ਭਾਰਤੀ ਜਮਹੂਰੀਅਤ ਦਾ ਅਸਲੀ ਚਿਹਰਾ ਹੌਲੀ ਹੌਲੀ ਬੇਨਕਾਬ ਹੋਣ ਲੱਗ ਪਿਆ ਹੈ। ਸਿੱਖਾਂ ਸਮੇਤ ਦਲਿਤ ਅਤੇ ਹੋਰ ਘੱਟ-ਗਿਣਤੀਆਂ ਤਾਂ ਪਹਿਲਾਂ ਹੀ ਚੀਕ ਚਕਿ ਕੇ ਕਹਿ ਰਹੀਆਂ ਸਨ ਕਿ ਭਾਰਤੀ ਜਮਹੂਰੀਅਤ ਇੱਕ ਬਹੁਤ ਘਿਨਾਉਣੀ ਤਾਨਾਸ਼ਾਹੀ ਤੋਂ ਵੱਧ ਕੁਝ ਨਹੀ ਹੈ, ਪਰ ਦੇਸ਼ ਭਗਤੀ ਦੀ ਲੋਰ ਵਿੱਚ ਵਹਿ ਰਹੇ ਲੋਕ ਉਸ ਵੇਲੇ ਸਿੱਖਾਂ ਨੂੰ ਹੀ ਭਟਕੀ ਹੋਈ ਕੌਮ ਦੇ ਤੌਰ ਤੇ ਦੇਖ ਰਹੇ ਸਨ ਅਤੇ ਵਾਰ ਵਾਰ ਸਿੱਖਾਂ, ਦਲਿਤਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਦੇਸ਼ ਦੀ ਮੁਖਧਾਰਾ ਨਾਲ ਜੁੜੇ ਰਹਿਣ ਦੀ ਨਸੀਹਤ ਦੇ ਰਹੇ ਸਨ।

ਹੁਣ ਭਾਰਤੀ ਜਮਹੂਰੀਅਤ ਦੇ ਪਰਦੇ ਹੇਠ ਲੁਕੀ ਹੋਈ ਤਾਨਾਸ਼ਾਹੀ ਨੂੰ ਸਮੁੱਚੇ ਦੇਸ਼ ਨੇ ਦੇਖ ਲਿਆ ਹੈ। ਮੱਧ-ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਜੇਲ਼੍ਹ ਵਿੱਚ ਨਜ਼ਰਬੰਦ ਇੱਕ ਮੁਸਲਿਮ ਵਿਦਿਆਰਥੀ ਸੰਗਠਨ ਦੇ ੮ ਨੌਜਵਾਨਾਂ ਨੂੰ ਪੁਲਿਸ ਨੇ ਜੇਲ਼੍ਹ ਵਿੱਚੋਂ ਫਰਾਰ ਹੋਣ ਦੀ ਕਹਾਣੀ ਬਣਾਕੇ ਕਤਲ ਕਰ ਦਿੱਤਾ ਹੈ। ਪਿਛਲੇ ਇੱਕ ਹਫਤੇ ਤੋਂ ਦੇਸ਼ ਦਾ ਸਮੁੱਚਾ ਮੀਡੀਆ ਅਤੇ ਸੱਤਾ ਨਾਲ ਜੁੜੀ ਹੋਈ ਹਰ ਧਿਰ ਲੋਕਾਂ ਨੂੰ ਇਹ ਦੱਸਣ ਦਾ ਯਤਨ ਕਰ ਰਹੀ ਸੀ ਕਿ ਪੁਲਿਸ ਮੁਕਾਬਲਾ ਅਸਲ ਸੀ ਪਰ ਪ੍ਰਮੁੱਖ ਭਾਰਤੀ ਟੀ.ਵੀ. ਚੈਨਲ ਐਨ.ਡੀ.ਟੀ.ਵੀ. ਨੇ ਭੋਪਾਲ ਪੁਲਿਸ ਦੀ ਕਾਰਵਾਈ ਅਤੇ ਕਹਾਣੀ ਤੇ ਗੰਭੀਰਤਾ ਨਾਲ ਸਵਾਲ ਉਠਾਏ ਅਤੇ ਪੁਲਿਸ ਦੀ ਕਹਾਣੀ ਨੂੰ ਬੇਪਰਦ ਕਰਨ ਦਾ ਯਤਨ ਕੀਤਾ।

ਚੈਨਲ ਦੇ ਪੱਤਰਕਾਰ ਰਵੀਸ਼ ਕੁਮਾਰ ਨੇ ਨਾ ਸਿਰਫ ਭੋਪਾਲ ਮੁਕਾਬਲੇ ਦੀ ਕਹਾਣੀ ਹੀ ਬਿਆਨ ਕੀਤੀ ਬਲਕਿ ਇਹ ਪਾਜ ਵੀ ਉਘੇੜਿਆ ਕਿ ਕਿਵੇਂ ਭਾਰਤੀ ਸਿਸਟਮ, ਸਮੇਤ ਮੀਡੀਆ ਪੁਲਿਸ ਵੱਲੋਂ ਸ਼ੱਕ ਵਿੱਚ ਫੜੇ ਹਰ ਸ਼ਖਸ਼ ਨੂੰ ਅੱਤਵਾਦੀ ਗਰਦਾਨ ਕੇ ਉਸਦਾ ਜੀਵਨ ਖਰਾਬ ਕਰ ਦੇਂਦਾ ਹੈ।

ਰਵੀਸ਼ ਕੁਮਾਰ ਨੇ ਇਸ ਸਬੰਧੀ ਰਾਜਸਥਾਨ ਦੇ ਇੱਕ ਮੁਸਲਿਮ ਨੌਜਵਾਨ ਦੀ ਕਹਾਣੀ ਪੇਸ਼ ਕੀਤੀ ਜਿਸਨੂੰ ੨੩ ਸਾਲ ਜੇਲ਼੍ਹ ਵਿੱਚ ਬੰਦ ਰੱਖਕੇ ਆਖਰ ਨਿਰਦੋਸ਼ ਆਖ ਕੇ ਰਿਹਾ ਕਰ ਦਿੱਤਾ ਗਿਆ। ਇਸੇ ਤਰ੍ਹਾਂ ਉਨ੍ਹਾਂ ਅੱਤਵਾਦ ਵਿਰੋਧੀ ਜੰਗ ਦੇ ਨਾਅ ਹੇਠ ਪੁਲਿਸ ਵੱਲੋਂ ਆਪਣੇ ਹੀ ਅਫਸਰਾਂ ਨੂੰ ਕਤਲ ਕਰ ਦੇਣ ਦੀ ਕਹਾਣੀ ਬਿਆਨ ਕੀਤੀ ਜਿਸ ਵਿੱਚ ਇੱਕ ਇਮਾਨਦਾਰ ਪੁਲਿਸ ਅਫਸਰ ਨੂੰ ਉਸਦੇ ਨਾਲ ਦੇ ਅਫਸਰਾਂ ਨੇ ਹੀ ਗੋਲੀ ਮਾਰਕੇ ਕਤਲ ਕਰ ਦਿੱਤਾ ਅਤੇ ਫਿਰ ਉਸ ਘਟਨਾ ਤੇ ਪਰਦਾ ਪਾਉਣ ਲਈ ਲਾਗਲੇ ਪਿੰਡਾਂ ਵਿੱਚ ਫੜਕੇ ੧੦ ਬੰਦਿਆਂ ਨੂੰ ਵੀ ਗੋਲੀ ਮਾਰ ਦਿੱਤੀ ਗਈ ਤਾਂ ਕਿ ਇਹ ਦਰਸਾਇਆ ਜਾ ਸਕੇ ਕਿ ਪੁਲਿਸ ਅਫਸਰ ਤਾਂ ਮੁਕਾਬਲੇ ਵਿੱਚ ਮਾਰਿਆ ਗਿਆ ਸੀ।

ਰਵੀਸ਼ ਕੁਮਾਰ ਨੇ ਆਪਣੇ ਵੱਖਰੇ ਅੰਦਾਜ਼ ਵਿੱਚ ਭਾਰਤੀ ਸਿਸਟਮ ਦੇ ਲੋਕ ਵਿਰੋਧੀ ਅਤੇ ਖਾਸ ਕਰ ਘੱਟ-ਗਿਣਤੀਆਂ ਵਿਰੋਧੀ ਕਿਰਦਾਰ ਤੇ ਵੱਡੇ ਸੁਆਲ ਉਠਾਏ ਹਨ। ਉਸ ਨੇ ਇਹ ਵੀ ਦਰਸਾਇਆ ਕਿ ਭਾਰਤੀ ਸਿਸਟਮ ਸਮੇਤ ਮੀਡੀਆ, ਬੰਬ ਧਮਾਕਿਆਂ ਦੇ ਕੇਸ ਵਿੱਚ ਫੜੇ ਹਿੰਦੂਆਂ ਨੂੰ ਕਿਵੇਂ ਸਤਿਕਾਰਯੋਗ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ। ਰਵੀਸ਼ ਕੁਮਾਰ ਨੇ ਆਪਣੀ ਇਸ ਖਬਰ-ਸਟੋਰੀ ਨਾਲ ਇਹ ਦਰਸਾਉਣ ਦਾ ਯਤਨ ਕੀਤਾ ਕਿ ਭਾਰਤੀ ਸਿਸਟਮ ਸਿਰਫ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਨੂੰ ਹੀ ਅੱਤਵਾਦੀ ਸਮਝਦਾ ਹੈ ਹਿੰਦੂਆਂ ਨੂੰ ਨਹੀ।

ਰਵੀਸ਼ ਕੁਮਾਰ ਦੀ ਇਹ ਖਬਰ-ਸਟੋਰੀ ਪ੍ਰਸਾਰਤ ਹੋਣ ਦੀ ਦੇਰ ਸੀ ਕਿ ਸੜੇ ਹੋਏ ਭਾਰਤੀ ਸਿਸਟਮ ਨੇ ਇੱਕਦਮ ਹਰਕਤ ਵਿੱਚ ਆਉਂਦੇ ਹੋਏ ਦੋ ਦਿਨਾਂ ਲਈ ਦੇਸ਼ ਦੇ ਪ੍ਰਮੁੱਖ ਚੈਨਲ ਐਨ.ਡੀ.ਟੀ.ਵੀ. ਦਾ ਪ੍ਰਸਾਰਨ ਹੀ ਬੰਦ ਕਰਵਾ ਦਿੱਤਾ। ਭਾਰਤ ਸਰਕਾਰ ਨੇ ਚੈਨਲ ਦੇ ਪ੍ਰਬੰਧਕਾਂ ਨੂੰ ਭੇਜੀ ਚਿੱਠੀ ਵਿੱਚ ਇਹ ਧਮਕੀ ਨੁਮਾ ਸਲਾਹ ਦਿੱਤੀ ਹੈ ਕਿ ਉਹ ਦੇਸ਼ ਦੇ ਸੱਤਾਧਾਰੀਆਂ ਅਤੇ ਪੁਲਿਸ ਅਫਸਰਸ਼ਾਹੀ ਦੇ ਕੰਮਕਾਰ ਤੇ ਸਵਾਲ ਕਰਨ ਦੀ ਹਿੰਮਤ ਨਾ ਕਰੇ। ਪੁਲਿਸ ਨੇ ਕਿਸਨੂੰ ਮਾਰਨਾ ਹੈ ਅਤੇ ਕਿਸਨੂੰ ਬਚਾਉਣਾਂ ਹੈ ਇਹ ਪੁਲਿਸ ਅਤੇ ਸੱਤਾਧਾਰੀਆਂ ਦੀ ਜਿੰਮੇਵਾਰੀ ਹੈ। ਕਿਸੇ ਨੂੰ ਵੀ ਕਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਦੁਹਾਈ ਦੇ ਕੇ ਪੁਲਿਸ ਅਤੇ ਫੌਜ ਦੇ ਕੰਮ ਵਿੱਚ ਦਖਲ ਦੇਣ ਦਾ ਹੱਕ ਨਹੀ ਹੈ। ਸਰਕਾਰ ਨੇ ਚੈਨਲ ਨੂੰ ਸਾਫ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਉਸਦਾ ਕੰਮ ਸਿਰਫ ਸਰਕਾਰ ਦੇ ਸੋਹਲੇ ਗਾਉਣ ਦਾ ਹੈ, ਸਵਾਲ ਕਰਨ ਦਾ ਨਹੀ।

ਭਾਰਤ ਸਰਕਾਰ ਅਤੇ ਉਸਦੀ ਇੰਟੈਲੀਜੈਂਸ ਨੇ ਆਪਣੀਆਂ ਮੀਡੀਆ ਵਿਰੋਧੀ ਕਾਰਵਾਈਆਂ ਨਾਲ ਇਹ ਸਿੱਧ ਕਰ ਦਿੱਤਾ ਹੈ ਕਿ ਭਾਰਤ ਵਿੱਚ ਲਿਖਣ, ਬੋਲਣ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੋਈ ਅਜ਼ਾਦੀ ਨਹੀ ਹੈ। ਜੇ ਤੁਸੀਂ ਬੋਲਣਾਂ ਹੀ ਹੈ ਤਾਂ ਫਿਰ ਜਾਂ ਤਾਂ ਧਰਮ-ਅਸਥਾਨਾ ਵਿੱਚ ਭਜਨ-ਕੀਰਤਨ ਕਰੋ ਜਾਂ ਫਿਰ ਸਰਕਾਰ ਦੇ ਸੋਹਲੇ ਗਾਓ ਇਸਤੋਂ ਜਿਆਦਾ ਅਜ਼ਾਦੀ ਇਸ ਦੇਸ਼ ਵਿੱਚ ਕਿਸੇ ਨੂੰ ਵੀ ਨਹੀ ਹੈ।

ਹਾਂ, ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹਾਂ ਪਰ ਕਿਸ ਕਿਸ ਨੂੰ ਬੋਲਣ ਅਤੇ ਜਿੰਦਾ ਰਹਿਣ ਦੀ ਅਜ਼ਾਦੀ ਹੈ ਇਹ ਬਹੁ-ਗਿਣਤੀ ਨੇ ਹੀ ਤੈਅ ਕਰਨਾ ਹੈ। ਤੁਹਾਡੀ ਜਿੰਦਗੀ ਇੱਕ ਮਾਮੂਲੀ ਪੁਲਿਸ ਵਾਲੇ ਦੀ ਮਰਜੀ ਤੇ ਨਿਰਭਰ ਕਰਦੀ ਹੈ ਜੇ ਉਸਦਾ ਮੂਡ ਠੀਕ ਹੈ ਤਾਂ ਤੁਸੀਂ ਜਿੰਦਾ ਰਹਿ ਸਕਦੇ ਹੋ ਨਹੀ ਤਾਂ ਦੋ ਗੋਲੀਆਂ ਤੁਹਾਡੇ ਸਿਰ ਵਿੱਚ ਮਾਰ ਕੇ ਉਹ ਪੁਲਿਸ ਮੁਕਾਬਲਾ ਬਣਾ ਸਕਦਾ ਹੈ।

ਪੰਜਾਬ ਨੇ ਇਸ ਕਤਲੋਗਾਰਤ ਵਾਲੇ ਸਿਸਟਮ ਦਾ ਬਹੁਤ ਚਿਰ ਸੰਤਾਪ ਝੱਲਿਆ ਹੈ । ਉਸ ਵੇਲੇ ਸਾਰਾ ਦੇਸ਼ ਸਿੱਖਾਂ ਨੂੰ ਦੋਸ਼ੀ ਗਰਦਾਨ ਰਿਹਾ ਸੀ ਹੁਣ ਜਦੋਂ ਗੇਂਦ ਕੇਂਦਰ ਵਿੱਚ ਆ ਗਈ ਹੈ ਤਾਂ ਦੇਖਦੇ ਹਾਂ ਕਿ ਕਥਿਤ ਸਿਵਲ ਸੁਸਾਇਟੀ ਕਿਵੇਂ ਪ੍ਰਤੀਕਰਮ ਕਰਦੀ ਹੈ।

ਜੇ ਐਨ.ਡੀ.ਟੀ.ਵੀ. ਇਸੇ ਰਾਹ ਤੇ ਚਲਦੇ ਹੋਏ ਦਲੇਰ ਪੱਤਰਕਾਰੀ ਕਰਦਾ ਰਿਹਾ ਤਾਂ ਅਗਲੇ ਮਹੀਨਿਆਂ ਵਿੱਚ ਭਾਰਤੀ ਇੰਟੈਲੀਜੈਂਸ ਉਨ੍ਹਾਂ ਦੇ ਸਾਰੇ ਇਸ਼ਤਿਹਾਰ ਬੰਦ ਕਰਵਾ ਦੇਵੇਗੀ। ਅਤੇ ੬ ਕੁ ਮਹੀਨੇ ਵਿੱਚ ਚੈਨਲ ਦਾ ਆਰਥਿਕ ਦਿਵਾਲਾ ਕੱਢ ਦੇਵੇਗੀ।

ਇਹ ਹੈ ਅਸਲੀ ਭਾਰਤੀ ਜਮਹੂਰੀਅਤ ਜਿੱਥੇ ਤੁਸੀਂ ਸਿਰਫ ਰੋ ਸਕਦੇ ਹੋ ਪਰ ਆਪਣੇ ਨਾਲ ਹੋਈ ਬੇਇਨਸਾਫੀ ਲਈ ਅਵਾਜ਼ ਨਹੀ ਉਠਾ ਸਕਦੇ।

ਇਹ ਨੇਤਾ ਜਨ, ਇਹ ਬਹੁਤ ਪੜ੍ਹੇ ਲਿਖੇ ਅਫਸਰ, ਇਹ ਪੱਤਰਕਾਰ, ਐਡੀਟਰ, ਸੁਪਰੀਮ ਕੋਰਟ ਤੱਕ ਦੇ ਜੱਜ ਸਭ ਉਸ ਸਿਸਟਮ ਦਾ ਹਿੱਸਾ ਹਨ ਜੋ ਘੱਟ-ਗਿਣਤੀਆਂ ਦੇ ਕਤਲੇਆਮ ਲਈ ਸਰਗਰਮ ਹੈ। ਇਹੋ ਹੀ ਭਾਰਤੀ ਜਮਹੂਰੀਅਤ ਹੈ।