ਜ਼ਿੰਬਾਬਵੇ ਦਾ ਕਵੀ ਲਿਖਦਾ ਹੈ ਕਿ “ਜਦ ਨਿਆਂ ਸਿਥਲ ਪੈ ਜਾਏ ਤਾਂ ਗਿਆਰਵਾਂ ਪਲੇਗ ਬਾਈਬਲ ਦੀ ਕਹਾਣੀ ਨਹੀਂ ਰਹਿ ਜਾਂਦਾ ਸਗੋਂ ਸਮਿਆਂ ਦੀ ਸੱਚਾਈ ਬਣ ਜਾਂਦਾ ਹੈ।” ਸਾਰੀ ਜ਼ਿੰਦਗੀ ਨਿਆਂ ਦੀ ਲੜਾਈ ਲੜਨ ਵਾਲਾ ਫਾਦਰ ਸਟੇਨ ਸਵਾਮੀ ਅੰਤ ਵਿਚ ਉਸੇ ਨਿਆਂ ਪ੍ਰਬੰਧ ਦਾ ਰਾਜਨੀਤਿਕ ਸ਼ਿਕਾਰ ਬਣ ਗਿਆ।ਮੌਜੂਦਾ ਨਿਆਂਇਕ ਪ੍ਰਬੰਧ ਵਿਚ ਗਿਰਾਵਟ ਅਤੇ ਪਤਨ ਰਾਜਨੀਤਿਕ ਸੱਤਾ ਦੇ ਨਾਲ-ਨਾਲ ਹੀ ਚੱਲ ਰਿਹਾ ਹੈ ਜੋ ਕਿ ਆਪਸੀ ਗਠਜੋੜ ਦੇ ਰੂਪ ਵਿਚ ਕੰਮ ਕਰ ਰਹੇ ਹਨ।ਸੋਮਵਾਰ ਨੂੰ ਨਿਆਂਇਕ ਹਿਰਾਸਤ ਵਿਚ ਫਾਦਰ ਸਵਾਮੀ ਦੀ ਹੋਈ ਮੌਤ ਰਾਜਨੀਤਿਕ ਸੱਤਾ ਅਤੇ ਨਿਆਂਇਕ ਪ੍ਰਬੰਧ ਦੀ ਬੇਰੁਖੀ ਅਤੇ ਬੇਚੈਨੀ ਨੂੰ ਜ਼ਾਹਿਰ ਕਰਦੀ ਹੈ ਜਿੱਥੇ ਪਾਰਕਿੰਸਨਜ਼ ਦੀ ਬੀਮਾਰੀ ਨਾਲ ਜੂਝ ਰਹੇ ਬਜ਼ੁਰਗ ਦੀ ਅਵਾਜ਼ ਉਨ੍ਹਾਂ ਦੇ ਕੰਨਾਂ ਵਿਚ ਨਹੀਂ ਪੈਂਦੀ ਅਤੇ ਜਿਸ ਦੀ ਅੰਤ ਹਿਰਾਸਤ ਵਿਚ ਹੀ ਜਾਨ ਚਲੀ ਜਾਂਦੀ ਹੈ।ਸਟੇਨ ਸਵਾਮੀ ਚੁਰਾਸੀ ਵਰ੍ਹਿਆਂ ਦਾ ਸੀ ਅਤੇ ਪਿਛਲੇ ਸਾਲ ਅਕਤੂਬਰ ਤੋਂ ਜੇਲ ਵਿਚ ਬੰਦ ਸੀ।ਆਪਣੀ ਗ੍ਰਿਫਤਾਰੀ ਦੇ ਸਮੇਂ ਉਹ ਏਨਾ ਕਮਜ਼ੋਰ ਸੀ ਕਿ ਉਹ ਪੈਨ ਜਾਂ ਕੱਪ ਵੀ ਨਹੀਂ ਸੀ ਫੜ੍ਹ ਸਕਦਾ।ਪਾਣੀ ਪੀਣ ਲਈ ਉਸ ਨੂੰ ਜੇਲ ਅਧਿਕਾਰੀਆਂ ਤੋਂ ਸਿੱਪਰ ਲੈਣ ਲਈ ਗੁਹਾਰ ਲਗਾਉਣੀ ਪਈ, ਪਰ ਉਸ ਦੀ ਅਰਜ਼ੀ ਸਵੀਕਾਰ ਨਾ ਕੀਤੀ ਗਈ।ਰਾਸ਼ਟਰੀ ਸੁਰੱਖਿਆ ਏਜੰਸੀ ਦੇ ਵਿਰੋਧ ਦੇ ਬਾਵਜੂਦ ਬਾਅਦ ਵਿਚ ਅਦਾਲਤ ਨੇ ਉਸ ਨੂੰ ਸਿੱਪਰ ਦੀ ਇਜ਼ਾਜ਼ਤ ਦਿੱਤੀ।ਪਾਰਕਿੰਨਸਜ਼ ਦੀ ਬੀਮਾਰੀ ਅਤੇ ਮਹਾਂਮਾਰੀ ਕਰਕੇ ਜੇਲ ਵਿਚ ਉਹ ਆਪਣੇ ਮੁੱਢਲੇ ਕੰਮ ਵੀ ਠੀਕ ਤਰਾਂ ਨਹੀਂ ਸੀ ਕਰ ਸਕਦਾ।ਮੌਜੂਦਾ ਸਿਖਰ ਦੁਪਹਿਰੇ ਵੀ ਨਜ਼ਰ ਆਇਆ ਰਿਹਾ ਇਹ ਘੁੱਪ ਹਨੇਰਾ ੧੯੩੦ਵਿਆਂ ਵਿਚ ਸਟਾਲਿਨ ਦੇ ਸਮੇਂ ਦੀ ਯਾਦ ਦੁਆਉਂਦਾ ਹੈ ਜੋ ਕਿ ਰਾਜਨੀਤਿਕ ਦਮਨ ਲਈ ਜਾਣਿਆ ਜਾਂਦਾ ਸੀ। ਇਸ ਸਮੇਂ ਵਿਚ ਵਿਰੋਧ ਦੀ ਹਰ ਤਰਾਂ ਦੀ ਅਵਾਜ਼ ਨੂੰ ਬੁਰੀ ਤਰਾਂ ਕੁਚਲ ਦਿੱਤਾ ਗਿਆ।ਇਹ ਰਾਜਨੀਤਿਕ ਸੱਤਾ ਦਾ ਵਿਵਸਥਿਤ ਦੁਰਪ੍ਰਯੋਗ ਅਤੇ ਕਾਨੂੰਨ ਦਾ ਤ੍ਰਿਸਕਾਰ ਹੈ।

ਸਟੇਨ ਸਵਾਮੀ ਕੈਥੋਲਿਕ ਸਮਾਜ ਨਾਲ ਸੰਬੰਧਿਤ ਪਾਦਰੀ ਸੀ ਅਤੇ ਵੀਹਵੀਂ ਸਦੀ ਵਿਚ ਪ੍ਰਚਲਿਤ ਮੁਕਤੀ ਦਾ ਧਰਮ ਸ਼ਾਸਤਰ ਦਾ ਅਨੁਯਾਈ ਸੀ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਦਮਿਤ ਆਦਿਵਾਸੀਆਂ ਅਤੇ ਦਲਿਤਾਂ ਦੇ ਉਥਾਨ ਲਈ ਨਿਰੰਤਰ ਕੰਮ ਕੀਤਾ।ਉਸ ਦਾ ਮਕਸਦ ਰਾਜਨੀਤਿਕ ਅਤੇ ਨਾਗਰਿਕ ਮਸਲਿਆਂ ਵਿਚ ਉਨ੍ਹਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਸੀ।ਭਾਵੇਂ ਉਸ ਦਾ ਜਨਮ ਤਮਿਲ ਰਾਜ ਵਿਚ ਹੋਇਆ ਸੀ, ਪਰ ਉਸ ਨੇ ਹਾਸ਼ੀਆਗ੍ਰਸਤ ਸਮੁਦਾਇਆਂ ਦੀ ਮਦਦ ਕਰਨ ਲਈ ਝਾਰਖੰਡ ਦੇ ਕਬਾਇਲੀ ਖੇਤਰਾਂ ਨੂੰ ਹੀ ਆਪਣਾ ਘਰ ਬਣਾ ਲਿਆ।ਉਸ ਨੇ ਧਰਮ ਨੂੰ ਰਾਜਨੀਤਿਕ ਹਥਿਆਰ ਅਤੇ ਸਮਾਜਿਕ ਵਿਰੋਧ ਦਾ ਮਾਧਿਅਮ ਦੱਸਿਆ ਅਤੇ ਨਾਲ ਹੀ ਝਾਰਖੰਡ ਦੇ ਖੁਦਮੁਖ਼ਤਿਆਰ ਰਾਜ ਹੋਣ ਬਾਰੇ ਵੀ ਗੱਲ ਕੀਤੀ।ਭਾਵੇਂ ਕਿ ਉਹ ਵਿਧੀਵਤ ਨਿਯੁਕਤ ਪਾਦਰੀ ਸੀ, ਪਰ ਉਸ ਨੇ ਆਪਣੀ ਸਾਰੀ ਜ਼ਿੰਦਗੀ ਵੰਚਿਤ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਬਦਲਾਅ ਲੈ ਕੇ ਆਉਣ ਦੇ ਲੇਖੇ ਲਗਾ ਦਿੱਤੀ।ਉਹ ਇਕ ਸਰਗਰਮ ਕਾਰਕੁੰਨ ਸੀ ਜਿਸ ਦਾ ਨਿਆਂ ਪ੍ਰਣਾਲੀ ਵਿਚ ਪੂਰਾ ਯਕੀਨ ਸੀ।ਦਮਿਤ ਲੋਕਾਂ ਦੇ ਹੱਕਾਂ ਲਈ ਲੜਨ ਸਮੇਂ ਵੀ ਉਸ ਨੇ ਨਿਆਂ ਪ੍ਰਣਾਲੀ ਵਿਚ ਯਕੀਨ ਬਣਾਈ ਰੱਖਿਆ।ਉਸ ਦਾ ਮੰਨਣਾ ਸੀ ਕਿ ਇਹਨਾਂ ਦਮਿਤ ਅਤੇ ਹਾਸ਼ੀਆਗ੍ਰਸਤ ਲੋਕਾਂ ਨੂੰ ਸ਼ਾਸਨ ਪ੍ਰਬੰਧ ਦੁਆਰਾ ਬੇਲੋੜਾ ਹੀ ਤੰਗ ਕੀਤਾ ਜਾਂਦਾ ਹੈ ਅਤੇ ਉਸ ਨੂੰ ਯਕੀਨ ਸੀ ਕਿ ਭਾਰਤੀ ਨਿਆਂ ਪ੍ਰਬੰਧ ਉਨ੍ਹਾਂ ਨੂੰ ਨਿਆਂ ਦੇਵੇਗਾ।ਉਸ ਦਾ ਯਕੀਨ ਸੀ ਕਿ ਨਿਆਂ ਸਿਰਫ ਲੋਕਾਂ ਦਾ ਹੀ ਨਹੀਂ ਬਲਕਿ ਲੋਕਾਂ ਲਈ ਹੈ।ਝਾਰਖੰਡ ਉੱਚ ਅਦਾਲਤ ਸਾਹਮਣੇ ਕੀਤੀ ਗਈ ਉਸ ਦੀ ਪ੍ਰਸਿੱਧ ਪਟੀਸ਼ਨ ਵਿਚਾਰਅਧੀਨ ਕੈਦੀਆਂ ਦੀ ਭੁੱਲੀ-ਵਿਸਾਰੀ ਸਥਿਤੀ ਬਾਰੇ ਹੈ।ਜਿਸ ਪ੍ਰਬੰਧ ਵਿਚ ਉਸ ਦਾ ਬੇਇੰਤਹਾ ਯਕੀਨ ਸੀ, ਉਸ ਨੇ ਹੀ ਉਸ ਦੀ ਰੋਸ਼ਨੀ ਹਮੇਸ਼ਾ ਲਈ ਖੋਹ ਲਈ। ਇਸ ਨੂੰ ਇਹਨਾਂ ਸਤਰਾਂ ਰਾਹੀ ਬਿਆਨਿਆ ਜਾ ਸਕਦਾ ਹੈ, ਜਦ ਨਿਆਂ ਸਿੱਥਲ ਲੈ ਜਾਏ ਤਾਂ ਰਖਵਾਲੇ ਉਨ੍ਹਾਂ ਲੋਕਾਂ ਨੂੰ ਉਜਾੜਦੇ ਨੇ, ਜਿਹਨਾਂ ਨੂੰ ਬਚਾਉਣ ਦੀ ਉਨ੍ਹਾਂ ਕਸਮ ਖਾਧੀ ਹੁੰਦੀ ਹੈ।

੧੯੬੭ ਦੇ ਨਿਰਦਈ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਤਹਿਤ ਹਿਰਾਸਤ ਵਿਚ ਲਏ ਸਟੇਨ ਸਵਾਮੀ ਦੀ ਮੌਤ ਮੌਜੂਦਾ ਪ੍ਰਬੰਧ ਦੀ ਅਸਹਿਣਸ਼ੀਲਤਾ ਨੂੰ ਉਜਾਗਰ ਕਰਦੀ ਹੈ ਜੋ ਕਿ ਵਿਚਾਰਧਾਰਕ ਖੇਤਰ ਵਿਚ ਆਪਣਾ ਘਰ ਕਰ ਚੁੱਕੀ ਹੈ।ਪਹਿਲਾਂ ਸੱਤਾਧਾਰੀ ਕਾਂਗਰਸ ਨੇ ਰਾਸ਼ਟਰੀ ਪ੍ਰਭੂਸੱਤਾ ਅਤੇ ਏਕਤਾ ਦੇ ਨਾਂ ਹੇਠ ਇਸ ਕਾਨੂੰਨ ਨੂੰ ਲਿਆਂਦਾ ਅਤੇ ਇਸ ਨੂੰ ਲਾਗੂ ਕਰਨ ਵਿਚ ਕੋਈ ਝਿਜਕ ਨਹੀਨ ਦਿਖਾਈ। ਇਸ ਦੇ ਲਾਗੂ ਹੋਣ ਤੋਂ ਬਾਅਦ ਇਸ ਵਿਚੋਂ ਦੋਸ਼ੀ ਦੀ ਅਜ਼ਾਦੀ ਜਾਂ ਕਿਸੇ ਵੀ ਤਰਾਂ ਦੀ ਉਮੀਦ ਨੂੰ ਖਤਮ ਕਰਨ ਲਈ ਇਸ ਵਿਚ ਛੇ ਵਾਰ ਸੋਧਾਂ ਕਰਕੇ ਇਸ ਨੂੰ ਹੋਰ ਸਖਤ ਕੀਤਾ ਗਿਆ।ਮੌਜੂਦਾ ਰਾਜਨੀਤਿਕ ਪ੍ਰਬੰਧ ਨੇ ਇਸ ਵਿਚ ਬਚੀਆਂ-ਖੁਚੀਆਂ ਦਰਾਰਾਂ ਨੂੰ ਚੰਗੀ ਤਰਾਂ ਭਰ ਦਿੱਤਾ। ਸਰਬ-ਉਚ ਅਦਾਲਤ ਨੇ ਵੀ ਇਸ ਨੂੰ ਮੰਨ ਲਿਆ।ਹਾਲਾਂਕਿ ਸੰਵਿਧਾਨਕ ਅਦਾਲਤਾਂ ਰਾਹੀ ਇਸ ਵਿਚ ਕੁਝ ਉਮੀਦ ਦੀ ਕਿਰਨ ਨਜ਼ਰ ਆਈ, ਪਰ ਉਹ ਬਹੁਤ ਹੀ ਘੱਟ ਸੀ।ਸੱਤਾਧਾਰੀ ਕੁਲੀਨ ਵਰਗ ਨੇ ਨਾਗਰਿਕ ਸਕ੍ਰਿਆਵਾਦ ਅਤੇ ਸਮਾਜ ਪ੍ਰਤੀ ਬਹੁਤ ਬੇਭਰੋਸਗੀ ਵਾਲਾ ਰਵੱਈਆ ਦਿਖਾਇਆ ਹੈ।ਅੰਬੇਦਕਰਵਾਦੀ ਵਿਚਾਰਧਾਰਾ ਅਤੇ ਕਿਸੇ ਵੀ ਰਾਜਨੀਤਿਕ ਸਕ੍ਰਿਆਵਾਦ ਪ੍ਰਤੀ ਸੱਤਾਧਾਰੀ ਜਮਾਤ ਦੀ ਅਸਹਿਣਸ਼ੀਲਤਾ ਬਹੁਤ ਹੀ ਆਮ ਵਰਤਾਰਾ ਹੋ ਗਈ ਹੈ।ਦਲਿਤਾਂ ਦੇ ਹੱਕਾਂ ਲਈ ਰਾਜਨੀਤਿਕ ਗਤੀਵਿਧੀਆਂ ਅਤੇ ਕਬਾਇਲੀ ਮਸਲਿਆਂ ਲਈ ਅਵਾਜ਼ ਉਠਾਉਣ ਨੂੰ ਸ਼ਹਿਰੀ ਨਕਸਲਵਾਦ ਘੋਸ਼ਿਤ ਕਰ ਦਿੱਤਾ ਜਾਂਦਾ ਹੈ।ਭੀਮਾ ਕੋਰੇਗਾਓਂ ਕੇਸ ਵਿਚ ਬਾਰਾਂ ਹੋਰ ਰਾਜਨੀਤਿਕ ਕਾਰਕੁੰਨਾਂ ਨਾਲ ਸਟੇਨ ਸਵਾਮੀ ਵੀ ਇਸ ਸ਼ਹਿਰੀ ਨਕਸਲਵਾਦ ਦਾ ਸ਼ਿਕਾਰ ਬਣ ਗਿਆ।

ਸਟੇਨ ਸਵਾਮੀ ਦੀ ਮੌਤ ਨਿੱਘਰ ਰਹੇ ਰਾਜਨੀਤਿਕ ਮਾਹੌਲ ਦਾ ਚਿੰਨ੍ਹ ਹੈ ਜਿੱਥੇ ਨਾਗਰਿਕ ਸਮਝ ਲਗਾਤਾਰ ਖਤਰੇ ਹੇਠ ਹੈ ਅਤੇ ਕਾਨੂੰਨ ਮਨਮਾਨੇ ਢੰਗ ਨਾਲ ਕੰਮ ਰਿਹਾ ਹੈ।ਉਸ ਦੀ ਮੌਤ ਸਰਬ-ਉੱਚ ਅਦਾਲਤ ਦੀ ਅਸਫਲਤਾ ਅਤੇ ਉਸ ਦੇ ਨਿਯਮਾਂ ਅਤੇ ਕਾਨੂੰਨੀ ਜ਼ਾਬਤੇ ਪ੍ਰਤੀ ਜਨੂੰਨ ਨੂੰ ਜ਼ਾਹਿਰ ਕਰਦੀ ਹੈ ਜਿਸ ਦੀ ਆੜ ਵਿਚ ਉਹ ਅਸਲ ਵਿਚ ਨਿਆਂ ਪ੍ਰਬੰਧ ਦੇ ਮੂਲ਼ ਨੂੰ ਖਤਮ ਕਰ ਰਹੇ ਹਨ ਜਿਸ ਵਿਚ ਵਿਵਹਾਰਿਕ ਸਮਝ ਅਤੇ ਸੰਵੇਦਨਾ ਦੀ ਪ੍ਰਮੁੱਖ ਜਗ੍ਹਾ ਹੈ।ਭਾਰਤ ਵਿਚ ਇਸ ਸਮੇਂ ਲਗਭਗ ਪੰਤਾਲੀ ਮਿਲੀਅਨ ਕੇਸ ਅਦਾਲਤਾਂ ਵਿਚ ਲਟਕ ਰਹੇ ਹਨ,ਪੰਜ ਲੱਖ ਲੋਕ ਜੇਲਾਂ ਵਿਚ ਹਨ ਜਿਸ ਵਿਚੋਂ ਸੱਤਰ ਪ੍ਰਤੀਸ਼ਤ ਵਿਚਾਰਾਧੀਨ ਕੈਦੀ ਹਨ।ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਤਹਿਤ ਕੇਸਾਂ ਦੀ ਗਿਣਤੀ ਬਹੱਤਰ ਪ੍ਰਤੀਸ਼ਤ ਵਧ ਗਈ ਹੈ, ਪਰ ਅਪਰਾਧ ਸਿੱਧ ਹੋਣ ਦੀ ਗਿਣਤੀ ਮਹਿਜ਼ ਦੋ ਪ੍ਰਤੀਸ਼ਤ ਹੈ।ਸਟੇਨ ਸਵਾਮੀ ਜਿਹੇ ਲੋਕ ਹਮੇਸ਼ਾ ਨਿਆਂ ਪ੍ਰਣਾਲੀ ਦੇ ਖਤਰੇ ਵਿਚ ਹੀ ਰਹਿੰਦੇ ਹਨ। ਇਸੇ ਤਰਾਂ ਦਲਿਤ ਆਦਿਵਾਸੀਆਂ ਦੇ ਹੱਕਾਂ ਲਈ ਲੜ ਰਹੀ ਕਾਰਕੁੰਨ ਕੰਚਨ ਨਾਨਾਵਰੇ ਦੀ ਵੀ ਛੇ ਸਾਲ ਜੇਲ ਵਿਚ ਸੜਨ ਤੋਂ ਬਾਅਦ ਨਿਆਂਇਕ ਹਿਰਾਸਤ ਵਿਚ ਮੌਤ ਹੋ ਗਈ ਸੀ।ਸਟੇਨ ਸਵਾਮੀ ਦੀ ਮੌਤ ਇਹ ਦਰਸਾਉਂਦੀ ਹੈ ਕਿ ਨਿਆਂਇਕ ਪ੍ਰਬੰਧ ਨੂੰ ਮਹਿਜ਼ ਪ੍ਰਤੀਕਿਰਿਆਵਾਦੀ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਇਸ ਨੂੰ ਕਾਰਜਕਾਰੀ ਵਿਵਸਥਾ ਦੇ ਭੈਅ ਵਿਚ ਰਹਿਣਾ ਚਾਹੀਦਾ ਹੈ।ਨਿਆਂਇਕ ਪ੍ਰਬੰਧ ਨੂੰ ਕਿਤਾਬਾਂ ਦੀ ਸ਼ੈਲਫਾਂ ਅਤੇ ਸਖਤ ਚੈਂਬਰਾਂ ਤੋਂ ਅਗਾਂਹ ਦੇਖਣ ਦੀ ਲੋੜ ਹੈ ਤਾਂ ਕਿ ਉਹ ਗਲੀਆਂ ਵਿਚ ਦਮਨ ਦੀ ਦੁਰਗੰਧ ਨੂੰ ਸੁੰਘ ਸਕੇ ਅਤੇ ਲਗਾਤਾਰ ਨਿਘਾਰ ਵਿਚ ਜਾ ਰਹੇ ਅਪਰਾਧਿਕ ਨਿਆਂ ਪ੍ਰਬੰਧ ਵਿਚ ਕੋਈ ਸੁਧਾਰ ਲਿਆਂਦਾ ਜਾ ਸਕੇ।ਬੈਂਜਾਮਿਨ ਫਰੈਂਕਲਿਨ ਦਾ ਕਥਨ ਇਹ ਹੈ ਕਿ “ਨਿਆਂ ਉਦੋਂ ਤੱਕ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਇਸ ਤੋਂ ਨਾ ਪ੍ਰਭਾਵਿਤ ਵੀ ਓਨੇ ਵਿਚਲਿਤ ਨਾ ਹੋਣ ਜਿੰਨੇ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਹੁੰਦੇ ਹਨ।”

ਭਾਰਤੀ ਚਰਚ ਵਿਚ ਸਟੇਨ ਸਵਾਮੀ ਇਖ਼ਲਾਕ ਵਾਲਾ ਚੇਤੰਨ ਯੋਧਾ ਸੀ ਜਿਸ ਦੇ ਰਾਜਨੀਤਿਕ ਅਤੇ ਧਾਰਮਿਕ ਵਿਚਾਰਾਂ ਕਰਕੇ ਉਸ ਨੂੰ ਆਪਣੇ ਹੀ ਰਾਜ ਵਿਚ ਸਹਿਣ ਨਹੀਂ ਕੀਤਾ ਗਿਆ।ਉਸ ਨੇ ਦਲਿਤ ਅਤੇ ਆਦਿਵਾਸੀ ਲੋਕਾਂ ਦੇ ਹੱਕਾਂ ਦੀ ਰਾਜਨੀਤਿਕ ਲੜਾਈ ਲਈ ਮੁਕਤੀ ਦੇ ਧਰਮ ਸ਼ਾਸਤਰ ਨੂੰ ਅਪਣਾਇਆ। ਉਸ ਦੇ ਰਾਜਨੀਤਿਕ ਅਤੇ ਨਾਗਰਿਕ ਸਕ੍ਰਿਆਵਾਦ ਨੇ ਪੌਪ ਫਰਾਂਸਿਸ ਦੇ ਸ਼ਬਦਾਂ ਨੂੰ ਸਹੀ ਅਰਥ ਪ੍ਰਦਾਨ ਕੀਤੇ, “ਮੈਂ ਉਸ ਚਰਚ ਨੂੰ ਪ੍ਰਾਥਮਿਕਤਾ ਦਿੰਦਾ ਹਾਂ ਜੋ ਕਿ ਜ਼ਖਮੀ, ਦੁਖੀ ਅਤੇ ਗੰਦੀ ਹੈ, ਕਿਉਂਕਿ ਇਸ ਦਾ ਸੰਬੰਧ ਗਲੀਆਂ ਨਾਲ ਹੈ।ਮੈਂ ਉਸ ਚਰਚ ਨੂੰ ਮਹੱਤਤਾ ਨਹੀਂ ਦਿੰਦਾ ਜੋ ਕਿ ਆਪਣੀ ਹੀ ਸਰੁੱਖਿਆ ਨੂੰ ਪ੍ਰਮੁੱਖ ਰੱਖਣ ਕਰਕੇ ਆਪਣੇ ਵਿਚ ਹੀ ਬੰਦ ਅਤੇ ਬੀਮਾਰ ਹੈ।” ਸਟੇਨ ਸਵਾਮੀ ਇਸ ਤਰਾਂ ਦੀ ਦੂਰਦਰਸ਼ਿਤਾ ਨਾਲ ਸਾਂਝ ਰੱਖਦਾ ਸੀ। ਉਸ ਦਾ ਯਕੀਨ ਸੀ ਕਿ ਜਦੋਂ ਜਿਆਦਾਤਰ ਲੋਕ ਵਿਵੇਕੀ ਚਰਚ ਦੀਆਂ ਸੁਰੱਖਿਅਤ ਹੱਦਾਂ ਵਿਚ ਰਹਿੰਦੇ ਹਨ ਤਾਂ ਭ੍ਰਿਸ਼ਟ ਵਿਵਸਥਾ ਅਤੇ ਦਮਨ ਨੂੰ ਚੁਣੌਤੀ ਦੇਣ ਵਾਲੇ ਹੀ ਇਸ ਦੇ ਸ਼ਿਕਾਰ ਬਣ ਜਾਂਦੇ ਹਨ।ਪਿਛਲੇ ਵਰ੍ਹੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਉਸ ਨੇ ਇਕ ਵੀਡਿਓ ਸੰਦੇਸ਼ ਜਾਰੀ ਕੀਤਾ ਸੀ, “ਮੇਰੇ ਨਾਲ ਜੋ ਕੁਝ ਵੀ ਵਾਪਰ ਰਿਹਾ ਹੈ, ਉਹ ਵਿਲੱਖਣ ਨਹੀਂ ਹੈ ਅਤੇ ਨਾ ਹੀ ਇਕੱਲੇ ਮੇਰੇ ਨਾਲ ਵਾਪਰ ਰਿਹਾ ਹੈ।ਇਹ ਇਕ ਵੱਡਾ ਵਰਤਾਰਾ ਹੈ ਜੋ ਕਿ ਪੂਰੇ ਮੁਲ਼ਕ ਵਿਚ ਹੀ ਵਾਪਰ ਰਿਹਾ ਹੈ।ਅਸੀ ਸਾਰੇ ਇਸ ਗੱਲ ਤੋਂ ਜਾਣੂ ਹਾਂ ਕਿਸ ਤਰਾਂ ਪ੍ਰਮੁੱਖ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਕਵੀਆਂ ਅਤੇ ਵਿਦਿਆਰਥੀ ਕਾਰਕੁੰਨਾਂ ਨੂੰ ਜੇਲਾਂ ਵਿਚ ਸੁੱਟਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਵਿਰੋਧ ਦੀ ਅਵਾਜ਼ ਉਠਾਈ ਅਤੇ ਸੱਤਾਧਾਰੀ ਧਿਰ ਸਾਹਮਣੇ ਸੁਆਲ ਖੜੇ ਕੀਤੇ।” ਸਟੇਨ ਸਵਾਮੀ ਵਰਗੇ ਮਿਸ਼ਨਰੀਆਂ ਨੂੰ ਨਾ ਸਿਰਫ ਇਕੱਲੇ ਲੜਨਾ ਪੈਂਦਾ ਹੈ ਬਲਕਿ ਉਨ੍ਹਾਂ ਦੇ ਸਾਹਮਣੇ ਚਰਚ ਅਤੇ ਰਾਜ ਦੋਹਾਂ ਨੂੰ ਹੀ ਨਰਾਜ਼ ਨਾ ਕਰਨ ਦੀ ਦੂਹਰੀ ਚੁਣੌਤੀ ਵੀ ਹੁੰਦੀ ਹੈ।ਅਧਿਕਾਰਕ ਚਰਚ ਵੀ ਰਾਜ/ਰਿਆਸਤ ਨੂੰ ਨਰਾਜ਼ ਨਾ ਕਰਨ ਦੇ ਡਰੋਂ ਉਨ੍ਹਾਂ ਦੇ ਕੰਮ ਨੂੰ ਸਮਰਥਨ ਨਹੀਂ ਦਿੰਦੀ ਹੈ।ਸਟੇਨ ਸਵਾਮੀ ਨੇ ਹਾਸ਼ੀਆਗ੍ਰਸ਼ਤ ਲੋਕਾਂ ਲਈ ਇਕੱਲੇ ਰਾਹ ਉੱਪਰ ਇਕੱਲੇ ਹੀ ਲੜਾਈ ਲੜੀ ਅਤੇ ਉਸ ਨੇ ਕਦੇ ਨਤੀਜਿਆਂ ਦੀ ਪ੍ਰਵਾਹ ਨਹੀਂ ਕੀਤੀ।ਇਸ ਵਿਚ ਕੋਈ ਸ਼ੱਕ ਨਹੀਂ ਕਿ ਸੱਭਿਅਕ ਭਾਰਤ ਚੁੱਪ ਅਤੇ ਉਦਾਸੀਨ ਹੈ ਕਿਉਂਕਿ ਲੋਕਤੰਤਰ ਦੀ ਧਾਰਾ ਦੇ ਉਲਟ ਲੋਕਾਂ ਉੱਪਰ ਸਰਕਾਰਾਂ ਦਾ ਨਿਯੰਤਰਣ ਹੈ।