ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਸਥਾਪਤ ਕੀਤਿਆ ੭੫ ਸਾਲ ਪੂਰੇ ਹੋ ਚੁੱਕੇ ਹਨ। ਪਰ ਫੈਡਰੇਸ਼ਨ ਦੇ ਆਪਣੀ ਹੋਂਦ ਤੋਂ ਦੂਰ ਜਾਣ ਕਰਕੇ ਇਸ ਦਿਵਸ ਦੀ ਮਹਾਨਤਾ ਤੋਂ ਸਿੱਖ ਨੌਜਵਾਨੀ ਬੇਖਬਰ ਰਹੀ। ਜੋ ਸਿੱਖ ਸਟੂਡੈਂਟ ਫੈਡਰੇਸ਼ਨ ਸ਼ਥਾਪਨਾ ਸਮੇਂ ਇਹ ਉਦੇਸ ਲੈ ਕੇ ਬਣੀ ਸੀ ਕਿ ਸਿੱਖ ਜਵਾਨੀ ਨੂੰ ਜੱਥੇਬੰਦ ਕਰਕੇ ਸਿੱਖ ਕੌਮ ਦੀ ਚੜਦੀ ਕਲਾ ਲਈ ਤਿਆਰ ਕੀਤਾ ਜਾਵੇਗਾ ਉਹ ਅੱਜ ਆਪਣੀ ਹੋਂਦ ਤੱਕ ਗਵਾ ਚੁੱਕੀ ਹੈ। ਪੰਜਾਬ ਦੀ ਨੌਜਵਾਨੀ ਅੱਜ ਨਸ਼ਿਆ ਦੀ ਸ਼ਿਕਾਰ ਹੋ ਚੁੱਕੀ ਹੈ ਸਿੱਖੀ ਸਰੂਪ ਤੋਂ ਪਾਸਾ ਵੱਟ ਚੁੱਕੀ ਹੈ ਤੇ ਪੰਜਾਬ ਤੋਂ ਆਪਣਾ ਮੋਹ ਤੋੜ ਕੇ ਪੱਛਮੀ ਮੁਲਕਾਂ ਵੱਲ ਮੂੰਹ ਕਰੀ ਬੈਠੀ ਹੈ। ਦੁਨੀਆਂ ਵਿੱਚ ਜਦੋਂ ਵੀ ਕਿਤੇ ਇਨਕਲਾਬ ਆਇਆ ਹੈ ਅਤੇ ਕ੍ਰਾਂਤੀਕਾਰੀ ਸੰਘਰਸ਼ ਚੱਲਿਆ ਉਸ ਵਿੱਚ ਹਮੇਸ਼ਾ ਨੌਜਵਾਨ ਪੀੜੀ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ੧੩ ਸਤੰਬਰ ੧੯੪੩ ਨੂੰ ਸਥਾਪਤ ਕੀਤਾ ਗਿਆ ਸੀ। ਪੂਰੇ ਇੱਕ ਸਾਲ ਬਾਅਦ ੧੩ ਸਤੰਬਰ ੧੯੪੪ ਨੂੰ ਇਸਦਾ ਖੁੱਲਾ ਇਜਲਾਸ ਸੱਦਿਆ ਗਿਆ ਸੀ। ਇਸ ਇਜਲਾਸ ਵਿੱਚ ਸ੍ਰ: ਸਰੂਪ ਸਿੰਘ ਨੂੰ ਫੈਡਰੇਸ਼ਨ ਦੀ ਵਾਗਡੋਰ ਸੰਭਾਲੀ ਗਈ ਸੀ ਤੇ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਬਣੇ। ਸ੍ਰ: ਸਰੂਪ ਸਿੰਘ ਦੋ ਵਾਰੀ ਪੰਜਾਬ ਐਸੰਬਲੀ ਵਿੱਚ ਐਮ.ਐਲ.ਏ. ਬਣੇ। ੧੯੪੬ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਆਪਣੇ ਇਜਲਾਸ ਵਿੱਚ ਸਿੱਖ ਹੋਮਲੈਂਡ ਦਾ ਮਤਾ ਪਾਇਆ ਅਤੇ ਸਿੱਖਾਂ ਲਈ ਸਵੈ ਨਿਰਨੇ ਦੀ ਮੰਗ ਉਠਾਈ। ਇਸਦੇ ਨਾਲ ਹੀ ਖੁਦਮੁਖਤਿਆਰੀ ਦੀ ਵੀ ਮੰਗ ਸਿੱਖ ਸਟੂਡੈਟ ਫੈਡਰੇਸ਼ਨ ਨੇ ਉਠਾਈ। ਸਿੱਖ ਸਟੂਡੈਂਟ ਫੈਡਰੇਸ਼ਨ ਨੇ ਆਪਣੀ ਵਿਤ ਮੁਤਾਬਕ ਦੇਸ਼ ਦੀ ਅਜਾਦੀ ਲਈ ਵੀ ਬਣਦਾ ਹਿੱਸਾ ਪਾਇਆ। ੧੯੪੭ ਵਿੱਚ ਦੀ ਵੰਡ ਵੇਲੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਅਨੇਕਾਂ ਥਾਂ ਕਾਫਲਿਆਂ ਦੀ ਮੱਦਦ ਕੀਤੀ ਅਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ। ਇਸੇ ਤਰ੍ਹਾਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪੰਜਾਬੀ ਸੂਬਾ ਮੋਰਚੇ ਵਿੱਚ ਅਕਾਲੀ ਦਲ ਨਾਲ ਰਲ ਕੇ ਵੱਧ ਚੜ ਕਿ ਹਿੱਸਾ ਪਾਇਆ। ਇਸੇ ਤਰਾਂ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਭਾਰਤ ਵਿੱਚ ਐਮਰਜੈਂਸੀ ਦੌਰਾਨ ਹਿੱਸਾ ਪਾਉਂਦੇ ਹੋਏ ਜੇਲਾ ਕੱਟੀਆਂ ਅਤੇ ਐਂਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ। ਇਸ ਤੋਂ ਬਾਅਦ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਧਰਮ ਯੁੱਧ ਮੋਰਚੇ ਲਈ ਬਣਦਾ ਹਿੱਸਾ ਪਾਇਆ ਅਤੇ ਅਕਾਲੀ ਦਲ ਨਾਲ ਰਲ ਪੰਜਾਬ ਦੀਆਂ ਜੇਲਾਂ ਭਰੀਆ। ਸਿੱਖ ਸਟੂਡੈਂਟ ਫੈਡਰੇਸ਼ਨ ਇਕੋ ਇੱਕ ਜੱਥੇਬੰਦੀ ਸੀ ਜੋ ਸਿੱਖ ਨੌਜਵਾਨਾਂ ਨੂੰ ਗਿਆਨਵਾਨ ਬਣਾ ਕੇ ਸਿਆਸੀ ਅਗਵਾਈ ਲਈ ਤਿਆਰ ਕਰਦੀ ਸੀ। ਇਸਨੇ ਬਹੁਤ ਸਾਰੇ ਕਾਬਲ ਇਤਿਹਾਸਕਾਰ, ਡਾਕਟਰ, ਸਾਇੰਸਦਾਨ ਤੇ ਪ੍ਰਬੰਧਕ ਪੈਂਦਾ ਕੀਤੇ ਇਸੇ ਤਰਾਂ ਸਿਆਸੀ ਪਿੜ ਵਿੱਚ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੱਖ-ਵੱਖ ਪਾਰਟੀਆਂ ਲਈ ਮਾਰਕੇ ਦੇ ਸਿਆਸੀ ਆਗੂ ਦਿੱਤੇ ਜਿੰਨਾ ਵਿੱਚ ਦੇਸ਼ ਦੇ ਹੋਮ ਮਨਿਸਟਰ ਅਤੇ ਵਿਦੇਸ਼ ਮੰਦਰਾਲੇ ਤੱਕ ਵੀ ਬਣੇ। ਸਮੇਂ ਨਾਲ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਰੋਲ ਅਦਾ ਕੀਤਾ ਅਤੇ ਉਨਾਂ ਨੇ ਆਪਣੇ ਰਾਹੀਂ ਅਕਾਲੀ ਦਲ ਵੱਲੋਂ ਯੂਥਵਿੰਗ ਬਣਾਇਆ ਅਤੇ ਇਸ ਤੋਂ ਬਾਅਦ ਸਟੂਡੈਂਟਸ ਦੀ ਜੱਥੇਬੰਦੀ ਵੀ ਬਣਾ ਲਈ। ਜਿਸ ਰਾਹੀ ਸਿੱਖ ਨੌਜਵਾਨੀ ਅਤੇ ਇਸਦੇ ਲੀਡਰ ਸਿਆਸੀ ਲਾਹਾ ਲੈਣ ਕਰਕੇ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਮੂੰਹ ਮੋੜ ਕੇ ਇੰਨਾ ਜੱਥੇਬੰਦੀਆਂ ਅਤੇ ਸਿਆਸੀ ਜਮਾਤ ਅਕਾਲੀ ਦਲ ਦੇ ਮਗਰ ਲੱਗ ਬੈਠੇ। ਸਿੱਖ ਸਟੂਡੈਂਟ ਫੈਡਰੇਸ਼ਨ ਨੇ ਪੰਜਾਬ ਵਿੱਚ ਚੱਲ ਸਿੱਖ ਸੰਘਰਸ਼ ਵਿੱਚ ਵੀ ਵੱਧ ਚੜ ਕੇ ਹਿੱਸਾ ਪਾਇਆ ਅਤੇ ਇਸਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨਾਲ ਸ਼ਹੀਦੀ ਪ੍ਰਾਪਤ ਕੀਤੀ। ਅੱਜ ਸਿੱਖ ਸਟੂਡੈਂ ਫੈਡਰੇਸਨ ਲੀਡਰਸ਼ਿਪ ਤੋਂ ਮੁਹਤਾਜ ਹੈ ਤੇ ਆਪਣੇ ੭੫ਵੇਂ ਦਿਵਸ ਮੌਕੇ ਸਿੱਖ ਨੌਜਵਾਨੀ ਵਿੱਚ ਆਪਣੀ ਪਕੜ ਬਣਾਉਣ ਵਿੱਚ ਅਸਮਰਥ ਹੈ। ਇਸਦਾ ਮੁੱਖ ਕਾਰਨ ਸਿੱਖ ਜਵਾਨੀ ਵਿੱਚ ਰੋਲ ਮਾਡਲ ਦੀ ਘਾਟ ਹੈ।