ਅੱਜ ਦੇ ਮੌਜੂਦਾ ਪੰਜਾਬ ਵਿੱਚ ਦੋ ਅਹਿਮ ਮੁੱਦੇ ਮੁੱਖ ਵਿਸ਼ਾ ਹਨ। ਇੱਕ ਪਾਣੀਆਂ ਦੀ ਵੰਡ ਨੂੰ ਲੈ ਕੇ ਭਾਰਤ ਦੀ ਉੱਚ ਅਦਾਲਤ ਵੱਲੋਂ ਪੰਜਾਬ ਦੇ ਉਲਟ ਫੈਸਲਾ ਆਉਣ ਕਰਕੇ ਦੁਬਿਦਾ ਦਾ ਕਾਰਨ ਬਣਿਆ ਹੋਇਆ ਹੈ ਅਤੇ ਦੂਸਰਾ ਇਸ ਤੋਂ ਪਹਿਲਾਂ ਕੁਝ ਆਪੇ ਬਣੀਆਂ ਪੰਥਕ ਜੱਥੇਬੰਦੀਆਂ ਤੇ ਜੱਥੇਦਾਰ ਸਰਬੱਤ ਖਾਲਸਾ ਦਾ ਆਯੋਜਨ ਕਰਨ ਦੀ ਮੁੰਹਿਮ ਰੱਖੀ ਬੈਠੇ ਸੀ ਜੋ ਕਿ ਇੱਕ ਝਟਕੇ ਸਰਕਾਰੀ ਦਬਾਅ ਹੇਠ ਭੱਜ ਗਏ ਤੇ ਇਸ ਮਾਣਮੱਤੇ ਸਰਬੱਤ ਖਾਲਸਾ ਦੇ ਮਾਣ ਤੇ ਸਨਮਾਨ ਨੂੰ ਇੱਕ ਤਰਾਂ ਨਾਲ ਪੂਰੀ ਤਰਾਂ ਠੇਸ ਪਹੁੰਚਾਈ ਗਈ ਜੋ ਕਦੇ ਸਿੱਖ ਸਿਧਾਂਤਾਂ ਤੇ ਸਿੱਖਾਂ ਦੀ ਰਣਨੀਤੀ ਦਾ ਯੋਗ ਅਗਵਾਈ ਕੇਂਦਰ ਸੀ, ਉਹ ਸਰਬੱਤ ਖਾਲਸਾ ਬਹੁਤ ਹੀ ਛੋਟਾ ਹੋ ਗਿਆ।

ਜਿਥੋਂ ਤੱਕ ਪਾਣੀਆਂ ਦਾ ਸਵਾਲ ਹੈ ਉਸ ਵਿੱਚ ਕਾਂਗਰਸ ਤੇ ਮੌਜੂਦਾ ਸਰਕਾਰ ਬਰਾਬਰ ਦੇ ਭਾਈਭਾਲ ਹਨ ਕਿਸੇ ਨੇ ਨਹਿਰਾਂ ਨੂੰ ਟੱਕ ਲਵਾਇਆ ਤੇ ਕਿਸੇ ਨੇ ਪੈਸੇ ਲੈ ਕੇ ਜ਼ਮੀਨ ਹਰਿਅਣੇ ਤੋਂ ਖਰੀਦੀ ਸੀ। ਭਾਵੇਂ ਪਿਛਲੇ ਦਿਨਾਂ ਵਿੱਚ ਇਹ ਜ਼ਮੀਨ ਦੁਬਾਰਾ ਕਾਸ਼ਤਕਾਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਜਿਸ ਬਾਰੇ ਪਹਿਲਾਂ ਵੀ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆਂ ਨੇ ਰੋਕ ਲਗਾਈ ਸੀ। ਇਹ ਸਾਬਤ ਕਰਦਾ ਹੈ ਕਿ ਇਸ ਪੰਜਾਬ ਸਰਕਾਰ ਦਾ ਕਿੰਨਾ ਕੁ ਗੰਭੀਰ ਇਸ ਮਸਲੇ ਪ੍ਰਤੀ ਸੋਚ ਜਾਂ ਝੁਕਾਅ ਹੈ। ਅੱਜ ਵਰਲਡ ਬੈਂਕ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਜੇ ਕੋਈ ਵੀ ਵਿਵਾਦ ਹੋਵੇਗਾ ਉਹ ਪਾਣੀਆਂ ਬਾਰੇ ਹੋਵੇਗਾ ਜਿਸਨੂੰ ਅਸੀਂ ਅੱਜ ਸਧਾਰਨ ਜਿਹਾ ਸੋਮਾ ਸਮਝੀ ਬੈਠੇ ਹਾਂ। ਇੰਨਾ ਗੰਭੀਰ ਮਸਲਿਆਂ ਬਾਰੇ ਪੰਜਾਬ ਸਰਕਾਰ ਨੂੰ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਨਿਰੀਖਣ ਕਰਨਾ ਚਾਹੀਦਾ ਸੀ ਕਿ ਕਿਥੇ ਕਿੰਨੇ ਪਾਣੀ ਦੀ ਜਰੂਰਤ ਹੈ ਤੇ ਕਿੰਨੇ ਡੂੰਘੇ ਟਿਊਬਵੈਲ ਹਨ।

ਹੁਣ ਦੂਜੇ ਪਾਸੇ ਸਰਬੱਤ ਖਾਲਸਾ ਦੀ ਗੱਲ ਕਰੀਏ ਤਾਂ ਜਿਸਦੀ ਮੁੱਖ ਸ੍ਰ:ਸਿਮਰਨਜੀਤ ਸਿੰਘ ਮਾਨ ਨਿਭਾਅ ਰਿਹਾ ਹੈ। ਜਿਸਨੇ ਪਹਿਲਾਂ ਵੀ ਪਿੰਡ ਚੱਬੇ ਵਿੱਚ ਹੋਇਆ ਇੱਕ ਨਿਰੋਲ ਪੰਥਕ ਇੱਕਠ ਜੋ ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਉਠਿਆ ਸੀ ਤੇ ਯੋਗ ਅਗਵਾਈ ਦੀ ਉਮੀਦ ਵਿੱਚ ਸੀ ਤੇ ਗੁਰੂ ਸਾਹਿਬ ਦੀ ਬੇਅਦਬੀ ਲਈ ਇਨਸਾਫ ਚਾਹੁੰਦਾ ਸੀ ਪਰ ਸਟੇਜ ਤੇ ਕਾਬਜ ਮਾਨ ਵਰਗੇ ਬੰਦਿਆਂ ਨੇ ਛੋਟੀ ਸੋਚ ਤੇ ਚੌਧਰ ਨੂੰ ਤਰਜੀਹ ਦਿੰਦਿਆਂ ਹੋਇਆ ਆਪਣੇ ਵੱਲੋਂ ਤਿਆਰ ਕੀਤੇ ਉਹ ਜੱਥੇਦਾਰ ਥਾਪ ਦਿੱਤੇ ਜਿੰਨਾ ਦਾ ਸਿੱਖ ਕੌਮ ਵਿੱਚ ਕੋਈ ਅਧਾਰ ਨਹੀਂ ਭਾਵੇਂ ਕੁਰਬਾਨੀ ਕਿੰਨੀ ਵੀ ਵੱੱਡੀ ਹੋਵੇ। ਉਨਾਂ ਨੇ ਇਸੇ ਗਲਤ ਫਹਿਮੀ ਅਧੀਨ ਹੁਣ ਦੁਬਾਰਾ ਤਲਵੰਡੀ ਸਾਬੋ ਵਿੱਚ ਸਰਬੱਤ ਖਾਲਸਾ ਸੱਦਣਾ ਚਾਹਿਆ ਸੀ ਜਿਸਦਾ ਨਿਰੀਖਣ ਵੀ ਕੀਤਾ ਗਿਆ ਸੀ ਜ਼ਮੀਨ ਲੈਣ ਦਾ ਦਾਅਵਾ ਵੀ ਕੀਤਾ ਸੀ ਪਰ ਪੰਜਾਬ ਸਰਕਾਰ ਦੀ ਇੱਕ ਧਮਕੀ ਨੇ ਇੰਨਾ ਸਾਰੇ ਜੱਥੇਦਾਰਾਂ ਨੂੰ ਖਿਲਾੜ ਕੇ ਰੱਖ ਦਿੱਤਾ ਤੇ ਜਥੇਦਾਰ ਮਾਨ ਨੇ ਇਹ ਦਾਅਵਾ ਕੀਤਾ ਸੀ ਕਿ ਜੇ ਸਰਬੱਤ ਖਾਲਸਾ ਨਾ ਹੋਇਆ ਤਾਂ ਮੈਂ ਆਤਮਦਾਹ ਕਰ ਲਵਾਂਗਾ ਜਾਂ ਪਾਕਿਸਤਾਨ ਚਲਾ ਜਾਵਾਂਗਾ। ਹੁਣ ਮੁਕਦੀ ਗੱਲ ਇਹ ਹੈ ਕਿ ਸਿੱਖਾਂ ਨੂੰ ਇਹੋ ਜਿਹੇ ਝੂਠੀ ਬਿਆਨਬਾਜੀ ਕਰਨ ਵਾਲੇ ਮਾਨ ਵਰਗੇ ਜਥੇਦਾਰਾਂ ਤੋਂ ਨਿਜ਼ਾਤ ਮਿਲਣੀ ਚਾਹੀਦੀ ਹੈ ਤੇ ਸਿੱਖ ਹੋਮਲੈਂਡ ਲਈ ਸਕੌਟਿਸ ਨੈਸ਼ਨਲ ਪਾਰਟੀ ਵੱਲੋਂ ਸੱਕੈਂਟਲੈਂਡ ਵਿੱਚ ਤੇ ਕਿਊਬਿਕ ਨੈਸ਼ਨਲ ਪਾਰਟੀ ਵੱਲੋਂ ਕਿਊਬਿਕ ਵਿੱਚ ਜੋ ਸੋਚ ਅਪਣਾਈ ਗਈ ਅਜਿਹੀ ਹੀ ਨੀਤੀ ਸਿੱਖਾਂ ਨੂੰ ਅਪਨਾਉਣੀ ਚਾਹੀਦੀ ਹੈ ਤਾਂ ਹੀ ਸਿੱਖ ਹੋਮਲੈਂਡ ਬਾਰੇ ਸੋਚਿਆ ਜਾ ਸਕਦਾ ਹੈ।