ਵਾਤਾਵਰਣ ਪ੍ਰਤੀ ਸਮਰਪਿਤ ਸਿੱਖ ਕੌਮ ਦੇ ਸੱਤਵੇਂ ਗੁਰੂ ਸ੍ਰੀ ਗੁਰੁ ਹਰਿ ਰਾਇ ਜੀ ਦੀ ਵਾਤਾਵਰਣ ਪ੍ਰਤੀ ਸੋਚ-ਸਮਝ ਤੇ ਉਸਨੂੰ ਨਰੋਆ ਰੱਖਣ ਪ੍ਰਤੀ ਉਤਸ਼ਾਹਿਤ ਕਰਨ ਦੀ ਪ੍ਰੇਰਨਾ ਲੈਂਦੇ ਹੋਏ ਉਹਨਾਂ ਦੀ ਗੁਰਗੱਦੀ ਦਿਵਸ ਵਾਲੇ ਦਿਨ ੧੪ ਮਾਰਚ ਨੂੰ ਸੰਸਾਰ ਭਰ ਵਿੱਚ ਸਿੱਖ ਵਾਤਾਵਰਣ ਪ੍ਰਤੀ ਜਾਗ੍ਰਿਰਤਾ ਦਿਨ ਕਾਫੀ ਸ਼ਮੇਂ ਤੋਂ ਮਨਾ ਰਹੀ ਹੈ। ਇਸ ਵਾਰੀ ਵੀ ਗੁਰਗੱਦੀ ਦਿਵਸ ਨੂੰ ਸਮਰਪਿਤ ੧੪ ਮਾਰਚ ਨੂੰ ਦੁਨੀਆਂ ਭਰ ਵਿੱਚ ਸਿੱਖ ਕੌਮ ਵੱਲੋਂ ਸਿੱਖ ਵਾਤਾਵਰਣ ਜਾਗਰੂਕਤਾ ਦਿਵਸ ਮਾਨਇਆ ਜਾ ਰਿਹਾ ਹੈ। ਇਸ ਦਿਨ ਨੂੰ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਸਿੱਖ ਲਈ ਨਵੇਂ ਸਾਲ ਦਾ ਅਗਾਜ ਹੈ। ਇਸ ਦਿਵਸ ਪ੍ਰਤੀ ਜਾਗਰੂਕਤਾ ਤੇ ਇਸਨੂੰ ਮਾਨਉਣ ਦੀ ਅਗਵਾਈ ਅਮਰੀਕਾ ਵਿੱਚ ਬਣੀ ਸੰਸਥਾ ਈਕੋ ਸਿੱਖ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸਦਾ ਮੁੱਖ ਮਕਸਦ ਦੁਨੀਆਂ ਵਿੱਚ ਖਾਸਕਰ ਸਿੱਖਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਣਾ ਹੈ ਅਤੇ ਗੁਰੁ ਸਾਹਿਬ ਵੱਲੋਂ ਦਿਤੇ ਵਾਤਾਵਰਣ ਪ੍ਰਤੀ ਉਪਦੇਸ਼ ਤੇ ਪ੍ਰੇਰਨਾਵਾਂ ਨੂੰ ਸਮਰਪਿਤ ਹੋਣ ਲਈ ਸਿੱਖ ਕੌਮ ਵਿੱਚ ਗੁਰੁ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਮੁੱਖ ਰੱਖ ਕੇ ਇਹ ਮੁਹਿੰਮ ਦੁਨੀਆਂ ਭਰ ਵਿੱਚ ਚਲਾਈ ਗਈ ਹੈ। ਕਿਉਂ ਕਿ ਗੁਰੁ ਹਰਿ ਰਾਇ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਿੱਖ ਸੰਗਤਾਂ ਨੂੰ ਇਹ ਪ੍ਰੇਰਨਾ ਦਿੱਤੀ ਸੀ ਕਿ ਮਨੁੱਖੀ ਜੀਵਨ ਮਾਨਸਿਕ ਅਤੇ ਸਰੀਰਿਕ ਤੌਰ ਤੇ ਕੁਦਰਤੀ ਵਾਤਾਵਰਣ ਤੋਂ ਪ੍ਰਭਾਵਤ ਹੈ। ਇੱਕ ਅਧਿਆਤਮਕ ਤੇ ਤੰਦਰੁਸਤ ਮਨੁੱਖ ਤੇ ਇਸਦੇ ਵਿਕਾਸ ਲਈ ਹਰਿਆ-ਭਰਿਆ ਵਾਤਾਵਰਣ ਬਹੁਤ ਮਹੱਤਵ ਰੱਖਦਾ ਹੈ। ਇਸੇ ਕਰਕੇ ਗੁਰੁ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਕੁਦਰਤੀ ਵਾਤਾਵਰਣ ਨੂੰ ਅਹਿਮੀਅਤ ਦਿੰਦੇ ਹੋਏ ਕੀਰਤਪੁਰ ਸਾਹਿਬ ਵਿਖੇ ਬੇਸ਼ੁਮਾਰ ਬਾਗ-ਬਗੀਚੇ ਅਤੇ ਵੱਛੇ ਵੱਡੇ ਦਰਖਤਾਂ ਨਾਲ ਇਸ ਅਸਥਾਨ ਨੂੰ ਸ਼ੁਸੋਬਿਤ ਕੀਤਾ ਸੀ। ਉਹਨਾਂ ਨੇ ਆਪਣੇ ਉਪਦੇਸ਼ਾ ਰਾਹੀਂ ਸੰਗਤਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਸੀ ਤਾਂ ਜੋ ਮਨੁੱਖੀ ਜੀਵਨ ਇਸਦੀ ਮਹੱਤਤਾ ਨੂੰ ਸਮਝ ਸਕੇ। ਗੁਰੁ ਗ੍ਰੰਥ ਸਾਹਿਬ ਵਿੱਚ ਵੀ ਬਾਰ-ਬਾਰ ਗੁਰਬਾਣੀ ਰਾਹੀਂ ਇਹ ਉਪਦੇਸ਼ ਦਿੱਤੇ ਗਏ ਹਨ ਮਨੁੱਖੀ ਜੀਵਨ ਮਨ ਦੀ ਵਿਕਾਗਰਤਾ ਤਾਂ ਹੀ ਹਾਸਲ ਕਰ ਸਕਦਾ ਹੈ ਜੇ ਉਸਦਾ ਆਲਾ ਦੁਆਲਾ ਸ਼ੁੱਧ ਤੇ ਹਰਿਆ ਭਰਿਆ ਹੋਵੇਗਾ। ਜਿਸ ਨਾਲ ਸ਼ਰੀਰਿਕ ਰੂਪ ਵਿੱਚ ਮਨੁੱਖੀ ਜੀਵਨ ਨੂੰ ਤੰਦਰੁਸਤੀ ਮਿਲਦੀ ਹੈ।

ਈਕੋ ਸਿੱਖ ਸੰਸਥਾ ਵੱਲੋਂ ਜੋ ਗੁਰਗੱਦੀ ਦਿਵਸ ਦਿਨ ਨੂੰ ਸਮਰਪਿਤ ਹੋ ਕੇ ਜੋ ਵਾਤਵਰਣ ਸਬੰਧੀ ਚੇਤੰਨਤਾ ਦੀ ਮੁਹਿੰਮ ਅਰੰਭੀ ਹੈ ਉਸ ਅਧੀਨ ਪਿਛਲੇ ਸਾਲ ਇਸ ਨੂੰ ਸਮਰਪਿਤ ੪੧੦੦ ਸਿੱਖਿਅਕ ਅਦਾਰੇ, ਗੁਰਦੁਆਰਾ ਸਾਹਿਬ ਤੇ ਹੋਰ ਸਮਾਜਿਕ ਸੰਸਥਾਵਾਂ ਵੱਲੋਂ ਸ਼ਾਮੂਲੀਅਤ ਕੀਤੀ ਗਈ ਸੀ। ਸਿੱਖ ਵਾਤਾਵਰਣ ਦਿਵਸ ਮੌਕੇ ਹਜ਼ਾਰਾਂ ਦੀ ਤਾਦਾਦ ਵਿੱਚ ਦਰਖਤ, ਬਾਗਾਂ ਬਗੀਚਿਆਂ ਵਿੱਚ ਲਗਾਏ ਗਏ। ਵੱਖ ਵੱਖ ਥਾਵਾਂ ਤੋਂ ਫੁੱਲਾਂ ਦੀ ਨੁਮਾਇਸ਼ ਲਾਈ ਗਈ ਤੇ ਗੁਰਦੁਆਰਾ ਸਾਹਿਬ ਵਿੱਚ ਬੂਟਿਆਂ ਦਾ ਪ੍ਰਸ਼ਾਦ ਵਰਤਾਇਆ ਗਿਆ ਤੇ ਅਨੇਕਾਂ ਥਾਵਾਂ ਤੇ ਲੋਕਾਂ ਵਿੱਚ ਲੰਮੀਆਂ ਦੌੜਾਂ ਦਾ ਪ੍ਰਬੰਧ ਕੀਤਾ ਗਿਆ। ਬਹੁਤ ਸਾਰੇ ਗੁਰਦੁਆਰਾ ਸਾਹਿਬ ਵਿੱਚ ਕਥਾ ਰਾਹੀਂ ਗੁਰੂ ਸਾਹਿਬ ਦੇ ਵਾਤਾਵਰਣ ਦੀ ਸੰਭਾਲ ਪ੍ਰਤੀ ਉਪਦੇਸ਼ਾਂ ਨੂੰ ਪ੍ਰਚਾਰਿਆ ਗਿਆ। ਇਸ ਲਈ ਇਸ ਅਧਿਆਤਮਕਤਾ ਤੇ ਕੁਦਰਤ ਦੇ ਅਦੁੱਤੀ ਸੁਮੇਲ ਦੀ ਕਦਰ ਜਿਸ ਬਾਰੇ ਦੁਨੀਆਂ ਵਿੱਚ ਹੋਏ ਪੀਰ ਪੈਗੰਬਰਾਂ ਵੱਲੋਂ ਉਪਦੇਸ਼ ਦਿੱਤੇ ਗਏ ਹਨ ਕਿ ਹਰ ਧਰਮ ਕੁਦਰਤ ਨਾਲ ਵੱਧ ਤੋਂ ਵੱਧ ਪ੍ਰੇਮ-ਭਾਵਨਾ ਅਤੇ ਸੁਮੇਲ ਬਣਾ ਕੇ ਰੱਖੇ। ਅੱਜ ਜਦੋਂ ਦੁਨੀਆਂ ਵਿੱਚ ਸਿੱਖੀ ਦਾ ਗੜ੍ਹ ਸਮਝੇ ਜਾਂਦੇ ਪੰਜਾਬ ਵਿੱਚ ਵਿਕਾਸ ਦੇ ਨਾਮ ਤੇ ਸਰਕਾਰਾਂ ਤਾਂ ਕੁਦਰਤ ਦੀ ਤਬਾਹੀ ਦੇ ਰਾਹ ਤੇ ਤੁਰੀਆਂ ਹੀ ਹਨ ਸਗੋਂ ਸਧਾਰਨ ਮਨੁੱਖਤਾ ਵੀ ਵਿਕਾਸ ਦੇ ਨਾਮ ਤੇ ਵਾਤਾਵਰਣ ਨੂੰ ਤਬਾਹੀ ਵੱਲ ਲੈ ਜਾਣ ਵਾਲੇ ਰਾਹ ਪੈ ਗਈ ਹੈ। ਇਸ ਨਾਲ ਕੁਦਰਤੀ ਵਾਤਾਵਰਣ ਤਾਂ ਤਬਦੀਲ ਹੋ ਹੀ ਰਿਹਾ ਹੈ ਸਗੋਂ ਜੀਵ-ਜੰਤੂ ਵੀ ਇਸ ਵਾਤਾਵਰਣ ਨਾਲ ਖਿਲਵਾੜ ਕਾਰਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਸ ਲਈ ਅੱਜ ਜਦੋਂ ਪੰਜਾਬ ਅੰਦਰ ਆਸਮਾਨ ਵੱਲ ਦੇਖੀਏ ਤਾਂ ਇੱਲਾਂ, ਗਿਰਝਾਂ ਤੇ ਚਿੜੀਆਂ ਅਲੋਪ ਹੋ ਗਈਆਂ ਹਨ ਜੋ ਕਦੀ ਘੰਟਿਆਂ ਬੱਧੀ ਖੁੱਲੇ ਆਸਮਾਨ ਉਡਦੀਆਂ ਰਹਿੰਦੀਆਂ ਸਨ ਤੇ ਮਰੇ ਹੋਏ ਜੀਵ ਜੰਤੂਆਂ ਨੂੰ ਖਾ ਕੇ ਵਾਤਾਵਰਣ ਦੀ ਸ਼ੁੱਧਦਾ ਨੂੰ ਕਾਇਮ ਰੱਖਦੀਆਂ ਸਨ ਇਸਦੀ ਅਲੋਪਤਾ ਕਰਕੇ ਹੀ ਅੱਜ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਵੱਧ ਗਈ ਜੋ ਸਧਾਰਨ ਜਨ ਜੀਵਨ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ। ਇਸ ਤਰ੍ਹਾਂ ਜੋ ਕਿੱਕਰਾਂ ਤੇ ਬਿਜੜਿਆਂ ਦੇ ਆਲਣੇ ਦਿਖਾਈ ਦਿੰਦੇ ਸਨ। ਉਹ ਅੱਜ ਸਿਰਫ ਤਸਵੀਰਾਂ ਵਿੱਚ ਦਿਖਾਈ ਦਿੰਦੇ ਹਨ। ਕਿੱਕਰਾਂ ਤੇ ਟਾਹਲੀਆਂ, ਨਿੰਮਾਂ, ਡੇਕਾ-ਧ੍ਰੇਕਾਂ, ਤੂਤਾਂ ਤੇ ਬਹਿੰਦੀਆਂ ਪੰਛੀਆਂ ਦੀਆਂ ਡਾਰਾਂ ਤੇ ਉਹਨਾਂ ਦੀ ਚਹਿਕ ਪੰਜਾਬ ਦੇ ਸ਼ਹਿਰਾਂ ਵਿੱਚ ਮੁੱਦਤਾਂ ਤੋਂ ਅਲੋਪ ਹੋ ਚੁੱਕੀ ਹੈ ਤੇ ਹੁਣ ਇਹ ਪੰਜਾਬ ਦੇ ਪੇਂਡੂ ਜੀਵਨ ਵਿਚੋਂ ਵੀ ਇਹਨਾਂ ਦਰਖਤਾਂ ਵਾਂਗ ਹੀ ਅਲੋਪ ਹੋ ਰਹੀ ਹੈ।

ਗੁਰੂ ਸਾਹਿਬ ਦੇ ਉਪਦੇਸ਼ ਨੂੰ ਭਾਵੇਂ ਸਿੱਖ ਧਰਮ ਦੇ ਬਹੁਤੇ ਪੈਰੋਕਾਰਾਂ ਵੱਲੋਂ ਆਪਣੀ ਨਿੱਜ ਦੀ ਮਹਾਨਤਾ ਨੂੰ ਤਾਂ ਕਾਇਮ ਰੱਖਣ ਲਈ ਤਾਂ ਪ੍ਰਚਾਰਿਆ ਜਾ ਰਿਹਾ ਹੈ ਪਰ ਗੁਰੂ ਸਾਹਿਬ ਦੇ ਵਾਤਾਵਰਣ ਪ੍ਰਤੀ ਉਦੇਸ਼ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਪਰ ਅੱਜ ਵੀ ਪੰਜਾਬ ਅੰਦਰ ਗੁਰੁ ਸਾਹਿਬ ਦੇ ਉਪਦੇਸ਼ ਨੂੰ ਸਮਰਪਿਤ ਗੁਰੁ ਘਰ ਦੇ ਸੇਵਾਦਾਰ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਤੇ ਸੰਤ ਸੀਚੇਵਾਲ ਵਾਤਾਵਰਣ ਨੂੰ ਪੂਰੀ ਤਰਾਂ ਸਮਰਪਿਤ ਹਨ। ਉਹਨਾਂ ਨੇ ਪੰਜਾਬ ਨੂੰ ਹਰਿਆ-ਭਰਿਆ ਰੱਖਣ ਲਈ ਕਈ ਸੌ ਏਕੜ ਦੇ ਰਕਬੇ ਨੂੰ ਲੱਖਾਂ ਦਰਖਤਾਂ ਤੇ ਬੂਟਿਆ ਨਾਲ ਸਜਾਇਆ ਹੈ ਤਾਂ ਜੋ ਮਨੁੱਖੀ ਜੀਵਨ ਤੰਦਰੁਸਤ ਰਹਿ ਸਕੇ। ਇਸ ਲਈ ਅੱਜ ਲੋੜ ਹੈ ਕਿ ਗੁਰੁ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹੋ ਕਿ ਸਿੱਖ ਕੌਮ ਵਾਤਾਵਰਣ ਪ੍ਰਤੀ ਸੁਚੇਤ ਹੋਵੇ ਤੇ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਤੇ ਸਾਫ ਸੁਥਰਾ ਬਣਾ ਕੇ ਰੱਖੇ। ਈਕੋ ਸਿੱਖ ਸੰਸਥਾ ਵੱਲੋਂ ਚਲਾਈ ਦੁਨੀਆਂ ਭਰ ਵਿੱਚ ਸਿੱਖ ਵਾਤਾਵਰਣ ਦਿਵਸ ਦੀ ਲੜੀ ਨੂੰ ਕਾਮਯਾਬ ਕਰਨ ਲਈ ੧੪ ਮਾਰਚ ਨੂੰ ਇਸਦੇ ਸਾਰੇ ਸਮਾਗਮਾਂ ਵਿੱਚ ਸਭ ਨੂੰ ਉਸਾਰੂ ਤਰੀਕੇ ਨਾਲ ਸ਼ਾਮੂਲੀਅਤ ਕਰਕੇ ਇਸ ਨੂੰ ਕਾਮਯਾਬ ਕਰਨਾ ਚਾਹੀਦਾ ਹੈ।