੨੦੨੪ ਵਰ੍ਹੇ ਦੇ ਸ਼ੁਰੂਆਤੀ ਮਹੀਨਿਆਂ ਵਿਚ ਹੀ ਭਾਰਤ ਵਿਚ ਆਮ ਚੋਣਾਂ ਹੋਣ ਜਾਣ ਰਹੀਆਂ ਹਨ, ਪਰ ਭਾਰਤ ਅਤੇ ਭਾਰਤੀ ਰਾਜਨੀਤੀ ਵਿਚ ਧਰੁਵੀਕਰਨ ਪਹਿਲਾਂ ਤੋਂ ਵੀ ਜਿਆਦਾ ਜ਼ਹਿਰੀਲਾ ਹੋ ਚੁੱਕਿਆ ਹੈ ਅਤੇ ਇਸ ਦੇ ਘਟਣ ਦੀਆਂ ਵੀ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ।੧੯ਵੀਂ ਸਦੀ ਦੇ ਅੰਤ ਤੋਂ ਹੀ ਭਾਰਤ ਵਿਚ ਰਾਜਨੀਤਿਕ ਅਤੇ ਸਮਾਜਿਕ ਧਰੁਵੀਕਰਨ ਨੇਸ਼ਨਹੁੱਡ ਦੇ ਸੁਆਲ ਵਿਚ ਮਹੱਤਵਪੂਰਨ ਰਿਹਾ ਹੈ।ਕੀ ਭਾਰਤ ਨੂੰ ਧਰਮ ਨਿਰਪੱਖ ਦੇਸ਼ ਹੋਣਾ ਚਾਹੀਦਾ ਹੈ ਜਾਂ ਹਿੰਦੂ ਰਾਸ਼ਟਰ ਕਿਉਂ ਕਿ ਅੱਸੀ ਪ੍ਰਤੀਸ਼ਤ ਅਬਾਦੀ ਹਿੰਦੂ ਹੈ।ਹਾਲਾਂਕਿ, ਧਰਮਨਿਰੱਪਖ ਅਤੇ ਬਹੁਲਵਾਦੀ ਕਾਂਗਰਸ ੧੯੭੦ਵਿਆਂ ਤੱਕ ਧਰੁਵੀਕਰਨ ਦੇ ਮੁੱਦੇ ਨਾਲ ਛੇੜਛਾੜ ਕਰਦੀ ਰਹੀ ਹੈ, ਪਰ ਪਿਛਲੇ ਦਹਾਕਿਆਂ ਵਿਚ ਹਿੰਦੂ ਸੰਸਥਾਵਾਂ ਦੇ ਪ੍ਰਫੁੱਲਿਤ ਹੋਣ ਨਾਲ ਇਸ ਤਣਾਅ ਵਿਚ ਵਾਧਾ ਹੋਇਆ ਹੈ।ਬੁਰੀ ਤਰਾਂ ਵੰਡਿਆ ਹੋਇਆ ਰਾਜਨੀਤਿਕ ਦ੍ਰਿਸ਼, ਭਾਰਤੀ ਵਿਚ ਆਰਥਿਕ ਤਬਦੀਲੀ, ਮੀਡੀਆ ਦੇ ਹਾਲਾਤ ਅਤੇ ਮੁਕਾਬਲੇ ਵਾਲੀ ਜਾਤੀ ਰਾਜਨੀਤੀ ਵਿਚ ਵਾਧੇ ਨੇ ਧਰੁਵੀਕਰਨ ਵਿਚ ਵਾਧਾ ਕੀਤਾ ਹੈ।ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਦੀ ੨੦੧੪ ਅਤੇ ੨੦੧੯ ਵਿਚ ਹੋਈ ਜਿੱਤ ਕਰਕੇ ਧਰੁਵੀਕਰਨ ਦੀ ਰਾਜਨੀਤੀ ਵਿਚ ਹੋਰ ਜਿਆਦਾ ਵਾਧਾ ਹੋਇਆ ਹੈ।

ਭਾਰਤ ਦੀਆਂ ਅਜ਼ਾਦ ਰਾਜਨੀਤਿਕ ਸੰਸਥਾਵਾਂ ਉੱਪਰ ਹਮਲੇ ਵਧੇ ਹਨ। ਭਾਰਤ ਦੀਆਂ ਵਿਰੋਧੀ ਪਾਰਟੀਆਂ ਬਹੁਲਵਾਦ ਨੂੰ ਬਚਾਉਣ ਦੀ ਰਾਜਨੀਤੀ ਤੋਂ ਪਿੱਛੇ ਹਟਣ ਲੱਗੀਆਂ ਹਨ ਅਤੇ ਘੱਟ ਗਿਣਤੀਆਂ ਖਿਲਾਫ ਨਫਰਤ ਅਤਟ ਹਿੰਸਾ ਵਿਚ ਵੀ ਬੇਇੰਤਹਾ ਵਾਧਾ ਹੋਇਆ ਹੈ।ਕੋਰੋਨਾ ਮਹਾਂਮਾਰੀ ਨੇ ਰਾਜਨੀਤਿਕ ਲੀਡਰਸ਼ਿਪ ਨੂੰ ਇਕਜੁੱਟ ਕਰ ਇਸ ਧਰੁਵੀਕਰਨ ਨੂੰ ਬਿਲਕੁਲ ਹੀ ਸਤਹ ਉੱਪਰ ਲਿਆਂਦਾ ਹੈ, ਪਰ ਸਮਾਜਿਕ ਪੱਧਰ ਉੱਪਰ ਇਸ ਸੰਕਟ ਕਰਕੇ ਭਾਰਤ ਵਿਚ ਮੁਸਲਿਮ ਭਾਈਚਾਰੇ ਵਿਰੁੱਧ ਅਸਹਿਣਸ਼ੀਲਤਾ ਵਿਚ ਵਾਧਾ ਹੋਇਆ ਹੈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਭਾਰਤ ਵਿਚ ਬਹੁਗਿਣਤੀਵਾਦ ਦੀ ਰਾਜਨੀਤੀ ਖਿਲ਼ਾਫ ਆਪਣਾ ਬਿਰਤਾਂਤ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਅਤੇ ਸੰਵਾਦ ਨੂੰ ਬਿਹਤਰ ਬਣਾਉਣ ਦੀ ਪਹਿਲ ਕੀਤੀ ਹੈ।

ਭਾਰਤ ਵਿਚ ਧਰਮ ਨਿਰਪੱਖ ਅਤੇ ਹਿੰਦੂ ਰਾਸ਼ਟਰ ਦੀ ਪਰਿਕਲਪਨਾ ਵਿਚ ਪਾੜਾ ਹੀ ਧਰੁਵੀਕਰਨ ਦਾ ਧੁਰਾ ਬਣਦਾ ਹੈ।ਇਸ ਦਾ ਅਰਥ ਜਾਤੀ, ਜਮਾਤ, ਭਾਸ਼ਾ ਅਤੇ ਖਿੱਤਾ ਅਧਾਰਿਤ ਧਰੁਵੀਕਰਨ ਨੂੰ ਅੱਖੋਂ-ਪਰੋਖੇ ਕਰਨਾ ਨਹੀਂ ਹੈ।ਇਸ ਤਰਾਂ ਦੀ ਦਰਾਰ ਉੱਪ-ਰਾਸ਼ਟਰ ਪੱਧਰ ’ਤੇ ਹੋਰ ਜਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਕਿਉਂ ਕਿ ਕੋਈ ਵੀ ਇਕ ਸਮੂਹ ਰਾਸ਼ਟਰ ਪੱਧਰ ਉੱਪਰ ਅੱਗੇ ਨਹੀਂ ਆ ਪਾਇਆ ਹੈ।ਇਹਨਾਂ ਮੁੱਦਿਆਂ ਉੱਪਰ ਅਧਾਰਿਤ ਧਰੁਵੀਕਰਨ ਨੇ ਐਂਮਰਜੈਂਸੀ (੧੯੭੫-੭੭) ਨੂੰ ਛੱਡ ਕੇ ਭਾਰਤੀ ਲੋਕਤੰਤਰ ਨੂੰ ਹੌਂਦ ਦਾ ਖਤਰਾ ਨਹੀਂ ਪੈਦਾ ਕੀਤਾ ਹੈ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇੱਕੀ ਮਹੀਨਿਆਂ ਲਈ ਨਾਗਰਿਕਾਂ ਦੇ ਸਾਰੇ ਅਧਿਕਾਰਾਂ ਨੂੰ ਖਤਮ ਕਰ ਦਿੱਤਾ ਸੀ। ਇਸ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਕਾਲੇ ਪੰੰਨੇ ਵਜੋਂ ਜਾਣਿਆ ਜਾਂਦਾ ਹੈ।ਧਰੁਵੀਕਰਨ ਦੇ ਹੋਰ ਮੁੱਦਿਆਂ ਦੇ ਨਾਲ-ਨਾਲ ਹਿੰਦੂ ਰਾਸ਼ਟਰਵਾਦ ਉੱਪਰ ਅਧਾਰਿਤ ਧਰੁਵੀਕਰਨ ਅਜ਼ਾਦੀ ਅਤੇ ਬਹੁਲਾਵਾਦੀ ਲੋਕਤੰਤਰ ਨੂੰ ਗੰਭੀਰ ਖਤਰੇ ਖੜੇ ਕਰ ਰਿਹਾ ਹੈ।ਕੋਈ ਵੀ ਰਾਜ ਉਦੋਂ ਖੁਦਮੁਖਤਿਆਰ ਹੋ ਸਕਦਾ ਹੈ ਜਦੋਂ ਇਹ ਬਹੁਲਵਾਦ ਅਤੇ ਧਰਮਨਿਰਪੱਖ ਵਰਗੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਨਾਲ ਲੈ ਕੇ ਚੱਲਦਾ ਹੈ ਨਾ ਕਿ ਧਰੁਵੀਕਰਨ ਦੇ ਬਿਰਤਾਂਤ ਨੂੰ ਅੱਗੇ ਵਧਾਉਣ ਨਾਲ।

ਅੱਜ ਕੱਲ ਰਾਜਨੀਤਿਕ ਵਿਗਿਆਨ ਉੱਚੇ ਨਾਹਰਿਆਂ, ਰਾਜਨੀਤਿਕ ਗੁੱਸਾ ਅਤੇ ਅਤਿਰਾਸ਼ਟਰਵਾਦ ਉੱਪਰ ਅਧਾਰਿਤ ਹੈ ਜੋ ਕਿ ਲੋਕਾਂ ਦੀ ਸੋਚ ਅਤੇ ਦ੍ਰਿਸ਼ਟੀ ਨੂੰ ਧੁੰਦਲਾ ਕਰ ਰਿਹਾ ਹੈ।ਇਸ ਲਈ ਸੱਚ ਨੂੰ ਝੂਠ ਤੋਂ ਵੱਖ ਕਰਨਾ ਹੋਰ ਵੀ ਜਿਆਦਾ ਔਖਾ ਹੋ ਜਾਂਦਾ ਹੈ।ਜਿਸ ਤਰਾਂ ਸਟੇਟ ਦੀਆਂ ਸੰਸਥਾਵਾਂ ਵਿਚ ਨਿਘਾਰ ਆ ਰਿਹਾ ਹੈ, ਧਾਰਮਿਕ ਖੇਤਰ ਵੀ ਇਸ ਤੋਂ ਅਣਲੱਗ ਨਹੀਂ ਰਿਹਾ ਹੈ। ਅੱਜ ਦੇ ਸਮੇਂ ਵਿਚ ਧਰਮ ਨੇ ਵੀ ਆਪਣੀ ਦਿਆਲਤਾ ਗੁਆ ਲਈ ਹੈ ਅਤੇ ਇਸ ਦੀ ਜਗ੍ਹਾ ਦਿਲਕਸ਼ ਨਾਹਰਿਆਂ ਨੇ ਲੈ ਲਈ ਹੈ ਜਿਸ ਨੇ ਇਸ ਤਰਾਂ ਦਾ ਨਜ਼ਰੀਆ ਪੈਦਾ ਕੀਤਾ ਹੈ ਜਿਸ ਨੇ ਧਰਮ ਨੂੰ ਸਿਰਫ ਸਨਸਨੀ ਤੱਕ ਮਹਿਦੂਦ ਕਰ ਦਿੱਤਾ ਹੈ ਅਤੇ ਨੈਤਿਕ ਅਤੇ ਬੌਧਿਕ ਕੰਗਾਲੀ ਦਾ ਵੀ ਜਸ਼ਨ ਮਨਾਉਣਾ ਸਾਹਮਣੇ ਲਿਆਂਦਾ ਹੈ।ਜਿਸ ਚੀਜ਼ ਨੇ ਬੁੱਧ ਨੂੰ ਮਾਨਵਤਾ ਦੇ ਸਿੱਖਿਅਕ ਵਜੋਂ ਪੇਸ਼ ਕੀਤਾ, ਉਹ ਸੀ ਜ਼ਿੰਦਗੀ ਅਤੇ ਮੌਤ ਦੇ ਰਾਗ ਨੂੰ ਡੂੰਘਾਈ ਵਿਚ ਉੱਤਰ ਕੇ ਦੇਖ ਸਕਣਾ, ਮਨੁੱਖੀ ਜ਼ਿੰਦਗੀ ਅਤੇ ਆਤਮਾ ਦੇ ਆਪਸੀ ਸੁਮੇਲ ਨੂੰ ਸਮਝਣਾ ਅਤੇ ਸੀਮਿਤ ਅਤੇ ਅਸੀਮਿਤ ਦੇ ਫਰਕ ਨੂੰ ਸਮਝਣਾ ਅਤੇ ਖੋਖਲੇ ਨਾਅਰਿਆਂ ਦੇ ਥਾਂ ਤੇ ਮੁਹੱਬਤ ਅਤੇ ਦਯਾ ਨੂੰ ਸਥਾਨ ਦੇਣਾ।

ਸਟੇਟ ਦੁਆਰਾ ਪਿਛਲੇ ਵਰ੍ਹੇ ਤੋਂ ਹੀ ਖੋਖਲੇ ਬਿਰਤਾਂਤਾਂ ਨੂੰ ਮੁੱਖਧਾਰਾ ਵਿਚ ਲੈ ਕੇ ਆਉਣ ਨਾਲ ਸਿੱਖਾਂ ਦੀ ਅਰਥਪੂਰਣ ਰਾਜਨੀਤਿਕ ਸੋਚ ਨੂੰ ਕਮਜੋਰ ਕੀਤਾ ਜਾ ਰਿਹਾ ਹੈ ਤਾਂ ਕਿ ਇੱਥੇ ਕੋਈ ਸਿਹਤਮੰਦ ਰਾਜਨੀਤਿਕ ਵਿਚਾਰ ਪੈਦਾ ਨਾ ਹੋ ਸਕੇ।ਸੱਤਾਧਾਰੀ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਨੇ ਖੋਖਲੇ ਬਿਰਤਾਤਾਂ ਨੂੰ ਮੁੱਖਧਾਰਾ ਵਿਚ ਲਿਆਉਣ ਅਤੇ ਉਸ ਰਾਹੀ ਇੱਥੇ ਤਣਾਅ ਪੈਦਾ ਕਰਨ ਵਿਚ ਕਾਫੀ ਭੂਮਿਕਾ ਅਦਾ ਕੀਤੀ ਹੈ।ਇਸ ਤੋਂ ਇਲਾਵਾ ਇਕ ਹੋਰ ਮਹੱਤਵਪੂਰਨ ਮੁੱਦਾ ਕੁੱਝ ਕੁ ਘਟਨਾਵਾਂ ਜਾਂ ਖਾਸ ਵਿਅਕਤੀਆਂ ਨੂੰ ਨਿਰੰਤਰ ਵਧਾ ਚੜ੍ਹਾ ਕੇ ਪੇਸ਼ ਕਰਨਾ ਹੈ ਤਾਂ ਕਿ ਖਤਰੇ ਦੇ ਬਿਰਤਾਂਤ ਨੂੰ ਅੱਗੇ ਵਧਾਇਆ ਜਾ ਸਕੇ ਜਦੋਂ ਕਿ ਅਸਲ ਵਿਚ ਸਥਿਤੀ ਕੁਝ ਹੋਰ ਹੈ।ਆਰ ਐਸ ਐਸ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਧਰੁਵੀਕਰਨ ਦੇ ਬਿਰਤਾਂਤ ਨੂੰ ਲਗਾਤਾਰ ਅੱਗੇ ਵਧਾ ਰਹੀ ਹੈ ਤਾਂ ਕਿ ਸਿੱਖਾਂ ਨੂੰ ਇਸ ਦੇ ਨਾਲ-ਨਾਲ ਤੋਰ ਕੇ ਹਿੰਦੂ ਰਾਸ਼ਟਰ ਦੇ ਸੰਕਲਪ ਨੂੰ ਹੋਰ ਜਿਆਦਾ ਮਜਬੂਤ ਕੀਤਾ ਜਾ ਸਕੇ।ਸੰਘ ਪਰਿਵਾਰ ਦਾ ਮੁੱਖ ਅਧਾਰ ਪਛਾਣ ਦੀ ਰਾਜਨੀਤੀ ਨੂੰ ਅੱਗੇ ਤੋਰਨਾ ਹੈ ਜਿਸ ਰਾਹੀ ਹੋਰ ਰਾਜਨੀਤਿਕ ਪੱਧਰ ਤੇ ਹੋਰ ਜਿਆਦਾ ਮਜਬੂਤ ਹੋਣਾ ਚਾਹੁੰਦੇ ਹਨ।ਆਰ ਐਸ ਐਸ ਅਤੇ ਭਾਰਤੀ ਜਨਤਾ ਪਾਰਟੀ ਦਾ ਹਿੰਦੂਵਾਦੀ ਬਿਰਤਾਂਤ ਖੋਖਲੇ ਵੱਖਵਾਦੀ ਨਾਹਰਿਆਂ ਨੂੰ ਸਾਕਾਰਤਮਕ ਪੇਸ਼ ਕਰਦਾ ਹੈ ਤਾਂ ਕਿ ਕੁਝ ਵਿਅਕਤੀ ਵਿਸ਼ੇਸ਼ ਅਤੇ ਉਨ੍ਹਾਂ ਦੇ ਖੋਖਲੇ ਦਾਅਵਿਆਂ ਨੂੰ ਬਲ ਮਿਲਦਾ ਹੈ।ਇਸੇ ਸਟੇਟ ਦਾ ਨਾਗਰਿਕ ਸਮਾਜ ਦੇ ਹੋਰ ਬਾਸ਼ਿੰਦਿਆਂ ਪ੍ਰਤੀ ਹੋਰ ਨਜ਼ਰੀਆ ਹੁੰਦਾ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਹੈ।

ਪੰਜਾਬ ਦੀ ਰਾਜਨੀਤਿਕ ਸਪੇਸ, ਰਾਜਨੀਤਿਕ ਲੀਡਰਸ਼ਿਪ, ਖਾਸ ਕਰਕੇ ਅਕਾਲੀ ਦਲ, ਮੌਜੂਦਾ ਸਮੇਂ ਬਹੁਤ ਜਿਆਦਾ ਉੱਥਲ-ਪੁੱਥਲ ਦਾ ਸ਼ਿਕਾਰ ਹੋ ਗਈ ਹੈ।ਪੰਜਾਬ ਵਿਚ ਪੈਦਾ ਹੋਇਆ ਰਾਜਨੀਤਿਕ ਖਲਾਅ ਹੀ ਹੁਣ ਖੌਖਲੇ ਨਾਅਰਿਆਂ ਦੀ ਰਾਜਨੀਤੀ ਨੂੰ ਜਗ੍ਹਾ ਦੇ ਰਿਹਾ ਹੈ ਜਿਸ ਵਿਚ ਪਛਾਣ ਅਤੇ ਧਰੁਵੀਕਰਨ ਦੀ ਰਾਜਨੀਤੀ ਜਿਆਦਾ ਮਹੱਤਵਪੂਰਨ ਹੋ ਗਈ ਹੈ।ਇਸ ਤਰਾਂ ਦੀ ਪਛਾਣ ਅਤੇ ਧਰੁਵੀਕਰਨ ਦੀ ਰਾਜਨੀਤੀ ਦੇ ਰਾਸ਼ਟਰ ਪੱਧਰ ਉੱਪਰ ਬਹੁਤ ਰਾਜਨੀਤਿਕ ਲਾਭ ਮਿਲ ਰਹੇ ਹਨ। ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਕੈਂਬਰਿਜ ਵਿਚ ਦਿੱਤੇ ਭਾਸ਼ਣ ਵਿਚ ਕਿਹਾ ਕਿ ਧਰੁਵੀਕਰਨ ਦੀ ਰਾਜਨੀਤੀ ਨੇ ਲੋਕੰਤਤਰ ਦੀਆਂ ਸੰਸਥਾਵਾਂ ਦਾ ਨੁਕਸਾਨ ਕੀਤਾ ਹੈ ਅਤੇ ਭਾਰਤ ਵਿਚ ਲੋਕਤੰਤਰ ਦੇ ਤਬਾਹ ਹੋਣ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹੈ।