ਆਮ ਤੌਰ ਤੇ ਸਾਡੇ ਸਾਹਮਣੇ ਪੂਰੀ ਦੁਨੀਆਂ ਵਿੱਚ ਲੀਡਰਸ਼ਿੱਪ ਦੇ ਦੋ ਤਰ੍ਹਾਂ ਦੇ ਮਾਡਲ ਮਿਲਦੇ ਹਨ। ਰਾਜਸੀ ਲੀਡਰਸ਼ਿੱਪ ਅਤੇ ਧਾਰਮਿਕ ਲੀਡਰਸ਼ਿੱਪ। ਦੁਨੀਆਂ ਭਰ ਵਿੱਚ ਇਸ ਵੇਲੇ ਰਾਜਸੀ ਲੀਡਰਸ਼ਿੱਪ ਨੇ ਮਜਬੂਤੀ ਨਾਲ ਆਪਣੀ ਪਕੜ ਬਣਾ ਲਈ ਹੈ। ਪਰ ਧਾਰਮਿਕ ਲੀਡਰਸ਼ਿੱਪ ਦੀ ਮਹੱਤਤਾ ਹਾਲੇ ਵੀ ਘਟੀ ਨਹੀ ਹੈ। ਪੋਪ ਅੱਜ ਵੀ ਈਸਾਈ ਕੌਮ ਦਾ ਧਅਰਮਿਕ ਲੀਡਰ ਹੈ ਅਤੇ ਉਸਦੇ ਉਪਦੇਸ਼ ਨੂੰ ਹਾਲੇ ਵੀ ਰਾਜਸੀ ਲੀਡਰਸ਼ਿੱਪ ਤੋਂ ਬਿਨਾ ਬਾਕੀ ਸਾਰੇ ਈਸਾਈ ਧਿਆਨ ਨਾਲ ਸੁਣਦੇ ਹਨ। ਇਸਾਈਆਂ ਦੀ ਰਾਜਸੀ ਲੀਡਰਸ਼ਿੱਪ ਪੋਪ ਨੂੰ ਇੱਕ ਵਾਧੂ ਜਿਹਾ ਬੰਦਾ ਹੀ ਸਮਝਦੀ ਹੈ ਜੋ ਉਨ੍ਹਾਂ ਦੇ ਕੰਮ ਵਿੱਚ ਖਾਹਮਖਾਹ ਟੰਗਾਂ ਅੜਾਉਂਦਾ ਰਹਿੰਦਾ ਹੈ। ਈਸਾਈਆਂ ਦੀ ਰਾਜਸੀ ਲੀਡਰਸ਼ਿੱਪ ਸਮਝਦੀ ਹੈ ਕਿ ਸਟੇਟ ਨੂੰ ਚਲਾਉਣ ਲਈ ਜਿਸ ਕਿਸਮ ਦੀ ਸਿਆਣਪ ਅਤੇ ਚਤੁਰਾਈ ਦੀ ਲੋੜ ਹੁੰਦੀ ਹੈ ਉਹ ਪੋਪ ਵਿੱਚ ਨਹੀ ਹੈ। ਇਸੇ ਲਈ ਗਾਹੇ ਬਗਾਹੇ ਉਸਦਾ ਸਤਿਕਾਰ ਕਰ ਦਿੱਤਾ ਜਾਂਦਾ ਹੈ ਪਰ ਉਸ ਵੱਲ਼ੋਂ ਦਿੱਤੀ ਜਾ ਰਹੀ ਸਮਾਜਕ ਅਤੇ ਸਿਆਸੀ ਸੇਧ ਨੂੰ ਕਦੇ ਵੀ ਗੰਭੀਰਤਾ ਨਾਲ ਨਹੀ ਲਿਆ ਜਾਂਦਾ।

ਬੇਸ਼ੱਕ ਸਿਆਸੀ ਲੀਡਰਸ਼ਿੱਪ ਪੋਪ ਦੇ ਵਿਚਾਰਾਂ ਨਾਲ ਸਹਿਮਤ ਨਹੀ ਹੁੰਦੀ ਪਰ ਆਮ ਲੋਕ ਪੋਪ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਹਨ ਅਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।

ਰਾਜਸੀ ਲੀਡਰਸ਼ਿੱਪ ਤੇ ਪੱਛਮੀ ਲੋਕਾਂ ਦਾ ਵੀ ਬਹੁਤਾ ਵਿਸ਼ਵਾਸ਼ ਨਹੀ ਹੈ ਕਿਉਂਕਿ ਉਨ੍ਹਾਂ ਨੂੰ ਵੀ ਹੁਣ ਇਹ ਮਹਿਸੂਸ ਹੋ ਗਿਆ ਹੈ ਕਿ ਰਾਜਸੀ ਲੀਡਰਸ਼ਿੱਪ ਨੈਤਿਕਤਾ ਦੇ ਉਨ੍ਹਾਂ ਮਿਆਰਾਂ ਦੇ ਹਾਣ ਦੀ ਨਹੀ ਰਹੀ ਜੋ ਮਨੱਖਤਾ ਅਤੇ ਸੱਭਿਅਤਾ ਦੇ ਵਿਕਾਸ ਲਈ ਕਿਸੇ ਲੀਡਰ ਵਿੱਚ ਹੋਣੇ ਜਰੂਰੀ ਹੁੰਦੇ ਹਨ।

ਇਸ ਸਬੰਧ ਵਿੱਚ ਪੱਛਮੀ ਮੁਲਕਾਂ ਵਿੱਚ ਲੀਡਰਸ਼ਿੱਪ ਦੇ ਮਿਆਰਾਂ ਬਾਰੇ ਲਗਾਤਾਰ ਸਰਵੇਖਣ ਹੁੰਦੇ ਰਹਿੰਦੇ ਹਨ। ਪਿਛਲੇ ਦਿਨੀ ਇੱਕ ਅਜਿਹੇ ਸਰਵੇਖਣ ਵਿੱਚ ਲੋਕਾਂ ਨੂੰ ਪੁੱਛਿਆ ਗਿਆ ਕਿ ਕਿਹੜਾ ਲੀਡਰ ਤੁਹਾਨੂੰ ਨੈਤਿਕ ਤੌਰ ਤੇ ਅਪੀਲ ਕਰਦਾ ਹੈ ਤਾਂ ਸਭ ਤੋਂ ਜਿਆਦਾ ਵੋਟ ਇੰਗਲੈਂਡ ਦੀ ਮਹਾਰਾਣੀ ਨੂੰ ਮਿਲੇ। ਲੋਕਾਂ ਨੇ ਆਖਿਆ ਕਿ ਰਾਜਸੀ ਲੀਡਰਾਂ ਦੀਆਂ ਚਾਕਰੀਆਂ ਚਤੁਰਾਈਆਂ ਦੇ ਸਾਹਮਣੇ ਸਿਰਫ ਮਹਾਰਾਣੀ ਦੀ ਸ਼ਖਸ਼ੀਅਤ ਅਤੇ ਕਿਰਦਾਰ ਹੀ ਹੈ ਜੋ ਉਨ੍ਹਾਂ ਨੂੰ ਹਾਲੇ ਵੀ ਇਮਾਨਦਾਰ ਅਤੇ ਉਚੇ ਕਿਰਦਾਰ ਵਾਲੀ ਲੀਡਰਸ਼ਿੱਪ ਦੀ ਯਾਦ ਦਿਵਾਉਂਦਾ ਹੈ। ਕਦੇ ਕੋਈ ਘਪਲਾ, ਕੋਈ ਬੇਈਮਾਨੀ ਕੋਈ ਚਤੁਰਾਈ ਜਾਂ ਕਮੀਨਗੀ ਮਹਾਰਾਣੀ ਦੇ ਬਾਰੇ ਸੁਣਨ ਨੂੰ ਨਹੀ ਮਿਲੀ। ਉਹ ਜਦੋਂ ਵੀ ਬੋਲਦੀ ਹੈ ਬਹੁਤ ਸ਼ੁੱਧ ਅਤੇ ਸਵੱਛ ਭਾਸ਼ਾ ਵਿੱਚ ਇੱਕ ਬੁਲੰਦ ਕਿਰਦਾਰ ਵਾਲੀ ਸ਼ਖਸ਼ੀਅਤ ਵੱਜੋਂ ਬੋਲਦੀ ਹੈ ਅਤੇ ਆਪਣੀ ਸ਼ਖਸ਼ੀਅਤ ਦੇ ਜਲੌਅ ਨਾਲ ਉਹ ਅੱਜ ਵੀ ਲੋਕਾਂ ਨੂੰ ਚੰਗਾ ਜੀਵਨ ਜਿਉਣ ਦਾ ਸੰਦੇਸ਼ ਦੇਂਦੀ ਹੈ। ਨੈਤਿਕ ਲੀਡਰਸ਼ਿੱਪ (moral leadership) ਦੇ ਇਸ ਜਲੌਅ ਨਾਲ ਭਰਪੂਰ ਮਹਾਰਾਣੀ ਐਲਿਜ਼ਾਬੈਥ ਨੇ ਆਪਣੇ ਸਮਾਜ ਨੂੰ ਜੋ ਨਰੋਈ ਸੇਧ ਦਿੱਤੀ ਹੈ ਅਤੇ ਜਿਵੇਂ ਆਪਣੀ ਕੌਮ ਵਿੱਚ ਸਵੈਮਾਣ ਦਾ ਰੰਗ ਭਰਿਆ ਹੈ ਉਸ ਸੰਦਰਭ ਵਿੱਚ ਸਿੱਖ ਲੀਡਰਸ਼ਿਪ ਨੂੰ ਦੇਖਣ ਦੀ ਲੋੜ ਹੈ।

ਕਿਸੇ ਕੌਮ ਨੂੰ ਨੈਤਿਕ ਤੌਰ ਤੇ ਅਗਵਾਈ ਦੇਣ ਲਈ ਲੀਡਰ ਦਾ ਆਪਣਾਂ ਜੀਵਨ ਬਹੁਤ ਉਚਾ-ਸੁੱਚਾ ਅਤੇ ਪਵਿੱਤਰ ਹੋਣਾਂ ਚਾਹੀਦਾ ਹੈ। ਮਹਾਰਾਣੀ ਨੇ ਜੇ ਇਹ ਪ੍ਰਾਪਤੀ ਕੀਤੀ ਹੈ ਤਾਂ ਕਿਸੇ ਤਕਨੀਕੀ ਉਲਟਫੇਰ ਨਾਲ ਨਹੀ ਬਲਕਿ ਆਪਣੇ ਜੀਵਨ ਦੀ ਸੁਚੀ ਕਮਾਈ ਨਾਲ ਕੀਤੀ ਹੈ। ਸਾਰੀ ਉਮਰ ਉਹ ਜਿਸ ਕਿਸਮ ਦਾ ਜੀਵਨ ਜੀਵੀ ਉਸ ਜੀਵਨ ਦੀ ਚਮਕ ਅੱਜ ਉਸ ਕੌਮ ਲਈ ਪ੍ਰੇਰਨਾ ਸਰੋਤ ਬਣ ਕੇ ਲਿਸ਼ਕਾਂ ਮਾਰ ਰਹੀ ਹੈ।

ਸੰਡੇ ਟਾਈਮਜ਼ ਦੀ ਸੀਨੀਅਰ ਐਡੀਟਰ ਨੇ ਜੈਨੀ ਰਸਨ ਨੇ ਮਹਾਰਾਣੀ ਐਲਿਜ਼ਾਬੈਥ ਦੇ ਸਿੰਘਾਸਨ ਤੇ ਬੈਠਣ ਦੀ ਡਾਇਮੰਡ ਜੁਬਲੀ ਮੌਕੇ ਲਿਖੇ ਇੱਕ ਲੇਖ਼ ਵਿੱਚ ਇਸ ਉਚੇ ਕਿਰਦਾਰ ਵਾਲੇ ਜੀਵਨ ਦਾ ਬਹੁਤ ਬਾਖੂਬੀ ਨਾਲ ਵਿਸਥਾਰ ਦਿੱਤਾ ਸੀ।

ਜੈਨੀ ਨੇ ਲਿਖਿਆ ਕਿ ਜਦੋਂ ਮਹਾਰਾਣੀ ਦੇ ਸਿੰਘਾਸਣ ਦੀ ੨੫ਵੀ ਵਰ੍ਹੇਗੰਢ ਮਨਾਈ ਜਾ ਰਹੀ ਸੀ ਤਾਂ ਅਸੀਂ ਜੋ ਆਪਣੇ ਆਪ ਨੂੰ ਅਮੀਰ ਘਰਾਣਿਆਂ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਸਮਝਦੀਆਂ ਸਾਂ ਉਸ ਵੇਲੇ ਮਹਾਰਾਣੀ ਦੀ ਯਾਦ ਵਿੱਚ ਇਕੱਠੇ ਹੋਏ ਪੈਡੂ ਲੋਕਾਂ ਨੂੰ ਦੇਖ ਕੇ ਧਿਰਕਾਰ ਨਾਲ ਆਖਦੀਆਂ ਸੀ ਕਿ ਇਸ ਪੇਂਡੂ ਲੋਕ ਕਿਵੇਂ ਇਤਿਹਾਸ ਦੇ ਕੂੜੇਦਾਨਾਂ ਦੀ ਯਾਦ ਮਨਾ ਰਹੇ ਹਨ। ਅਸੀਂ ਉਨ੍ਹਾਂ ਲੋਕਾਂ ਤੇ ਘਿਰਣਾਂ ਕਰਦੇ ਹੋਏ ਆਪਣੀ ਤਕਨੀਕੀ ਵਿਦਿਆ ਅਤੇ ਅਮੀਰੀ ਦੇ ਘੁਮੰਡ ਵਿੱਚ ਟਿਪਣੀਆਂ ਕਰਦੇ ਰਹੇ।

ਜੈਨੀ ਨੇ ਆਖਿਆ ਕਿ ੩੪ ਸਾਲਾਂ ਦੇ ਲੰਬੇ ਅਰਸੇ ਵਿੱਚ ਮਹਾਰਾਣੀ ਦੇ ਕਿਰਦਾਰ ਦੀਆਂ ਬੁਲੰਦੀਆਂ ਅਤੇ ਸਾਡੀ ਪ੍ਰੋੜ ਹੋਈ ਸਮਝ ਨੇ ਸਾਨੂੰ ਇਹ ਅਕਲ ਦਿੱਤੀ ਕਿ ਅਸੀਂ ਅਕਲ ਦੇ ਜਿਸ ਮੁਕਾਮ ਤੇ ਖੜ੍ਹਕੇ ਮਹਾਰਾਣੀ ਬਾਰੇ ਭੈੜੀਆਂ ਟਿੱਪਣੀਆਂ ਕਰ ਰਹੇ ਸੀ ਉਹ ਬਹੁਤ ਨੀਵੀਆਂ ਸਨ। ਅਸਲ ਵਿੱਚ ਸਾਨੂੰ ਮਨੁੱਖੀ ਮਨ ਦੀਆਂ ਡੂੰਘੀਆਂ ਪਰਤਾਂ ਨੂੰ ਬੁਝਣ ਦਾ ਵੱਲ ਹੀ ਉਸ ਵੇਲੇ ਨਹੀ ਸੀ ਆਉਂਦਾ। ਅਸੀਂ ਤਾਂ ਯੂਨੀਵਰਸਿਟੀ ਦੀ ਵਿਦਿਆ ਨੂੰ ਹੀ ਸਭ ਕੁਝ ਸਮਝ ਰਹੇ ਸੀ। ਪਰ ਦੁਨੀਆਂ ਯੂਨੀਵਰਸਿਟੀਆਂ ਦੀ ਵਿਦਿਆ ਦੇ ਗੇੜ ਵਿੱਚ ਆਉਣ ਵਾਲੀ ਗੱਲ ਨਹੀ ਹੈ।

ਜੈਨੀ ਨੇ ਲਿਖਿਆ, “How silly we were and how little we knew about the human yearning for symbolism, cohesion and familiarity.”

ਅਸਲ ਵਿੱਚ ਇਹ ਹੈ ਸਮਝ ਦਾ ਉਹ ਪੱਧਰ ਜੋ ਸਾਨੂੰ ਲੀਡਰਸ਼ਿੱਪ ਦੇ ਨੈਤਿਕ ਗੁਣਾਂ ਦੀ ਪਹਿਚਾਣ ਦੱਸਦਾ ਹੈ। ਜਦੋਂ ਸਮਾਜ ਏਨੇ ਉਚੇ ਹੋ ਜਾਂਦੇ ਹਨ ਉਸ ਵੇਲੇ ਹੀ ਉਹ ਨੈਤਿਕ ਲੀਡਰਸ਼ਿੱਪ ਬਾਰੇ ਸੋਚਣ ਲਗਦੇ ਹਨ।

ਸਿੱਖ ਕੌਮ ਨੂੰ ਵੀ ਇਸ ਵੇਲੇ ਅਜਿਹੀ ਨੈਤਿਕ ਲੀਡਰਸ਼ਿੱਪ ਦੀ ਲੋੜ ਹੈ ਜੋ ਗੁਰੂ ਸਾਹਿਬ ਦੇ ਮਾਰਗ ਦੀ ਪਾਂਧੀ ਬਣਕੇ ਪ੍ਰੇਰਨਾ ਸਰੋਤ ਹੋ ਸਕੇ।