ਖਾਲਸਾ ਪੰਥ ਦੀਆਂ ਗੂੰਜਾਂ ਇੱਕ ਵਾਰ ਫਿਰ ਪੈ ਰਹੀਆਂ ਹਨ। 21ਵੀਂ ਸਦੀ ਦੇ ਇਤਿਹਾਸ ਨੂੰ ਖਾਲਸਾ ਜੀ ਦੇ ਕਿਰਦਾਰ ਦੀ ਬੁਲੰਦੀ ਨੇ ਆਪਣੇ ਕ੍ਰਿਸ਼ਮੇ ਨਾਲ ਸਰਸ਼ਾਰ ਕਰ ਦਿੱਤਾ ਹੈੈ। ਬੀ.ਬੀ.ਸੀ. ਦੇ ਇਤਿਹਾਸ ਬਾਰੇ ਛਪਣ ਵਾਲੇ ਮੈਗਜ਼ੀਨ ਨੇ ਪਿਛਲੇ ਦਿਨੀ ਆਪਣੇ 5 ਹਜਾਰ ਪਾਠਕਾਂ ਤੇ ਅਧਾਰਤ ਇੱਕ ਸਰਵੇ ਕਰਵਾਇਆ। ਜਿਸ ਵਿੱਚ ਹੁਣ ਤੱਕ ਦੁਨੀਆਂ ਭਰ ਵਿੱਚ ਹੋਏ ਹੁਕਮਰਾਨਾਂ ਦੀਆਂ ਸਮੁੱਚੀਆਂ ਪ੍ਰਾਪਤੀਆਂ, ਰਾਜਨੀਤਿਕ ਸੂਝ ਬੂਝ, ਵਿਦਿਅਕ ਯੋਗਤਾ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈਕੇ ਚੱਲਣ ਵਾਲੇ ਗੁਣਾਂ ਦਾ ਜਿਕਰ ਕਰਕੇ ਇਹ ਦੱਸਣ ਲਈ ਆਖਿਆ ਗਿਆ ਸੀ ਕਿ ਤੁਸੀਂ ਇਸ ਸਾਰੇ ਕਾਸੇ ਦੇ ਮੱਦੇਨਜ਼ਰ ਹੁਣ ਤੱਕ ਦੇ ਕਿਸ ਮਹਾਰਾਜੇ ਜਾਂ ਜਮਹੂਰੀ ਲੀਡਰ ਨੂੰ ਸਭ ਤੋਂ ਵੱਧ ਸਿਆਣਾਂ ਅਤੇ ਯੋਗਤਾ ਭਰਪੂਰ ਮੰਨਦੇ ਹੋ।

5 ਹਜਾਰ ਪਾਠਕਾਂ ਵਿੱਚੋਂ 38 ਫੀਸਦੀ ਨੇ ਵੋਟ ਪਾਕੇ ਖਾਲਸਾ ਪੰਥ ਦਾ ਸਿਰ ਮਾਣ ਨਾਲ ਉੱਚਾ ਚੁੱਕ ਦਿੱਤਾ ਹੈੈ। ਬਹੁਤ ਹੀ ਸਿਆਣੇ ਅਤੇ ਸੂਝਬੂਝ ਵਾਲੇ ਪਾਠਕਾਂ ਨੇ ਫੈਸਲਾ ਦਿੱਤਾ ਹੈ ਕਿ, ਸਿੱਖਾਂ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਦੁਨੀਆਂ ਭਰ ਦੇ ਸ਼ਾਸ਼ਕਾਂ ਵਿੱਚੋਂ ਸਭ ਤੋਂ ਸਰਬ-ਉੱਤਮ ਰਾਜਾ ਹੋਇਆ ਹੈੈ ਅਤੇ ਉਸਦੀ ਅਗਵਾਈ ਹੇਠਲਾ ਖਾਲਸਾ ਰਾਜ ਦੁਨੀਆਂ ਭਰ ਵਿੱਚ ਇੱਕ ਆਦਰਸ਼ਕ ਰਾਜ ਦੇ ਤੌਰ ਤੇ ਜਾਣਿਆਂ ਜਾਂਦਾ ਹੈੈੈ।

ਕਿਸੇ ਪੱਛਮੀ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਆਪਣੀ ਟਿੱਪਣੀ ਵਿੱਚ ਲਿਖਿਆ ਹੈ ਕਿ ਸ਼ੇਰੇ ਪੰਜਾਬ ਨੇ ਜਿੱਥੇ ਮਿਸਲਾਂ ਦੇ ਆਪਸੀ ਖਾਨਾਜੰਗੀ ਖਤਮ ਕੀਤੀ, ਉੱਥੇ ਸਭ ਧਰਮਾਂ-ਕੌਮਾਂ ਨੂੰ ਆਪਣੇ ਪ੍ਰਸ਼ਾਸ਼ਨ ਵਿੱਚ ਜਗ੍ਹਾ ਦਿੱਤੀ,ਵਿਦਿਆ ਦਾ ਪ੍ਰਬੰਧ ਪੁਖਤਾ ਕੀਤਾ, ਪੰਜਾਬ ਨੂੰ (ਅਫਗਾਨਿਸਤਾਨ ਸਮੇਤ) ਅਖੰਡ ਕੀਤਾ ਅਤੇ ਸਮਾਂ ਪਾ ਕੇ ਵਿਦੇਸ਼ੀ ਫੌਜੀ ਜਰਨੈਲਾਂ ਨੂੰ ਆਪਣੀ ਫੌਜ ਵਿੱਚ ਜਗ੍ਹ ਦਿੱਤੀ।

ਸੱਚਮੁੱਚ ਖਾਲਸਾ ਪੰਥ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਦੋਂ ਸਿੱਖਾਂ ਨੂੰ ਹੋਟਲਾਂ ਦੇ ਬਾਹਰ ਖੜ੍ਹੇ ਬਹਿਰਿਆਂ ਜਾਂ ਜੋਕਰਾਂ ਵੱਜੋਂ ਪੇਸ਼ ਕੀਤਾ ਜਾਂਦਾ ਹੈ। ਜਦੋਂ ਇਹ ਆਖਿਆ ਜਾਂਦਾ ਹੈ ਕਿ ਸਿੱਖ ਤਾਂ ਲੜਨ ਜੋਗੇ ਹੀ ਹਨ, ਇਹ ਰਾਜ ਨਹੀ ਕਰ ਸਕਦੇ। ਅਜਿਹੇ ਮਹੌਲ ਵਿੱਚ 21ਵੀਂ ਸਦੀ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਉਹ ਖਾਲਸਾ ਪੰਥ ਲਈ ਮਾਣ ਵਾਲਾ ਹੈੈੈ। ਖਾਲਸਾ ਰਾਜ ਹੀ ਨਹੀ ਕਰ ਸਕਦਾ ਬਲਕਿ ਆਪਣੇ ਰਾਜ ਦੀਆਂ ਅਜਿਹੀਆਂ ਪੈੜਾਂ ਇਤਿਹਾਸ ਵਿੱਚ ਛੱਡ ਸਕਦਾ ਹੈ ਕਿ ਸਦੀਆਂ ਬਾਅਦ ਵੀ ਉਸਦੇ ਰਾਜ ਅਤੇ ਰਾਜ ਕਲਾ ਦੀਆਂ ਗੱਲਾਂ ਸੱਥਾਂ ਵਿੱਚ ਹੁੰਦੀਆਂ ਰਹਿਣਗੀਆ।

ਖਾਲਸਾ ਜੀ ਨੇ ਜਦੋਂ ਰਾਜ ਕੀਤਾ ਤਾਂ ਉਹ ਸਿਰਫ ਰਾਜ ਕਰਨ ਲਈ ਹੀ ਨਹੀ ਕੀਤਾ ਬਲਕਿ ਇਤਿਹਾਸ ਨੂੰ ਅਜਿਹੀ ਗਤੀ ਦੇਣ ਲਈ ਕੀਤਾ ਜਿਸਦੇ ਨਿਸ਼ਾਨ ਸਦੀਆਂ ਤੱਕ ਦੇਖੇ ਜਾਂਦੇ ਰਹਿਣਗੇ।

ਦਸਾਂ ਪਾਤਸ਼ਾਹੀਆਂ ਨੇ ਆਪਣੀ ਮਹਾਨ ਘਾਲਣਾਂ ਨਾਲ ਜੋ ਕੌਮ ਪਰਗਟ ਕੀਤੀ ਉਹ ਕੋਈ ਆਮ ਮਨੁੱਖ ਨਹੀ ਹਨ। ਇਹ ਪਰਮਾਤਮਾ ਵੱਲੋਂ ਸਾਜੇ ਹੋਏ ਉਹ ਵਿਸ਼ੇਸ਼ ਮਨੁੱਖ ਹਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਦੁਨੀਆਂ ਦਾ ਪਾਰ ਉਤਾਰਾ ਕਰਨ ਲਈ ਬਹੁਤ ਵੱਡੀ ਜਿੰਮੇਵਾਰੀ ਨਾਲ ਨਿਵਾਜਕੇ ਪਰਗਟ ਕੀਤਾ ਹੈੈ। ਇਸੇ ਲਈ ਜਦੋਂ ਖਾਲਸਾ ਜੰਗ ਦੇ ਮੈਦਾਨ ਵਿੱਚ ਹੁੰਦਾ ਹੈ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦਾ ਹੈ, ਜਦੋਂ ਜਾਲਮ ਸਾਹਮਣੇ ਹਿੱਕ ਡਾਹ ਕੇ ਖੜ੍ਹਦਾ ਹੈ ਤਾਂ ਮੌਤ ਵੀ ਹਾਰ ਜਾਂਦੀ ਹੈ, ਜਦੋਂ ਰਾਜ ਕਰਦਾ ਹੈ ਤਾਂ ਹਰ ਦੱਬੇ ਕੁਚਲੇ ਨੂੰ ਗਲ ਨਾਲ ਲਾਉਂਦਾ ਹੈੈ। ਕਿਸੇ ਨੂੰ ਕਤਲ ਨਹੀ ਕਰਦਾ, ਕਿਸੇ ਨਾਲ ਵਧੀਕੀ ਨਹੀ ਕਰਦਾ ਕਿਸੇਦੀ ਬੇਪਤੀ ਨਹੀ ਕਰਦਾ।

ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੇ ਕਰਿਸ਼ਮੇ 21 ਵੀਂ ਸਦੀ ਦੇ ਇਤਿਹਾਸਕਾਰਾਂ ਨੂੰ ਪ੍ਰਭਾਵਤ ਕਰ ਰਹੇ ਹਨ। ਇਹ ਕਰਿਸ਼ਮੇ ਉਸ ਦੌਰ ਵਿੱਚ ਹੋ ਰਹੇ ਹਨ ਜਦੋਂ ਚਾਰੇ ਪਾਸੇ ਸੂਹੀਆ ਏਜੰਸੀਆਂ ਹਰ ਨਾਗਰਿਕ ਦੇ ਘਰ ਵਿੱਚ ਝਾਕ ਰਹੀਆਂ ਹਨ, ਜਦੋਂ ਦੁਨੀਆਂ ਦੀ ਪੂੰਜੀ ਕੁਝ ਹੱਥਾਂ ਵਿੱਚ ਸੁੰਗੜ ਰਹੀ ਹੈੈ, ਜਦੋਂ ਡਿਪਲੋਮੇਸੀ ਦੇ ਨਾਅ ਤੇ ਅਜਿਹੀ ਵਿਰਾਸਤ ਸਿਰਜੀ ਜਾ ਰਹੀ ਹੈ ਜਿਸ ਵਿੱਚ ਕਤਲੋਗਾਰਤ ਅਤੇ ਧੋਖੇ ਤੋਂ ਬਿਨਾ ਕੁਝ ਵੀ ਨਹੀ ਹੈੈ। ਜਦੋਂ ਮੀਡੀਆ, ਅਦਾਲਤਾਂ, ਵਿਦਵਾਨ, ਵਿਦਿਅਕ ਅਦਾਰੇ ਅਤੇ ਰਾਜਨੀਤੀਵਾਨ ਸਭ ਮੰਡੀ ਦਾ ਮਾਲ ਬਣ ਰਹੇ ਹਨ।

ਉਸ ਭਿਆਨਕ ਦੌਰ ਵਿੱਚ ਜੇ ਖਾਲਸਾਈ ਰਾਜਕਲਾ ਦੇ ਕਰਿਸ਼ਮੇ ਪ੍ਰਗਟ ਹੋ ਰਹੇ ਹਨ ਤਾਂ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾ ਸੰਭਵ ਨਹੀ ਹੈੈ। ਅਸੀਂ ਸੋਚ ਵੀ ਨਹੀ ਸਕਦੇ ਕਿ ਅੱਜ ਦੇ ਵਿਕਾਊ ਯੁੱਗ ਵਿੱਚ ਕੋਈ ਜਣਾਂ ਆਪਣੇ ਪਰਧਾਨ ਮੰਤਰੀ (ਵਿੰਸਟਨ ਚਰਚਿਲ) ਨੂੰ ਇਤਿਹਾਸ ਦੇ ਸੋਮਿਆਂ ਵਿੱਚੋਂ ਵਗਾਹ ਕੇ ਮਾਰੇ ਅਤੇ ਅਜਿਹੇ ਸ਼ਖਸ਼ ਨੂੰ ਆਪਣਾ ਪਸੰਦੀਦਾ ਨੇਤਾ ਚੁਣੇ ਜਿਸਦੇ ਰਾਜ ਨੂੰ ਵਿੰਸਟਨ ਚਰਚਿਲ ਦੇ ਵਡੇਰਿਆਂ ਨੇ ਤਬਾਹ ਕੀਤਾ ਸੀ।

ਸੱਚਮੁੱਚ-ਪੰਥ ਤੇਰੇ ਦੀਆਂ ਗੂੰਜਾਂ, ਜੁਗੋ ਜੁਗ ਪੈਂਦੀਆਂ ਰਹਿਣਗੀਆਂ।

21ਵੀਂ ਸਦੀ ਦੀ ਦੁਨੀਆਂ ਨੂੰ ਸਿਰਫ ਰਾਜ ਕਰਨ ਦਾ ਖਾਲਸਾਈ ਮਾਡਲ ਹੀ ਬਚਾ ਸਕਦਾ ਹੈੈ।