ਸਿੱਖ ਧਰਮ ਵਿੱਚ ਸੰਗਤ ਅਤੇ ਪੰਗਤ ਦੀ ਪ੍ਰਥਾ ਨੂੰ ਪ੍ਰਮੁੱਖ ਸਥਾਨ ਹਾਸਲ ਹੈੈ। ਜਿੱਥੇ ਸਿੱਖਾਂ ਨੇ ਸੰਗਤ ਵਿੱਚ ਬੈਠ ਕੇ ਗੁਰੂ ਦਾ ਜਸ ਸੁਣਨਾ ਹੈ ਉੱਥੇ ਹੀ ਪੰਗਤ ਵਿੱਚ ਬੈਠਕੇ ਗੁਰੂ ਸਾਹਿਬ ਦੇ ਲੰਗਰ ਦੀ ਬਖਸ਼ਿਸ਼ ਵੀ ਪ੍ਰਾਪਤ ਕਰਨੀ ਹੈੈ।ਸਦੀਆਂ ਤੋਂ ਹੀ ਲੰਗਰ ਸਿੱਖ਼ ਧਾਰਮਕ ਪਰੰਪਰਾ ਦਾ ਹਿੱਸਾ ਚਲਿਆ ਆ ਰਿਹਾ ਹੈੈ। ਜਿੱਥੇ ਕਿਤੇ ਵੀ ਸਿੱਖ ਸੰਗਤ ਇਕੱਠੀ ਹੁੰਦੀ ਹੈ ਉੱਥੇ ਲੰਗਰ ਦਾ ਪਰਵਾਹ ਜਰੂਰ ਚੱਲਦਾ ਹੈ।

ਲੰਗਰ ਜੋ ਪਹਿਲਾਂ ਗੁਰੂਘਰਾਂ ਵਿੱਚ ਪੰਗਤ ਵਿੱਚ ਬੈਠ ਕੇ ਹੀ ਛਕਿਆ-ਛਕਾਇਆ ਜਾਂਦਾ ਸੀ ਹੁਣ ਉਸਨੇ ਆਪਣਾਂ ਰੂਪ ਕੁਝ ਬਦਲ ਲਿਆ ਹੈੈ। ਬਹੁਤ ਲੰਬੇ ਸਮੇਂ ਤੋਂ ਸ਼ਰਧਾਵਾਨ ਸਿੱਖ ਸੰਗਤਾਂ ਆਪਣੇ ਪਿੰਡਾਂ-ਕਸਬਿਆਂ ਦੇ ਬਾਹਰ ਲੰਗਰ ਦੇ ਪੰਡਾਲ ਲਗਾ ਕੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਪਰਸ਼ਾਦੇ ਜਾਂ ਠੰਢੇ ਮਿੱਠੇ ਜਲ ਦਾ ਲੰਗਰ ਵਰਤਾਉਂਣ ਲੱਗ ਪਈਆਂ ਹਨ। ਉਸ ਤੋਂ ਵੀ ਅੱਗੇ ਜਾ ਕੇ ਹੁਣ ਗੱਡੀਆਂ ਬੱਸਾਂ ਦੇ ਅੰਦਰ ਜਾ ਕੇ ਬੈਠੇ ਸ਼ਰਧਾਲੂਆਂ ਨੂੰ ਵੀ ਲੰਗਰ ਛਕਾਉਣ ਦੀ ਪ੍ਰਥਾ ਤੁਰ ਪਈ ਹੈੈ। ਇਹ ਪ੍ਰਥਾ ਭਾਰਤ ਵਿੱਚ ਹੀ ਨਹੀ ਹੈ ਬਲਕਿ ਵਿਦੇਸ਼ਾਂ ਵਿੱਚ ਵੀ ਚੱਲ ਪਈ ਹੈੈ। ਗੁਰੂ ਸਾਹਿਬ ਦੇ ਪੁਰਬਾਂ ਮੌਕੇ ਜੋ ਨਗਰ-ਕੀਰਤਨ ਸਜਾਏ ਜਾਂਦੇ ਹਨ ਉਨ੍ਹਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਬੇ-ਹਿਸਾਬੇ ਢੰਗ ਨਾਲ ਵੰਡੀਆਂ ਜਾਂਦੀਆਂ ਹਨ। ਕਈ ਵਾਰ ਇਹ ਵੰਡਣ ਤੋਂ ਅੱਗੇ ਲੰਘ ਕੇ ਥੋਪੀਆਂ ਜਾਣ ਲੱਗ ਪੈਂਦੀਆਂ ਹਨ।

ਇਨ੍ਹਾਂ ਨਵੀਆਂ ਰਵਾਇਤਾਂ ਅਤੇ ਰਿਵਾਜਾਂ ਦਾ ਸਿੱਖ ਪੰਥ ਵਿੱਚ ਕਿਤੇ ਕਿਤੇ ਵਿਰੋਧ ਵੀ ਹੋ ਰਿਹਾ ਹੈੈ। ਪਿਛਲੇ ਦਿਨੀ ਦੁਨੀਆਂ ਭਰ ਵਿੱਚ ਫੈਲੀ ਮਾਹਮਾਰੀ ਦੇ ਚਲਦੇ ਪੰਜਾਬ ਵਿੱਚ ਗਰੀਬਾਂ ਨੂੰ ਘਰੋ-ਘਰੀ ਲੰਗਰ ਪਹੁੰਚਾਉਣ ਦਾ ਕਾਰਜ ਵੀ ਵੱਡੀ ਪੱਧਰ ਤੇ ਸਾਹਮਣੇ ਆਇਆ। ਫਿਰ ਕੁਝ ਵੀਡੀਓਜ਼ ਇਸ ਤਰ੍ਹਾਂ ਦੀਆਂ ਆਈਆਂ ਜਿਨ੍ਹਾਂ ਵਿੱਚ ਕਥਿਤ ਗਰੀਬ ਲੋਕ ਦੋਸ਼ ਲਾ ਰਹੇ ਹਨ ਕਿ ਲੰਗਰ ਵਧੀਆ ਨਹੀ ਹੈ ਇਹ ਸਾਡੀ ਸਿਹਤ ਖਰਾਬ ਕਰ ਰਿਹਾ ਹੈੈ। ਹੁਣ ਗੁਜਰਾਤ ਵਿੱਚ ਫਸੇ ਹੋਏ ਬਹੁਤ ਸਾਰੇ ਸਿੱਖਾਂ ਨੇ ਇੱਕ ਵੀਡੀਓ ਪਾਈ ਹੈ ਕਿ ਅਸੀਂ ਪੰਜਾਬ ਵਿੱਚ ਜਿਨ੍ਹਾਂ ਨੂੰ ਧੱਕੇ ਨਾਲ ਲੰਗਰ ਛਕਾ ਰਹੇ ਹਾਂ ਉਨ੍ਹਾਂ ਨੇ ਇੱਥੇ ਸਾਡੇ ਲਈ ਪਾਣੀ ਵੀ ਬੰਦ ਕਰ ਦਿੱਤਾ ਹੈੈ। ਪਾਣੀ ਦੀਆਂ ਟੂਟੀਆਂ ਵੀ ਉਹ ਲੋਕ ਲਾਹ ਕੇ ਲੈ ਗਏ ਹਨ।

ਕਿਸੇ ਹੋਰ ਪਾਸੇ ਤੋਂ ਇਹ ਅਵਾਜ਼ਾਂ ਆ ਰਹੀਆਂ ਹਨ ਕਿ ਹਿੰਦੂ ਅਤੇ ਮੁਸਲਮਾਨ ਸਾਨੂੰ ਸਾਡਾ ਲੰਗਰ ਖਾਣ ਲਈ ਹੀ ਵਰਤਦੇ ਹਨ। ਜਦੋਂ ਵੀ ਮੌਕਾ ਮਿਲਦਾ ਹੈ ਉਹ ਸਿੱਖਾਂ ਦਾ ਘਾਣ ਕਰਨ ਲੱਗਿਆਂ ਇੱਕ ਮਿੰਟ ਨਹੀ ਲਾਉਂਦੇ। ਭਾਵੇਂ ਉਹ ਨਵੰਬਰ 1984 ਹੋਵੇ ਜਾਂ ਹੁਣੇ ਜਿਹੇ ਅਫਗਾਨਿਸਤਾਨ ਵਿੱਚ ਵਾਪਰੀ ਘਟਨਾ ਹੋਵੇ।

ਜਿੱਥੇ ਇੱਕ ਪਾਸੇ ਗੁਰੂ ਸਾਹਿਬ ਦੇ ਹੁਕਮਾਂ ਅਧੀਨ ਖਾਲਸਾ ਪੰਥ ਆਪਣੀਆਂ ਲੰਗਰ ਦੀਆਂ ਰਵਾਇਤਾਂ ਨੂੰ ਅੱਗੇ ਵਧਾ ਰਿਹਾ ਹੈ, ਉੱਥੇ ਦੂਜੇ ਪਾਸੇ ਇਸ ਪ੍ਰਥਾ ਵਿੱਚ ਆ ਗਈਆਂ ਤਬਦੀਲੀਆਂ ਬਾਰੇ ਵੀ ਅਵਾਜ਼ਾਂ ਉੱਠਣ ਲੱਗ ਪਈਆਂ ਹਨ।

ਅਸੀਂ ਸਮਝਦੇ ਹਾਂ ਕਿ ਇਹ ਵਕਤ ਖਾਲਸਾ ਪੰਥ ਦੇ ਦਾਨਿਸ਼ਵਰਾਂ ਅਤੇ ਵਿਦਵਾਨਾਂ ਲਈ ਚੁਣੌਤੀ ਬਣ ਰਹੀ ਹੈੈ। ਪੰਗਤ ਵਿੱਚ ਬੈਠਾ ਕੇ ਲੰਗਰ ਛਕਾਉਣ ਦੀ ਪ੍ਰਥਾ ਕਿਸ ਵੇਲੇ ਬੱਸਾਂ ਵਿੱਚ ਵੜਕੇ ਧੱਕੇ ਨਾਲ ਲੰਗਰ ਥੋਪਣ ਦੀ ਪ੍ਰਥਾ ਵਿੱਤ ਬਦਲ ਗਈ ਹੈ। ਇਸ ਬਾਰੇ ਗੰੀਰਿ ਵਿਚਾਰ ਚਚਾ ਹੋਣੀ ਚਾਹੀਦੀ ਹੈ।

ਬਾਕੀ ਜਿਹੜੇ ਵਿਚਾਰ ਗੁਜਰਾਤ ਵਿੱਚ ਫਸੇ ਹੋਏ ਵੀਰਾਂ ਨੇ ਪ੍ਰਗਟ ਕੀਤੇ ਹਨ ਉਸ ਬਾਰੇ ਵੀ ਸਿੱਖ ਸਿਧਾਂਤ ਦੀ ਰੌਸ਼ਨੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਪਸ਼ਟ ਦਿਸ਼ਾ ਨਿਰਦੇਸ਼ ਜਾਰੀ ਹੋਣੇ ਚਾਹੀਦੇ ਹਨ ਤਾਂ ਕਿ ਨਿੱਤਨੇਮ, ਦਸਮ-ਗਰੰਥ ਅਤੇ ਅਜਿਹੇ ਹੋਰ ਵਿਵਾਦਾਂ ਵਾਂਗ ਹੌਲੀ -ਹੌਲੀ ਲੰਗਰ ਬਾਰੇ ਵੀ ਪੰਥ ਵਿੱਚ ਵਿਵਾਦ ਖੜ੍ਹਾ ਨਾ ਹੋ ਜਾਵੇ।

ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਿੱਖ ਸਿਧਾਂਤ ਅਤੇ ਰਵਾਇਤਾਂ ਨੂੰ ਧਿਆਨ ਵਿੱਚ ਰੱਖਿਆ ਜਾਣਾਂ ਚਾਹੀਦਾ ਹੈੈ।