ਭਾਰਤ ਵਿੱਚ ਹੁਣੇ-ਹੁਣੇ ਅਮਰੀਕਨ ਰਾਸ਼ਟਰਪਤੀ ਦੇ ਦੌਰੇ ਦੌਰਾਨ ਭਾਰਤੀ ਸਰਕਾਰ ਵੱਲੋਂ ਬੜੀ ਬੁਲੰਦ ਅਵਾਜ਼ ਵਿੱਚ ਦਾਅਵੇ ਕੀਤੇ ਗਏ ਕਿ ਹੁਣ ਭਾਰਤ ਤੇ ਅਮਰੀਕਾ ਦੇ ਆਰਥਿਕ ਤੇ ਰਾਜਨੀਤਿਕ ਸਬੰਧ ਨਵੀਆਂ ਅਗਾਂਹ ਵਧੂ ਪ੍ਰਾਪਤੀਆਂ ਨੂੰ ਛੂਹਣ ਦੇ ਕਾਬਲ ਬਣ ਸਕਣਗੇ ਜਿਸ ਨਾਲ ਇਹ ਦਰਸਾਉਣ ਦਾ ਦਾਅਵਾ ਕੀਤਾ ਗਿਆ ਕਿ ਹੁਣ ਭਾਰਤ ਅਤੇ ਭਾਰਤੀਆਂ ਦਾ ਭਵਿੱਖ ਰੌਸ਼ਨੀ ਤੋਂ ਵੱਧ ਕਿ ਚਮਕਦੀਆਂ ਉਚਾਈਆਂ ਨੂੰ ਸਰ ਕਰ ਲਵੇਗਾ। ਉਰਦੂ ਜ਼ੁਬਾਨ ਨਾਲ ਸਬੰਧਤ ਇੱਕ ਸ਼ਾਇਰ ਦੀ ਗਜ਼ਲ ਦੀ ਇੱਕ ਪੰਕਤੀ ਮੈਨੂੰ ਅਕਸਰ ਯਾਦ ਆਉਂਦੀ ਹੈ ਜਦੋਂ ਮੈਂ ਭਾਰਤੀ ਰਾਜਨੀਤਿਕ ਲੀਡਰਾਂ ਦੇ ਵੱਡੇ-ਵੱਡੇ ਰੌਸ਼ਨੀਆਂ ਦੇ ਦਾਅਵੇ ਸੁਣਦਾ ਹਾਂ ਕਿ ਉਜਾਲਿਆਂ ਦੇ ਦਰਮਿਆਨ ਅਜੇ ਗਹਿਰੀ ਧੁੰਦ ਦਾ ਪ੍ਰਛਾਵਾਂ ਇੰਨਾ ਸੰਘਣਾ ਹੈ ਕਿ ਭਾਰਤ ਦੀ ੬੫% ਵਸੋਂ ਇਸ ਗਹਿਰੀ ਧੁੰਦ ਕਾਰਨ ਦੋ ਵਕਤ ਦੀ ਰੋਜ਼ੀ ਰੋਟੀ ਕਮਾਉਣ ਤੋਂ ਅਜੇ ਅਸਮਰਥ ਹੈ। ਮਸ਼ਹੂਰ ਭਾਰਤੀ ਕਵੀ ਜੋ ਕਿ ਲੁਧਿਆਣੇ ਨਾਲ ਸਬੰਧਤ ਸੀ, ਨੇ ਇੱਕ ਮਸ਼ਹੂਰ ਪੰਕਤੀ ਲਿਖੀ ਸੀ – “ਹਿੰਦੂ ਨਾ ਬਣੇਗਾ, ਮੁਸਲਮਾਨ ਨਾ ਬਣੇਗਾ, ਇਨਸਾਨ ਕੀ ਔਲਾਦ ਹੈ, ਇਨਸਾਨ ਬਣੇਗਾ।” ਇਹ ਦਾਇਰਾ ਅੱਜ ਭਾਰਤ ਵਿੱਚ ਇਨਸਾਨ ਬਣਨ ਦੇ ਸੁਪਨੇ ਤੋਂ ਕੋਹਾਂ ਦੂਰ ਭੱਜ ਰਿਹਾ ਹੈ ਅਤੇ ਕੁਝ ਸੰਗਠਨਾਂ ਦੇ ਫਿਰਕੂ ਪ੍ਰਭਾਵ ਥੱਲੇ ਸਿਖਿਅਤ ਉਜਾਲਿਆਂ ਦੀ ਕਮੀ ਕਰਕੇ ਧਰਮਾਂ ਦੇ ਵੱਖ-ਵੱਖ ਪ੍ਰਛਾਵਿਆਂ ਵਿੱਚ ਸਮਾਜ ਨੂੰ ਵੰਡਦਾ ਤੁਰਿਆ ਜਾ ਰਿਹਾ ਹੈ।

ਉਜਾਲਿਆਂ ਦੇ ਦਾਅਵਿਆਂ ਥੱਲੇ ਭਾਰਤੀ ਸਮਾਜ ਵਿੱਚ ਅੱਜ ਵੀ ਭਾਰਤੀ ਸਮਾਜ ਵਿੱਚ ੯੦ ਲੱਖ ਦੇ ਕਰੀਬ ਪਰਿਵਾਰ ਜਾਂ ਕਹਿ ਲਉ ੪.੫ ਕਰੋੜ ਵਿਅਕਤੀ ਝੁੱਗੀਆਂ ਝੌਪੜੀਆਂ ਵਿੱਚ ਭਾਰਤੀ ਸ਼ਹਿਰਾਂ ਵਿੱਚ ਰਹਿਣ ਲਈ ਮਜਬੂਰ ਹਨ। ਜਿੱਥੇ ਨਾ ਤਾਂ ਪੀਣ ਲਈ ਸਾਫ ਪਾਣੀ ਹੈ ਨਾਂ ਹੀ ਸ਼ੋਚਾਲਿਆਂ ਪ੍ਰਬੰਧ ਹੈ ਤੇ ਗੰਦਗੀ ਦੇ ਢੇਰ ਉਨਾਂ ਦਾ ਸਰਮਾਇਆ ਹਨ। ਇੰਨਾ ਘੇਰਿਆਂ ਵਿੱਚ ਘਿਰੇ ਬੱਚੇ ਕੂੜੇ ਦੇ ਢੇਰਾਂ ਨੂੰ ਫਰੋਲ ਕੇ ਆਪਣਾ ਬਚਪਨ ਉਸਾਰ ਰਹੇ ਹਨ। ਯੂ.ਐਨ ਦੀ ਤਾਜਾ ਰਿਪੋਰਟ ਮੁਤਾਬਕ ਭਾਰਤ ਦੇ ਇੱਕ ਹੋਰ ਉਜਾਲੇ ਦੇ ਦਾਅਵੇ ਦਾ ਭਵਿੱਖ ਦਰਸਾਉਂਦੀ ਹੋਈ ਇਹ ਦੱਸ ਰਹੀ ਹੈ ਕਿ ਅੱਜ ਵੀ ਭਾਰਤ ਵਿੱਚ ੨੪੦ ਮਿਲੀਅਨ ਬਾਲ ਵਿਆਹ ਦੀਆਂ ਸ਼ਿਕਾਰ ਬੱਚੀਆਂ ਹਨ। ਰਾਸ਼ਟਰਪਤੀ ਉਬਾਮਾ ਦੀ ਫੇਰੀ ਦੌਰਾਨ ਦੁਨੀਆਂ ਦੇ ਮਸ਼ਹੂਰ ਅਮਰੀਕੀ ਅਖਬਾਰ Washington Post ਵਿੱਚ ਛਪੇ ਇੱਕ ਲੇਖ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਵਿਅੰਗ ਕਸਦਿਆਂ ਇਹ ਲਿਖਿਆ ਹੈ ਕਿ ਬੱਚੀਆਂ ਜਾਂ ਲੜਕੀਆਂ ਦਾ ਭਵਿੱਖ ਉਜਾਲਾ ਕਰਨ ਦਾ ਦਾਅਵਾ ਤਾਂ ਪ੍ਰਧਾਨ ਮੰਤਰੀ ਜਰੂਰ ਕਰ ਰਹੇ ਹਨ ਅਤੇ ਨਾਰੀ ਸ਼ਕਤੀ ਨੂੰ ਨਵੀਂ ਰੂਪ ਰੇਖਾ ਦੇਣ ਲਈ ਭਾਰਤ ਵਾਸੀਆਂ ਨੂੰ ਦਿਸ਼ਾ-ਨਿਰਦੇਸ਼ ਰੋਜਾਨਾ ਦਿੱਤੇ ਜਾ ਰਹੇ ਹਨ ਪਰ ਉਨਾਂ ਦਾ ਅਪਾਣਾ ਨਿੱਜੀ ਜੀਵਨ ਵੀ ਬਾਲ ਵਿਆਹ ਦੇ ਘੇਰੇ ਵਿੱਚ ਆਉਂਦਾ ਹੈ ਅਤੇ ਉਨ੍ਹਾਂ ਦੀ ਆਪਣੀ ਘਰ ਵਾਲੀ ਅੱਜ ਵੀ ਆਪਣੇ ਭਰਾ ਕੋਲੇ ਇੱਕ ਛੋਟੇ ਜਿਹੇ ਚੁਬਾਰੇ ਵਿੱਚ ਰਹਿ ਰਹੀ ਹੈ ਜਿਸਨੂੰ ਜਨਤਕ ਤੌਰ ਤੇ ਅਪਣਾਉਣ ਲਈ ਜੋ ਵਿਅਕਤੀ ਸ਼ਰਮ ਮਹਿਸੂਸ ਕਰਦਾ ਹੈ ਉਹ ਨਾਰੀ ਸ਼ਕਤੀ ਨੂੰ ਕਿਵੇਂ ਮਜਬੂਤ ਕਰ ਸਕੇਗਾ। ਇਹ ਇੱਕ ਸੱਭਿਆਕ ਸਮਾਜ ਅੱਗੇ ਸਵਾਲ ਹੈ।

੧੯੯੦ ਤੋਂ ਬਾਅਦ ਭਾਰਤ ਵਿੱਚ ਹੁਣ ਤੱਕ ਤਿੰਨ ਦਹਾਕਿਆਂ ਵਿੱਚ ਪੂੰਜੀਵਾਦੀ ਪੱਖੀ ਨੀਤੀਆਂ ਦੇ ਬਦਲਾਅ ਕਾਰਨ ਦੁਨੀਆਂ ਦੇ ਅਮੀਰ ਅਰਬਪਤੀਆਂ ਵਿੱਚ ਭਾਰਤ ਦੇ ਅਰਬਪਤੀ ਪਰਿਵਾਰਾਂ ਵਿੱਚ ਚੋਖਾ ਵਾਧਾ ਤਾਂ ਜਰੂਰ ਹੋਇਆ ਹੈ ਪਰ ਇਸ ਤਰੱਕੀ ਵਿੱਚ ਇੱਕ ਹੋਰ ਪੱਖ ਜੋ ਉਜਾਗਰ ਹੋਇਆ ਹੈ ਉਹ ਸਿੱਖਿਆ ਅਤੇ ਅਧਿਆਪਕ ਵਰਗ ਨਾਲ ਸਬੰਧਤ ਹੈ। ਇਹਨਾਂ ਦਹਾਕਿਆਂ ਵਿੱਚ ਹੁਣ ਤੱਕ ਭਾਰਤ ਵਿੱਚ ਮੁਢਲੀ ਵਿੱਦਿਆ ਲਈ ਦਸ ਲੱਖ ਤੋਂ ਵੱਧ ਅਧਿਆਪਕਾਂ ਦੀਆਂ ਨੌਕਰੀਆਂ ਖਾਲੀ ਹੋਈਆਂ ਹਨ। ਸਕੂਲਾਂ ਵਿੱਚ ਅਧਿਆਪਕ ਅਤੇ ਬੱਚਿਆਂ ਦੇ ਅਨੁਪਾਤ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਅੰਤ ਵਿੱਚ ਇੱਕ ਨਾਮੀ ਸੰਸਥਾ (A.S.E.R.) ਦੇ ਦਸਵੇਂ ਸਰਵੇਖਣ ਮੁਤਾਬਕ ਇਹ ਦੱਸਿਆ ਗਿਆ ਹੈ ਕਿ ਸਕੂਲਾਂ ਵਿੱਚ ਬੱਚਿਆਂ ਦਾ ਦਾਖਲਾ ਤਾਂ ਬਹੁਤ ਹੋਇਆ ਹੈ ਅਤੇ ਮੁਢਲੀਆਂ ਸਹੂਲਤਾਂ ਵਿੱਚ ਵੀ ਪਿਛਲੇ ਪੰਜ ਸਾਲਾਂ ਨਾਲੋਂ ਕਾਫੀ ਤਬਦੀਲੀ ਆਈ ਹੈ ਪਰ ਇਸਦੇ ਵਿਪਰੀਤ ਇਸ ਸਰਵੇਖਣ ਮੁਤਾਬਕ ਮੁਢਲੀ ਸਿੱਖਿਆ ਦਾ ਜੋ ਹਾਲ ਸਾਹਮਣੇ ਆਇਆ ਹੈ ਉਹ ਦਰਸਾਉਂਦਾ ਹੈ ਕਿ ਸਕੂਲੀ ਬੱਚਿਆਂ ਦਾ ਸਿੱਖਿਅਕ ਮਿਆਰ ਇਹ ਹੈ ਕਿ ਪੰਜਵੀਂ ਜਮਾਤ ਦੇ ਕੁਲ ਗਿਣਤੀ ਬੱਚਿਆਂ ਵਿੱਚ ਮੁਢਲਾ ਗਿਆਨ ਇਹ ਹੈ ਕਿ ਉਹ ਦੂਜੀ ਕਲਾਸ ਵਾਲਾ ਹਿਸਾਬ ਜਮਾਂ-ਤਕਸੀਮ ਕਰਨ ਤੋਂ ਵੀ ਅਸਮਰੱਥ ਹਨ। ਜਿਹੜੇ ਬੱਚੇ ਛੇ ਸਾਲਾਂ ਦੇ ਸਕੂਲੀ ਜੀਵਨ ਵਿੱਚ ਇੱਕ ਮਾਮੂਲੀ ਸਧਾਰਨ ਸਿੱਖਿਆ ਦੀ ਲਿਖਤ ਨੂੰ ਪੜਨ ਤੋਂ ਵੀ ਅਸਮਰਥ ਹਨ। ਜੋ ਕਿ ਇੱਕ ਦੂਜੀ ਜਮਾਤ ਦੇ ਬੱਚੇ ਨੂੰ ਪੜਨੀ ਆਉਣੀ ਚਾਹੀਦੀ ਹੈ। ਇਹ ਸਰਵੇਖਣ ਇਸ ਅਧਾਰ ਤੇ ਹੈ ਕਿ ਇਹ ਜੋ ਸਿੱਖਿਆ ਦੇ ਹਾਲਾਤ ਭਾਰਤ ਵਿੱਚ ਹਨ ਇਹ ਪੇਂਡੂ ਸਕੂਲਾਂ ਵਿੱਚ ਜਿੱਥੇ ਭਾਰਤ ਦੀ ਅਬਾਦੀ ਦਾ ਵਧੇਰੇ ਹਿੱਸਾ ਰਹਿ ਰਿਹਾ ਹੈ ਉਥੇ ਇਹ ਅਸਿੱਖਿਆ ਦਾ ਮਸਲਾ ਜ਼ਿਆਦਾ ਗੰਭੀਰ ਹੈ। ਅਧਿਆਪਕਾਂ ਦੀ ਸਮਾਜ ਅੰਦਰ ੧੯੯੦ ਤੋਂ ਬਾਅਦ ਕਦਰ ਤੇ ਸਨਮਾਨ ਵਿੱਚ ਗਿਰਾਵਟ ਆਉਣ ਕਰਕੇ ਹੋਣਹਾਰ ਵਿਅਕਤੀ ਅਧਿਆਪਕ ਦਾ ਪੇਸ਼ਾ ਅਪਨਾਉਣ ਤੋਂ ਵੀ ਕਦਮ ਪਿੱਛੇ ਖਿੱਚ ਰਹੇ ਹਨ। ਇਹਨਾਂ ਦਹਾਕਿਆਂ ਵਿੱਚ ਭਾਰਤ ਅੰਦਰ ਸਰਕਾਰਾਂ ਤਾਂ ਕਈ ਬਦਲੀਆਂ ਹਨ ਅਤੇ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਲਿਖਤੀ ਯੋਜਨਾਵਾਂ ਵੀ ਸਮੇਂ-ਸਮੇਂ ਸਿਰ ਉਲੀਕੀਆਂ ਗਈਆਂ ਹਨ ਜੋ ਇੱਕ ਅਸੱਭਿਅਕ ਸਮਾਜ ਨੂੰ ਸਿਖਿਅਤ ਕਰਨ ਦੀ ਕੜੀ ਅਧਿਆਪਕ ਦੇ ਸਨਮਾਨ ਤੇ ਕਦਰ ਨੂੰ ਵਧਾਉਣ ਵਿੱਚ ਨਾਕਾਮਯਾਬ ਰਹੀ ਹੈ। ਪੱਕੀਆਂ ਅਤੇ ਆਰਥਿਕ ਪੱਖੋਂ ਮਜ਼ਬੂਤ ਲੀਹਾਂ ਦੀ ਕਮੀ ਕਰਕੇ ਅਧਿਆਪਕ ਵਰਗ ਠੇਕਾ ਪ੍ਰਣਾਲੀ ਅਤੇ ਮਮੂਲੀ ਤਨਖਾਹਾਂ ਤੇ ਕੰਮ ਕਰਨ ਲਈ ਮਜ਼ਬੂਰ ਹੋਣ ਕਰਕੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਵਿੱਚ ਪੂਰੀ ਤਰਾਂ ਅਸਮਰਥ ਹੈ। ਇਹ ਅਸਿੱਖਿਅਕ ਵੱਡੀ ਭੀੜ ਉਜਾਲਿਆਂ ਦੇ ਦਾਅਵੇ ਵਿੱਚ ਸੰਘਣੀ ਧੁੰਦ ਵਿੱਚ ਘਿਰੀ ਹੋਣ ਕਰਕੇ ਧਾਰਮਿਕ ਵਖਰੇਵਿਆਂ ਦੇ ਪ੍ਰਭਾਵ ਹੇਠ ਭਾਰਤ ਵਿੱਚ ਸਮਾਜਿਕ ਅਤੇ ਧਾਰਮਿਕ ਵੰਡੀਆਂ ਨੂੰ ਦਿਨ ਪ੍ਰਤੀ ਦਿਨ ਗਹਿਰਾ ਕਰਦੀ ਜਾ ਰਹੀ ਹੈ।

ਪਿੱਛੇ ਜਿਹੇ ਗਿਆਰਾਂ ਯੂਰਪੀਅਨ ਮੁਲਕਾਂ ਵਿੱਚ ਸਿੱਖਿਆ ਬਾਰੇ ਖੋਜ ਕਰਨ ਤੋਂ ਬਾਅਦ ਇਹ ਟਿੱਪਣੀ ਕੀਤੀ ਗਈ ਸੀ ਕਿ ਧਾਰਮਿਕ ਵੰਡੀਆਂ ਤੋਂ ਬਚਾਉਣ ਲਈ ਸਭ ਤੋਂ ਮੁਢਲਾ ਕਦਮ ਸਿੱਖਿਆ ਹੀ ਹੈ। ਇੱਕ ਸਾਲ ਸਿੱਖਿਆ ਦਾ ਵੱਧ ਹੋਣ ਨਾਲ ਕਿਸੇ ਵੀ ਮਨ ਤੋਂ ਦਸ ਪ੍ਰਤੀਸ਼ਤ ਧਰਮ ਦੀ ਵੰਡੀ ਦੀ ਖਿੱਚ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ। ਇਹ ਸਿੱਖਿਆ ਦੀ ਚੇਤਨਾ ਦਾ ਪ੍ਰਤੀਕ ਹੈ ਕਿ ਅੱਜ ਸਿੱਖਿਆ ਦਾ ਧਾਰਮਿਕ ਵੰਡੀਆਂ ਅਤੇ ਸਮਾਜਿਕ ਕਮੀਆਂ ਤੋਂ ਕਾਫੀ ਹੱਦ ਤੱਕ ਨਿਰਲੇਪ ਹਨ। ਧਾਰਮਿਕ ਰੁਚੀਆਂ ਨੂੰ ਸਮਝ ਕੇ ਸਿੱਖਿਆਂ ਗ੍ਰਹਿਣ ਦੇ ਪ੍ਰਭਾਵ ਅਧੀਨ ਹਰ ਨਵੇਂ ਦਿਨ ਦੁਨੀਆਂ ਨੂੰ ਇਨਸਾਨੀਅਤ ਦੀ ਮਹੱਤਤਾ ਸਮਝਾਉਣ ਲਈ ਕਦਮ ਪੁੱਟ ਰਹੇ ਹਨ। ਦੂਜੇ ਪਾਸੇ ਭਾਰਤ ਵਰਗੇ ਮੁਲਕ ਦੀ ਰਾਜਧਾਨੀ ਅੰਦਰ ਪ੍ਰਮੁੱਖ ਵਿਸ਼ਵ ਵਿਦਿਆਲੇ ਦਿੱਲੀ ਯੂਨੀਵਰਸਿਟੀ ਦਾ ਸਿੱਖਿਆ ਪ੍ਰਤੀ ਅੱਜ ਇਹ ਮਿਆਰ ਹੈ ਕਿ ਚਾਰ ਹਜ਼ਾਰ ਅਧਿਆਪਕ ਵਰਗ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਇਸਦਾ ਮੁੱਖ ਕਾਰਨ ਆਰਥਿਕ ਕਮੀ ਦਰਸਾ ਕੇ ਇਹ ਖਾਲੀ ਪਈਆਂ ਨੌਕਰੀਆਂ ਨੂੰ ਠੇਕਿਆਂ ਉੱਤੇ ਕੰਮ ਦੇ ਕੇ ਥੋੜੀਆਂ ਤਨਖਾਹਾਂ ਉੱਪਰ ਅਧਿਆਪਕ ਰੱਖੇ ਹੋਏ ਹਨ ਇੰਨਾ ਅਧਿਆਪਕਾਂ ਉੱਪਰ ਮਾਨਸਿਕ ਤੌਰ ਤੇ ਜੀਵਨ ਦੀ ਆਰਥਿਕ ਅਸੁਰੱਖਿਆ ਇੰਨੀ ਗਈ ਹੈ ਕਿ ਇੰਨਾ ਵੱਲੋਂ ਸਿੱਖਿਆ ਪ੍ਰਦਾਨ ਕਰਨ ਦਾ ਮਿਆਰ ਇਹ ਹੈ ਕਿ ਅੱਜ ਦੇ ਯੁੱਗ ਵਿੱਚ ਸੰਸਾਰ ਦੀ ਇੱਕ ਵੱਡੀ ਆਰਥਿਕ ਤਾਕਤ ਵਜੋਂ ਉੱਭਰ ਰਹੇ ਭਾਰਤ ਦਾ ਕੋਈ ਵੀ ਵਿਸ਼ਿਵਦਿਆਲਾ ਅਤੇ ਕਾਲਜ ਦੁਨੀਆਂ ਦੇ ਪਹਿਲੇ ਦੋ ਸੋ ਤੋਂ ਉਪਰ ਕਾਲਜਾਂ ਦੀ ਸੂਚੀ ਵਿੱਚ ਨਹੀਂ ਆਉਂਦਾ। ਇਹ ਦੁਰਦਸ਼ਾਂ ਸਿੱਖਿਆ ਪ੍ਰਤੀ ਕਿਸੇ ਵੀ ਮੁਲਕ ਦੀ ਜੜ੍ਹ ਨੂੰ ਸਿਊਂਕ ਵਾਂਗੂੰ ਅੰਦਰੋਂ ਅੰਦਰੀ ਖਾ ਜਾਂਦੀ ਹੈ ਅਤੇ ਇਸਤੇ ਉਸਾਰੇ ਜਾ ਰਹੇ ਲੋਕਾਂ ਲਈ ਉਜਾਲਿਆਂ ਦੇ ਭਵਿੱਖ ਦੇ ਦਾਅਵੇ ਕਦੀ ਵੀ ਆਲੇ-ਦੁਆਲੇ ਦੀ ਸੰਘਣੀ ਧੁੰਦ ਨੂੰ ਉਜਾਲਾ ਪ੍ਰਦਾਨ ਨਹੀਂ ਕਰ ਸਕਦੇ।