ਦੁਨੀਆਂ ਵਿੱਚ ਅੱਜ ਤੋਂ ਤਕਰੀਬਨ ੩੦ ਸਾਲ ਪਹਿਲਾਂ ਵੱਡੀ ਤਬਦੀਲੀ ਆਈ ਸੀ। ਜਿਸ ਵਿੱਚ ਦੁਨੀਆਂ ਦੀ ਇੱਕ ਵੱਡੀ ਸਮਝੀ ਜਾਂਦੀ ਤਾਕਤ ਸੋਵੀਅਤ ਯੂਨੀਅਨ ਦੇਸ਼ ਆਪਣੇ ਹੀ ਲੋਕਾਂ ਦੇ ਅੰਦਰੂਨੀ ਦਬਾਅ ਹੇਠਾਂ ਤੇ ਹੋਰ ਰਾਜਨੀਤਕ ਤੇ ਸਮਾਜਿਕ ਕਾਰਨਾਂ ਕਰਕੇ ੧੫ ਨਵੇਂ ਦੇਸ਼ਾਂ ਵਿੱਚ ਵੰਡਿਆ ਗਿਆ ਸੀ। ਇਸੇ ਤਰਾਂ ਇਸ ਤੋਂ ਬਾਅਦ ੧੯੮੯ ਵਿੱਚ ਪੂਰਬੀ ਯੂਰਪ ਦੇ ਦੇਸ਼ ਜੋ ਕਿ ਸੋਵੀਅਤ ਯੂਨੀਅਨ ਦੇ ਨਾਲ ਜੁੜੇ ਹੋਏ ਸਨ ਉਹ ਵੀ ਉਸ ਸਮੇਂ ਸੱਭਿਅਕ ਤੇ ਸਮਾਜਿਕ ਲੋਕਾਂ ਦੇ ਰੋਹ ਅਤੇ ਇੱਕਠ ਅੱਗੇ ਖੜ ਨਹੀਂ ਸਕੇ ਅਤੇ ਤਾਸ਼ ਦੇ ਪੱਤਿਆਂ ਵਾਂਗ ਕਿਰਦੇ ਹੋਏ ਸੱਤਾਵਾਨ ਸੱਤਾ ਸਮੇਤ ਖਿੱਲਰ ਗਏ। ਫੇਰ ਨਵੀਂ ਇੱਕ ਆਸ ਦੀ ਕਿਰਨ ਅਧੀਨ ਜਰਮਨੀ ਦਾ ਇੱਕਠਿਆ ਹੋਣਾਂ ਤੇ ਹੋਰ ਇੰਨਾਂ ਦੇਸ਼ਾਂ ਵਿੱਚ ਸੱਤਾ ਵਿੱਚ ਆਈ ਨਵੀਂ ਤਬਦੀਲੀ ਨੇ ਇੱਕ ਨਵੀਂ ਆਸ-ਉਮੀਦ ਨੂੰ ਜਨਮ ਦਿੱਤਾ ਸੀ। ਇਸ ਸਾਰੇ ਸਮਾਜਿਕ ਰੋਹ ਜਿਸਦੀ ਅਗਵਾਈ ਬਹੁਤੀ ਨੌਜਵਾਨ ਹਿੱਸੇ ਵੱਲੋਂ ਕੀਤੀ ਗਈ ਸੀ ਨੇ ਉਸ ਸੱਭਿਅਕ ਰੋਹ ਨੂੰ ਇੱਕ ਨਵੀਂ ਸੋਚ ਤੇ ਸੱਭਿਅਕ ਸਮਾਜਿਕ ਲਹਿਰ ਨੂੰ ਜਨਮ ਦਿੱਤਾ ਸੀ। ਜਿਸਨੂੰ ਸਿਵਲ ਸੁਸਾਇਟੀ ਦਾ ਵੀ ਨਾਮ ਦਿੱਤਾ ਗਿਆ ਜੋ ਅਜਾਦਾਨਾ ਤੌਰ ਤੇ ਦੇਸ਼ ਦੀ ਸੱਤਾ ਅਤੇ ਉਸ ਨਾਲ ਜੁੜੀਆਂ ਸੱਤਾ ਦੀਆਂ ਸੰਸਥਾਵਾਂ ਦੇ ਬਰਾਬਰ ਇੱਕ ਲੋਕ ਲਹਿਰ ਦੇ ਵਾਂਗ ਉਭਰੀ ਸੀ ਤਾਂ ਜੋ ਆਮ ਲੋਕਾਂ ਤੇ ਨਾਗਰਿਕਾਂ ਵੱਲੋਂ ਇੱਕ ਬਰਾਬਰ ਨਾਗਰਿਕ ਮੰਚ ਉਸਾਰਿਆ ਜਾ ਸਕੇ।

ਇਸ ਤਰਾਂ ਦਾ ਵਰਤਾਰਾ ਭਾਰਤ ਵਿੱਚ ਵੀ ਪਿਛਲੀ ਸਰਕਾਰ ਵੇਲੇ ਅੰਨਾ ਹਜ਼ਾਰੇ ਦੀ ਅਗਵਾਈ ਹੇਠਾਂ ਜੋ ਇੱਕ ਸਮਾਜਿਕ ਕਾਰ ਕੁੰਨ ਹੈ ਸਮੇਂ ਉਭੱਰਿਆ ਸੀ। ਉਸ ਨੇ ਸਮੇਂ ਦੀ ਕੇਂਦਰੀ ਸਰਕਾਰ ਤੇ ਲੋਕਾਂ ਦੇ ਜ਼ਜਬਿਆਂ ਦਾ ਦਬਾਅ ਬਣਾਉਣ ਵਿੱਚ ਕਾਫੀ ਅਹਿਮ ਰੋਲ ਅਦਾ ਕੀਤਾ ਸੀ। ਇਸੇ ਲੋਕ ਜ਼ਜਬੇ ਤੇ ਰੋਹ ਵਿਚੋਂ ਅਰਵਿੰਦ ਕੇਜ਼ਰੀਵਾਲ ਤੇ ਹੋਰ ਅੰਨਾ ਹਜ਼ਾਰੇ ਦੀ ਲਹਿਰ ਨਾਲ ਜੁੜੇ ਕਾਰਕੁੰਨਾਂ ਵੱਲੋਂ ਰਲ ਕੇ ਇੱਕ ਨਵੀਂ ਰਾਜਨੀਤਿਕ ਸੋਚ ਤੇ ਆਮ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਰਾਜਨੀਤਿਕ ਪਾਰਟੀ ਆਮ ਆਦਮੀ ਪਾਰਟੀ ਦੀ ਸਿਰ ਜਣਾ ਕੀਤੀ ਸੀ। ਇਸ ਆਈ ਨਵੀਂ ਤਬਦੀਲੀ ਨੂੰ ਸ਼ੁਰੂ ਵਿੱਚ ਦਿੱਲੀ ਅਤੇ ਪੰਜਾਬ ਵਿੱਚ ੨੦੧੪ ਦੀਆਂ ਰਾਸ਼ਟਰੀ ਚੋਣਾਂ ਵਿੱਚ ਕਾਫੀ ਹੁੰਗਾਰਾ ਮਿਲਿਆ ਸੀ। ਇਹ ਇੱਕ ਸੱਭਿਅਕ ਸਮਾਜ ਦੀ ਲਹਿਰ ਵਜੋਂ ਲੋਕਾਂ ਵਿੱਚ ਬੜੀ ਤੇਜੀ ਨਾਲ ਉਭਰੀ, ਜਿਸ ਨੇ ਨੌਜਵਾਨ ਤਬਕਾ ਜੋ ਕਿ ਆਪਣੀ ਬੇਰੁਜ਼ਗਾਰੀ ਅਤੇ ਹੋਰ ਨੌਜਵਾਨੀ ਨਾਲ ਜੁੜੀਆ ਸਮੱਸਿਆਵਾਂ ਕਰਕੇ ਸੰਸਥਾਪਕ ਰਾਜਸੀ ਪਾਰਟੀਆਂ ਤੋਂ ਅੱਕ ਚੁੱਕਿਆ ਸੀ ਨੂੰ ਆਪਣੇ ਨਾਲ ਜੋੜਿਆ। ਇਸ ਸੱਭਿਅਕ ਸਮਾਜਕ ਲਹਿਰ ਵਿੱਚ ਉਮੀਦ ਤ ਆਸ ਨੂੰ ਸਮਝਦਿਆਂ ਪੂਰੇ ਜੋਰ ਸ਼ੋਰ ਨਾਲ ਹਿੱਸਾ ਲੈਣ ਲਈ ਨੌਜਵਾਨ ਤਬਕਾ ਅੱਗੇ ਆਇਆ।

ਇਸੇ ਹੀ ਲੀਹ ਤੇ ਚੱਲਦਿਆਂ ਤੇ ਇਸਦੇ ਪ੍ਰਭਾਵ ਨੇ ਗੁਜਰਾਤ ਜਿਥੇ ਲੰਮੇ ਸਮੇਂ ਤੋਂ ਮੌਜੂਦਾ ਕੇਂਦਰੀ ਸੱਤਾ ਤੇ ਸੱਤਾਧਾਰ ਪਾਰਟੀ ਦਾ ਬੋਲਬਾਲਾ ਤੇ ਰਾਜ ਹੈ, ਦੇ ਵਿਦਰੋਹ ਵਿੱਚ ਤਿੰਨ ਨਵੇਂ ਨੌਜਵਾਨ ਚਿਹਰੇ ਜਿੰਨਾ ਦੀ ਵਿਚਾਰਧਾਰਾ ਭਾਵੇਂ ਵੱਖੋ-ਵੱਖ ਹੈ, ਆਪਣੀ ਯੋਗਤਾ ਦਿਖਾਉਂਦਿਆ ਉੱਭਰ ਕੇ ਸਾਹਮਣੇ ਆਏ ਹਨ। ਇਹ ਤਿੰਨਾਂ ਨੌਜਵਾਨਾਂ ਵਿੱਚ ਇੱਕ ਹੈ, ਜਿਗਵੇਸ਼ ਮੇਵਾਨੀ ਜੋ ਕਿ ਦਲਿਤ ਸਮਾਜ ਨਾਲ ਸਬੰਧਿਤ ਤੇ ਕਿੱਤੇ ਵਜੋਂ ਵਕੀਲ ਹੈ ਸਭ ਤੋਂ ਪ੍ਰਭਾਵਸ਼ਾਲੀ ਸ਼ਖਸ਼ੀਅਤ ਹੈ ਜਿਸਨੇ ਇੱਕਲੇ ਗੁਜ਼ਰਾਤ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਅਨਕਾਂ ਹਿੱਸਿਆਂ ਵਿੱਚ ਨੌਜਵਾਨ ਪੀੜੀ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਇਹ ਸਖਸ਼ ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ਅਤੇ ਬਾਕੀ ਦਬੇ-ਕੁਚਲੇ ਲੋਕਾਂ ਦੀ ਬੁਲੰਦ ਅਵਾਜ ਬਣ ਕੇ ਉੱਭਰ ਰਿਹਾ ਹੈ ਇਸ ਸਮੇਂ ਮੌਜੂਦਾ ਸੱਤਾਧਾਰੀ ਪਾਰਟੀ ਦੇ ਜਬਰਦਸਤ ਵਿਰੋਧ ਤੇ ਸਰਕਾਰੀ ਦਬਾਅ ਦੇ ਬਾਵਜੂਦ ਅਜ਼ਾਦ ਤੌਰ ਤੇ ਐਮ.ਐਲ.ਏ ਵਜੋਂ ਚੁਣਿਆ ਗਿਆ ਹੈ।

ਇਸੇ ਤਰਾਂ ਇੱਕ ਹੋਰ ਪ੍ਰਭਾਵਸ਼ਾਲੀ ਨੌਜਵਾਨ ਹਾਰਦਿਕ ਪਟੇਲ ਜੋ ਕਿ ਆਪਣੇ ਭਾਈ ਚਾਰੇ ਪਟੇਲਾਂ ਦਾ ਇੱਕ ਜਬਰਦਸ਼ਤ ਬੁਲਾਰਾ ਤੇ ਪ੍ਰਧੀਨਿਧ ਹੈ, ਅਨੇਕਾਂ ਸਰਕਾਰੀ ਦਬਾਵਾਂ ਦੇ ਬਾਵਜੂਦ ਉਭਰ ਕੇ ਸਿਆਸੀ ਮੰਚ ਤੇ ਆਇਆ ਹੈ ਇਸ ਨੇ ਵੀ ਆਪਣੀ ਪਛਾਣ ਗੁਜਰਾਤੀ ਨੌਜਵਾਨੀ ਤੇ ਭਾਰਤ ਦੇ ਕਾਫੀ ਨੌਜਵਾਨਾਂ ਵਿੱਚ ਬਣਾਈ ਹੈ। ਇਹ ਵੀ ਹੁਣ ਪਹਿਲੀ ਵਾਰ ਰਾਜਨੀਤਿਕ ਮੰਚ ਤੇ ਲੋਕਾਂ ਦਾ ਪ੍ਰਤੀਨਿਧ ਐਮ.ਐਲ.ਏ ਬਣ ਕੇ ਉਭਰਿਆ ਹੈ। ਇਸੇ ਤਰਾਂ ਇੱਕ ਹੋਰ ਨੌਜਵਾਨ ਗੁਜਰਾਤ ਵਿੱਚ ਅਲਪੇਸ਼ ਠਾਕਰ ਜੋ ਕਿ ਸਮਾਜ ਦੇ ਪਛੜੇ ਦਲਿਤ ਵਰਗ ਤੇ ਹੋਰ ਪਿਛੜੇ ਵਰਗਾਂ ਦੇ ਪ੍ਰਤੀਨਿਧ ਵਜੋਂ ਬੜੀ ਤੇਜੀ ਨਾਲ ਉਭਰ ਰਿਹਾ ਹੈ ਤੇ ਹੁਣ ਇਹ ਕਾਂਗਰਸ ਪਾਰਟੀ ਵੱਲੋਂ ਗੁਜਰਾਤ ਅੰਦਰ ਪਹਿਲੀ ਵਾਰ ਐਮ.ਐਲ.ਏ. ਵਜੋਂ ਸਾਹਮਣੇ ਆਇਆ ਹੈ। ਇੰਨਾ ਤਿੰਨੇ ਨੌਜਵਾਨਾਂ ਨੇ ਅੱਜ ਭਾਰਤ ਅੰਦਰ ਕੇਂਦਰੀ ਸੱਤਾਧਾਰੀ ਪਾਰਟੀ ਵੱਲੋਂ ਖਿਲਾਹੀ ਗਈ ਸੱਭਿਅਕ ਸਮਾਜਕ ਲੀਹ ਨੂੰ ਮੁੜ ਸਿਰਜਣ ਤੇ ਇੱਕਤਰ ਕਰਨ ਲਈ ਆਪਣੇ ਨਿਜੀ ਮੱਤਭੇਦ ਪਿਛੇ ਰੱਖ ਕੇ ਇੱਕ ਨਵੀਂ ਸੋਚ ਵਜੋਂ ਭਾਰਤ ਅੰਦਰ ਖਿੱਲਰ ਰਹੀ ਸਰਕਾਰੀ ਪਬਲਿਕ ਸਿੱਖਿਆ, ਸਿਹਤ ਸੇਵਾਵਾਂ, ਕਿਸਾਨੀ ਦੀ ਹੋ ਰਹੀ ਦੁਰ ਦਸ਼ਾ ਤੇ ਬੇਰੁਜ਼ਗਾਰੀ ਵਰਗੇ ਦੈਂਤ ਜੋ ਨੌਜਵਾਨ ਵਰਗ ਨੂੰ ਘੇਰੀ ਬੈਠੇ ਹਨ, ਪ੍ਰਤੀ ਇੱਕਠਿਆ ਤੌਰ ਤੇ ਜੱਥੇਬੰਦ ਹੋਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਸੱਤਾ ਤੇ ਬੈਠੇ ਸੱਤਾਧਾਰੀਆਂ ਨੂੰ ਇੱਕ ਸੱਜਰੀ ਅਤੇ ਬੁਲੰਦ ਅਵਾਜ ਨਾਲ ਅਜਿਹੇ ਵਿਸ਼ਿਆਂ ਪ੍ਰਤੀ ਸੰਜੀਦਗੀ ਅਪਨਾਉਣ ਲਈ ਹਲੂਣਾ ਦੇਣ ਦੇ ਦੀ ਕੋਸ਼ਿਸ ਕੀਤੀ ਜਾ ਸਕੇ ਤੇ ਜਿਸ ਰਾਹੀਂ ਉਹ ਅੱਜ ਰਾਸ਼ਟਰੀ ਮੰਚ ਤੇ ਉਭਰੇ ਹਨ।

ਇਸੇ ਤਰਾਂ ਦਿਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚੋਂ ਇੱਕ ਹੋਰ ਨੌਜਵਾਨ ਅਵਾਜ ਪਿਛਲੇ ਸਮੇਂ ਵਿੱਚ ਘਨੱਈਆ ਕੁਮਾਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਈ ਹੈ। ਇਸੇ ਹੀ ਵਿਸ਼ਵ ਵਿਦਿਆਲਾ ਵਿਚੋਂ ਖਾਇਦ ਉਮਰ ਦੀ ਅਵਾਜ ਵੀ ਨੌਜਵਾਨ ਮੰਚ ਰਾਹੀਂ ਰਾਸ਼ਟਰ ਸਾਹਮਣੇ ਆਈ ਹੈ। ਇੱਕ ਹੋਰ ਨੌਜਵਾਨ ਸਿੱਖ ਕੁੜੀ ਗੁਰਮੇਹਰ ਕੌਰ ਨੇ ਵੀ ਆਪਣੀ ਪਛਾਣ ਬਣਾਈ ਹੈ। ਇੰਨਾ ਸਾਰਿਆ ਨੇ ਭਾਰਤ ਅੰਦਰ ਵਧ ਰਹੇ ਫਾਸੀਵਾਦ ਦਾ ਵਰਤਾਰਾ ਤੇ ਹਿੰਦੂ ਕੱਟੜ ਵਿਚਾਰਧਾਰਾ ਦੀ ਦ੍ਰਿਸ਼ਟੀ ਅਧੀਨ ਚਲਾਈ ਜਾ ਰਹੀ ਰਾਸ਼ਟਰਵਾਦੀ ਸੋਚ ਨੂੰ, ਜੋ ਕਿ ਭਾਰਤੀ ਸਮਾਜ ਅੱਗੇ ਬਹੁਤ ਵੱਡੀ ਚੁਣੌਤੀ ਬਣ ਗਈ ਹੈ ਨੂੰ ਆਪਣੇ ਪ੍ਰਭਾਵਸ਼ਾਲੀ ਨਜ਼ਰੀਏ ਨਾਲ ਵੱਡੀ ਚੁਣੌਤੀ ਦਿੱਤੀ ਹੈ ਤੇ ਇੱਕ ਭਾਰਤੀ ਰਾਜ ਮੰਚ ਤੇ ਨੌਜਵਾਨ ਅਵਾਜ ਨੂੰ ਲਿਆਦਾਂ ਹੈ।

ਇਥੇ ਇਹ ਗੱਲ ਵੀ ਵਿਚਾਰ ਕਰਨੀ ਬਣਦੀ ਹੈ ਕਿ ਸਿੱਖ ਕੌਮ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਜੋ ਕਿ ਆਪ ਆਪਣੀ ਸ਼ਹੀਦੀ ਸਮੇਂ ੩੭ ਵਰਿਆ ਦੇ ਨੌਜਵਾਨ ਸਨ, ਦੀ ਪ੍ਰਭਾਵਸ਼ਾਲੀ ਸ਼ਖਸੀਅਤ ਜਿਸਨੇ ਸਿੱਖ ਨੌਜਵਾਨੀ ਅਤੇ ਸਿੱਖ ਭਾਈਚਾਰੇ ਵਿੱਚ ਸਿੱਖ ਪ੍ਰਤੀ ਨਵੀਂ ਜਾਗ੍ਰਿਤਾ ਉਤਪੰਨ ਕੀਤੀ ਸੀ, ਦੀ ਸ਼ਹੀਦੀ ਤੋਂ ਬਾਅਦ ਇੰਨੇ ਦਹਾਕੇ ਬੀਤਣ ਦੇ ਬਾਅਦ ਵੀ ਕੋਈ ਨਵੀਂ ਸੱਜਰੀ ਨੌਜਵਾਨ ਅਵਾਜ ਸਿੱਖ ਮੰਚ ਅਤੇ ਪੰਜਾਬ ਅੰਦਰ ਪੈਦਾ ਨਹੀਂ ਹੋ ਸਕੀ ਹੈ। ਜੋ ਗੁਜਰਾਤੀ ਨੌਜਵਾਨਾਂ ਤੇ ਦਿੱਲੀ ਵਿਸਵ ਵਿਦਿਆਲੇ ਦੇ ਨੌਜਵਾਨਾਂ ਵਾਂਗ ਸਿੱਖ ਨੌਜਵਾਨੀ ਤੇ ਮੁੜ ਤੋਂ ਪੰਜਾਬ ਦੇ ਰਾਜਨੀਤਿਕ ਤੇ ਸਮਾਜਿਕ ਮੰਚ ਤੇ ਕੋਈ ਪ੍ਰਭਾਵਸ਼ਾਲੀ ਜਾਗ੍ਰਿਕਤਾ ਪੈਦਾ ਕਰ ਸਕੇ ਤੇ ਪੰਜਾਬ ਅੰਦਰ ਵਿਚਰ ਰਹੀਆਂ ਥੱਕਿਆਂ ਚਿਹਰਿਆਂ ਵਾਲੀਆਂ ਉਮਰਾਂ ਹੰਢਾ ਚੁੱਕੀਆਂ ਅਵਾਜਾਂ ਤੋਂ ਨਿਜ਼ਾਤ ਦਿਵਾ ਸਕੇ। ਇਸੇ ਨੌਜ਼ਵਾਨ ਸਜ਼ਰੀ ਆਵਾਜ਼ ਦੀ ਘਾਟ ਅਤੇ ਰਵਾਇਤੀ ਅਕਾਲੀ ਦਲਾਂ ਦੀਆਂ ਸਮਾਂ ਗੁਆ ਚੁਕੀਆਂ ਦਲੀਲਾਂ ਤੇ ਅਪੀਲਾਂ ਸਦਕਾ ਹੀ ਸਿੱਖ ਨੌਜਵਾਨ ਪੀੜੀ ਕੁਝ ਸਮੇਂ ਲਈ ਆਮ ਆਦਮੀ ਪਾਰਟੀ ਵੱਲ ਆਕਰਸ਼ਿਤ ਹੋਈ ਸੀ ਜਿਥੋਂ ਵੀ ਸਭ ਨੂੰ ਨਿਰਾਸ਼ਾ ਹੀ ਮਿਲੀ ਹੈ।