ਸਿੱਖ ਰਾਜਨੀਤਕ ਕਾਰਜਕਰਤਾ ਵੀਰ ਦੀਪ ਸਿੰਘ ਸਿੱਧੂ ਦੀ ਮੌਤ ਨੇ ਸਿੱਖ ਪੰਥ ਦੇ ਵਿਹੜੇ ਵਿੱਚ ਇੱਕ ਨਿਵੇਕਲੀ ਚਰਚਾ ਛੇੜ ਦਿੱਤੀ ਹੈ। ਸਿਰਫ ਪੰਜਾਬ ਹੀ ਨਹੀ ਬਲਕਿ ਪੰਜਾਬ ਅਤੇ ਭਾਰਤ ਤੋਂ ਬਾਹਰ ਜਿੱਥੇ ਵੀ ਚੰਗਾ ਸੋਚਣ ਵਾਲੇ ਸਿੱਖ ਵਸਦੇ ਹਨ ਉਨ੍ਹਾਂ ਨੂੰ ਦੀਪ ਸਿੰਘ ਦੀ ਮੌਤ ਨਾਲ ਜੋ ਸਦਮਾ ਲੱਗਾ ਹੈ ਉਹ ਸ਼ਬਦਾਂ ਦੇ ਬਿਆਨ ਤੋਂ ਪਰ੍ਹੇ ਹੈ। ਪਿਛਲੇ 30 ਸਾਲਾਂ ਦੌਰਾਨ ਸਾਨੂੰ ਅਜਿਹਾ ਵਰਤਾਰਾ ਦੇਖਣ ਨੂੰ ਨਹੀ ਮਿਲਿਆ ਕਿ ਕਿਸੇ ਇੱਕ ਸੱਜਣ ਦੀ ਮੌਤ ਤੇ ਪੰਥ ਨੇ ਇਸ ਤਰ੍ਹਾਂ ਸਮੂਹਕ ਤੌਰ ਤੇ ਸਦਮਾ ਮਹਿਸੂਸ ਕੀਤਾ ਹੋਵੇ। 1984 ਦਾ ਘੱਲੂਘਰਾ ਅਤੇ ਸੰਤ ਜੀ ਦੀ ਸ਼ਹਾਦਤ ਇਸ ਤੋਂ ਵੱਖਰੇ ਹਨ। ਉਹ ਹਮਲਾ ਹੀ ਏਨਾ ਭਿਆਨਕ ਅਤੇ ਮੂੰਹਜੋਰ ਸੀ ਕਿ ਉਸਨੇ ਜਿੱਥੇ ਕੌਮ ਦੇ ਮਨ ਤੇ ਡੂੰਘਾ ਸਦਮਾ ਲਗਾਇਆ ਇਸਦੇ ਨਾਲ ਹੀ ਕੌਮ ਦੀ ਮਾਨਸਿਕਤਾ ਵਿੱਚ ਇਸ ਹਮਲੇ ਦਾ ਟਾਕਰਾ ਕਰਨ ਦੀ ਸੋਚ ਵੀ ਪਰਪੱਕ ਕੀਤੀ।

ਦੀਪ ਸਿੱਧੂ ਦਾ ਚਲਾਣਾਂ ਉਸ ਪੱਧਰ ਦਾ ਨਹੀ ਹੈ ਪਰ ਇਸਦੇ ਬਾਵਜੂਦ ਇਹ ਘਟਨਾ ਜਿਸ ਕਿਸਮ ਦੀਆਂ ਤਰੰਗਾਂ ਖਾਲਸਾ ਪੰਥ ਦੀ ਮਾਨਸਿਕਤਾ ਵਿੱਚ ਛੇੜ ਗਈ ਹੈ ਉਹ ਅਸਲੋਂ ਹੀ ਨਿਵੇਕਲੀਆਂ ਹਨ। ਕਿਸੇ ਇੱਕ ਵਿਅਕਤੀ ਦੀ ਮੌਤ ਤੇ ਪੰਥਕ ਮਾਨਸਿਕਤਾ ਵਿੱਚ ਏਨੀ ਵੱਡੀ ਉਥਲ ਪੁਥਲ ਹੋ ਜਾਣੀ ਅਤੇ ਖਾਸ ਕਰ ਸਿੱਖ ਜਵਾਨੀ ਵਿੱਚ ਇਹ ਕਾਫੀ ਅਚੰਭਾਜਨਕ ਵਰਤਾਰਾ ਹੈ। ਇਸ ਨਿਵੇਕਲੇ ਵਰਤਾਰੇ ਨੇ ਖਾਲਸਾ ਪੰਥ ਦੀ ਮਾਨਸਿਕਤਾ ਵਿੱਚ ਪਈਆਂ ਡੂੰਘੀਆਂ ਰਮਜ਼ਾਂ ਦੇ ਝਲਕਾਰੇ ਪੇਸ਼ ਕਰ ਦਿੱਤੇ ਹਨ। ਜੇ ਕੋਈ ਸਰਕਾਰ ਜਾਂ ਪੰਥਕ ਜਥੇਬੰਦੀਆਂ ਇਨ੍ਹਾਂ ਝਲਕਾਰਿਆਂ ਦੇ ਸੰਦੇਸ਼ ਨੂੰ ਇਮਾਨਦਾਰੀ ਨਾਲ ਪੜ੍ਹ ਤੇ ਸਮਝ ਲੈਣ ਤਾਂ ਇਹ ਉਨ੍ਹਾਂ ਲਈ ਕਾਫੀ ਲਾਹੇਵੰਦੀ ਗੱਲ ਹੋਵੇਗੀ।

ਸਿੱਖ ਨੌਜਵਾਨ ਹਾਲ ਦੀ ਘੜੀ ਉਦਾਸ ਹਨ। ਉਨ੍ਹਾਂ ਦੇ ਹੌਸਲੇ ਨਹੀ ਟੁੱਟੇ ਪਰ ਇੱਕ ਜਰਨੈਲ ਦੇ ਚਲੇ ਜਾਣ ਦਾ ਦਰਦ ਜਰੂਰ ਮਹਿਸੂਸ ਕਰ ਰਹੇ ਹਨ। ਵਾਰ ਵਾਰ ਉਨ੍ਹਾਂ ਦੇ ਮਨ ਵਿੱਚ ਇਹ ਵਲਵਲੇ ਉੱਠ ਰਹੇ ਹਨ ਕਿ ਦੀਪ ਸਿੱਧੂ ਤੇਰੀ ਸੋਚ ਵੇ ਪਹਿਰਾ ਦੇਵਾਂਗੇ ਠੋਕ ਕੇ।

ਕੀ ਹੈ ਦੀਪ ਸਿੱਧੂ ਦੀ ਸੋਚ। ਉਹ ਕੀ ਸਿਰਜਣਾਂ ਚਾਹੁੰਦਾ ਸੀ। ਸਿੱਖ ਜਵਾਨੀ ਨੂੰ ਉਹ ਕਿਹੜੀ ਸੇਧ ਦੇਣੀ ਚਾਹੁੰਦਾ ਸੀ?

ਵੈਸੇ ਤਾਂ ਕਿਸੇ ਵਰਤਾਰੇ ਵਰਗੇ ਬੰਦੇ ਦੀ ਸੋਚ ਦੀ ਅਸਲ ਪਰਿਭਾਸ਼ਾ ਤਾਂ ਉਹ ਆਪ ਹੀ ਦੇ ਸਕਦਾ ਹੁੰਦਾ ਹੈ ਪਰ ਜਿਨ੍ਹਾਂ ਕੁ ਉਸਦੇ ਵਿਚਾਰਾਂ ਨੂੰ ਸੁਣਕੇ ਅਤੇ ਉਨ੍ਹਾਂ ਦਾ ਅਧਿਐਨ ਕਰਕੇ ਸਾਨੂੰ ਸਮਝ ਆਈ ਹੈ ਉਹ ਅਸੀਂ ਸਿੱਖ ਸੰਗਤਾਂ ਨਾਲ ਸਾਂਝੀ ਕਰ ਰਹੇ ਹਾਂ।

ਦੀਪ ਸਿੱਧੂ ਦੀ ਸੋਚ ਦਾ ਕੇਂਦਰੀ ਧੁਰਾ, ਪੰਥ ਪਰਥਮ ਦੀ। ਉਸਦੀ ਹਰ ਸਰਗਰਮੀ ਅਤੇ ਵਿਚਾਰ ਦਾ ਕੇਂਦਰੀ ਤੱਤ ਪੰਥ ਸੀ। ਪੰਥ ਤੋਂ ਬਿਨਾ ਸੋਚਣਾਂ ਉਸ ਲਈ ਗੁਨਾਹ ਸੀ। ਹਰ ਸਮਾਜਕ, ਆਰਥਕ, ਸਿਆਸੀ ਅਤੇ ਵਿਚਾਰਧਾਰਕ ਸਰਗਰਮੀ ਨੂੰ ਦੀਪ ਸਿੱਧੂ ਗੁਰਮਤ ਦੀਆਂ ਸੇਧਾਂ ਅਨੁਸਾਰ ਸੋਚਦਾ, ਚਿਤਵਦਾ ਅਤੇ ਬਿਆਨ ਕਰਦਾ ਸੀ। ਰਵਾਇਤੀ ਸਿੱਖ ਲੀਡਰਸ਼ਿੱਪ ਜਿਸ ਵਿਚਾਰ ਨੂੰ ਦਹਾਕੇ ਪਹਿਲਾਂ ਛੱਡ ਚੁੱਕੀ ਸੀ ਦੀਪ ਸਿੱਧੂ ਨੇ ਉਸ ਪੰਥ ਵਸੇ ਮੈਂ ਉਜੜਾਂ ਦੇ ਵਿਚਾਰ ਨੂੰ ਸਿਰਫ ਬਿਆਨਿਆ ਹੀ ਨਹੀ ਬਲਕਿ ਉਜਾਗਰ ਵੀ ਕੀਤਾ। ਸੋ ਜਿਹੜੇ ਸਿੱਖ ਨੌਜਵਾਨ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣਾਂ ਚਾਹੁੰਦੇ ਹਨ ਉਨ੍ਹਾਂ ਨੂੰ ਪਹਿਲੀ ਗੱਲ ਇਹ ਪੱਲੇ ਬੰਨ੍ਹਣੀ ਚਾਹੀਦੀ ਹੈ ਸਾਡੀ ਜਿੰਦਗੀ ਦੇ ਪੰਥ ਪਰਥਮ ਅਤੇ ਗੁਰਮਤ ਦੀ ਸੇਧ ਤੋਂ ਬਿਨਾ ਕੋਈ ਅਰਥ ਨਹੀ ਹਨ। ਕੋਈ ਲਾਲਚ, ਕੋਈ ਡਰਾਵਾ ਅਤੇ ਕੋਈ ਭਰਿਸ਼ਟ ਸਰਗਰਮੀ ਗੁਰਮਤ ਦੀ ਇਸ ਸੇਧ ਤੋਂ ਬਿਨਾ ਨਾ ਚਿਤਵੀ ਜਾ ਸਕਦੀ ਹੈ ਅਤੇ ਨਾ ਹੀ ਅੱਗੇ ਵਧਾਈ ਜਾ ਸਕਦੀ ਹੈ।

ਦੀਪ ਸਿੱਧੂ ਦੀ ਸੋਚ ਅਤੇ ਸਰਗਰਮੀ ਦਾ ਦੂਜਾ ਮਹੱਤਵਪੂਰਨ ਤੱਤ ਸੀ ਸਿੱਖਾਂ ਦੀ ਨਿਆਰੀ ਕੌਮੀ ਹਸਤੀ। ਉਸ ਨੇ ਵਾਰ ਵਾਰ ਆਪਣੇ ਭਾਸ਼ਨਾ ਵਿੱਚ ਇਹ ਗੱਲ ਉਭਾਰੀ ਕਿ ਸਿੱਖ ਇੱਕ ਨਿਆਰੀ ਅਤੇ ਵੱਖਰੀ ਕੌਮ ਹੈ ਅਤੇ ਉਸਦਾ ਭਾਰਤ ਦੀਆਂ ਬਾਕੀ ਕੌਮਾਂ ਨਾਲੋਂ ਸਿਧਾਂਤਕ ਵਖਰੇਵਾਂ ਹੈ। ਸਿੱਖ ਕੌਮ ਦਾ ਸਿਰਫ ਬਾਹਰੀ ਖਾਸਾ ਹੀ ਵੱਖਰਾ ਨਹੀ ਹੈ ਬਲਕਿ ਸ੍ਰੀ ਗੁਰੂ ਗਰੰਥ ਸਾਹਿਬ ਦੇ ਰੂਪ ਵਿੱਚ ਇਸਦਾ ਆਪਣਾਂ ਵਿਚਾਰ ਪਰਬੰਧ ਵੀ ਵੱਖਰਾ ਹੈ। ਸੋ ਇਸ ਵੱਖਰੇ ਵਿਚਾਰ ਪਰਬੰਧ ਦੀ ਮਾਲਕ ਕੌਮ ਦੀਆਂ ਧਾਰਮਕ, ਸਮਾਜਕ ਆਰਥਕ ਅਤੇ ਸਿਆਸੀ ਲੋੜਾਂ ਤੇ ਸਰਗਰਮੀਆਂ ਵੀ ਭਾਰਤ ਦੀਆਂ ਬਾਕੀ ਕੌਮਾਂ ਨਾਲੋਂ ਨਿਆਰੀਆਂ ਹਨ।

ਦੀਪ ਸਿੱਧੂ ਦੀ ਸੋਚ ਦਾ ਤੀਜਾ ਤੱਤ ਇਹ ਹੈ ਕਿ ਖਾਲਸਾ ਆਮ ਮਨੁੱਖ ਨਹੀ ਹੈ ਬਲਕਿ ਖਾਸ ਮਨੁੱਖ ਹੈ। ਆਪਣੇ ਆਖਰੀ ਭਾਸ਼ਣਾਂ ਵਿੱਚ ਉਸਨੇ ਇਹ ਗੱਲ ਵਾਰ ਵਾਰ ਚਿਤਾਰੀ ਕਿ ਅਸੀਂ ਆਮ ਆਦਮੀ ਨਹੀ ਹਾਂ ਬਲਕਿ ਖਾਸ ਹਾਂ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਇਸਦਾ ਜਿਕਰ ਕੀਤਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੂੰ ਨਿਵਾਸ। ਦੁਨੀਆਂ ਦੇ ਇਤਹਾਸ ਵਿੱਚ ਖਾਸ ਹੋਣ ਦਾ ਮਾਣ ਦੋ ਕੌਮਾਂ ਨੂੰ ਪਰਾਪਤ ਹੋਇਆ ਹੈ। ਇੱਕ ਯਹੂਦੀ ਅਤੇ ਦੂਜੇ ਸਿੱਖ। ਜਿਹੜੀਆਂ ਕੌਮਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਖਾਸ ਬਣਾਕੇ ਸਿਰਜਿਆ ਹੈ, ਉਨ੍ਹਾਂ ਦੇ ਜਿੰਮੇ ਮਨੁੱਖਤਾ ਦੇ ਅਧਾਰ ਲਈ ਬਹੁਤ ਵੱਡੀਆਂ ਜਿੰਮੇਵਾਰੀਆਂ ਵੀ ਲਗਾਈਆਂ ਹਨ। ਇਸੇ ਲਈ ਖਾਲਸਾ ਜੀ ਦੇ ਜੀਵਨ ਨਾਲ ਜੋ ਰਹਿਤ ਰੂਪੀ ਡਸਿਪਲਨ ਲਗਾਇਆ ਗਿਆ ਹੈ ਉਹ ਕਿਸੇ ਹੋਰ ਕੌਮ ਦੇ ਜਿੰਮੇ ਨਹੀ ਆਇਆ। ਸੋ ਸਿੱਖ ਨੌਜਵਾਨਾਂ ਨੇ ਜੀਵਨ ਦੇ ਹਰ ਖੇਤਰ ਵਿੱਚ ਵਿਚਰਦਿਆਂ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਹੈ ਕਿ ਅਸੀਂ ਵਾਹਿਗੁਰੂ ਵੱਲੋਂ ਸਾਜੇ ਖਾਸ ਮਨੁੱਖ ਹਾਂ ਅਤੇ ਸਾਡੇ ਜਿੰਮੇ ਕੁਲ ਦੁਨੀਆਂ ਦੀ ਮੁਕਤੀ ਅਤੇ ਅਜ਼ਾਦੀ ਦੀ ਬਹੁਤ ਅਹਿਮ ਅਤੇ ਵੱਡੀ ਜਿੰਮੇਵਾਰੀ ਵਾਹਿਗੁਰੂ ਜੀ ਵੱਲੋਂ ਹੀ ਲਗਾਈ ਗਈ ਹੈ। ਜਿਹੜੇ ਖਾਸ ਮਨੁੱਖ ਹੁੰਦੇ ਹਨ ਉਹ ਕਿਸੇ ਵਿਰੋਧੀ ਦੀਆਂ ਦੋ ਟਕੇ ਦੀਆਂ ਗੱਲਾਂ ਤੇ ਉਲਾਰ ਹੋਕੇ ਉਸਨੂੰ ਜੁਆਬ ਦੇਣ ਜਾਂ ਗਾਲੀ ਗਲੋਚ ਨਹੀ ਕਰਨ ਬਹਿ ਜਾਂਦੇ। ਦੀਪ ਸਿੱਧੂ ਦੇ ਖਿਲਾਫ ਪਿਛਲੇ ਡੇਢ ਸਾਲ ਦੌਰਾਨ ਕੀ ਕੀ ਨਹੀ ਕਿਹਾ ਗਿਆ। ਉਸਨੂੰ ਗਦਾਰ ਅਤੇ ਭਰਿਸ਼ਟ ਤੱਕ ਆਖਿਆ ਗਿਆ ਪਰ ਉਸਨੇ ਕਦੇ ਵੀ ਆਪਣੇ ਮੁਰਾਤਬੇ ਤੋਂ ਥੱਲੇ ਡਿਗਕੇ ਕਿਸੇ ਨੂੰ ਪਲਟਵਾਂ ਜੁਆਬ ਨਹੀ ਦਿੱਤਾ। ਇਹ ਖਾਸ ਹੋਣ ਦੀ ਨਿਸ਼ਾਨੀ ਹੁੰਦੀ ਹੈ। ਖਾਲਸਾ ਮੇਰੋ ਰੂਪ ਹੈ ਖਾਸ।

ਦੀਪ ਸਿੱਧੂ ਦੀ ਸੋਚ ਦਾ ਅਗਲਾ ਪਹਿਲੂ ਇਹ ਸੀ ਕਿ ਸਿੱਖ ਕੌਮ ਨੇ ਇਸ ਧਰਤੀ ਤੇ ਆਪਣੀ ਪਰਭੂਸੱਤਾ ਮਾਣੀ ਹੈ। ਉਸ ਮਹਾਨ ਪਰਭੂਸੱਤਾ ਦੀਆਂ ਯਾਦਾਂ ਸਾਡੇ ਰੋਮ ਰੋਮ ਵਿੱਚ ਵਸੀਆਂ ਪਈਆਂ ਹਨ। ਅਤੇ ਇਤਿਹਾਸ ਦੇ ਕਿਸੇ ਖਾਸ ਮੋੜ ਤੇ ਆਕੇ ਅਸੀਂ ਉਹ ਪਰਭੂਸੱਤਾ ਮੁੜ ਤੋਂ ਹਾਸਲ ਕਰਨੀ ਹੈ। ਸੋ ਸਿੱਖ ਨੌਜਵਾਨਾਂ ਦੀ ਸਰਗਰਮੀ ਦਾ ਕੇਂਦਰ ਦੀਪ ਦੀ ਇਹ ਸੋਚ ਬਣੀ ਰਹਿਣੀ ਚਾਹੀਦੀ ਹੈ ਕਿ ਜਿਹੜੀ ਪਰਭੂਸੱਤਾ ਖਾਲਸਾ ਪੰਥ ਨੇ ਮਾਣੀ ਹੈ ਉਹ ਕਿਸੇ ਨਾ ਕਿਸੇ ਦਿਨ ਮੁੜ ਤੋਂ ਹਾਸਲ ਕਰਨੀ ਹੈ। ਇਸਦੇ ਨਾਲ ਹੀ ਅਸੀਂ ਇਹ ਵੀ ਚੇਤੇ ਕਰਵਾ ਦੇਈਏ ਕਿ, ਜਿਹੜੇ ਲੋਕ ਖਾਸ ਹੁੰਦੇ ਹਨ ਉਨ੍ਹਾਂ ਦੀ ਪਰਭੂਸੱਤਾ ਵੀ ਖਾਸ ਹੁੰਦੀ ਹੈ। ਖਾਲਸਾ ਜੀ ਨੇ ਜਿਹੜੀ ਪਰਭੂਸੱਤਾ ਹਾਸਲ ਕਰਨੀ ਹੈ ਉਹ ਦੁਨਿਆਵੀ ਰੰਗਾਂ ਵਾਲੀ ਨਹੀ ਹੋਵੇਗੀ। ਉਸਦੇ ਨਿਸ਼ਾਨੇ ਕੁਲ ਦੁਨੀਆਂ ਦੀ ਮਨੁੱਖਤਾ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਦੇਣ ਦੇ ਹੋਣੇ ਚਾਹੀਦੇ ਹਨ।

ਦੀਪ ਸਿੱਧੂ ਦੀ ਸੋਚ ਦਾ ਇੱਕ ਹੋਰ ਪਹਿਲੂ ਇਹ ਸੀ ਕਿ ਵਰਤਮਾਨ ਸਮੇਂ ਦੀ ਗੰਧਲੀ ਰਾਜਨੀਤੀ ਦੇ ਵਿੱਚ ਵਿਚਰਦਿਆਂ ਹੀ ਖਾਲਸਾਈ ਪਰੰਪਰਾ ਵਾਲੀ ਰਾਜਨੀਤੀ ਅਤੇ ਰਾਜਨੀਤਿਕ ਧਿਰ ਉਸਾਰਨੀ ਜੋ ਫਿਰ ਮਹਾਨ ਪਰਭੂਸੱਤਾ ਹਾਸਲ ਕਰਨ ਦੇ ਨਿਸ਼ਾਨੇ ਲਈ ਗੁਰਮਤ ਦੀ ਸੇਧ ਅਧੀਨ ਸਰਗਰਮੀ ਕਰੇ। ਸਿਮਰਨਜੀਤ ਸਿੰਘ ਮਾਨ ਦੇ ਪਾਰਟੀ ਦੇ ਹੱਕ ਵਿੱਚ ਆਉਣ ਦਾ ਉਸਦਾ ਨਿਸ਼ਾਨਾ ਇਹ ਹੀ ਸੀ ਕਿ ਇਸ ਗੰਧਲੇ ਸਿਸਟਮ ਦੀਆਂ ਘਟੀਆ ਰਵਾਇਤਾਂ ਕਾਰਨ ਜਿਹੜੀ ਸਿੱਖ ਵੋਟ ਬੇਗਾਨਿਆ ਅਤੇ ਦੁਸ਼ਮਣਾਂ ਦੇ ਵਸ ਪੈ ਗਈ ਹੈ ਉਸਦੀ ਗੈਰਤ ਨੂੰ ਝੰਜੋੜ ਕੇ ਉਸਨੂੰ ਪੰਥਕ ਵਿਚਾਰ ਅਧੀਨ ਸੰਗਠਤ ਕੀਤਾ ਜਾਵੇ।

ਵਰਤਮਾਨ ਗੰਧਲੇ ਸਿਸਟਮ ਵਿੱਚ ਵੀ ਕੋਈ ਕੌਮ ਕਿਸ ਤਰ੍ਹਾਂ ਆਪਣਾ ਬਣਦਾ ਹਿੱਸਾ ਹਾਸਲ ਕਰਨ ਲਈ ਸੰਗਠਤ ਹੋ ਸਕਦੀ ਹੈ ਇਸਦਾ ਦੀਪ ਸਿੱਧੂ ਨੂੰ ਗਿਆਨ ਸੀ। ਉਸਦੀ ਮੌਤ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਸਿੱਖ ਜਵਾਨੀ ਦਾ ਜੋ ਝੁਕਾਅ ਪੈਦਾ ਹੋਇਅ ਉਹ ਇੱਕ ਵੱਡੀ ਪਰਾਪਤੀ ਸੀ। ਬੇਸ਼ੱਕ ਨਿਸ਼ਾਨਾ ਫੈਡਰਲ ਢਾਂਚੇ ਦੇ ਵਿਸਥਾਰ,ਪਰਭੂਸੱਤਾ ਅਤੇ ਪਾਤਸ਼ਾਹੀ ਦਾਅਵੇ ਦਾ ਸੀ ਪਰ ਫੌਰੀ ਕਰਨਯੋਗ ਕਾਰਜ ਇਹੋ ਸੀ ਕਿ ਸਿੱਖਾਂ ਦੀ ਸਿਆਸੀ ਕੌਮੀ ਚੇਤੰਨਤਾ ਨੂੰ ਜਗਾਇਆ ਜਾਵੇ ਤਾਂ ਕਿ ਆਪਣੇ ਵੱਡੇ ਨਿਸ਼ਾਨੇ ਹਾਸਲ ਕਰਨ ਲਈ ਸਰਗਰਮੀ ਅਰੰਭ ਕੀਤੀ ਜਾ ਸਕੇ। ਕੌਮ ਦਾ ਜੋ ਹਿੱਸਾ ਬੇਗਾਨਿਆਂ ਅਤੇ ਦੁਸ਼ਮਣਾਂ ਦੇ ਵਸ ਪੈ ਗਿਆ ਸੀ, ਦੀਪ ਸਿੱਧੂ ਨੇ ਉਸਨੂੰ ਪੰਥਕ ਮੁੱਖਧਾਰਾ ਵਿੱਚ ਲਿਆਉਣ ਦਾ ਪਹਿਲਾ ਮੋਕਲਾ ਯਤਨ ਕੀਤਾ। ਅਗਰ ਉਸਨੂੰ ਕੁਝ ਸਮਾਂ ਮਿਲ ਜਾਂਦਾ ਤਾਂ ਉਸਨੇ ਸਿੱਖ ਨੌਜਵਾਨਾਂ ਦੀਆਂ ਸੁੱਤੀਆਂ ਪਈਆਂ ਕਲਾਵਾਂ ਜਗਾਉਣ ਦੇ ਹੋਰ ਯਤਨ ਕਰਨੇ ਸਨ।

ਸੋ ਸੰਖੇਪ ਵਿੱਚ ਜਿਹੜੇ ਨੌਜਵਾਨ ਦੀਪ ਸਿੱਧੂ ਦੀ ਸੋਚ ਤੇ ਪਹਿਰਾ ਦੇਣਾਂ ਚਾਹੁੰਦੇ ਹਨ ਉਨ੍ਹਾਂ ਲਈ ਇਹੋ ਹੀ ਬੇਨਤੀ ਹੈ ਕਿ ਹਰ ਸਰਗਰਮੀ, ਗੁਰੂ ਗਰੰਥ ਸਾਹਿਬ ਦੀ ਸੇਧ ਵਿੱਚ ਕਰਨੀ ਹੈ, ਪੰਥ ਪਰਥਮ ਦੇ ਵਿਚਾਰ ਨੂੰ ਕੇਂਦਰ ਵਿੱਚ ਰੱਖਣਾਂ ਹੈ, ਖੁਸੀ ਹੋਈ ਪਰਭੂਸੱਤਾ ਨੂੰ ਹਾਸਲ ਕਰਨ ਲਈ ਯਤਨਸ਼ੀਲ ਰਹਿਣਾਂ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਯਾਦ ਰੱਖਣੀ ਹੈ ਕਿ ਅਸੀਂ ਵਾਹਿਗੁਰੂ ਦੇ ਖਾਸ ਮਨੁੱਖ ਹਾਂ ਇਸ ਲਈ ਸਾਡਾ ਕਿਰਦਾਰ ਵੀ ਸਮੁੱਚੀ ਦੁਨੀਆਂ ਨਾਲੋਂ ਵੱਖਰਾ ਹੋਣਾਂ ਚਾਹੀਦਾ ਹੈ। ਅਸੀਂ ਵੱਖਰੇ ਅਤੇ ਨਿਆਰੇ ਇਸੇ ਕਰਕੇ ਹਾਂ ਕਿਉਂਕਿ ਗੁਰੂ ਨੇ ਸਾਨੂੰ ਦੋਸਤਾਂ ਅਤੇ ਦੁਸ਼ਮਣਾਂ ਨਾਲ ਪੇਸ਼ ਆਉਣ ਦੀਆਂ ਵੱਡੀਆਂ ਰੁਹਾਨੀ ਸੇਧਾਂ ਬਖਸ਼ੀਆਂ ਹਨ ਜਿਨ੍ਹਾਂ ਦੀ ਅਸੀਂ ਹਰ ਪਲ ਪਾਲਣਾ ਕਰਨੀ ਹੈ।