ਮੌਜੂਦਾ ਭਾਰਤ ਦਾ ਇਤਿਹਾਸ ਜਦੋਂ ਸਿਰਜਿਆ ਗਿਆ ਸੀ ਤਾਂ ੧੯੪੭ ਦੀ ਵੰਡ ਵੇਲੇ ਦਸ ਲੱਖ ਆਦਮੀਆਂ ਦੀ ਅੰਦਾਜਨ ਵੱਢ-ਟੁੱਕ ਹੋਈ ਸੀ ਤੇ ਇੰਨੇ ਬੰਦੇ ਉਸ ਵਿੱਚ ਮਾਰੇ ਗਏ ਸੀ। ਇਸ ਤੋਂ ਪਹਿਲਾਂ ਵੀ ਕਦੇ ਬੰਗਾਲ ਵਿੱਚ ਕਦੇ ਬਿਹਾਰ ਵਿੱਚ ਸਮੂਹਿਕ ਹਿੰਸਾ ਹੋਈ ਸੀ ਜਿਸ ਵਿੱਚ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਅੱਜ ਤੱਕ ਕਿਸੇ ਨੂੰ ਵੀ ਇਹਨਾਂ ਭਿਆਨਕ ਦਰਦਨਾਕ ਹਾਦਸਿਆਂ ਬਾਰੇ ਜਿੰਮੇਵਾਰ ਨਹੀਂ ਠਹਿਰਾਇਆ ਗਿਆ ਤੇ ਨਾ ਹੀ ਕਿਸੇ ਨੇ ਇਸ ਬਾਰੇ ਕੋਈ ਪਛਤਾਵਾ ਜ਼ਾਹਰ ਕੀਤਾ ਹੈ। ਦਿੱਲੀ ਦਾ ਇਤਿਹਾਸ ਨਿਰਾ ਲਹੂ ਪੀਣਾ ਹੀ ਰਿਹਾ ਹੈ। ਇਹ ਸਦਾ ਹੀ ਲਹੂ ਨਾਲ ਭਿੱਜੀ ਰਹੀ ਹੈ ਅਤੇ ਇਸ ਦੀ ਭੁੱਖ ਕਦੀ ਮਿਟੀ ਨਹੀਂ ਭਾਵੇਂ ਉਹ ਮੁਗਲਾਂ ਵੇਲੇ ਸੀ ਤੇ ਭਾਵੇਂ ਚੁਰਾਸੀ ਵੇਲੇ ਤੇ ਭਾਵੇਂ ਉਹ ਤਾਜਾ ਘਟਨਾਵਾਂ ਕਾਰਨ ਹੋਵੇ ਦਿੱਲੀ ਸਦਾ ਲਹੂ ਦੀ ਮੰਗ ਕਰਦੀ ਹੀ ਰਹੀ ਹੈ। ਕਹਿੰਦੇ ਹਨ ਕਿ ਲਗਾ ਕੇ ਆਗ ਸ਼ਹਿਰ ਕੋ ਉਠਾ ਹੈ ਆਜ ਦਿਲ ਮੇਂ ਤਮਾਸ਼ਕ ਦਾ ਸ਼ੌਂਕ ਬਹੁਤ, ਝੁਕਾਅ ਕਰ ਸਿਰ ਬਹੁਤ ਸ਼ਾਅਪ੍ਰਸਤ ਬੋਲ ਉਠੇ, ਹਜੂਰ ਕਾ ਸ਼ੌਕ ਸਲਾਮਤ ਰਹੇ। ਇਹ ਮੰਜ਼ਰ ਦਿੱਲੀ ਦੀਆਂ ਹੋਈਆਂ ਚੋਣਾਂ ਦੁਰਾਨ ਬੀ.ਜੇ.ਪੀ. ਦੇ ਲੀਡਰਾਂ ਵੱਲੋਂ ਦਿੱਤੀਆਂ ਹਿੰਸਕ ਤਕਰੀਰਾਂ ਤੋਂ ਸ਼ੁਰੂ ਹੋ ਕਿ ਉੱਤਰ ਪੂਰਬੀ ਦਿੱਲੀ ਦੇ ਘਰਾਂ ਅੰਦਰ ਕਤਲੋਗੈਰਤ ਅਤੇ ਸਾੜਫੂਕ ਦੀਆਂ ਕਾਰਵਾਈਆਂ ਵਿੱਚ ਜਾ ਕੇ ਖਤਮ ਹੋਈਆਂ। ਇਸਦਾ ਬਹੁਤਾ ਨਿਸ਼ਾਨਾ ਮੁਸਲਮਾਨ ਹੀ ਬਣੇ ਜਦਕਿ ਇਸਨੂੰ ਹਿੰਦੂ ਮੁਸਲਮਾਨ ਦੇ ਦੰਗਿਆਂ ਦਾ ਰੂਪ ਦੇ ਦਿੱਤਾ ਗਿਆ ਹੈ ਪਰ ਦਾਰਸ਼ਨਿਕਾਂ ਦਾ ਕਹਿਣਾ ਹੈ ਕਿ ਇਹ ਮੁਸਲਮਾਨਾਂ ਦਾ ਸਮੂਹਿਕ ਕਤਲੇਆਮ ਸੀ। ਜਿਸ ਰਾਹੀਂ ਕਈ ਲੋਕਾਂ ਨੇ ਇਸਦੀ ੧੯੮੪ ਦੇ ਸਿੱਖ ਕਤਲੇਆਮ ਨਾਲ ਤੁਲਨਾ ਕੀਤੀ ਹੈ। ਇੱਕ ਕਵੀ ਦਾ ਕਹਿਣਾ ਹੈ ਕਿ ‘ਲੋਕ ਟੂਟ ਜਾਤੇ ਹੈ, ਇੱਕ ਘਰ ਬਨਾਨੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ’, ਹੁਣ ਦਿੱਲੀ ਵਿੱਚ ਹੋਈ ਸਮੂਹਿਕ ਹਿੰਸਾ ਦਾ ਇਹ ਦ੍ਰਿਸ਼ ਸੀ ਕਿ ਗਿਰਝਾਂ ਅਸਮਾਨ ਵਿੱਚ ਘੁੰਮਦੀਆਂ ਹੋਈਆਂ ਆਪਣੇ ਸ਼ਿਕਾਰ ਭਾਪ ਰਹੀਆਂ ਸਨ। ਇਸ ਹਿੰਸਾ ਨੂੰ ਅੰਜ਼ਾਮ ਦੇਣ ਵਾਲੀ ਭਾਰਤੀ ਜਨਤਾ ਪਾਰਟੀ (ਦਾਰਸ਼ਨਿਕ ਟਿੱਪਣੀ ਅਨੁਸਾਰ) ਸੀ ਜੋ ਇਸ ਸਮੇਂ ਕੇਂਦਰੀ ਰਾਜ ਸੱਤਾ ਤੇ ਕਾਬਜ ਹੈ ਅਤੇ ਇਸਦੀ ਮੁੱਖ ਵਿਚਾਰਧਾਰਿਕ ਸੰਸਥਾ ਰਾਸ਼ਟਰੀ ਸਯਮ ਸੇਵਕ ਸੰਘ ਹੈ। ਭਾਰਤੀ ਜਨਤਾ ਪਾਰਟੀ ਦਾ ਇਤਿਹਾਸ ਗਵਾਹ ਹੈ ਕਿ ਇਸ ਸੰਘਵਾਦੀ ਸਿਆਸੀ ਜਮਾਤ ਆਪਣੀ ਹੋਂਦ ਨੂੰ ਬਾਬਰੀ ਮਸਜਿਦ ਦੇ ਢਾਹੁਣ ਤੋਂ ਸ਼ੁਰੂ ਕਰਦੀ ਹੈ ਅਤੇ ਫਿਰਕਾਪ੍ਰਸ਼ਤੀ ਆਪਣੀ ਸਿਆਸਤ ਨੂੰ ਮੁੱਖ ਧੁਰਾ ਮੰਨਦੀ ਹੋਈ ਸਮਾਜਿਕ ਸੁਰੱਖਿਆ ਨੂੰ ਖਿਦੇੜਦੀ ਹੋਈ ਧਰੁਵੀਕਰਨ ਦੇ ਮਕਸਦ ਨਾਲ ਭਾਰਤ ਰਾਜਨੀਤੀ ਤੇ ਕਾਬਜ ਰਹਿਣਾ ਚਾਹੁੰਦੀ ਹੈ। ਇਹੀ ਮੁੱਖ ਕਾਰਨ ਮੌਜੂਦਾ ਦਿੱਲੀ ਵਿੱਚ ਹੋਈ ਸਮੂਹਿਕ ਹਿੰਸਾ ਲਈ ਵੀ ਬਣਿਆ ਹੈ। ਸਿੱਖਾਂ ਦੀ ਮੁੱਖ ਪ੍ਰਤੀਨਿਧ ਅਖਵਾਉਣ ਵਾਲੀ ਰਾਜਨੀਤਿਕ ਜਮਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਹ ਮੰਜ਼ਰ ਹੈ ਕਿ ਉਹ ਇਸ ਗੱਟ ਗਿਣਤੀ ਨਾਲ ਹੋਈ ਵਧੀਕੀ ਬਾਰੇ ਕੁਸਕ ਵੀ ਨਹੀਂ ਸਕੀ ਅਤੇ ਇਸਦੇ ਨੇੜੇ ਤਾਂ ਕੀ ਜਾਣਾ ਸੀ। ਉਹਨਾਂ ਨੇ ਜਨਤਕ ਰੂਪ ਵਿੱਚ ਵੀ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਬਾਰੇ ਵੀ ਚੁੱਪ ਧਾਰ ਰੱਖੀ ਹੈ। ਇਸ ਹਿੰਸਾ ਦਾ ਮੁੱਖ ਕਾਰਨ ਅਤੇ ਮਕਸਦ ਜੋ ਹੁਣ ਉੱਭਰ ਕੇ ਸਾਹਮਣੇ ਆ ਰਿਹਾ ਹੈ ਉਹ ਜਨਤਾ ਨੂੰ ਇਕੋ ਇੱਕ ਆਦੇਸ਼ ਦੇ ਰਿਹਾ ਹੈ ਕਿ ਲੋਕ, ਖਾਸ ਕਰ ਘੱਟ ਗਿਣਤੀਆਂ ਆਪਣੇ ਦਾਇਰੇ ਵਿੱਚ ਰਹਿਣ ਅਤੇ ਕੋਈ ਵੀ ਕਿਸੇ ਤਰਾਂ ਦੀ ਅੰਗੜਾਈ ਨਾ ਲੈ ਸਕਣ। ਦੂਜਾ ਮੁੱਖ ਮਕਸਦ ਜੋ ਸਰਕਾਰ ਦੀਆਂ ਨੀਤੀਆਂ ਬਾਰੇ ਵਿਦਿਆਰਥੀਆਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਸਨੂੰ ਦਬਾਉਣਾ ਹੈ।