ਜਥੇਦਾਰ ਹਰਪ੍ਰੀਤ ਸਿੰਘ ਜੋ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਨ, ਨੇ ਜੂਨ 6 ਦੇ ਰਵਾਇਤੀ ਸੰਦੇਸ਼ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਉਹਨਾਂ ਨਾਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਲੋਂਗੋਵਾਲ ਵੀ ਮੋਜੂਦ ਸਨ। ਇਸ ਵਿੱਚ ਉਹਨਾਂ ਨੇ ਪ੍ਰੈਸ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇ ਭਾਰਤ ਸਰਕਾਰ ਸਿੱਖ ਕੌਮ ਨੂੰ ਖਾਲਿਸਤਾਨ ਦੇ ਦਿੰਦੀ ਹੈ ਤਾਂ ਅਸੀਂ ਲੈ ਲਵਾਂਗੇ। ਇਸਦਾ ਸਮਰਥਨ ਭਾਈ ਲੋਂਗੋਵਾਲ ਨੇ ਵੀ ਕੀਤਾ ਜੋ ਉੱਥੇ ਮੌਜੂਦ ਸਨ। ਇਸ ਬਿਆਨ ਨਾਲ ਸਿੱਖ ਹਲਕਿਆਂ ਵਿੱਚ ਚਰਚਾ ਜਰੂਰ ਛਿੜੀ ਹੈ। ਇਸ ਤਰਾਂ ਦੀ ਸੋਚ ਬਾਰੇ ਡਾਕਟਰ ਅੰਬੇਦਕਰ ਦੀ ਇੱਕ ਟਿੱਪਣੀ ਹੈ ਕਿ ਬਿਆਨ ਦਾ ਵਜ਼ਨ ਉਥੋਂ ਲਗਾਣਿਆ ਜਾ ਸਕਦਾ ਹੈ ਕਿ ਬਿਆਨ ਦੇ ਪ੍ਰਤੀਕਰਮ ਵਿੱਚ ਵਿਰੋਧੀ ਧਿਰਾਂ ਕਿੰਨੀ ਉੱਚੀ ਸੁਰ ਵਿੱਚ ਬੋਲਦੀਆਂ ਹਨ ਜਾਂ ਆਪਣਾ ਪ੍ਰਤੀਕਰਮ ਜ਼ਾਹਰ ਕਰਦੀਆਂ ਹਨ। ਜਿਵੇਂ ਕਿ ਕਾਂਗਰਸ ਪਾਰਟੀ ਤੇ ਖਾਸ ਕਰਕੇ ਭਾਜਪਾ ਦਾ ਕੀ ਪ੍ਰਤੀਕਰਮ ਹੈ। ਕਾਂਗਰਸ ਨੇ ਤਾਂ ਇਸ ਨੂੰ ਰਵਾਇਤੀ ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿ ਤੇ ਦਿੱਤਾ ਹੋਇਆ ਬਿਆਨ ਕਰਾਰ ਦਿੱਤਾ ਤੇ ਭਾਜਪਾ ਨੇ ਕਾਫੀ ਹੱਦ ਤੱਕ ਆਪਣਾ ਪ੍ਰਤੀਕਰਮ ਮੱਧਮ ਹੀ ਰੱਖਿਆ ਹੈ। ਵਿਦਵਾਨ ਕਹਿੰਦੇ ਹਨ ਕਿ ਅੰਨਾ ਉਹ ਨਹੀਂ ਹੈ ਜਿਸ ਨੂੰ ਅੱਖਾਂ ਤੋਂ ਦਿਸਦਾ ਨਹੀਂ ਬਲਕਿ ਅੰਨਾ ਉਹ ਹੈ ਜੋ ਸੁਜਾਖਾ ਹੋ ਕਿ ਵੀ ਦੁਨੀਆਂ ਅਤੇ ਰਾਜਨੀਤੀ ਦੇ ਗਿਆਨ ਤੋਂ ਵਿਹੂਣਾ ਹੈ। ਇਸ ਤਰਕ ਅਨੁਸਾਰ ਜੋ ਜਥੇਦਾਰ ਹਰਪ੍ਰੀਤ ਸਿੰਘ ਨੇ ਜੋ ਚਾਣਚੱਕ ਕਿਹਾ ਹੈ ਉਹ ਪਹਿਲਾਂ ਤਾਂ ਉਹਨਾਂ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਸੰਦੇਸ਼ ਵਿੱਚੋਂ ਮਨਫ਼ੀ ਸੀ। ਦੂਜਾ ਸਦਾ ਵਾਂਗ ਸਿੱਖ ਕੌਮ ਵਿੱਚ ਉੱਠਦੇ ਇਸ ਸਵਾਲ ਜੋ ਕਿ ਇੱਕ ‘ਸੋਚ’ ਸਮਝਿਆ ਜਾਂਦਾ ਹੈ, ਬਾਰੇ ਕੋਈ ਵੀ ਦਿਸ਼ਾ ਨਿਰਦੇਸ਼ ਅਤੇ ਇਸ ਸੰਕਲਪ ਦੀ ਕਿਸੇ ਤਰਾਂ ਦੀ ਵੀ ਰੂਪ ਰੇਖਾ ਅੱਜ ਦੇ ਸੰਦਰਭ ਵਿੱਚ ਸਪਸ਼ਟ ਨਹੀਂ ਕੀਤੀ ਜਾ ਸਕੀ ਹੈ। ਇਹ ਜੱਥੇਦਾਰ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਬਿਆਨ ਦਾ ਵੀ ਇਹ ਅਰਥ ਜਾਣਿਆ ਜਾ ਸਕਦਾ ਹੈ ਕਿ ਇਹ ਵੀ ਛੇ ਜੂਨ ਦੇ ਸਮੇਂ ਨੂੰ ਦੇਖਦਿਆਂ ਹੋਇਆਂ ਸੁਹਜ ਵਾਲਾ ਬਿਆਨ ਸੀ ਅਤੇ ਕਾਫੀ ਹੱਦ ਤੱਕ ਇੱਕ ਪ੍ਰਦਰਸ਼ਨਿਕ ਵਿਚਾਰ ਸੀ। ਜਿਸ ਬਾਰੇ ਉਸ ਪ੍ਰੈਸ ਕਾਨਫਰੰਸ ਤੋਂ ਬਾਅਦ ਜੱਥੇਦਾਰ ਹਰਪ੍ਰੀਤ ਸਿੰਘ ਤੇ ਭਾਈ ਲੋਂਗੋਵਾਲ ਹਮੇਸ਼ਾ ਦੀ ਤਰਾਂ ਚੁੱਪੀ ਧਾਰ ਗਏ। ਪਹਿਲੀ ਗੱਲ ਤੋਂ ਤਾਂ ਕੋਈ ਸਰਕਾਰ ਵੀ ਚੈਕਸਲੋਵਾਕੀਆ ਵਰਗੀ ਨਹੀਂ ਹੈ ਜਿਸਨੇ ਰੂਸ ਦੇ ਡਿੱਗਨ ਤੋਂ ਬਾਅਦ ਜੋ ਤਬਦੀਲੀ ਆਈ ਉਸਦੇ ਮੱਦੇਨਜ਼ਰ ਆਪਣੇ ਆਪ ਨੂੰ ਭਾਈਬੰਦੀ ਨਾਲ ਦੋ ਦੇਸ਼ਾਂ ਵਿੱਚ ਵੰਡ ਲਿਆ। ਪਰ ਭਾਰਤ ਸਰਕਾਰ ਨੇ ਭਾਜਪਾ ਦੇ ਰਾਜ ਅੰਦਰ ਜੋ ਰਵਈਆ ਅਪਣਾਇਆ ਹੈ ਉਸ ਮੁਤਾਬਕ ਇਹ ਵਿਚਾਰ ਵਟਾਂਦਰਾਂ ਅੱਡ ਹੋਣਾ ਤਾਂ ਦੂਰ ਦੀ ਗੱਲ ਹੈ ਉਹਨਾਂ ਅਜਾਦੀ ਸਰਪ੍ਰਸਤ ਕਸ਼ਮੀਰ ਵਿੱਚ ਜੋਂ 370 ਦੀ ਧਾਰਾ ਸੀ ਉਹ ਵੀ ਕਸ਼ਮੀਰੀ ਭਾਵਨਾਵਾਂ ਦੇ ਉਲਟ ਜਾ ਕੇ ਭੰਨ ਦਿੱਤੀ ਹੈ ਅਤੇ ਕਸਮੀਰ ਸੂਬੇ ਦਾ ਰਾਜ ਭਾਗ ਖੋਹ ਕੇ ਉਸ ਨੂੰ ਛੋਟੀਆਂ ਛੋਟੀਆਂ ਕੇਂਦਰੀ ਰਿਆਸਤਾਂ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਕਸ਼ਮੀਰੀਆਂ ਨੂੰ ਪਿਛਲੇ ਸਾਲ ਤੋਂ ਹੀ ਇੱਕ ਤਰਾਂ ਕੈਦੀਆਂ ਵਾਂਗ ਜਿੰਦਗੀ ਬਤੀਤ ਕਰਨ ਲਈ ਮਜਬੂਰ ਕਰ ਦਿੱਤਾ ਹੈ। ਭਾਜਪਾ ਉਹ ਸਰਕਾਰ ਹੈ ਜੋ ਕਿ ਹੌਲੀ ਹੌਲੀ ਸੂਬਿਆਂ ਤੋਂ ਥੋੜੀ ਬਹੁਤੀ ਮਿਲੀ ਖੁਦਮੁਖਤਿਆਰੀ ਨੂੰ ਵੀ ਖੋਹ ਰਹੀ ਹੈ ਤੇ ਕੇਂਦਰੀਕਰਨ ਵਿੱਚ ਤਬਦੀਲ ਕਰ ਰਹੀ ਹੈ। ਇਸ ਤੋਂ ਸਹਿਜੇ ਹੀ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਸਰਕਾਰ ਕਿੰਨਾ ਕੁ ਪਲੋਸ ਕੇ ਤੁਹਾਨੂੰ ਰਾਜ-ਭਾਗ ਅਰਪਣ ਕਰ ਸਕਦੀ ਹੈ। ਭਾਵੇਂ ਸ਼੍ਰੋਮਣੀ ਅਕਾਲੀ ਦਲ ਜੋ ਕਦੇ ਕਾਜਾਂ ਦੀ ਖੁਦਮੁਖਤਿਆਰੀ ਤੇ ਅੰਮ੍ਰਿਤਸਰ ਐਲਾਨਨਾਮੇ ਦਾ ਮੁਦਈ ਸੀ ਉਸਨੇ ਅੱਜ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸਿੱਖਾਂ ਦੇ ਭਵਿੱਖ ਨੂੰ ਭਾਜਪਾ ਦੀ ਝੋਲੀ ਵਿੱਚ ਪਾ ਦਿੱਤਾ ਹੈ ਤਾਂ ਹੀ ਤਾਂ ਜੱਥੇਦਾਰ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਪਰਦਰਸ਼ਨਿਕ ਬਿਆਨ ਬਾਰੇ ਕੋਈ ਟਿੱਪਣੀ ਜਾਂ ਵਿਚਾਰ ਜ਼ਾਹਰ ਨਹੀਂ ਕੀਤਾ ਹੈ। ਅੱਜ ਸਿੱਖ ਕੌਮ ਦੇ ਮਨਾਂ ਵਿੱਚ ਡਰ ਹੈ ਜੋ ਉਨਾਂ ਦੀ ਹੱਦ ਬੰਨ ਰਿਹਾ ਹੈ ਭਾਵੇਂ ਖਾਹਿਸ਼ ਰੱਖਦੇ ਹਨ ਕਿ ਸਿੱਖ ਕੌਮ ਲਈ ਬਾਬਾ ਬੰਦਾ ਸਿੰਘ ਬਹਾਦਰ ਤੋਂ ਉਸਤੋਂ ਬਾਅਦ ਮਾਹਾਰਾਜਾ ਰਣਜੀਤ ਸਿੰਘ ਵਰਗਾ ਸਿੱਖ ਰਾਜ ਹੋਵੇ ਪਰ ਡਰ ਦੀ ਹੱਦ ਜੋ 1947 ਦੇ ਬਟਵਾਰੇ ਦੀ ਦਿਲਾਂ ਤੇ ਛਾਈ ਹੋਈ ਹੈ। ਉਸ ਵਕਤ ਉਸ ਸਮੇਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਿੱਖ ਲੀਡਰਸ਼ਿਪ ਨੇ ਸਿੱਖ ਖਾਹਿਸ਼ਾਂ ਨੂੰ ਪਰੇ ਛੱਡ ਕੇ ਹਿੰਦੂ ਭਾਰਤ ਦੀ ਝੋਲੀ ਵਿੱਚ ਸਿੱਖ ਕੌਮ ਨੂੰ ਪਾ ਦਿਤਾ ਸੀ ਤੇ ਉਸ ਤੋਂ ਬਾਅਦ 1984 ਦੇ ਸਾਕੇ ਦੇ ਡਰ ਨੇ ਸਿੱਖਾਂ ਨੂੰ ਅਜਿਹਾ ਬੰਨਿਆ ਜਿਸਦਾ ਫਾਇਦਾ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੱਕੇ ਰੂਪ ਵਿੱਚ ਸਿੱਖ ਕੌਮ ਦੀ ਬੇੜੀ ਭਾਜਪਾ ਦੀ ਝੋਲੀ ਪਾ ਦਿੱਤੀ। ਹੁਣ ਡਰ ਦਾ ਇਹ ਆਲਮ ਹੈ ਕਿ ਹੁਣ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਹਵਾ ਦੇ ਬੁੱਲੇ ਜਿਹਾ ਸੰਕੇਤ ਇਸ ਸਹਿਮ ਵਿਚੋਂ ਕੱਢਣ ਤੋਂ ਅਸਮਰਥ ਜਾਪਦਾ ਹੈ।