ਭਾਰਤ ਵਿੱਚ ਚੋਣ ਰਾਜਨੀਤੀ ਜਿੱਥੇ ਝੂਠੇ ਵਾਅਦਿਆਂ ਦੀ ਰਾਜਨੀਤੀ ਬਣ ਗਈ ਹੈ ਉੱਥੇ ਧਾਰਮਕ ਅਧਾਰ ਤੇ ਵੋਟਰਾਂ ਨੂੰ ਵੰਡਣ,ਨਫਰਤ ਫੈਲਾਉਣ ਦੀ ਰਾਜਨੀਤੀ ਵੀ ਬਣ ਗਈ ਹੈ। ਜੇ ਤੁਸੀਂ ਸੱਚੀ ਜਮਹੂਰੀਅਤ ਤੇ ਚੱਲ ਰਹੇ ਹੋ ਤਾਂ ਤੁਹਾਨੂੰ ਬਹੁਤ ਕੁਝ ਲੋਕਾਂ ਦੇ ਭਲੇ ਲਈ ਕਰਨਾ ਪੈਂਦਾ ਹੈ। ਸੱਚੇ ਸੁੱਚੇ ਸਿਆਸਤਦਾਨ ਨੂੰ ਆਪਣੇ ਰਾਜਨੀਤਕ ਜੀਵਨ ਦੌਰਾਨ ਹਰ ਪਲ ਆਪਣੇ ਵੋਟਰਾਂ ਦਾ ਖਿਆਲ ਰੱਖਣ ਵਾਲੀਆਂ ਨੀਤੀਆਂ ਅਮਲ ਵਿੱਚ ਲਿਆਉਣੀਆਂ ਪੈਂਦੀਆਂ ਹਨ। ਲੋਕਾਂ ਦੀਆਂ ਮੁਢਲੀਆਂ ਲੋੜਾਂ, ਜਿਵੇਂ ਸਿਹਤ,ਸਿੱਖਿਆ, ਆਵਾਜਾਈ ਦੇ ਸਾਧਨ,ਦਫਤਰੀ ਕੰਮ ਕਾਜ ਵਿੱਚ ਪਾਰਦਰਸ਼ਤਾ ਆਦਿ ਨੂੰ ਪਹਿਲ ਦੇ ਅਧਾਰ ਤੇ ਤਵੱਜੋ ਦੇਣੀ ਪੈਂਦੀ ਹੈ। ਪਰ ਅਜਿਹਾ ਕਰਨ ਲਈ ਰਾਜਨੀਤੀਵਾਨ ਦਾ ਸੂਝਵਾਨ ਹੋਣਾਂ ਬਹੁਤ ਜਰੂਰੀ ਹੁੰਦਾ ਹੈ। ਅਸਲ ਜਮਹੂਰੀਅਤ ਵਾਲੇ ਮੁਲਕਾਂ ਵਿੱਚ ਰਾਜਨੀਤੀਵਾਨ ਬਹੁਤ ਸੂਝ ਬੂਝ ਵਾਲੇ ਹੁੰਦੇ ਹਨ। ਉਹ ਆਮ ਲੋਕਾਂ ਦੀ ਜਿੰਦਗੀ ਨੂੰ ਸੌਖਾ ਬਣਾਉਣ ਲਈ ਰਾਜਨੀਤੀ ਦਾ ਸਕਾਰਾਤਮਕ ਮਾਡਲ ਸਾਹਮਣੇ ਲਿਆਉਂਦੇ ਹਨ।

ਪਰ ਵਿਕਾਸਸ਼ੀਲ ਦੇਸ਼ਾਂ ਵਿੱਚ ਅਜਿਹਾ ਨਹੀ ਹੁੰਦਾ। ਇੱਥੇ ਰਾਜਨੀਤੀ ਕਿਸੇ ਸੂਝ ਬੂਝ ਦੇ ਪਰਗਟਾਵੇ ਲਈ ਨਹੀ ਕੀਤੀ ਜਾਂਦੀ ਬਲਕਿ ਲੱਠਮਾਰਾਂ ਦੀ ਫੌਜ ਵਿੱਚ ਵਾਧਾ ਕੀਤੇ ਜਾਣ ਲਈ ਕੀਤੀ ਜਾਂਦੀ ਹੈ। ਰਾਜਨੀਤੀ ਵਿੱਚ ਭਰਿਸ਼ਟ ਅਤੇ ਲੱਠਮਾਰ ਕਿਸਮ ਦੇ ਲੋਕਾਂ ਦੀ ਆਮਦ ਨੇ ਭਾਰਤ ਦੀ ਰਾਜਨੀਤੀ ਨੂੰ ਇੱਕ ਧੰਦਾ ਬਣਾ ਕੇ ਰੱਖ ਦਿੱਤਾ ਹੈ। ਇਸੇ ਲਈ ਜਦੋਂ ਲੋਕਾਂ ਲਈ ਕੋਈ ਜੁਆਬਦੇਹੀ ਨਹੀ ਬਚੀ ਤਾਂ ਉਨ੍ਹਾਂ ਨੂੰ ਧਰਮ ਦੇ ਨਾਅ ਤੇ ਵੰਡ ਕੇ ਅਤੇ ਦੋ ਫਿਰਕਿਆਂ ਦਰਮਿਆਨ ਨਫਰਤ ਫੈਲਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ। ਇੰਦਰਾ ਗਾਂਧੀ ਨੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਭਾਰਤ ਨੂੰ ਫਤਹਿ ਕੀਤਾ। ਰਾਜੀਵ ਗਾਂਧੀ ਨੇ ਵੀ ਆਪਣੀ ਮਾਂ ਦੇ ਕਦਮਾਂ ਤੇ ਚੱਲਦਿਆਂ ਅੱਗੇ ਕਦਮ ਵਧਾਏ। ਇੰਦਰਾ ਦੀ ਵਿਰਾਸਤ ਨੂੰ ਰਾਜੀਵ ਨੇ ਨਵੰਬਰ 1984 ਵਿੱਚ ਬਹੁਤ ਬੇਕਿਰਕੀ ਨਾਲ ਅੱਗੇ ਵਧਾਇਆ।

ਹੁਣ ਇਹ ਕਾਰਜ ਭਾਜਪਾ ਚਿੱਟੇ ਦਿਨ ਕਰ ਰਹੀ ਹੈ। ਉਸਦੇ ਨਿਸ਼ਾਨੇ ਤੇ ਹੁਣ ਮੁਸਲਿਮ ਭਾਈਚਾਰਾ ਹੈ। ਇਨ੍ਹਾਂ ਦੋ ਧਾਰਾਵਾਂ ਦੇ ਮੁਕਾਬਲੇ ਇੱਕ ਨਵੀਂ ਪਾਰਟੀ ਦਾ ਕੁਝ ਸਾਲ ਪਹਿਲਾਂ ਭਾਰਤੀ ਸਿਆਸਤ ਵਿੱਚ ਉਦੇ ਹੋਇਆ ਸੀ। ਆਮ ਆਦਮੀ ਪਾਰਟੀ ਦੇ ਨਾਅ ਥੱਲੇ ਕੁਝ ਲੋਕ ਸੱਚੀ ਸੁੱਚੀ ਰਾਜਨੀਤੀ ਕਰਨ ਦੇ ਨਾਅਰੇ ਨਾਲ ਅੱਗੇ ਆਏ ਸਨ। ਦਿੱਲੀ ਵਿੱਚ ਸਰਕਾਰ ਬਣਾਕੇ ਉਨ੍ਹਾਂ ਨੇ ਲੋਕਾਂ ਦਾ ਭਲਾ ਕਰਨ ਦੀ ਇਸ਼ਤਿਹਾਰਬਾਜ਼ੀ ਅਜਿਹੀ ਕੀਤੀ ਕਿ ਪੰਜਾਬ ਵੀ ਹਥਿਆ ਲਿਆ।

ਹੁਣ ਇਹ ਲੋਕ ਗੁਜਰਾਤ ਜਿੱਤਣ ਦਾ ਯਤਨ ਕਰ ਰਹੇ ਹਨ। ਬਿਨਾ ਸ਼ੱਕ ਗੁਜਰਾਤ ਵਿੱਚ ਵੀ ਕਿਸੇ ਬਦਲ ਲਈ ਜਮੀਨ ਬਹੁਤ ਜਰਖੇਜ ਹੈ। ਜਿਵੇਂ ਪਿਛਲੇ 60 ਸਾਲਾਂ ਤੋਂ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਨੇ ਮਿਲਕੇ ਤਬਾਹ ਕਰ ਦਿੱਤਾ ਸੀ, ਗੁਜਰਾਤ ਨੂੰ ਵੀ ਪਿਛਲੇ 20 ਸਾਲਾਂ ਤੋਂ ਭਾਜਪਾ ਨੇ ਅੰਦਰੋਂ ਖੋਖਲਾ ਕਰ ਦਿੱਤਾ ਹੈ। ਗੁਜਰਾਤ ਦੇ ਲੋਕਾਂ ਵਿੱਚ ਵੀ ਬਗਾਵਤ ਹੈ। ਪਰ ਉਸ ਬਗਾਵਤ ਨੂੰ ਆਮ ਆਦਮੀ ਪਾਰਟੀ ਵੀ ਧਰਮ ਅਧਾਰਤ ਨਫਰਤ ਦੇ ਮੁੱਦੇ ਤੇ ਅੱਗੇ ਵਧਾਉਣ ਦੇ ਕਾਰਜ ਕਰ ਰਹੀ ਹੈ। ਅਰਵਿੰਦ ਕੇਜਰੀਵਾਲ ਦਾ ਇੱਕ ਤਾਜ਼ਾ ਬਿਆਨ ਇਸ ਕੱਟੜ ਹਿੰਦੂਤਵਾ ਦੀ ਗਵਾਹੀ ਦੇਂਦਾ ਹੈ। ਉਨ੍ਹਾਂ ਆਖਿਆ ਹੈ ਕਿ ਭਾਰਤ ਦੀ ਸੰਕਟ ਭਰੀ ਆਰਥਕ ਸਥਿਤੀ ਨੂੰ ਠੀਕ ਕਰਨ ਲਈ ਕਰੰਸੀ ਨੋਟਾਂ ਤੇ ਮਾਤਾ ਲਕਸ਼ਮੀ ਅਤੇ ਸ੍ਰੀ ਗਣੇਸ਼ ਜੀ ਦੀ ਫੋਟੋ ਲਾ ਦੇਣੀ ਚਾਹੀਦੀ ਹੈ। ਇਹ ਬਿਆਨ ਜਿੱਥੇ ਆਮ ਆਦਮੀ ਪਾਰਟੀ ਦੀ ਗੁਜਰਾਤ ਵਿੱਚ ਬਹੁਤ ਹੀ ਪਤਲੀ ਸਥਿਤੀ ਦੀ ਦੱਸ ਪਾਉਂਦਾ ਹੈ ਉੱਥੇ ਹੀ ਅਰਵਿੰਦ ਕੇਜਰੀਵਾਲ ਦੀ ਨਿਰਪੱਖ ਅਤੇ ਸਾਫ-ਸੁਥਰੀ ਰਾਜਨੀਤੀ ਨੂੰ ਬੇਨਕਾਬ ਕਰਦਾ ਹੈ। ਰਾਜਨੀਤੀ ਵਿੱਚ ਕੋਈ ਨੇਤਾ ਤਾਂ ਹੀ ਨਿੱਘਰਦਾ ਹੈ ਜਦੋਂ ਉਸਨੂੰ ਆਪਣੀ ਹਾਰ ਸਾਹਮਣੇ ਦਿਸ ਰਹੀ ਹੋਵੇ। ਗੁਜਰਾਤ ਵਿੱਚ ਤਬਦੀਲੀ ਦੀ ਖਾਮੋਸ਼ ਅਵਾਜ਼ ਨੂੰ ਕੇਜਰੀਵਾਲ ਫੜਨ ਵਿੱਚ ਕਾਮਯਾਬ ਹੁੰਦੇ ਨਹੀ ਦਿਸ ਰਹੇ ਇਸੇ ਕਰਕੇ ਉਹ ਇਨ੍ਹਾਂ ਹੋਛੇ ਬਿਆਨਾ ਤੇ ਆ ਗਏ ਹਨ।

ਧਰਮ ਦੇ ਅਧਾਰ ਤੇ ਲੋਕਾਂ ਨੂੰ ਵੰਡ ਕੇ ਵੋਟਾਂ ਹਾਸਲ ਕਰਨ ਵਾਲੇ ਨੇਤਾ ਜਮੀਨੀ ਹਕੀਕਤ ਤੋਂ ਟੁੱਟ ਚੁੱਕੇ ਹੁੰਦੇ ਹਨ। ਉਹ ਆਪਣੀ ਯੋਗਤਾ ਦੇ ਅਧਾਰ ਤੇ ਰਾਜਨੀਤੀ ਨਹੀ ਕਰਨਾ ਚਾਹੁੰਦੇ ਬਲਕਿ ਵੰਡੀਆਂ ਪਾਕੇ ਵੋਟ ਹਾਸਲ ਕਰਨੀ ਚਾਹੁੰਦੇ ਹਨ। ਕੇਜਰੀਵਾਲ ਦਾ ਤਾਜ਼ਾ ਬਿਆਨ ਉਸਦੇ ਰਾਜਨੀਤਕ ਸਫਰ ਦੇ ਨੰਗ ਨੂੰ ਉਜਾਗਰ ਕਰਦਾ ਹੈ। ਉਸਦੀ ਉਸਾਰੂ ਰਾਜਨੀਤੀ ਨੂੰ ਬੇਪਰਦ ਕਰਦਾ ਹੈ। ਉਸਦੇ ਵਿਕਾਸ ਦੇ ਨਾਅਰਿਆਂ ਦੀ ਪੋਲ ਖੋਲ੍ਹਦਾ ਹੈ। ਇਸ ਘਟੀਆ ਰਾਜਨੀਤੀ ਵਿੱਚ ਜੇ ਕਿਸੇ ਦਾ ਨੁਕਸਾਨ ਹੋ ਰਿਹਾ ਹੈ ਤਾਂ ਉਹ ਗੁਜਰਾਤ ਦੇ ਗਰੀਬ ਲੋਕਾਂ ਦਾ। ਉਨ੍ਹਾਂ ਵਿੱਚ ਸਥਾਪਤੀ ਦੇ ਖਿਲਾਫ ਰੋਹ ਭਰਨ ਨਾਲੋਂ ਕੇਜਰੀਵਾਲ ਨਫਰਤ ਦੀ ਰਾਜਨੀਤੀ ਨੂੰ ਅੱਗੇ ਵਧਾ ਰਹੇ ਹਨ। ਸਿਆਸੀ ਲੋਕਾਂ ਦਾ ਰੱਬ ਹੀ ਰਾਖਾ।