ਭਾਰਤੀ ਸਰਹੱਦ ਤੇ ਚੀਨ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਡੋਕਲਾਮ ਖੇਤਰ ਵਿੱਚ ਉਸਦੀ ਫੌਜ ਨੇ ਨਵੇਂ ਬੰਕਰ ਬਣਾਉਣ ਅਤੇ ਭੁਟਾਨ ਦੇ ਨਾਲ ਲਗਦੇ ਇਲਾਕੇ ਵਿੱਚ ਬਣੇ ਭਾਰਤੀ ਫੌਜ ਦੇ ਬੰਕਰਾਂ ਨੂੰ ਤਬਾਹ ਕਰਨ ਦੀ ਮੁਹਿੰਮ ਚਲਾ ਰੱਖੀ ਹੈ। ਹਰ ਨਵੇਂ ਦਿਨ ਭਾਰਤ-ਚੀਨ ਸਰਹੱਦ ਤੇ ਕੁਝ ਨਾ ਕੁਝ ਨਵਾ ਵਾਪਰਦਾ ਨਜ਼ਰ ਆ ਰਿਹਾ ਹੈ। ਪਹਿਲਾਂ ਜੋ ਭੇਲੀ ਬੁੱਕਲ ਵਿੱਚ ਹੀ ਭੰਨ ਲਈ ਜਾਂਦੀ ਸੀ ਹੁਣ ਸ਼ੋਸ਼ਲ ਮੀਡੀਆ ਅਤੇ ਮੱਛੀ ਬਜ਼ਾਰ ਬਣੇ ਭਾਰਤੀ ਟੀ.ਵੀ. ਚੈਨਲਾਂ ਦੀ ਬਦੌਲਤ ਚੰਗੀ ਤਰ੍ਹਾਂ ਬਾਹਰ ਆ ਰਿਹਾ ਹੈ ਅਤੇ ਇਸਦਾ ਚੈਨਲਾਂ ਵੱਲੋਂ ਭਰਪੂਰ ਪਰਦਰਸ਼ਨ ਕੀਤਾ ਜਾ ਰਿਹਾ ਹੈ।

ਚੀਨੀ ਫੌਜੀਆਂ ਦੀ ਭਾਰਤੀ ਇਲਾਕੇ ਵਿੱਚ ਘੁਸਪੈਠ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਚੀਨ ਦੇ ਵਿਦੇਸ਼ ਵਿਭਾਗ, ਭਾਰਤ ਵਿੱਚ ਚੀਨੀ ਸਫਾਰਤਖਾਨੇ ਅਤੇ ਚੀਨ ਦੇ ਮੀਡੀਆ ਵਿੱਚ ਇਸ ਨਵੀਂ ਸਥਿਤੀ ਬਾਰੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਹਲਾਂਕਿ ਭਾਰਤ ਵੱਲੋਂ ਇਨ੍ਹਾਂ ਟਿੱਪਣੀਆਂ ਦਾ ਪ੍ਰਤੀਕਰਮ ਬਹੁਤ ਦੱਬੀ ਸੁਰ ਵਿੱਚ ਕੀਤਾ ਜਾ ਰਿਹਾ ਹੈ ਪਰ ਚੀਨ ਵੱਲੋਂ ਇਸ ਸਬੰਧੀ ਲਗਾਤਾਰ ਧੂਣੀ ਭਖਾ ਕੇ ਰੱਖੀ ਜਾ ਰਹੀ ਹੈ।

ਪਿਛਲੇ ਦਿਨਾਂ ਵਿੱਚ ਚੀਨ ਦੇ ਕਈ ਖੋਜ ਕੇਂਦਰਾਂ (ਥਿੰਕ ਟੈਕਾਂ) ਵੱਲੋਂ ਜੋ ਟਿੱਪਣੀਆਂ ਕੀਤੀਆਂ ਗਈਆਂ ਹਨ ਉਸਤੋਂ ਸੰਸਾਰ ਡਿਪਲੋਮੇਸੀ ਤੇ ਨਿਗਾਹ ਰੱਖਣ ਵਾਲਾ ਕੋਈ ਵੀ ਸੱਜਣ ਇਹ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਚੀਨੀ ਫੌਜੀਆਂ ਦੀ ਭਾਰਤੀ ਸਰਹੱਦ ਵਿੱਚ ਘੁਸਪੈਠ ਕੋਈ ਮਾਮੂਲੀ ਜਾਂ ਕੱਲੀ ਕਹਿਰੀ ਘਟਨਾ ਨਹੀ ਹੈ। ਇਸ ਵੇਲੇ ਸਮੁੱਚਾ ਚੀਨੀ ਢਾਂਚਾ ਜਿਸ ਵਿੱਚ ਵਿਦੇਸ਼ ਵਿਭਾਗ, ਚੀਨੀ ਫੌਜ, ਨੀਤੀਘਾੜੇ ਅਤੇ ਮੀਡੀਆ ਸ਼ਾਮਲ ਹੈ ਇਸ ਘੁਸਪੈਠ ਦੀ ਹਮਾਇਤ ਤੇ ਆਣ ਖੜਾ ਹੋਇਆ ਹੈ। ਚੀਨ ਨੇ ਹੁਣ ਭਾਰਤ ਵੱਲੋਂ ਭੁਟਾਨ ਵਿੱਚ ਬਿਠਾਈ ਹੋਈ ਫੌਜ ਦੇ ਮਾਮਲੇ ਨੂੰ ਵੀ ਚੁੱਕ ਲਿਆ ਹੈ ਅਤੇ ਸਿੱਕਮ ਤੇ ੧੯੭੫ ਵਿੱਚ ਕੀਤੇ ਕਬਜ਼ੇ ਦਾ ਮਾਮਲਾ ਵੀ ਖੋਲ਼੍ਹ ਲਿਆ ਹੈ।

ਲਗਾਤਾਰ ਚੀਨੀ ਨੀਤੀਘਾੜਿਆਂ ਵੱਲੋਂ ਇਹ ਬਿਆਨ ਆ ਰਹੇ ਹਨ ਕਿ ਉਹ ਦਲਾਈਲਾਮਾ, ਭੁਟਾਨ ਅਤੇ ਸਿੱਕਮ ਦੇ ਮਾਮਲੇ ਵਿੱਚ ਭਾਰਤੀ ਪੁਜੀਸ਼ਨ ਨੂੰ ਸਹੀ ਨਹੀ ਠਹਿਰਾਉਂਦੇ। ਤਾਜ਼ਾ ਬਿਆਨ ਵਿੱਚ ਤਾਂ ਚੀਨ ਨੇ ਇਹ ਸਿੱਧੀ ਧਮਕੀ ਵੀ ਦੇ ਦਿੱਤੀ ਹੈ ਕਿ ਵਿਵਾਦ ਦਾ ਵਿਸ਼ਾ ਬਣੇ ਕਸ਼ਮੀਰ ਵਿੱਚ ਵੀ ਉਸੇ ਤਰ੍ਹਾਂ ਕਿਸੇ ਤੀਜੇ ਮੁਲਕ ਦੀ ਫੌਜ ਦਾਖਲ ਹੋ ਸਕਦੀ ਹੈ ਜਿਵੇਂ ਭੁਟਾਨ ਵਿੱਚ ਭਾਰਤ ਦੀ ਫੌਜ ਬੈਠੀ ਹੈ।

ਨਿਰਸੰਦੇਹ ਚੀਨ ਦੀਆਂ ਇਹ ਫੌਜੀ ਕਾਰਵਾਈਆਂ ਅਤੇ ਡਿਪਲੋਮੈਟਿਕ ਸਰਗਰਮੀਆਂ ਕਾਫੀ ਵੱਡੇ ਸੁਆਲ ਖੜ੍ਹੇ ਕਰ ਰਹੀਆਂ ਹਨ। ਕੀ ਇਸ ਤਰ੍ਹਾਂ ਕਰਕੇ ਚੀਨ, ਭਾਰਤ ਨੂੰ ਅਮਰੀਕਾ ਤੋਂ ਤੋੜਨਾ ਚਾਹੁੰਦਾ ਹੈ ਜਾਂ ਇਹ ਖੇਡ ਖੇਡਕੇ ਭਾਰਤ ਨੂੰ ਅਮਰੀਕਾ ਦੀ ਬੁੱਕਲ ਵਿੱਚ ਪੱਕੇ ਤੌਰ ਤੇ ਸੁਟ ਦੇਣਾਂ ਚਾਹੁੰਦਾ ਹੈ ਤਾਂ ਕਿ ਭਵਿੱਖ ਵਿੱਚ ਜਦੋਂ ਏਸ਼ੀਆ ਦੇ ਸਿਆਸੀ ਸਮੀਕਰਨਾਂ ਵਿੱਚ ਤਬਦੀਲੀ ਆਵੇ ਤਾਂ ਭਾਰਤ ਲਈ ਕੋਈ ਥਾਂ ਹੀ ਨਾ ਬਚੇ।

ਅਮਰੀਕਾ ਲਈ ਚੀਨ ਨੇ ਪਹਿਲਾਂ ਹੀ ਬਹੁਤ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੋਈ ਹੈ ਆਰਥਕ ਖੇਤਰ ਵਿੱਚ। ਚੀਨ ਵੱਲੋਂ ਹੋਂਦ ਵਿੱਚ ਲਿਆਂਦੇ ਏਸ਼ੀਆਈ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ ਦੇ ਘੇਰੇ ਵਿੱਚ ਉਹ ਮੁਲਕ ਵੀ ਆ ਗਏ ਹਨ ਜੋ ਅਮਰੀਕਾ ਦੇ ਪੱਕੇ ਦੋਸਤ ਮੰਨੇ ਜਾਂਦੇ ਰਹੇ ਹਨ। ਇੰਗਲ਼ੈਂਡ ਅਤੇ ਸਾਉਦੀ ਅਰਬ ਇਨ੍ਹਾਂ ਵਿੱਚ ਪ੍ਰਮੁੱਖ ਹਨ। ਇਨ੍ਹਾਂ ਤੋਂ ਬਿਨਾ ਲਗਭਗ ੨੦ ਵੱਡੇ ਮੁਲਕ ਚੀਨ ਨੇ ਆਪਣੇ ਆਰਥਕ ਘੇਰੇ ਵਿੱਚ ਵਲ ਲਏ ਹਨ। ਸੰਸਾਰ ਰਾਜਨੀਤੀ ਤੇ ਅੱਖ ਰੱਖਣ ਵਾਲੇ ਵੱਡੇ ਵਿਦਵਾਨ ਇਹ ਕਿਆਸ ਅਰਾਈਆਂ ਲਗਾ ਰਹੇ ਹਨ ਕਿ ਅਮਰੀਕਾ ਜਿਵੇਂ ਸੰਸਾਰ ਰਾਜਨੀਤੀ ਤੋਂ ਪੈਰ ਪਿੱਛੇ ਖਿੱਚ ਰਿਹਾ ਹੈ ਉਸ ਹਾਲਤ ਵਿੱਚ ਚੀਨ ਸੰਸਾਰ ਰਾਜਨੀਤੀ ਅਤੇ ਆਰਥਕ ਖੇਤਰ ਵਿੱਚ ਆਪਣੀ ਪਕੜ ਮਜਬੂਤ ਬਣਾ ਸਕਦਾ ਹੈ ਪਰ ਅਮਰੀਕਾ ਵਾਂਗ ਸਥਿਰ ਸੰਸਾਰ ਸੰਸਥਾਵਾਂ ਨਹੀ ਦੇ ਸਕਦਾ।

ਸੰਯੁਕਤ ਰਾਸਟਰ ਸੁਰੱਖਿਆ ਕੌਂਸਲ ਦਾ ਪੱਕਾ ਮੈਂਬਰ ਹੋਣ ਦੇ ਨਾਤੇ ਚੀਨ ਕੋਲ ਅੱਗੇ ਵਧਣ ਦੇ ਬਹੁਤ ਮੌਕੇ ਹਨ, ਪਰ ਭਾਰਤ ਦੇ ਸੰਦਰਭ ਵਿੱਚ ਉਸਦਾ ਤਾਜ਼ਾ ਰੁਖ ਭਾਰਤੀ ਫੌਜ ਅਤੇ ਭਾਰਤੀ ਡਿਪਲੋਮੈਟਾਂ ਲਈ ਕਾਫੀ ਕਠੋਰ ਹੋਵੇਗਾ, ਇਸੇ ਲਈ ਨਰਿੰਦਰ ਮੋਦੀ ਲਗਾਤਾਰ ਹਥਿਆਰਾਂ ਦੀ ਖਰੀਦ ਕਰਨ ਤੇ ਲੱਗਾ ਹੋਇਆ ਹੈ। ਇਜ਼ਰਾਈਲ ਨਾਲ ੨ ਬਿਲੀਅਨ ਡਾਲਰ ਦੇ ਮਿਜ਼ਾਇਲ ਡਿਫੈਂਸ ਸਿਸਟਮ ਦਾ ਤਾਜ਼ਾ ਸਮਝੌਤਾ ਇਸੇ ਕੜੀ ਦਾ ਹਿੱਸਾ ਹੈ।

ਜੇ ਇਸ ਵਧਦੀ ਕਸ਼ਮਕਸ਼ ਵਿੱਚ ਚੀਨ ਨੇ ਕਸ਼ਮੀਰ ਵਿੱਚ ਆਪਣੀ ਫੌਜ ਬਿਠਾ ਦਿੱਤੀ ਜੋ ਕਿ ਉਸਦੇ ਆਰਥਕ ਸਰੋਤਾਂ ਦੀ ਰਾਖੀ ਲਈ ਹੋਵੇਗੀ ਤਾਂ ਭਾਰਤ ਲਈ ਕਸ਼ਮੀਰ ਨੂੰ ਕਾਬੂ ਵਿੱਚ ਰੱਖਣਾਂ ਔਖਾ ਹੋ ਜਾਵੇਗਾ। ਉਧਰ ਪੂਰਬ-ਉਤਰ ਦੇ ਖੇਤਰਾਂ ਵਿੱਚ ਵੀ ਗੜਬੜੀ ਵਧ ਸਕਦੀ ਹੈ।

ਨਿਰਸੰਦੇਹ ਚੀਨ ਦੇ ਡਿਪਲੋਮੈਟਸ ਨੇ ਭਾਰਤ ਲਈ ਵੱਡੀ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ।