ਵੀਹਵੀਂ ਸਦੀ ਦੇ ਹੁਕਮਰਾਨਾਂ ਵੱਲੋਂ ਹਿੰਦੂ ਸੋਚ ਨੂੰ ਪ੍ਰਪੱਕ ਕਰਦੇ ਹੋਏ ਸਿੱਖ ਕੌਮ ਦੇ ਰੂਹਾਨੀਅਤ ਦੇ ਸੋਮੇ ਤੇ ਰਾਜਨੀਤਿਕ ਸੋਚ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਲਈ ਆਪਣੀ ਫੌਜ ਦਾ ਸਹਾਰਾ ਲਿਆ ਗਿਆ। ਇਹ ਸਾਕਾ ਜੂਨ 1984 ਵਿੱਚ ਵਾਪਰਿਆ। ਭਾਰਤ ਦੀ ਅਜਾਦੀ ਤੋਂ ਬਾਅਦ ਪੈਰ ਪੈਰ ਤੇ ਸਿੱਖ ਕੌਮ ਨੂੰ ਲੜਾੜਿਆ ਜਾਂਦਾ ਰਿਹਾ। ਉਸ ਸਮੇਂ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਸਿੱਖਾਂ ਦੀ ਧਾਰਮਿਕ ਤੇ ਰਾਜਨੀਤਿਕ ਸੋਚ ਦਾ ਕੇਂਦਰ ਬਣ ਕੇ ਉਭਰਿਆ ਸੀ। ਸਿੱਖ ਕੌਮ ਨੇ ਵੀ ਇਸ ਹੁਲਾਰੇ ਨੂੰ ਪੂਰਨ ਸਹਿਯੋਗ ਦਿੱਤਾ ਸੀ ਤੇ ਰੋਸ ਵਜੋਂ ਗ੍ਰਿਫਤਾਰੀਆਂ ਦੇ ਕੇ ਜੇਲ੍ਹਾਂ ਨੂੰ ਨੱਕੋ-ਨੱਕ ਭਰ ਦਿੱਤਾ ਸੀ। ਇਸ ਰੋਸ ਵਿੱਚ ਸਿੱਖ ਕੌਮ ਦਾ ਪ੍ਰਗਟਾਵਾ ਸੀ ਕਿ ਸਾਡੀ ਹਸਤੀ ਨੂੰ ਹੁਣ ਹੋਰ ਕੁਚਲਿਆ ਨਹੀਂ ਜਾ ਸਕਦਾ ਤੇ ਅਸੀਂ ਭਾਰਤ ਅੰਦਰ ਦੂਜੇ ਨੰਬਰ ਦੇ ਸ਼ਹਿਰੀ ਬਣ ਕੇ ਨਹੀਂ ਰਹਿ ਸਕਦੇ। ਇਹ ਵੀ ਮੰਨਿਆ ਜਾਂਦਾ ਹੈ ਕਿ ਬ੍ਰਾਹਮਣਵਾਦੀ ਸੋਚ ਦਾ ਪ੍ਰਗਟਾਵਾ 1984 ਵਿੱਚ ਕੀਤਾ ਗਿਆ ਜੋ ਉਹਨਾਂ ਅੰਦਰ ਸਦੀਆਂ ਤੋਂ ਸਿੱਖਾਂ ਪ੍ਰਤੀ ਵੈਰ ਵਾਲੀ ਭਾਵਨਾਂ ਦੇ ਰੂਪ ਚੱਲ ਰਹੀ ਸੀ। ਅਜਾਦੀ ਤੋਂ ਪਹਿਲਾਂ ਜਦੋਂ ਸਿੱਖ ਕੌਮ ਦੀ ਲੋੜ ਸੀ ਤੇ ਸਿੱਖ ਵੀ ਆਪਣਾ ਭਵਿੱਖ ਤਰਾਸ਼ ਰਹੇ ਸਨ ਤਾਂ ਸਿੱਖਾਂ ਨੂੰ ਇਹ ਯਕੀਨ ਦਿਵਾਇਆ ਗਿਆ ਸੀ ਕਿ ਅਜਾਦੀ ਤੋਂ ਬਾਅਦ ਉਹਨਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ ਤੇ ਪੂਰਨ ਅਜਾਦੀ ਦਾ ਨਿੱਘ ਮਾਨਣ ਦਾ ਅਧਿਕਾਰ ਹੋਵੇਗਾ। ਇਹਨਾਂ ਭਰੋਸਿਆਂ ਤੇ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਨੇ ਹਿੰਦੂਆ ਪ੍ਰਤੀ ਨਰਮਈ ਸੋਚ ਅਪਣਾਈ ਤੇ ਸਿੱਖ ਕੌਮ ਦਾ ਭਵਿੱਖ ਹਿੰਦੂ ਬਹੁ ਗਿਣਤੀ ਦੇ ਲੇਖੇ ਲਾ ਦਿੱਤਾ। ਆਪਣੀ ਸੋਚ ਦਾ ਪ੍ਰਗਟਾਵਾ ਅਜਾਦੀ ਤੋਂ ਠੀਕ ਬਾਅਦ ਭਾਰਤੀ ਹੁਕਮਰਾਨਾਂ ਨੇ ਇੱਕ ਚਿੱਠੀ ਜਾਰੀ ਕਰਦੇ ਹੋਏ ਕੀਤਾ ਜਿਸ ਵਿੱਚ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਗਰਦਾਨਿਆ ਗਿਆ ਤੇ ਆਪਣੇ ਸ਼ਹਿਰੀਆਂ ਨੂੰ ਇਸ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ। ਇਸਦੇ ਬਾਵਜੂਦ ਉਸ ਸਮੇ ਦੇ ਸਿੱਖ ਲੀਡਰਾਂ ਨੇ ਆਪਣਾ ਭਵਿੱਖ ਸੁਰੱਖਿਅਤ ਰੱਖਣ ਲਈ ਕੁਝ ਚਿਰ ਲਈ ਅਕਾਲੀ ਦਲ ਦਾ ਰਲੇਵਾਂ ਕਾਂਗਰਸ ਪਾਰਟੀ ਨਾਲ ਕਰ ਲਿਆ। ਜਿਸ ਦਾ ਕੌੜਾ ਸੱਚ ਉਸ ਸਮੇਂ ਸਾਹਮਣੇ ਆਇਆ ਜਦੋਂ ਸਿੱਖਾਂ ਦੇ ਸਿਰਮੌਰ ਲੀਡਰ ਮਾਸਟਰ ਤਾਰਾ ਸਿੰਘ ਨੇ ਉਸ ਸਮੇਂ ਦੇ ਹੁਕਮਰਾਨ ਲੀਡਰਾਂ ਨੂੰ ਆਪਣਾ ਵਾਅਦਾ ਪੂਰਾ ਕਰਨ ਲਈ ਆਖਿਆ ਤਾਂ ਉਸਦੇ ਜਵਾਬ ਵਿੱਚ ਮਾਸਟਰ ਤਾਰਾ ਸਿੰਘ ਨੂੰ ਭਾਰਤ ਦੀ ਸੁਰੱਖਿਅਤ ਪ੍ਰਤੀ ਖਤਰਾ ਦੱਸ ਕੇ ਗ੍ਰਿਫਤਾਰ ਕਰ ਲਿਆ ਗਿਆ। ਇਸੇ ਤਰਾਂ ਜੂਨ ਚੁਰਾਸੀ ਵਿੱਚ ਭਾਰਤੀ ਹੁਕਮਰਾਨਾਂ ਨੇ ਇਹੀ ਸੋਚ ਰੱਖੀ ਕਿ ਸਿੱਖ ਕੌਮ ਨੂੰ ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਕ ਹਰ ਪੱਖੋਂ ਲਤਾਰ ਦੇਣਾ ਹੈ। ਇਸ ਸੋਚ ਨਾਲ ਸਿੱਖ ਕੌਮ ਨੂੰ ਪਡਾਰਿਆ ਨਾ ਜਾ ਸਕਿਆ ਸਗੋਂ ਸਿੱਖਾਂ ਦੇ ਹੌਂਸਲੇ ਸੰਤ ਜਰਨੈਲ ਸਿੰਘ ਦੀ ਅਗਵਾਈ ਵਿੱਚ ਹੋਰ ਵੀ ਬੁਲੰਦ ਹੋਏ ਤੇ ਭਾਰਤੀ ਹੁਕਮਰਾਨਾਂ ਦੇ ਸਾਹਮਣੇ ਸਿੱਖ ਕੌਮ ਹਿੱਕ ਤਾਣ ਕੇ ਖੜਦੀ ਰਹੀ। ਇਸ ਚੜਤ ਨੂੰ ਭਾਰਤੀ ਹੁਕਮਰਾਨ ਜਰ ਨਾ ਸਕੇ ਤੇ ਉਹਨਾਂ ਭਾਰਤੀ ਫੌਜ ਦਾ ਸਹਾਰਾ ਲੈ ਕੇ ਪੰਜਾਬ ਅੰਦਰ ਸਿੱਖ ਕੌਮ ਦੇ ਰੂਹਾਨੀ ਸਮੇ 42 ਗੁਰਦੁਆਰਾ ਸਾਹਿਬ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਕੌਮ ਦੇ ਬੱਚੇ, ਬਜੁਰਗ ਤੇ ਔਰਤਾਂ ਨੂੰ ਵੀਬਖਸ਼ਿਆ ਨਹੀਂ ਗਿਆ ਤੇ ਬੇਤਹਾਸ਼ਾ ਜੁਲਮ ਕੀਤਾ ਗਿਆ ਤੇ ਸ਼ਹੀਦ ਕੀਤਾ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੀ ਇਸ ਸਮੇਂ ਸ਼ਹੀਦ ਹੋ ਗਏ। ਇਸ ਸਮੇਂ ਸਿੱਖ ਕੌਮ ਦੀਆਂ ਰੂਹੀਨੀਅਤ ਦੀਆਂ ਪ੍ਰਤੀਕ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਪਰ ਸਿੱਖ ਕੌਮ ਦੀ ਸੋਚ ਤੇ ਜਜ਼ਬੇ ਨੂੰ ਢੇਰ ਵੀ ਦਬਾਇਆ ਨਹੀਂ ਜਾ ਸਕਿਆ ਤੇ ਉਸਤੋਂ ਬਾਅਦ ਵੀ ਸਿੱਖ ਨੌਜਵਾਨ ਭਾਰਤੀ ਹੁਕਮਰਾਨਾਂ ਦਾ ਮੁਕਾਬਲਾ ਕਰਦੇ ਰਹੇ। ਪਰ ਇਹ ਸੰਘਰਸ਼ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਵਰਗੀ ਅਗਵਾਈ ਤੋਂ ਵਾਂਝਾ ਹੋਣ ਕਰਕੇ ਭਾਰਤੀ ਹੁਕਮਰਾਨਾਂ ਦੇ ਅੰਨੇਵਾਹ ਜੁਲਮਾਂ ਅੱਗੇ ਬੇਵੱਸ ਹੋ ਗਿਆ। ਪਰ ਜੂਨ ਚੁਰਾਸੀ ਦੇ ਸਾਕੇ ਦੀ ਚੀਸ ਸਿੱਖ ਹਿਰਦਿਆਂ ਅੰਦਰ ਸਦੀਆਂ ਤੱਕ ਸਿਸਕਦੀ ਰਹੇਗੀ।