੂ ਬੀਬੀ ਮਾਇਆਵਤੀ ਵੀ ਬਾਬੂ ਕਾਂਸ਼ੀ ਰਾਮ ਦੀ ਹੀ ਸ਼ਾਗਿਰਦ ਹੈ। ਬਹੁਜਨ ਸਮਾਜ ਪਾਰਟੀ ਨੇ ਪਹਿਲੀ ਵਾਰ 1992 ਵਿੱਚ ਪੰਜਾਬ ਵਿੱਚ ਸਿਆਸੀ ਤੌਰ ਤੇ ਸ਼ਾਮੂਲੀਅਤ ਕੀਤੀ। ਇੰਨਾਂ ਚੋਣਾਂ ਵਿੱਚ ਬਾਬੂ ਕਾਂਸ਼ੀ ਰਾਮ ਦੀ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਨੇ ਨੌ ਵਿਧਾਨ ਸਭਾ ਸੀਟਾਂ ਜਿੱਤੀਆਂ ਤੇ ਬਾਬੂ ਕਾਂਸ਼ੀ ਰਾਮ ਵਿਰੋਧੀ ਧਿਰ ਦੇ ਨੇਤਾ ਬਣੇ। ਇੰਨਾ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਸੰਘਰਸ਼ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਮੂਲੀਅਤ ਨਹੀਂ ਕੀਤੀ ਸੀ। ਇਸੇ ਤਰਾਂ 1996 ਦੀਆਂ ਭਾਰਤੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਬਾਬੂ ਕਾਂਸ਼ੀ ਰਾਮ ਦੀ ਅਗਵਾਈ ਹੇਠ ਬਹੁਜਨ ਸਮਾਜ ਪਾਰਟੀ ਨੇ ਤਿੰਨ ਸੀਟਾਂ ਜਿੱਤੀਆਂ। ਇਸ ਤੋਂ ਬਾਅਦ ਭਾਵੇਂ ਯੂ.ਪੀ. ਵਿੱਚ ਬਹੁਜਨ ਸਮਾਜ ਪਾਰਟੀ ਮੁੱਖ ਧਿਰ ਵਜੋਂ ਉਭਰੀ ਤੇ ਉਥੇ ਉਸਨੇ ਆਪਣੀ ਸਰਕਾਰ ਵੀ ਬੀਬੀ ਮਾਇਆਵਤੀ ਦੀ ਅਗਵਾਈ ਹੇਠ ਬਣਾਈ। ਅੱਜ ਵੀ ਬਹੁਜਨ ਸਮਾਜ ਪਾਰਟੀ ਯੂ.ਪੀ. ਦੇ ਅਧਾਰ ਤੇ ਦੇਸ਼ ਦੀਆਂ ਪ੍ਰਮੁੱਖ ਰਾਜਨੀਤਕ ਜਮਾਤਾਂ ਵਿਚੋਂ ਇੱਕ ਹੈ ਪਰ ਬਾਬੂ ਕਾਸ਼ੀ ਰਾਮ ਤੋਂ ਬਾਅਦ ਰਾਜਨੀਤਿਕ ਖੇਤਰ ਵਿੱਚ ਪੰਜਾਬ ਵਿੱਚੋਂ ਬਹੁਜਨ ਸਮਾਜ ਪਾਰਟੀ, ਦਲਿਤ ਭਾਈਚਾਰੇ ਦੀ ਵਧੇਰੇ ਜਨਸੰਖਿਆਂ ਹੋਣ ਦੇ ਬਾਵਜੂਦ ਵੀ ਆਪਣੀ ਹੋਂਦ ਬਰਕਰਾਰ ਨਹੀਂ ਰੱਖ ਸਕੀ। ਪ੍ਰਮੁੱਖ ਰਾਜਨੀਤਕ ਪਾਰਟੀਆਂ ਨੇ ਵੀ ਦਲਿਤ ਸਮਾਜ ਨੂੰ ਕਿਸੇ ਵੀ ਖੇਤਰ ਵਿੱਚ ਕੋਈ ਤਵੱਜੋਂ ਨਹੀਂ ਦਿੱਤੀ ਸਿਰਫ ਵੋਟ ਬੈਂਕ ਦੀ ਰਾਜਨੀਤੀ ਹੀ ਕੀਤੀ ਹੈ। ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਉਥੇ ਅੱਜ ਵੀ ਦਲਿਤ ਸਮਾਜ ਨਾਲ ਵਿਤਕਰਾ ਹੈ। ਇੰਨਾ ਦੇ ਧਾਰਮਿਕ ਅਸਥਾਨ ਤੇ ਸ਼ਮਸ਼ਾਨ ਘਾਟ ਅਲੱਗ ਹਨ। ਇਸ ਕਰਕੇ ਦਲਿਤ ਸਮਾਜ ਦਾ ਵਧੇਰੇ ਹਿੱਸਾ ਪੰਜਾਬ ਅੰਦਰ ਡੇਰਾਵਾਦ ਨਾਲ ਜੁੜਿਆ ਹੋਇਆ ਹੈ।

ਮਾਲਵੇ ਵਿੱਚ ਦਲਿਤ ਸਮਾਜ ਦਾ ਵਧੇਰੇ ਹਿੱਸਾ ਡੇਰਾ ਸਰਸਾ ਦੇ ਪ੍ਰੇਮੀ ਹਨ। ਇਸੇ ਤਰਾਂ ਦੁਆਬਾ ਖੇਤਰ ਵਿੱਚ ਵੱਡਾ ਹਿੱਸਾ ਨਕੋਦਰ ਦੇ ਡੇਰਾ ਬੱਲਾਂ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਪਿੰਡਾਂ ਵਿੱਚ ਵੀ ਪੰਚਾਇਤੀ ਜ਼ਮੀਨ ਦੀ ਵੰਡ ਦੌਰਾਨ ਦਲਿਤ ਸਮਾਜ ਨੂੰ ਆਪਣਾ ਬਣਦਾ ਹਿੱਸਾ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਸਮੇਂ ਲੋਕ ਸਭਾ ਚੋਣਾਂ ਦੌਰਾਨ ਬਹੁਜਨ ਸਮਾਜ ਪਾਰਟੀ ਡੈਮੋਨਰੇਟਿਕ ਅਲਾਇੰਸ ਦਾ ਹਿੱਸਾ ਬਣਕੇ ਤਿੰਨ ਲੋਕ ਸਭਾ ਸੀਟਾਂ ਤੋਂ ਪੰਜਾਬ ਅੰਦਰ ਚੋਣ ਲੜ ਰਹੀ ਹੈ। ਪਰ ਇਹ ਚੋਣਾਂ ਜਿੱਤਣ ਦੀ ਸਮਰੱਥਾ ਨਹੀਂ ਰੱਖਦੀ ਹੈ। ਦਲਿਤ ਸਮਾਜ ਦੀ ਜਾਗਰਿਕਤਾ ਵਧਣ ਨਾਲ ਵੀ ਇਸਨੂੰ ਪੰਜਾਬ ਦੀ ਸਿਆਸਤ ਅੰਦਰ ਬਣਦਾ ਹਿੱਸਾ ਤੇ ਰੁਤਬਾ ਮਿਲਣ ਦੀ ਅੱਜ ਵੀ ਉਡੀਕ ਹੈ।