ਭਾਰਤ ਤੇ ਰਾਜ ਕਰ ਰਹੀ ਕੱਟੜ ਹਿੰਦੂ ਜਮਾਤ ਭਾਰਤੀ ਜਨਤਾ ਪਾਰਟੀ ਨਾਲ਼, ਪੰਜਾਬ ਦੇ ਅਕਾਲੀਆਂ ਦੀ ਗੂੜ੍ਹੀ ਦੋਸਤੀ ਹੈ। ਵੈਸੇ ਦੋਸਤੀ ਤਾਂ ਦੋ ਬਰਾਬਰ ਦੀਆਂ ਧਿਰਾਂ ਦਰਮਿਆਨ ਹੁੰਦੀ ਹੈ। ਜੇ ਇਹ ਕਹਿ ਲ਼ਿਆ ਜਾਵੇ ਕਿ ਅਕਾਲ਼ੀਆਂ ਨੇ ਹਿੰਦੂ ਕੱਟੜਪੰਥੀਆਂ ਦੀ ਬਿਨਾ ਸ਼ਰਤ ਹੀ ਅਧੀਨਗੀ ਕਬੂਲ਼ੀ ਹੋਈ ਹੈ ਤਾਂ ਕੋਈ ਅੱਤਕਥਨੀ ਨਹੀ ਹੋਵੇਗੀ, ਕਿਉਂਕਿ ਜਿੱਥੇ ਦੋਸਤੀ ਹੁੰਦੀ ਹੈ ਉਥੇ ਦੋਵੇਂ ਧਿਰਾਂ ਇੱਕ ਦੂਜੇ ਦੇ ਆਤਮ-ਸਨਮਾਨ ਅਤੇ ਭਾਵਨਾਵਾਂ ਦਾ ਸਤਿਕਾਰ ਕਰਦੀਆਂ ਹੁੰਦੀਆਂ ਹਨ। ਦੂਜੇ ਦੋਸਤ ਦੇ ਮਨ ਨੂੰ ਕੋਈ ਠੇਸ ਨਾ ਲ਼ੱਗੇ ਇਸਦਾ ਖਿਆਲ਼ ਦੋਵੇਂ ਧਿਰਾਂ ਰੱਖਦੀਆਂ ਹਨ।
ਪਰ ਇੱਥੇ ਉਲ਼ਟ ਹੋ ਰਿਹਾ ਹੈ। ਆਪਣੇ ਜਨਮ ਤੋਂ ਹੀ ਭਾਰਤੀ ਜਨਤਾ ਪਾਰਟੀ ਜਾਂ ਜਨਸੰਘ ਨੇ ਕਦੇ ਵੀ ਆਪਣੀ ਸਿੱਖ ਵਿਰੋਧੀ ਦੁਸ਼ਮਣੀ ਨੂੰ ਲ਼ੁਕੋ ਕੇ ਨਹੀ ਰੱਖਿਆ। ਭਾਵੇਂ ਉਹ ਸਿੱਖ ਧਰਮ ਦੀਆਂ ਨਿਆਰੀਆਂ ਮਾਨਤਾਵਾਂ ਦਾ ਸੁਆਲ਼ ਹੋਵੇ, ਭਾਵੇਂ ਅਜ਼ਾਦ ਭਾਰਤ ਵਿੱਚ ਸਿੱਖਾਂ ਨੂੰ ਕੋਈ ਵਿਸ਼ੇਸ਼ ਦਰਜਾ ਦੇਣ ਦੀ ਗੱਲ਼ ਹੋਵੇ, ਭਾਵੇਂ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਦੇ ਹਮਲ਼ੇ ਦਾ ਮਸਲ਼ਾ ਹੋਵੇ, ਭਾਵੇਂ ਪੰਜਾਬੀ ਨੂੰ ਨਿਆਰੀ ਜੁਬਾਨ ਬਣਾਉਣ ਦਾ ਮਸਲ਼ਾ ਹੋਵੇ, ਭਾਵੇਂ ਸਿੱਖ ਕਤਲ਼ੇਆਮ ਵਿੱਚ ਸ਼ਾਮਲ਼ ਪੁਲ਼ਿਸ ਅਧਿਕਾਰੀਆਂ ਨੂੰ ਸਜ਼ਾਵਾਂ ਦੇਣ ਦਾ ਮਸਲ਼ਾ ਹੋਵੇ। ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਨੰਗੇ ਚਿੱਟੇ ਰੂਪ ਵਿੱਚ ਸਿੱਖਾਂ ਖਿਲ਼ਾਫ ਆਪਣੀ ਨੀਤੀ ਪ੍ਰਗਟ ਹੀ ਨਹੀ ਕੀਤੀ ਬਲ਼ਕਿ ਨਿੱਠ ਕੇ ਦੁਸ਼ਮਣੀ ਪੁਗਾਈ ਹੈ।
ਪਰ ਇਸ ਸਾਰੀ ਬੇਇਜ਼ਤੀ ਅਤੇ ਬੇਪਤੀ ਦੇ ਬਾਵਜੂਦ ਅਕਾਲ਼ੀ ਦਲ਼ ਦਾ ਇੱਕ ਬਜ਼ੁਰਗ ਲ਼ੀਡਰ ਆਪਣੇ ਨਿੱਜੀ ਰਿਸ਼ਤਿਆਂ ਨੂੰ ਕੌਮ ਦੇ ਰਿਸ਼ਤੇ ਬਣਾ ਕੇ ਪੇਸ਼ ਕਰੀ ਜਾ ਰਿਹਾ ਹੈ। ਹਜਾਰਾਂ ਬੇਪਤੀਆਂ ਸਹਿਣ ਰਕੇ ਵੀ ਉਹ ਲ਼ੀਡਰ ਸਿੱਖ ਕੌਮ ਦੀ ਬੇਪਤੀ ਕਰਵਾਈ ਜਾ ਰਿਹਾ ਹੈ ਅਤੇ ਡੰਕੇ ਦੀ ਚੋਟ ਤੇ ਆਖਦਾ ਹੈ ਕਿ ਭਾਜਪਾ ਨਾਲ਼ ਅਕਾਲ਼ੀਆਂ ਦਾ ਰਿਸ਼ਤਾ ਕਿਸੇ ਵੀ ਹਾਲ਼ ਵਿੱਚ ਟੁੱਟੇਗਾ ਨਹੀ।
ਪਿਛਲ਼ੇ ਦਿਨੀ ਅਕਾਲ਼ੀਆਂ ਨੇ ਆਪਣੀ ਸਿਆਸੀ ਸ਼ਾਖ ਨੂੰ ਮੁੜ ਤੋਂ ਬਹਾਲ਼ ਕਰਨ ਲ਼ਈ ਦੇਸ਼ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਲ਼ਿਆਂਦਾ। ਪੰਜਾਬ ਅਤੇ ਪੰਥਕ ਸੰਸਥਾਵਾਂ ਨੂੰ ਆਪਣੀ ਮੁੱਠੀ ਵਿੱਚ ਕਰੀ ਬੈਠੇ ਇੱਕ ਪਰਿਵਾਰ ਦੇ ਤਿੰਨ ਪ੍ਰਮੁੱਖ ਜੀਆਂ ਨੇ ਦੇਸ਼ ਦੇ ਪਰਧਾਨ ਮੰਤਰੀ ਦੇ ਸਿਰ ਤੇ ਬਹੁਤ ਚਾਅਵਾਂ ਨਾਲ਼ ਦਸਤਾ ਸਜਾਈ। ਪਰਿਵਾਰ ਦੇ ਤਿੰਨੇ ਮੈਂਬਰ ਹਾਲ਼ੇ ਦਸਤਾਰ ਸਜ਼ਾ ਕੇ ਫੋਟੋ ਖਿਚਵਾਉਣ ਲ਼ਈ ਸਿੱਧੇ ਹੀ ਹੋ ਰਹੇ ਸਨ ਕਿ ਨਰਿੰਦਰ ਮੋਦੀ ਨੇ ਦਸਤਾਰ ਲ਼ਾ ਹੇ ਅਹੁ ਮਾਰੀ। ਸਿਰਫ ੧੦ ਸਕਿੰਟ ਲ਼ਈ ਮੋਦੀ ਨੇ ਉਸ ਦਸਤਾਰ ਨੂੰ ਆਪਣੇ ਸਿਰ ਤੇ ਰਹਿਣ ਦਿੱਤਾ।
ਪੰਥਕ ਸੋਚਣੀ ਵਾਲ਼ੇ ਨੌਜਵਾਨਾਂ ਨੂੰ ਨਫਰਤ ਨਾਲ਼ ਦੇਖਣ ਵਾਲ਼ੇ ਇਸ ਪਰਿਵਾਰ ਨੇ ਦਸਤਾਰ ਦੀ ਉਸ ਘੋਰ ਬੇਅਦਬੀ ਨੂੰ ਬਹੁਤ ਸਹਿਜ ਨਾਲ਼ ਹੀ ਜਰ ਲ਼ਿਆ। ਇੱਥੇ ਹੀ ਬਸ ਨਹੀ, ਭਾਜਪਾ ਦੀ ਰੈਲ਼ੀ ਲ਼ਈ ਲ਼ੰਗਰ ਗੁਰੂ ਦੀ ਗੋਲ਼ਕ ਵਿੱਚੋਂ ਕਿਸੇ ਗੁਰੂਘਰ ਵਿੱਚੋਂ ਲ਼ਿਆਂਦਾ ਗਿਆ ਅਤੇ ਰੈਲ਼ੀ ਵਾਲ਼ੀ ਥਾਂ ਤੇ ਚਾਰੇ ਪਾਸੇ ਲ਼ੰਗਰ ਧਰਤੀ ਤੇ ਖਿੰਡਿਆ ਪਿਆ ਸੀ।
ਸਿੱਖਾਂ ਦੀ ਨੁਮਾਇੰਦਾ ਜਮਾਤ ਹੋਣ ਦਾ ਦਾਅਵਾ ਕਰ ਰਹੀ ਅਕਾਲ਼ੀ ਪਾਰਟੀ ਦੀ ਲ਼ੀਡਰਸ਼ਿੱਪ ਨੇ ਸਿਰਫ ਆਪਣੀਆਂ ਨਿੱਜੀ ਗਰਜਾਂ ਖਾਤਰ ਸਿੱਖ ਦਸਤਾਰ ਅਤੇ ਲ਼ੰਗਰ ਦਾ ਅਪਮਾਨ ਸਹਿ ਲ਼ਿਆ। ਇਹੋ ਕੁਝ ਜੇ ਕਿਸੇ ਹੋਰ ਪਾਰਟੀ ਨੇ ਕੀਤਾ ਹੁੰਦਾ ਤਾਂ ਅਕਾਲ਼ੀਆਂ ਨੇ ਪੰਜਾਬ ਵਿੱਚ ਉਤਲ਼ੀ ਥੱਲ਼ੇ ਲ਼ੈ ਆਉਣੀ ਸੀ।
ਬਹੁਤ ਢੀਠਤਾਈ ਨਾਲ਼ ਨਰਿੰਦਰ ਮੋਦੀ ਨੂੰ ਸਿੱਖਾਂ ਤੇ ਪੰਜਾਬੀ ਕਿਸਾਨਾਂ ਦਾ ਹਮਦਰਦ ਦੱਸਿਆ ਗਿਆ ਜਦੋਂਕਿ ਮੋਦੀ ਸਾਹਬ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੀ ਕਰਜ਼ੇ ਦੀ ਪੰਡ ਨੂੰ ਹੌਲ਼ਾ ਕਰਨ ਦੀ ਕੋਈ ਗੱਲ਼ ਵੀ ਨਾ ਕਰਕੇ ਗਏ ਬਲ਼ਕਿ ਆਪਣੇ ਜੁਮਲ਼ੇ ਸੁਣਾਕੇ ਰਫੂਚੱਕਰ ਹੋ ਗਏ। ਨਾ ਹੀ ਇੱਕ ਜਿੰਮੇਵਾਰ ਪਰਧਾਨ ਮੰਤਰੀ ਦੇ ਤੌਰ ਤੇ ਉਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਦੀ ਜਾਂਚ ਦੀ ਮੰਗ ਕਰ ਰਹੇ ਸਿੱਖਾਂ ਦਾ ਹਾਲ਼ ਪੁੱਛਣ ਦਾ ਹੀ ਯਤਨ ਕੀਤਾ। ਕੁਝ ਦਿਨ ਪਹਿਲ਼ਾਂ ਅਕਾਲ਼ੀ ਦੇ ਇਸ ਦੋਸਤ ਨੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ੇ ਨੂੰ ਮੌਤ ਦੀ ਸਜ਼ਾ ਦੇਣ ਵਾਲ਼ਾ ਬਿਲ਼ ਬਹੁਤ ਬੇਕਿਰਕੀ ਨਾਲ਼ ਵਾਪਸ ਕਰ ਦਿੱਤਾ ਸੀ।
ਇਸ ਸਭ ਕੁਝ ਦੇ ਬਾਵਜੂਦ ਅਕਾਲ਼ੀ ਪਰਿਵਾਰ ਦੀ ਕੀ ਮਜਬੂਰੀ ਹੈ ਕਿ ਉਹ ਭਾਜਪਾ ਦੀ ਹਮਾਇਤ ਕਰੀ ਜਾ ਰਿਹਾ ਹੈ, ਇਹ ਤਾਂ ਸਭ ਨੂੰ ਸਪਸ਼ਟ ਹੀ ਹੈ।