ਸੱਭਿਆਚਾਰਕ ਕੇਂਦਰ ਲਾਹੌਰ ਜੋ ਕਿ ਅਜਾਦੀ ਤੋਂ ਪਹਿਲਾਂ ਸਿੱਖ ਰਾਜ ਅਤੇ ਉਸਦੀ ਸ਼ਾਨ ਦਾ ਮੁੱਖ ਕੇਂਦਰ ਸੀ ਉਸਦੇ ਹੁਣ ਵਾਲੇ ਪੰਜਾਬ ਤੋਂ ਅਲੱਗ ਹੋਣ ਤੋਂ ਬਾਅਦ ਪੰਜਾਬ ਕਦੀ ਆਪਣਾ ਲਾਹੌਰ ਵਰਗਾ ਸਭਿਆਚਾਰ ਅਤੇ ਰਾਜਨੀਤਿਕ ਕੇਂਦਰ ਤਾਂ ਸਥਾਪਤ ਨਹੀਂ ਕਰ ਸਕਿਆ ਸਗੋਂ ਉਸਦੀ ਭਾਲ ਵਿੱਚ ਅਜਿਹੇ ਆਪਣੇ ਰਹਿਬਰ ਅਤੇ ਰਾਜਨੀਤਿਕ ਆਗੂਆਂ ਦੀ ਸਰਪ੍ਰਸਤੀ ਹੇਠ ਆਪਣੇ ਮੁੱਖ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ੩੯ ਹੋਰ ਇਤਹਾਸਿਕ ਧਾਰਮਿਕ ਅਸਥਾਨ ਜੂਨ ਚੁਰਾਸੀ ਦੀ ਅੱਗ ਵਿੱਚ ਝੁਲਸੇ ਜਾ ਚੁੱਕੇ ਹਨ। ਇਹ ਰਹਿਬਰ ਅਤੇ ਰਾਜਨੀਤਿਕ ਆਗੂ ਸਿੱਖ ਕੌਮ ਨੂੰ ਅਜਿਹੇ ਟੱਕਰੇ ਜਿਨਾਂ ਬਾਰੇ ਇੱਕ ਮਸ਼ਹੂਰ ਮੁਸਲਮਾਨ ਕਵੀ ਬਾਖੂਬੀ ਬਿਆਨ ਕਰਦਾ ਹੈ –

ਜਿਸਕੋ ਖਬਰ ਥੀ ਮੰਜ਼ਲ-ਏ-ਜ਼ਾਨਾ,
ਉਸ ਸੇ ਪਤਾ ਪੂਛਾ ਵੋਹ ਬੇ-ਖਬਰ ਮਿਲਾ॥

ਇਹਨਾਂ ਰਹਿਬਰਾਂ ਦੇ ਬਾਰੇ ਭਾਰਤ ਦਾ ਮਸ਼ਹੂਰ ਕਵੀ ਗਾਲਿਬ ਜੋ ਆਪ ਵੀ ਹਮੇਸ਼ਾਂ ਲੋਕਾਂ ਦੇ ਭਲੇ ਲਈ ਅਤੇ ਇਨਸਾਨੀਅਤ ਦੇ ਅਮਨ ਲਈ ਬਾਗੀ ਰੁਖ ਅਖਤਿਆਰ ਤਾਅ ਉਮਰ ਰੱਖਿਆ। ਉਹ ਲਿਖਦਾ ਹੈ ਇਹਨਾਂ ਸਿੱਖ ਕੌਮ ਦੇ ਰਹਿਬਰਾਂ ਬਾਰੇ –

ਕਾਰਵਾਂ ਕੇ ਲੁਟ ਜਾਨੇ ਕਾ ਗਮ ਨਹੀਂ,
ਫਰਕ ਤੋਂ ਹੈ ਕਿ ਆਪ ਰਹਿਬਰ ਕਿਸ ਬਾਤ ਕੇ ਹੈ॥

ਸਿੱਖ ਕੌਮ ਇੱਕ ਅਜਿਹੀ ਫਿਤਰਤ ਰੱਖਦੀ ਹੈ ਜਿਸਦਾ ਇਤਿਹਾਸ ਕੁਰਬਾਨੀਆਂ, ਸ਼ਹਾਦਤਾਂ ਅਤੇ ਹਮੇਸ਼ਾ ਇਨਸਾਨੀਅਤ ਦੀਆਂ ਕਦਰਾਂ-ਕੀਮਤਾਂ ਲਈ ਸਮਾਜ ਲਈ ਮੋਹਰੀ ਰੋਲ ਅਦਾ ਕੀਤਾ ਹੈ। ਕਦੇ-ਕਦੇ ਇਹ ਵੇਲਾ ਵੀ ਸੀ ਕਿ ਪੰਥ ਦੇ ਰਹਿਬਰ ਨੇ ਆਪਣਾ ਸਰਬੰਸ਼ ਵਾਰ ਦਿੱਤਾ ਤਾਂ ਜੋ ਸਮਾਜ ਅਤੇ ਸਿੱਖ ਕੌਮ ਆਪਣੀ ਜਿੰਦਗੀ ਮਾਣ ਅਤੇ ਫਖਰ ਨਾਲ ਜਿਉਂ ਸਕੇ। ਅੱਜ ਸਿੱਖ ਕੌਮ ਦੇ ਮੁੱਖ ਧਾਰਮਿਕ ਅਸਥਾਨ ਅਤੇ ਉਸਦੀਆਂ ਰਾਜਨੀਤਿਕ ਭਾਵਨਾਵਾਂ ਨੂੰ ਬਿਖਰਿਆਂ ਤੀਹ ਸਾਲ ਹੋਣ ਵਾਲੇ ਹਨ ਅਤੇ ਅੱਜ ਸਿੱਖ ਕੌਮ ਅਜਿਹੇ ਮੋੜ ਤੇ ਖੜੀ ਹੈ ਜਿਸਨੂੰ ਮੰਜ਼ਿਲ ਵੀ ਧੁੰਦਲੀ ਦਿਖਾਈ ਦਿੰਦੀ ਹੈ ਅਤੇ ਉਸ ਤੱਕ ਅੱਪੜਨ ਵਾਲੇ ਰਾਹ ਵੀ ਲੱਭਣੇ ਔਖੇ ਹਨ। ਕਿਉਂਕਿ ਅੱਜ ਦਾ ਪੰਜਾਬ ਅਜਿਹੇ ਰਾਹਾਂ ਵਿੱਚ ਵੰਡਿਆ ਗਿਆ ਹੈ ਤੇ ਅਜਿਹੇ ਦਬਾਅ ਵਿੱਚ ਹੈ ਕਿ ਇਸਦੀਆਂ ਪੀੜ੍ਹਾਂ ਅਤੇ ਰਾਜਨੀਤਿਕ, ਧਾਰਮਿਕ ਅਹਿਸਾਸ ਸਿੱਖ ਕੌਮ ਨਾਲ ਹੀ ਜੋੜ ਕਿ ਦੇਖਿਆ ਜਾ ਰਿਹਾ ਹੈ। ਤਾਂ ਹੀ ਤਾਂ ਇਹਨਾਂ ਪਿਛਲੇ ਤੀਹ ਸਾਲਾਂ ਦੀ ਪੀੜ ਅਤੇ ਉਸਦੀ ਚੀਸ ਅੱਜ ਵੀ ਸੰਘਰਸ਼ ਨਾਲ ਸਬੰਧਤ ਪਰਿਵਾਰਾਂ ਅਤੇ ਸਿੱਖ ਕੌਮ ਪ੍ਰਤੀ ਸੰਵੇਦਨਾ ਰੱਖਣ ਵਾਲੇ ਹੀ ਹੰਢਾ ਰਹੇ ਹਨ। ਤੀਹ ਸਾਲਾਂ ਬਾਅਦ ਵੀ ਸਿੱਖਾਂ ਵਿੱਚ ਰਾਜਨੀਤਿਕ ਅਤੇ ਧਾਰਮਿਕ ਰਹਿਬਰ ਉਹ ਹਨ ਜਿਨਾਂ ਨੇ ਕੋਈ ਪੀੜ ਜਾਂ ਦੁੱਖ ਹੰਢਾਇਆ ਹੀ ਨਹੀਂ ਹੈ ਸਗੋਂ ਤੀਹ ਸਾਲਾਂ ਦੇ ਰਾਹ ਵਿੱਚ ਆਪਣੀ ਰਾਜਸੱਤਾ ਅਤੇ ਧਾਰਮਿਕ ਮਹੱਤਤਾ ਨੂੰ ਬਰਕਰਾਰ ਰੱਖਣ ਲਈ ਇਸ ਪੀੜ ਅਤੇ ਚੀਸ ਨੂੰ ਸਟੇਜਾਂ ਅਤੇ ਦੀਵਾਨਾਂ ਵਿੱਚ ਬਿਆਨ ਕਰਕੇ ਆਪਣੀ ਹਾਜ਼ਰੀ ਲਵਾਈ ਹੈ ਅਤੇ ਨਿੱਜ ਦੀ ਸਰਦਾਰੀ ਬਰਕਰਾਰ ਰੱਖੀ ਹੈ। ਅਤੇ ਸਿੱਖ ਕੌਮ ਨੂੰ ਹੀ ਸਮਝਾਉਣਾ ਚਾਹਿਆ ਹੈ ਜਿਸ ਬਾਰੇ ਇੱਕ ਕਵੀ ਜੋ ਕਿ ਉਰਦੂ ਜੁਬਾਨ ਨਾਲ ਸਬੰਧ ਰੱਖਦਾ ਹੈ, ਦੇ ਕਹਿਣ ਅਨੁਸਾਰ –

ਯੌਕ ਇਸ ਬਹਿਰੇ ਫਨਾਅ
ਕਿਸ਼ਤੀਏ ਉਮਰੇ ਰਵਾਂਅ
ਜਿਸ ਜਗ੍ਹਾ ਪੇ ਜਾ ਲਗੀ
ਵੋਹੀ ਕਿਨਾਰਾ ਹੋ ਗਿਆ॥

ਲਹੌਰ ਦੀ ਮਹੱਤਤਾ ਅਤੇ ਉਸਦੀ ਭਾਲ ਵਿੱਚ ਪੰਜਾਬ ਅਤੇ ਖਾਸ ਕਰਕੇ ਸਿੱਖ ਕੌਮ ਅਜਿਹੇ ਰਾਹਾਂ ਚੌਂ ਲੰਘੀ ਕਿ ੧੯੪੭ ਤੋਂ ਆਪਣੇ ਰਹਿਬਰਾਂ ਦੇ ਮਗਰ ਲੱਗ ਅਤੇ ਉਹਨਾਂ ਵੱਲੋਂ ਲਾਏ ਵੱਡੇ ਵੱਡੇ ਲਾਰੇ ਅਤੇ ਬਿਆਨ ਜਿਸ ਅਧੀਨ ਕਦੇ ਭਾਰਤੀ ਸਵਿਧਾਨ ਨੂੰ ਮੰਨਣ ਤੋਂ ਇਨਕਾਰੀ ਹੋਏ ਕਦੇ ਉਸਨੂੰ ਜਨਤਕ ਤੌਰ ਤੇ ਪਾੜਿਆ ਅਤੇ ਸਾੜਿਆ ਗਿਆ। ਪੰਜਾਬੀ ਜ਼ੁਬਾਨ ਨੂੰ ਮੁੱਖ ਰੱਖ ਕਿ ਭਾਰਤ ਦੇ ਦੂਜੇ ਸੂਬਿਆਂ ਵਾਂਗ ਆਪਣੇ ਲਈ ਪੰਜਾਬੀ ਸੂਬਾ ਵੀ ਮੰਗਣਾ ਪਿਆ ਜਦ ਕਿ ਦੂਜੇ ਸੂਬਿਆਂ ਵਿੱਚ ਜ਼ੁਬਾਨ ਦੇ ਆਧਾਰ ਤੇ ਵਗੈਰ ਕਿਸੇ ਰੌਲੇ ਰੱਪੇ ਤੋਂ ਸੂਬਿਆਂ ਨੂੰ ਮਾਨਤਾ ਦਿੱਤੀ ਗਈ ਅਤੇ ਉਹਨਾਂ ਦੀ ਰਾਜਨੀਤਿਕ ਪ੍ਰਣਾਲੀ ਨੂੰ ਚੱਲਦਿਆਂ ਰੱਖਣ ਲਈ ਰਾਜਧਾਨੀ ਦਿੱਤੀ ਅਤੇ ਬਕਾਇਦਾ ਉੱਚ ਅਦਾਲਤ ਦਿੱਤੀ ਗਈ। ਜਦਕਿ ਸਿੱਖ ਕੌਮ ਦੇ ਰਹਿਬਰਾਂ ਦਾ ਭਾਰਤ ਵਿੱਚ ਅਜਿਹਾ ਵਕਾਰ ਸਾਹਮਣੇ ਆਇਆ ਕਿ ਨਾਂ ਤਾਂ ਉਹ ਅੱਜ ਤੱਕ ਪੰਜਾਬੀ ਸੂਬੇ ਨੂੰ ਪੂਰਾ ਕਰ ਸਕੇ ਅਤੇ ਨਾ ਹੀ ਉਸਦੀ ਰਾਜਨੀਤਿਕ ਰਾਜਧਾਨੀ ਅਤੇ ਉੱਚ ਅਦਾਲਤ ਹਾਸਲ ਕਰ ਸਕੇ। ਹਾਂ ਇਹ ਜਰੂਰ ਹੈ ਕਿ ਇਸ ਸਿੱਖ ਕੌਮ ਦੇ ਰਹਿਬਰਾਂ ਨੇ ਪਿਛਲੇ ਤੀਹ ਵਰਿਆਂ ਵਿੱਚ ਆਪਣਾ ਮੁੱਖ ਧਾਰਮਿਕ ਅਸਥਾਨ ਢਹਿ-ਢੇਰੀ ਕਰਵਾਇਆ ਤੇ ਸਿੱਖ ਕੌਮ ਦਾ ਵੀਹਵੀਂ ਸਦੀ ਦਾ ਮਹਾਨ ਨਾਇਕ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਸਿੱਖ ਕੌਮ ਤੋਂ ਵਿਛੋੜ ਲਿਆ। ਜਿਸ ਮਹਾਨ ਨਾਇਕ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਹੀ ਵਾਰ-ਵਾਰ ਢਹਿ ਰਹੀ ਸਿੱਖ ਕੌਮ ਤੇ ਪੰਜਾਬ ਨੂੰ ਪੁਰਾਣੀਆਂ ਸਿੱਖ ਰਵਾਇਤਾਂ ਅਨੁਸਾਰ ਉਸਾਰਨਾ ਅਰੰਭ ਕੀਤਾ ਸੀ। ਅੱਜ ਤੀਹ ਸਾਲਾਂ ਦੇ ਬਾਅਦ ਜੇ ਪੰਜਾਬ ਵਿੱਚ ਆਲੇ-ਦੁਆਲੇ ਝਾਤ ਮਾਰੀਏ ਤਾਂ ਪੈਰ ਪੈਰ ਤੇ ਸੰਤ ਅਤੇ ਕਿਸੇ ਸਾਧ ਦਾ ਅਸਥਾਨ ਨਜ਼ਰ ਆਉਂਦਾ ਹੈ ਅਤੇ ਇਹਨਾਂ ਮਗਰ ਸਿੱਖ ਕੌਮ ਦਾ ਬਹੁਤ ਵੱਡਾ ਝੁਕਾਅ ਹੈ। ਕਿਉਂਕਿ ਲੱਭਣਾ ਤਾਂ ਆਪਣਾ ਲਾਹੌਰ ਸੀ ਪਰ ਅੱਜ ਦੇ ਰਹਿਬਰਾਂ ਮਗਰ ਲੱਗ ਕੇ ਅੱਜ ਸਿੱਖ ਕੌਮ ਦੇ ਅਹਿਮ ਸਮਾਗਮਾਂ ਵਿੱਚ ਇਥੋਂ ਤੱਕ ਕੇ ਦਰਬਾਰ ਸਾਹਿਬ ਦੇ ਢਹਿ ਢੇਰੀ ਹੋਣ ਦੀ ਯਾਦ ਵਾਲੇ ਸਮਾਗਮਾਂ ਵਿੱਚ ਉਹਨਾਂ ਸ਼ਖਸੀਅਤਾਂ, ਸਾਧਾਂ ਅਤੇ ਅੱਜ ਦੇ ਸੰਤਾਂ ਨੂੰ ਮਾਨਯੋਗ ਅਸਥਾਨ ਦਿੱਤਾ ਜਾਂਦਾ ਹੈ ਜਿਨਾਂ ਨੇ ਸਿੱਖ ਕੌਮ ਦੀ ਅਹਿਮ ਘਟਨਾ ਜੂਨ ੧੯੮੪ ਦੇ ਦੁਖਾਤ ਵੇਲੇ ਭਾਰਤੀ ਹਕੂਮਤ ਦਾ ਖੁੱਲ ਕੇ ਸਮਰਥਨ ਕੀਤਾ ਸੀ। ਕੁਝ ਦਿਨ ਪਹਿਲੇ ਦੀ ਗੱਲ ਹੈ ਕਿ ਸਿੱਖ ਕੌਮ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ, ਬਾਬਾ ਸੰਤਾ ਸਿੰਘ ਨਿਹੰਗ-ਸੰਪਰਦਾ ਦਾ ਮੁੱਖੀ ਦੀ ਛੇਵੇਂ ਬਰਸੀ ਸਮਾਗਮ ਵਿੱਚ ਬੜੇ ਮਾਣ ਨਾਲ ਸ਼ਾਮਿਲ ਹੋਏ। ਬਾਬਾ ਸੰਤਾ ਸਿੰਘ ਉਹ ਸ਼ਖਸ਼ੀਅਤ ਹੈ ਜਿਸਨੇ ਤਾਅ-ਉਮਰ ਭਾਰਤੀ ਹੁਕਮਰਾਨਾਂ ਪ੍ਰਤੀ ਵਫਾਦਾਰੀ ਨਿਭਾਈ ਅਤੇ ਜੂਨ ਚੁਰਾਸੀ ਤੋਂ ਬਾਅਦ ਢਹਿ-ਢੇਰੀ ਹੋਏ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਸਰਕਾਰੀ ਕਾਰ ਸੇਵਾ ਦੀ ਅਗਵਾਈ ਕੀਤੀ ਸੀ ਅਤੇ ਇਸ ਕਰਕੇ ਸਿੱਖ ਪੰਥ ਨੇ ਇਹਨਾਂ ਨੂੰ ਲੰਮਾ ਸਮਾਂ ਪੰਥ ਵਿਚੋਂ ਛੇਕੀ ਰੱਖਿਆ ਸੀ। ਪਰ ਜਿਉਂ ਜਿਉਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੀ ਸੋਚ ਅਤੇ ਕਰਨੀ ਦੇ ਪੈਰੋਕਾਰਾਂ ਦੀ ਭਾਰਤੀ ਸੁਰੱਖਿਆ ਫੌਜਾਂ ਅੱਗੇ ਜਬਰ ਅਤੇ ਜੁਲਮ ਦੇ ਅਧੀਨ ਕੁਚਲੇ ਜਾਣ ਨਾਲ ਗਿਣਤੀ ਘੱਟਦੀ ਗਈ ਅਤੇ ਅੰਤ ਨੱਬੇ ਦੇ ਅੱਧ ਤੱਕ ਇਸ ਦਬਾਅ ਹੇਠ ਸਿੱਖ ਸੰਘਰਸ਼ ਵਿੱਚ ਖੜੋਤ ਅਤ ਗਈ ਤਾਂ ਪੰਥ ਦੀ ਤੇ ਪੰਜਾਬ ਦੀ ਰੂਪ ਰੇਖਾ ਉਹਨਾਂ ਵਾਰਸਾਂ ਦੇ ਅਸਰ ਅਧੀਨ ਆ ਗਈ ਜਿਨਾਂ ਦਾ ਪੰਥ ਦੇ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੀ ਕਹਿਣੀ ਤੇ ਕਰਨੀ ਨਾਲ ਸਬੰਧ ਸਿਰਫ ਮੱਥਾ ਟੇਕਣ ਤੱਕ ਹੀ ਸੀਮਤ ਸੀ।

ਭਾਵੇਂ ਕਿ ਭਾਰਤ ਵਿੱਚ ਇੱਕ ਨਾਮੀ ਅਰਥ-ਵਿਗਿਆਨੀ ਸਿੱਖ ਕੌਮ ਨਾਲ ਸਬੰਧਤ ਪਿਛਲੇ ਦਸ ਸਾਲਾਂ ਤੋਂ ਭਾਰਤ ਦਾ ਪ੍ਰਧਾਨ ਮੰਤਰੀ ਰਹਿ ਚੁੱਕਿਆ ਹੈ। ਇਸੇ ਤਰ੍ਹਾਂ ਭਾਰਤੀ ਫੌਜ ਦਾ ਮੁਖੀ (ਮੌਜੂਦਾ) ਵੀ ਸਿੱਖ ਹੈ, ਇਹ (ਪ੍ਰਧਾਨ ਮੰਤਰੀ) ਉਸ ਪਾਰਟੀ ਨਾਲ ਸਬੰਧ ਰੱਖਦਾ ਹੈ ਜਿਸ ਬਾਰੇ ਸਿੱਖ ਕੌਮ ਨੂੰ ਹਮੇਸ਼ਾ ਹੀ ਸਿੱਖ ਕੌਮ ਦੇ ਮੌਜੂਦਾ ਰਾਜਨੀਤਿਕ ਤੇ ਧਾਰਮਿਕ ਰਹਿਬਰਾਂ ਵਜੋਂ, ਸਿੱਖ ਕੌਮ ਦੀ ਵੱਡੀ ਦੁਸ਼ਮਣ ਜਮਾਤ ਵਜੋਂ ਦਰਸਾਇਆ ਹੈ। ਪਿਛਲੇ ਤੀਹ ਵਰਿਆਂ ਵਿਚੋਂ ਪਿਛਲੇ ਦਸ ਸਾਲ ਤੋਂ ਭਾਰਤ ਦਾ ਪ੍ਰਧਾਨ ਮੰਤਰੀ ਸਿੱਖ ਕੌਮ ਨਾਲ ਸਬੰਧਤ ਰਿਹਾ ਹੈ ਪਰ ਉਸਦੇ ਬਾਵਜੂਦ ਵੀ ਪੰਜਾਬ ਦੀਆਂ ਮੁਢਲੀਆਂ ਸਮੱਸਿਆਵਾਂ ਤੇ ਸਿੱਖ ਕੌਮ ਨਾਲ ਸਬੰਧਤ ਮਸਲੇ ਅੱਜ ਵੀ ਕਿਸੇ ਮੰਜਿਲ ਨੂੰ ਲੱਭ ਰਹੇ ਹਨ। ਹੁਣੇ ਹੁਣੇ ਮੁਕੰਮਲ ਹੋਈਆਂ ਭਾਰਤੀ ਚੋਣਾਂ ਵਿੱਚ ਅਖਬਾਰਾਂ ਅਤੇ ਹੋਰ ਮੀਡੀਆਂ ਰਾਹੀਂ ਇਹ ਦੱਸਿਆ ਜਾ ਰਿਹਾ ਹੈ ਕਿ ਭਾਰਤ ਦੀ ਵਾਗਡੋਰ ਇੱਕ ਹਿੰਦੂ ਰਾਸ਼ਟਰਵਾਦੀ ਕੋਲ ਜਾ ਰਹੀ ਹੈ। ਜਿਸ ਦਾ ਸਬੰਧ ਉਸ ਸੰਘ ਪਰਵਾਰ ਨਾਲ ਹੈ ਜਿਸਨੂੰ ਕਿ ਸਿੱਖ ਕੌਮ ਦੀ ਹਮੇਸ਼ਾਂ ਵਿਰੋਧੀ ਧਿਰ ਵਜੋਂ ਜਾਣਿਆਂ ਜਾਂਦਾ ਹੈ। ਹੁਣ ਆਪਾ ਪਿਛਲੇ ਤੀਹ ਸਾਲਾਂ ਦੇ ਰਾਹ ਨੂੰ ਸੰਜੀਦਗੀ ਨਾਲ ਦੇਖੀਏ ਅਤੇ ਵਿਚਾਰ ਕਰੀਏ ਤਾਂ ਜੋ ਪੱਖ ਸਾਹਮਣੇ ਆਉਂਦਾ ਹੈ, ਉਹ ਹੁਣ ਤੱਕ ਦੇ ਹੋਏ ਸਰਕਾਰੀ ਜਬਰ-ਜੁਲਮ ਨਾਲੋਂ ਵੀ ਵੱਧ ਦੁਖਦਾਈ ਹੈ। ਅੱਜ ਜੇ ਆਪਾਂ ਸਿਰਫ ਬਠਿੰਡੇ ਤੇ ਅੰਮ੍ਰਿਤਸਰ ਦੀ ਹੀ ਗੱਲ ਕਰੀਏ ਜਿੱਥੇ ਕਿ ਪੰਜਾਬ ਦੀਆਂ ਪ੍ਰਮੁੱਖ ਹਸਤੀਆਂ ਚੋਣ ਪ੍ਰਣਾਲੀ ਵਿਚ ਸ਼ਾਮਿਲ ਸਨ, ਉਥੇ ਅੱਜ ਪੇਂਡੂ ਅਤੇ ਸ਼ਹਿਰੀ ਲੋਕਾਂ ਸਾਹਮਣੇ ਵੱਡੀ ਸਮੱਸਿਆ ਸਰੀਰਿਕ ਤੌਰ ਤੇ ਕੈਂਸ਼ਰ ਦੀ ਬੀਮਾਰੀ ਦਾ ਕਹਿਰ ਹੈ। ਪਿਛਲੇ ਸਾਲ ਦੇ ਅੰਕੜੇ ਦਰਸਾਉਂਦੇ ਹਨ ਕਿ ਤਕਰੀਬਨ ਲੱਖ ਬੰਦਾ ਕੈਂਸਰ ਰੋਗ ਦੀ ਪਕੜ ਥੱਲੇ ਹੈ। ਮੁੱਖ ਵਿਸ਼ਾ ਇਹਨਾਂ ਦੋਵਾਂ ਜਿਲ੍ਹਿਆਂ ਵਿੱਚ ਇਹ ਸੀ ਕਿ ਇਥੋਂ ਦੇ ਨੌਜਵਾਨਾਂ ਨੂੰ ਪਿਛਲੇ ਕੁਝ ਸਮੇਂ ਤੋਂ ਉਠੀ ਨਵੀਂ ਬਿਮਾਰੀ ਚਿੱਟਾ ਪਾਊਡਰ (ਹੈਰੋਇਨ) ਦਾ ਕਿਵੇਂ ਸਾਹਮਣਾ ਕਰਨਾ ਪਿਆ। ਇਸ ਨਵੇਂ ਪੰਜਾਬ ਦੀ ਨੌਜਵਾਨੀ ਦੇ ਰੂਪ ਨੇ ਅੱਜ ਅਜਿਹੀਆਂ ਪ੍ਰਸਥਿਤੀਆਂ ਪੈਦਾ ਕਰ ਦਿੱਤੀਆਂ ਹਨ ਕਿ ਪਿੰਡਾਂ ਵਿੱਚ ਵਡੇਰੇ ਇਹ ਕਹਿੰਦੇ ਹਨ ਕਿ ਸਾਡੇ ਕੋਲ ਅੰਤਿਮ ਰਸਮਾਂ ਕਰਨ ਲਈ ਸਿਵਿਆਂ ਦੀ ਘਾਟ ਹੈ ਅਤੇ ਉਹ ਜੋ ਲੋਕ ਅੱਡ-ਅੱਡ ਪਾਰਟੀਆਂ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਅੱਗੇ, ਉਹਨਾਂ ਨੇ ਇਹ ਕਿਹਾ ਕਿ ਸਾਡੇ ਪਿੰਡਾਂ ਵਿੱਚ ਸਿਵਿਆਂ ਵਾਲੀ ਜਗ੍ਹਾ ਦੀ ਘਾਟ ਹੈ। ਦੇਖਿਆ ਜਾਵੇ ਤਾਂ ਲੋਕਾਂ ਨੂੰ ਰੋਜ-ਮਰਾ ਦੀਆਂ ਜੋ ਮਜਬੂਰੀਆਂ ਹਨ ਉਹਨਾਂ ਤੋਂ ਕਿਵੇਂ ਨਿਜਾਤ ਦਿਵਾਉਣੀ ਹੈ ਅਤੇ ਹਰ ਇੱਕ ਤਰ੍ਹਾਂ ਦੇ ਡਰ-ਭੈਅ ਤੋਂ ਕਿਵੇਂ ਮੁਕਤ ਕਰਨਾ ਹੈ, ਇਹ ਮੁੱਖ ਰੂਪ ਵਿੱਚ ਸਵਾਲ ਹੈ, ਇਸ ਸਵਾਲ ਦੇ ਜਵਾਬ ਵਿੱਚ ਪੰਜਾਬ ਦਾ ਨੌਜਵਾਨ ਇਸ ਚਿੱਟੇ ਪਾਊਡਰ ਦੇ ਅਜਿਹੇ ਰਾਹ ਤੁਰਿਆ ਕਿ ਛੋਟਾ ਜਿਹਾ ਪਿੰਡ ਬਿਲਗਾ ਜਿਸਦੇ ਬਹੁਤੇ ਵਸਨੀਕ ਵਿਦੇਸ਼ਾਂ ਵਿੱਚ ਵਸੇ ਹੋਏ ਹਨ, ਉਥੇ ਪਿਛਲੇ ਅੱਠ ਮਹੀਨਿਆਂ ਵਿੱਚ ਅਠਾਰਾਂ ਮੌਤਾਂ ਹੋ ਚੁੱਕੀਆਂ ਹਨ ਤੇ ਪਿਛਲੇ ਇੱਕ ਸਾਲ ਵਿੱਚ ਸੱਤਰ ਦੇ ਕਰੀਬ ਨੌਜਵਾਨ ਇਸਦਾ ਸ਼ਿਕਾਰ ਹੋ ਚੁੱਕੇ ਹਨ। ਬਹੁਤੇ ਨੌਜਵਾਨਾਂ ਦੀ ਉਮਰ ਸਤਾਰਾਂ ਤੋਂ ਬੱਤੀ ਸਾਲ ਤੱਕ ਦੀ ਹੈ। ਇਸੇ ਤਰਾਂ ਲੁਧਿਆਣੇ ਸ਼ਹਿਰ ਦੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਬੱਦੋਵਾਲ ਵਿੱਚ ਤਕਰੀਬਨ ਹਰ ਮਹੀਨੇ ਇੱਕ ਨੌਜਵਾਨ ਚਿੱਟੇ ਦੀ ਭੇਂਟ ਚੜ ਜਾਂਦਾ ਹੈ। ਇਸ ਅੱਗ ਦੇ ਸੇਕ ਨੂੰ ਸਮਝਣ ਲਈ ਰਾਜਨੀਤਿਕ ਅਤੇ ਸਮਾਜਿਕ ਜਿੰਮੇਵਾਰੀਆਂ ਵਾਲੇ ਮੁੱਖ ਨੇਤਾਵਾਂ ਨੂੰ ਧਰਮ ਦੀ ਛਤਰ-ਛਾਇਆ ਹੇਠ ਵਿਚਾਰ ਕਰਨ ਦੀ ਜਰੂਰਤ ਹੈ ਨਾ ਕਿ ਇਸ ਝੁਲਸ ਰਹੀ ਪੰਜਾਬ ਦੀ ਨੌਜਵਾਨੀ ਨੂੰ ਸੜਕਾਂ, ਪੁਲਾਂ ਦੇ ਨਿਰਮਾਣਾਂ ਦੇ ਸੁਪਨਿਆਂ ਵਿੱਚ ਉਲਝਾਉਣ ਦੀ ਜਰੂਰਤ ਹੈ ਕਿਉਂਕਿ ਝੜੇ ਪੱਤਿਆਂ ਲਈ ਕਦੇ ਰੁੱਖ ਨੀਂ ਰੋਂਦੇ ਚਾਹੇ ਉਹ ਹਰੇ ਹੀ ਕਿਉਂ ਨਾ ਹੋ ਜਾਣ। ਜ਼ਿੰਦਗੀ ਤਾਂ ਨਿਰੰਤਰ ਜਾਰੀ ਹੈ, ਗੱਲ ਬੱਸ ਤੁਰਦੇ ਜਾਣ ਦੀ ਹੈ ਕਿਉਂਕਿ ਰਾਹ ਹਮੇਸ਼ਾ ਗੁਮਰਾਹ ਹੋ ਕਿ ਹੀ ਮਿਲਦੇ ਹਨ ਤੇ ਗੁਣ ਹਮੇਸ਼ਾ ਨਿਰਗੁਣ ਹੋ ਕਿ ਹੀ ਮਿਲਦੇ ਹਨ। ਅੱਜ ਤੀਹ ਸਾਲਾਂ ਬਾਅਦ ਸਿੱਖ ਕੌਮ ਅੱਗੇ ਇਹ ਸਵਾਲ ਅਜੇ ਵੀ ਖੜਾ ਹੈ ਕਿ ਸੂਰਜ ਵਰਗਾ ਮਨੁੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਇਕੱਲਾ ਹੀ ਹੁੰਦਾ ਹੈ ਕਿਉਂਕਿ ਇੱਕਠ ਤਾਂ ਭੇਡਾਂ ਦੇ ਵੀ ਹੋਇਆ ਕਰਦੇ ਹਨ। ਅੱਜ ਵੀ ਪੰਜਾਬ ਵਿੱਚ ਖੂਬਸੂਰਤੀ ਦੀ ਸਲਤਨਤ ਹੈ। ਪਰ ਇਸਨੂੰ ਪੈਰ-ਪੈਰ ਤੇ ਵਸੇ ਸਾਧਾਂ-ਸੰਤਾਂ ਦੇ ਡੇਰਿਆਂ ਨੇ ਛੁਪਾਇਆ ਹੋਇਆ ਹੈ॥