ਉਮਾ ਗੁਰਬਖਸ਼ ਸਿੰਘ ਪੰਜਾਬੀ ਨਾਟਕ ਦੀ ਇੱਕ ਅਜਿਹੀ ਨਾਇਕਾ ਹੋਈ ਹੈ ਜਿਸਨੂੰ ਇਹ ਮਾਣ ਪ੍ਰਾਪਤ ਹੈ ਕਿ ਉਹ ਪੰਜਾਬੀ ਰੰਗਮੰਚ ਦੀ ਪਹਿਲੀ ਇਸਤਰੀ ਅਭਿਨੇਤਰੀ ਸੀ। ਉਸਨੂੰ ਇਹ ਵੀ ਮਾਣ ਪ੍ਰਾਪਤ ਹੈ ਕਿ ਉਹ ਪੰਜਾਬੀ ਨਾਟਕਾਂ ਦੀ ਪ੍ਰਮੁੱਖ ਨਾਇਕਾ ਹੈ। ਬਲੋਚਿਸਤਾਨ ਪਨਾਈ ਵਿੱਚ 1927 ਨੂੰ ਜਨਮੀ ੳਮਾ ਨੇ ਆਪਣਾ ਪੰਜਾਬੀ ਨਾਟਕ ਦਾ ਸਫ਼ਰ ਨਾਟਕ ‘ਰਾਜ ਕੁਮਾਰੀ ਲਤਿਕਾ’ ਨਾਲ 1939 ਵਿੱਚ 13 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ। ੳਮਾ ਨੇ ਇਹ ਪ੍ਰੇਮ ਪਿਆਰ ਦਾ ਨਾਟਕ ਆਪਣੇ ਵੱਡੇ ਭਰਾਂ ਨਵਤੇਜ ਸਿੰਘ ਨਾਲ ਰਲ ਕੇ ਖੇਡਿਆ। ਆਪਣੇ ਪਿਤਾ ਗੁਰਬਖਸ਼ ਸਿੰਘ ਦੇ ਨਿਰਦੇਸ਼ਕ ਹੇਠਾਂ ਇਹ ਨਾਟਕ ਰਚਿਆ ਸੀ। ਉਹਨਾਂ ਨੇ ਇਹ ਨਾਟਕ ਪ੍ਰੀਤ ਨਗਰ ਵਿੱਚ ਬਣੇ ਖੁੱਲੀ ਹਵਾ ਵਾਲੇ ਥੀਏਟਰ ਵਿੱਚ ਖੇਡਿਆ ਸੀ। ਇਸ ਥੀਏਟਰ ਤੇ ਪ੍ਰੀਤ ਨਗਰ ਨੂੰ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਵਿੱਚ ਪਹਿਲੀ ਵਾਰ ਖੇਡਿਆ ਸੀ ਤੇ ਇਸ ਨਗਰ ਨੂੰ ਉਮਾ ਦੇ ਪਿਤਾ ਨੇ ਹੀ ਪ੍ਰੀਤ ਨਗਰ ਦੇ ਨਾਮ ਹੇਠ ਵਸਾਇਆ ਸੀ। ਉਮਾ ਆਪਣੀ ਲੰਮੀ ਜਿੰਦਗੀ ਦਾ ਸਫਰ ਤਹਿ ਕਰਕੇ 93 ਸਾਲ ਦੀ ਉਮਰ ਵਿੱਚ ਗੁਜਰ ਗਈ ਹੈ। ਉਹ ਆਪਣੇ ਪਿੱਛੇ ਆਪਣੀ ਤਸਵੀਰ ਨਾਲੋਂ ਵੱਡਾ ਆਪਣੀ ਜਿੰਦਗੀ ਦਾ ਚਿੱਤਰ ਉਸਾਰ ਗਈ ਹੈ ਜੋ ੳਨਮੋਲ ਯਾਦਾਂ ਨਾਲ ਭਰਪੂਰ ਹੈ। ਉਮਾ ਇੱਕ ਨਾਟਕ ਦੀ ਨਾਇਕਾ ਤਾਂ ਸੀ ਹੀ ਜਿਸ ਕਰਕੇ ਉਹਨਾਂ ਨੂੰ ਪੰਜਾਬੀ ਰੰਗਮੰਚ ਦੀ ਪਹਿਲੀ ਔਰਤ ਵਜੋਂ ਜਾਣਿਆ ਜਾਂਦਾ ਹੈ। ਇਸਦੇ ਨਾਲ ਹੀ ਉਹਨਾਂ ਨੂੰ ਕਲਾਸੀਕਲ ਸੰਗੀਤ ਦੀ ਮੁਹਾਰਤ ਵੀ ਹਾਸਲ ਸੀ ਜਿਸ ਬਾਰੇ ਉਹਨਾਂ ਨੇ ਦਿੱਲੀ ਦੇ ਨਾਮੀਂ ਕਾਲਜ ਤੋਂ ਤਾਲੀਮ ਹਾਸਲ ਕੀਤੀ ਸੀ। ਉਹਨਾਂ ਦਾ ਨਾਟਕਾਂ ਵਿੱਚ ਆਉਣਾ ਉਸ ਸਮੇਂ ਅੁਰਤ ਜਗਤ ਲਈ ਤੇ ਸਮਾਜ ਲਈ ਇੱਕ ਅਚੰਬਾ ਹੀ ਸੀ ਕਿਉਂ ਕਿ ਉਹਨਾਂ ਦਿਨਾਂ ਵਿੱਚ ਰੰਗਮੰਚ ਤਾਂ ਦੂਰ ਦੀ ਗੱਲ ਹੈ, ਕੁੜੀਆਂ ਨੂੰ ਘਰੋਂ ਬਾਹਰ ਨਿਕਲਣ ਤੇ ਵੀ ਪਾਬੰਦੀ ਸੀ। ਪਰ ਉਮਾ ਨੇ ਆਪਣੇ ਪਿਤਾ ਜੀ ਦੀ ਪੂਰਨ ਹਮਾਇਤ ਅਤੇ ਉਹਨਾਂ ਅੰਦਰ ਭਰੇ ਜਜ਼ਬੇ ਨਾਲ ਆਪਣੀ ਬੀ.ਏ. ਤੱਕ ਦੀ ਪੜਾਈ ਲਹੌਰ ਦੇ ਨਾਮੀਂ ਕਾਲਜ ਵਿੱਚ ਪ੍ਰਾਪਤ ਕੀਤੀ ਸੀ। ਉਹਨਾਂ ਨੇ ਆਪਣੀ ਪੜਾਈ ਦੌਰਾਨ ਵੀ ਆਪਣੇ ਸੰਗੀਤ ਦਾ ਸ਼ੌਂਕ ਤੇ ਨਾਟਕਾਂ ਪ੍ਰਤੀ ਲਗਨ ਨੂੰ ਬਰਕਰਾਰ ਰੱਖਦਿਆਂ ਲਹੌਰ ਵਿੱਚ ਹੀ ਪੰਜਾਬੀ ਰੰਗਮੰਚ ਨੂੰ ਹੋਲਾਰਾ ਦਿੰਦਿਆ ਹੋਇਆ ਇੰਨਾਂ ਵਿੱਚ ਔਰਤਾਂ ਦੀ ਸ਼ਾਮੂਲੀਅਤ ਕਰਕੇ ਇੱਕ ਨਵਾਂ ਰੂਪ ਦਿੱਤਾ ਸੀ। ਇਸ ਪੜਾਈ ਦੇ ਸਫਰ ਦੌਰਾਨ ਉਹਨਾਂ ਨੇ ਕਈ ਨਾਟਕ ਖੇਡੇ ਤੇ ਲਹੌਰ ਦੀਆਂ ਨੁਕਰਾਂ ਵਿੱਚ ਪੇਸ਼ ਕੀਤਾ। ਉਮਾ ਦੀ ਨਾਟਕਾਂ ਵਿੱਚ ਸ਼ਾਮੂਲੀਅਤ ਕਾਰਨ ਉਸ ਸਮੇਂ ਦੀਆਂ ਹੋਰ ਕੁੜੀਆਂ ਨੂੰ ਵੀ ਰੰਗਮੰਚ ਵਿੱਚ ਆਉਣ ਦਾ ਹੁਲਾਰਾ ਮਿਲਿਆ ਉਮਾਂ ਨੇ ਉਹਨਾਂ ਨਾਲ ਮਿਲਕੇ ਅਨੇਕਾਂ ਨਾਟਕ ਖੇਡੇ ਜਿਸ ਕਾਰਨ ਉਹਨਾਂ ਦੇ ਗਰੁੱਪ ਨੂੰ ਸੱਤ ਕੁੜੀਆਂ ਦੀ ਟੋਲੀ ਕਿਹਾ ਜਾਂਦਾ ਸੀ। ਇਹਨਾਂ ਸੱਤ ਜਣਿਆਂ ਦੀ ਟੋਲੀ ਨੇ ੳਾਸ ਸਮੇਂ ਦੇ ਨਾਮਵਾਰ ਨਾਟਕਕਾਰਾਂ ਤੇ ਨਿਰਦੇਸ਼ਕਾਂ ਦੀ ਰਹਿਨੁਮਾਈ ਹੇਠ ਪੰਜਾਬ ਦੇ ਅਨੇਕਾਂ ਛੋਟੇ ਸ਼ਹਿਰਾਂ ਵਿੱਚ ਆਪਣੀਆਂ ਪੇਸ਼ਕਾਰੀਆਂ ਕੀਤੀਆਂ ਸਨ। ਜੋ ਇਤਿਹਾਸ ਉਮਾਂ ਨਾਲ ਜੁੜਿਆ ਹੋਇਆ ਹੈ ਉਸ ਅਨੁਸਾਰ ਇੱਕ ਵਾਰ ਪੰਡਿਤ ਜਵਾਹਰ ਲਾਲ ਨਹਿਰੂ ਅਜਾਦੀ ਤੋਂ ਪਹਿਲਾਂ 1942 ਵਿੱਚ ਪ੍ਰੀਤਨਗਰ ਦੇਖਣ ਆਇਆ ਤੇ ਉਸਦੇ ਸਨਮਾਨ ਵਿੱਚ ਇੱਕ ਸੰਗੀਤਮਈ ਪੇਸ਼ਕਾਰੀ ਉਮਾ ਵੱਲੋਂ ਕੀਤੀ ਗਈ ਜਿਸ ਵਿੱਚ ਉਮਾ ਨੇ ਡਾਕਟਰ ਇਕਬਾਲ ਦੀ ਰਚਨਾ ਦਾ ਗਾਇਨ ਕੀਤਾ ਤੇ ਗੁਰੂ ਨਾਨਕ ਦੇਵ ਜੀ ਦਾ ‘ਗਗਨ ਮੈਂ ਥਾਲ’ ਦਾ ਗਾਇਨ ਕੀਤਾ ਸੀ। ਅਜਾਦੀ ਤੋਂ ਪਹਿਲਾਂ ਚੱਲੇ ਸੁਤੰਤਰਤਾ ਸੰਗਰਾਮ ਦੌਰਾਨ ਵੀ ਉਮਾ ਨੇ ਇੱਕ ਨਾਟਕ ਖੇਡਿਆ ਜਿਸਦਾ ਨਾਮ ‘ਹੁੱਲੇ ਹੁਲਾਰੇ’ ਸੀ। ਇਸ ਵਿੱਚ ਉਸ ਸਮੇਂ ਹਾਕਮ ਫਰੰਗੀਆਂ ਬਾਰੇ ਕੁਝ ਲਾਈਨਾਂ ਸ਼ਾਮਲ ਕੀਤੀਆਂ ਸਨ ਜਿਸ ਤੋਂ ਚਿੜ ਕੇ ਅੰਗਰੇਜੀ ਹਾਕਮਾਂ ਨੇ ਇਸ ਸੱਤ ਲੜਕੀਆਂ ਦੀ ਟੋਲੀ ਨੂੰ ਅੰਮ੍ਰਿਤਸਰ ਦੀ ਜੇਲ ਵਿੱਚ ਬੰਦ ਕਰ ਦਿੱਤਾ ਸੀ। ਉਮਾ ਦਾ ਥੀਏਟਰ ਪ੍ਰਤੀ ਪਿਆਰ ਤੇ ਲਗਨ ਨੇ ਸਾਰੀ ਉਮਰ ਉਸਨੂੰ ਨਾਟਕਾਂ ਦੀ ਦੁਨੀਆਂ ਨਾਲ ਜੋੜੀ ਰੱਖਿਆ ਤੇ ਉਹ ਸ਼ਹਿਰਾਂ ਤੋਂ ਦੂ੍ਰ ਆਪਣੇ ਪਿਤਾ ਵੱਲੋਂ ਵਸਾਏ ਪ੍ਰੀਤ ਨਗਰ ਵਿੱਚ ਹੀ ਆਪਣੇ ਜਿੰਦਗੀ ਗੁਜਾਰਦੇ ਰਹੇ। ਹਰ ਮਹੀਨੇ ਦੇ ਤੀਜੇ ਬੁੱਧਵਾਰ ਨੂੰ ਉਥੇ ਬਣਾਏ ਆਡੋਟੋਰੀਅਮ ਵਿੱਚ ਨਾਟਕ ਕਰਵਾਉਂਦੇ ਰਹੇ ਤੇ ਜਿੰਦਗੀ ਦੇ ਆਖਰੀ ਸਾਹ ਤੱਕ ਅੰਮ੍ਰਿਤਸਰ ਵਿਖੇ ਰਚੇ ਜਾਂਦੇ ਨਾਟਕਾਂ ਵਿੱਚ ਸ਼ਾਮੂਲਈਅਤ ਕਰਦੇ ਰਹੇ। ਉਮਾ ਆਪਣੇ ਪਿੱਛੇ ਰੰਗਮੰਚ ਨੂੰ ਸਮਰਪਿਤ ਭਰੀ ਜਿੰਦਗੀ ਦੀਆਂ ਯਾਦਾਂ ਤੇ ਲੀਹਾਂ ਛੱਡ ਗਏ ਹਨ ਜੋ ਅੱਜ ਵੀ ਪੰਜਾਬੀ ਰੰਗਮੰਚ ਲਈ ਇੱਕ ਮੀਲ ਪੱਥਰ ਰਹੇਗਾ।