ਫਤਿਹਗੜ੍ਹ ਸਾਹਿਬ ਵਿਚ ਹੋਇਆ ਇਕੱਠ ਅਤੇ ਇਸ ਤੋਂ ਪਹਿਲਾਂ ੨੦੧੨ ਤੋਂ ਲੈ ਕੇ ਪੰਜ ਵਾਰ ਹੋਇਆ ਅਜਿਹਾ ਹੀ ਇਕੱਠ ਪੰਜਾਬ ਦੇ ਸਿੱਖ ਨੌਜਵਾਨਾਂ ਵਿਚ ਮੌਜੂਦਾ ਸਿੱਖ ਰਾਜਨੀਤੀ ਅਤੇ ਇਸ ਦੀ ਲੀਡਰਸ਼ਿਪ ਪ੍ਰਤੀ ਗੁੱਸੇ ਅਤੇ ਅਸੰਤੋਸ਼ ਨੂੰ ਜ਼ਾਹਿਰ ਕਰਦਾ ਹੈ। ਪੰਜਾਬ ਦੇ ਸਿੱਖ ਨੌਜਵਾਨਾਂ ਵਿਚ ਗੁੱਸਾ ਅਤੇ ਨਿਰਾਸ਼ਾ ਬਹੁਤ ਗਹਿਰਾ ਘਰ ਕਰ ਚੁੱਕੀ ਹੈ। ਅਗਰ ਅਸੀ ਆਪਣੀਆਂ ਅੱਖਾਂ ਖੁੱਲੀਆਂ ਰੱਖੀਏ ਅਤੇ ਕੰਧ ’ਤੇ ਲਿਖਿਆ ਪੜ੍ਹੀਏ ਤਾਂ ਇਸ ਗੁੱਸੇ ਅਤੇ ਅਸੰਤੋਸ਼ ਨੂੰ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।

ਪੰਜਾਬ ਵਿਚ ਵਾਪਰ ਰਹੇ ਇਸ ਉਤਾਰ-ਚੜਾਅ ਅਤੇ ਗਿਰਾਵਟ ਨੂੰ ਕਈ ਢੰਗਾਂ ਨਾਲ ਸਮਝਿਆ ਜਾ ਸਕਦਾ ਹੈ। ਪਹਿਲਾ, ਤੱਥਾਂ ਅਤੇ ਅੰਕੜਿਆਂ ਨੂੰ ਧਿਆਨ ਵਿਚ ਰੱਖਣਾ। ਤੁਸੀ ਕਿਸੇ ਵੀ ਭਾਰਤੀ ਨੂੰ ਦੇਸ਼ ਦੇ ਸਭ ਤੋਂ ਅਮੀਰ ਸੂਬੇ ਦਾ ਨਾਂ ਪੁੱਛ ਲਓ।ਬਹੁਤੀ ਸੰਭਾਵਨਾ ਇਹੀ ਹੈ ਕਿ ਉਸ ਦਾ ਜਵਾਬ ਪੰਜਾਬ ਹੀ ਹੋਵੇਗਾ। ਦਹਾਕਿਆਂ ਤੱਕ ਇਹ ਹੀ ਸੱਚ ਰਿਹਾ ਹੈ, ਪਰ ਹੁਣ ਇਸ ਵਿਚ ਤੇਜੀ ਨਾਲ ਗਿਰਾਵਟ ਆ ਰਹੀ ਹੈ।ਦੇਸ਼ ਵਿਚ ਸਕੂਲ ਵਿੱਚੇ ਹੀ ਛੱਡਣ ਵਾਲਿਆਂ ਦੀ ਗਿਣਤੀ ਸੂਬੇ ਵਿਚ ਸਭ ਤੋਂ ਜਿਆਦਾ ਹੈ।ਪਿਛਲੇ ਦੋ ਦਹਾਕਿਆਂ ਵਿਚ ਪੰਜਾਬ ਦੀ ਆਰਥਿਕ ਸਥਿਤੀ
ਵਿਚ ਰਾਸ਼ਟਰੀ ਔਸਤ ਦੇ ਮੁਕਾਬਲੇ ਕਮੀ ਆਈ ਹੈ। ੧੯੯੪-੨੦੦੨ ਦੇ ਵਿਚਕਾਰ ਇਹ ਆਰਥਿਕ ਦਰ ਰਾਸ਼ਟਰੀ ਦਰ ੬.੬੧ ਦੇ ਮੁਕਾਬਲੇ ੪.੩੨ ਰਹੀ ਅਤੇ ੨੦੦੨-੧੧ ਦਰਮਿਆਨ ਇਹ ਰਾਸ਼ਟਰੀ ਦਰ ੭.੯੫ ਦੇ ਮੁਕਾਬਲੇ ੬.੬੧ ਰਹੀ। ਬਹੁਤ ਸਾਰੇ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੀ ਆਰਥਿਕ ਅਜ਼ਾਦੀ ਸੂਚੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ੨੦੦੫ ਤੋਂ ੨੦੧੧ ਦੇ ਵਿਚਕਾਰ ਪੰਜਾਬ ਦੀ ਰੈਕਿੰਗ ਰਾਸ਼ਟਰੀ ਪੱਧਰ ਤੇ ਛੇਵੇਂ ਸਥਾਨ ਤੋਂ ਖਿਸਕ ਕੇ ੧੨ਵੇਂ ਸਥਾਨ ਤੇ ਚਲੀ ਗਈ। ਪ੍ਰਥਮ ਅਧਿਐਨ ਤੋਂ ਪਤਾ ਚੱਲਦਾ ਹੈ ਕਿ ੨੦੦੭ ਵਿਚ ਤੀਜੀ ਜਮਾਤ ਦੇ ਅੱਧੇ ਤੋਂ ਜਿਆਦਾ ਬੱਚੇ ਪਹਿਲੀ ਜਮਾਤ ਦੀਆਂ ਪੁਸਤਕਾਂ ਨਹੀਂ ਸਨ ਪੜ੍ਹ ਸਕਦੇ ਅਤੇ ਪੰਜਵੀਂ ਜਮਾਤ ਦੇ ਅੱਧੀ ਤੋਂ ਜਿਆਦਾ ਬੱਚੇ ਤਿੰਨ ਅੰਕਾਂ ਵਾਲੇ ਸੁਆਲ ਨਹੀਂ ਸਨ ਹੱਲ ਕਰ ਸਕਦੇ।

ਸੂਬੇ ਦੀ ਸਰਕਾਰ ਦੇ ਆਪਣੇ ਆਰਥਿਕ ਸਰਵੇ ਅਨੁਸਾਰ, ਪੰਜਾਬ ਵਿਚ ਮੈਡੀਕਲ ਸਹੂਲਤਾਂ ਵਿਚ ਭਾਰੀ ਗਿਰਾਵਟ ਆਈ ਹੈ ਕਿਉਂ ਕਿ ਅਬਾਦੀ ਦੇ ਹਿਸਾਬ ਨਾਲ ਹਸਪਤਾਲਾਂ ਵਿਚ ਬੈੱਡ ਉਪਲਬਧ ਨਹੀਂ ਹਨ। ਪੰਜਾਬ ਦੀ ਰਵਾਇਤੀ ਸਨਅਤ, ਕੱਪੜਾ ਉਦਯੋਗ ਅਤੇ ਢਲਾਈਖਾਨੇ ਆਖਰੀ ਸਾਹਾਂ ’ਤੇ ਹਨ। ਨਵੇਂ ਲੋਕਾਂ ਨੂੰ ਰੁਜਗਾਰ ਦੇਣ ਲਈ ਪੰਜਾਬ ਵਿਚ ਜ਼ਮੀਨ ਨਹੀਂ ਬਚੀ ਹੈ ਅਤੇ ਰਵਾਇਤੀ ਤੌਰ ਤੇ ਪੰਜਾਬ ਦੇ ਸਭ ਤੋਂ ਉਪਜਾਊ ਖਿੱਤੇ ਦੁਆਬਾ (ਜੋ ਕਿ ਸਤਲੁਜ ਅਤੇ ਬਿਆਸ ਦਰਿਆ ਦੇ ਵਿਚਕਾਰ ਪੈਂਦਾ ਹੈ) ਵਿਚ ਵੀ ਕੋਈ ਸਨਅਤ ਨਹੀਂ ਵਿਕਸਿਤ ਹੋਈ। ਸੂਬੇ ਵਿਚ ਖੇਤੀ ਦਾ ਵਿਕਾਸ ਹੋਰ ਨਹੀਂ ਹੋ ਸਕਦਾ ਜਦੋਂ ਤੱਕ ਕਿਸਾਨ ਨੂੰ ਉੱਦਮੀ ਸੁਸਤੀ ਨੂੰ ਛੱਡ ਕੇ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਬਾਹਰ ਨਹੀਂ ਕੱਢਿਆ ਜਾਂਦਾ।ਇਸ ਲਈ ਅਸੀਂ ਅਗਰ ਕੰਧ ਉੱਪਰ ਲਿਖਿਆ ਵਾਚੀਏ ਤਾਂ ਪੰਜਾਬ ਅਜਿਹਾ ਸੂਬਾ ਨਹੀਂ ਹੈ ਜੋ ਕਿ ਲਗਾਤਾਰ ਤਰੱਕੀ ਵੱਲ ਹੀ ਵਧ ਰਿਹਾ ਹੋਵੇ, ਬਲਕਿ ਇਹ ਸਵੈ-ਬਰਬਾਦੀ ਅਤੇ ਉਤਸਾਹਹੀਣਤਾ ਵੱਲ ਜਿਆਦਾ ਵਧ ਰਿਹਾ ਹੈ।

ਉਪਰੋਕਤ ਹਾਲਾਤਾਂ ਕਰਕੇ ਹੀ ਸੂਬੇ ਦੇ ਸਿੱਖ ਨੌਜਵਾਨ ਇਸ ਖਲਜਗਣ ਵਿਚੋਂ ਨਿਕਲਣ ਦਾ ਰਾਸਤਾ ਤਲਾਸ਼ ਰਹੇ ਹਨ। ਪੰਜਾਬ ਦੇ ਨੌਜਵਾਨਾਂ ਦੀ ਮਾਨਸਿਕ ਸਥਿਤੀ ਨੂੰ ਉਨਮਾਦ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ ਕਿ ਪੰਜਾਬ ਦਾ ਨੌਜਵਾਨ ਰਵਾਇਤੀ ਊਰਜਾਵਾਨ ਅਤੇ ਜੋਸ਼ਪੂਰਨ ਛਵੀ ਦੇ ਮੁਕਾਬਲੇ ਸੁਸਤ, ਨਿਰਜੀਵ ਅਤੇ ਥਕਾਊ ਹੋਇਆ ਹੈ। ਕਿਸੇ ਸਮੇਂ ਦੇਸ਼ ਦਾ ਸਭ ਤੋਂ ਅਮੀਰ ਸੂਬਾ ਪੰਜਾਬ ਵੀ ਹੁਣ ਥੱਕਿਆ ਹੋਇਆ ਪ੍ਰਤੀਤ ਹੁੰਦਾ ਹੈ। ਸੂਬੇ ਦੀ ਗਿਣਤੀ ਹੁਣ ਨਸ਼ੇ ਦੀ ਖਪਤ ਦੀ ਸਭ ਤੋਂ ਜਿਆਦਾ ਪ੍ਰਤੀਸ਼ਤਤਾ ਵਿਚ ਹੁੰਦੀ ਹੈ। ਪੰਜਾਬ ਦਾ ਨੌਜਵਾਨ ਪੁਰਾਣੀ ਰਵਾਇਤੀ ਛਵੀ ਵਿਚ ਹੀ ਫਸ ਕੇ ਰਹਿ ਗਿਆ ਹੈ, ਪਰ ਨਾਲ ਹੀ ਆਪਣੀ ਸ਼ਕਤੀ ਅਤੇ ਮੁਕਾਬਲੇ ਦੀ ਭਾਵਨਾ ਨੂੰ ਭੱੁਲ ਗਿਆ ਹੈ।ਨੌਜਵਾਨ ਵੱਡੀ ਗਿਣਤੀ ਵਿਚ ਸਕੂਲ ਵਿੱਚੇ ਹੀ ਛੱਡ ਰਹੇ ਹਨ, ਨਸ਼ਿਆਂ ਦੇ ਖਲਜਗਣ ਵਿਚ ਫਸ ਰਹੇ ਹਨ ਜਾਂ ਵਿਦੇਸ਼ਾਂ ਵੱਲ ਮੂੰਹ ਕਰ ਰਹੇ ਹਨ।ਉਨ੍ਹਾਂ ਵਿਚ ਦੇਸ਼ ਦੇ ਹੋਰ ਵਾਸੀਆਂ ਵਾਂਗ ਤਕਨਾਲੋਜੀ, ਬੈਂਕਿੰਗ, ਮੈਡੀਕਲ ਅਤੇ ਮੈਨੇਜਮੈਂਟ ਵਿਚ ਤਰੱਕੀ ਕਰਨ ਦੀ ਤਾਂਘ ਨਹੀਂ, ਬਲਕਿ ਉਹ ਮੁਕਾਬਲਤਨ ਛੋਟੀਆਂ ਨੌਕਰੀਆਂ ਜਿਵੇਂ ਟਰੱਕ ਜਾਂ ਟੈਕਸੀਆਂ ਚਲਾਉਣ ਅਤੇ ਦੇਸੀ ਰੈਸਟੋਰੈਂਟਾਂ ਦੀਆਂ ਰਸੋਈਆਂ ਵਿਚ ਪਿਆਜ ਕੱਟ ਕੇ ਹੀ ਸੰਤੁਸ਼ਟ ਹਨ। ਸਮੇਂ ਦੀ ਤਰਾਸਦੀ ਇਹ ਹੈ ਕਿ ਪੰਜਾਬ ਦਾ ਸਿੱਖਿਆ ਪ੍ਰਬੰਧ ਅਜਿਹੇ ਵਿਦਿਆਰਥੀ ਪੈਦਾ ਨਹੀਂ ਕਰ ਰਿਹਾ ਜੋ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵਿਚ ਆਪਣੀ ਜਗ੍ਹਾ ਬਣਾ ਸਕਣ। ਅੱਜ ਦਾ ਪੰਜਾਬੀ ਨੌਜਵਾਨ, ਭਾਵੇਂ ਉਹ ਘੱਟ ਪੜ੍ਹਿਆ ਲਿਖਿਆ ਹੋਵੇ ਜਾਂ ਵੱਧ, ਇਕ ਹੀ ਪੱਖ ਤੋਂ ਮੁਕਾਬਲੇਬਾਜੀ ਦਿਖਾ ਰਿਹਾ ਹੈ – ਵਿਦੇਸ਼ ਵੱਲ ਮੂੰਹ ਕਰਨਾ।ਪੰਜਾਬ ਨੂੰ ਛੱਡ ਕੇ ਪੱਛਮ ਵਿਚ ਜਾ ਕੇ ਲੁਪਤ ਹੋ ਜਾਣਾ ਹੀ ਪੰਜਾਬੀ ਨੌਜਵਾਨ ਦਾ ਸੁਪਨਾ ਬਣ ਚੁੱਕਿਆ ਹੈ।

ਪਿਛਲ਼ੇ ਦਿਨੀਂ ਸੜਕ ਹਾਦਸੇ ਵਿਚ ਹੋਈ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਦੇ ਇਕੱਠ ਨੇ ਪੰਜਾਬ ਦੇ ਨੌਜਵਾਨਾਂ, ਖਾਸ ਕਰਕੇ ਸਿੱਖਾਂ ਵਿਚ, ਮੌਜੂਦ ਇਸ ਬੇਸੰਤੋਸ਼ੀ ਅਤੇ ਨਿਰਾਸ਼ਾ ਦੀ ਭਾਵਨਾ ਨੂੰ ਸਤਹ ’ਤੇ ਲਿਆਂਦਾ ਹੈ। ਬਾਦਲਾਂ ਦੁਆਰਾ ਨਿਯੰਤ੍ਰਿਤ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਹੈ ਭਾਵੇਂ ਹੋਰ ਛੋਟੀਆਂ ਪਾਰਟੀਆਂ ਵੀ ਸਿੱਖਾਂ ਵਿਚ ਆਪਣਾ ਥੌੜਾ-ਬਹੁਤ ਪ੍ਰਭਾਵ ਰੱਖਦੀਆਂ ਹਨ, ਪਰ ਇਹ ਸਿੱਖਾਂ ਦੇ ਮਸਲਿਆਂ ਨੂੰ ਮੁਖ਼ਾਤਬ ਹੋਣ ਵਿਚ ਅਸਫਲ ਰਹੀਆਂ ਹਨ।ਇਸ ਨੇ ਉਨ੍ਹਾਂ ਵਿਚ ਰਾਜਨੀਤੀ ਨੂੰ ਲੈ ਕੇ ਵੱਖਰੀ ਭਾਵਨਾ ਪੈਦਾ ਕਰ ਦਿੱਤੀ ਹੈ ਜੋ ਕਿ ੨੦੧੨ ਤੋਂ ਬਾਅਦ ਸਿੱਖ ਨੌਜਵਾਨਾਂ ਵਿਚ ਕਈ ਵਾਰ ਦੇਖਣ ਨੂੰ ਮਿਲੀ ਹੈ।ਇਸ ਦੀ ਹਾਲੀਆ ਮਿਸਾਲ ਦੀਪ ਸਿੱਧੂ ਦੇ ਭੋਗ ’ਤੇ ਹੋਇਆ ਨੌਜਵਾਨਾਂ ਦਾ ਭਾਰੀ ਇਕੱਠ ਸੀ।ਸਿੱਖ ਰਾਜਨੀਤੀ ਪੰਜਾਬ ਦੀ ਰਾਜਨੀਤੀ ਦਾ ਇਕ ਪੱਖ ਹੈ। ਪੰਜਾਬ ਵਿਚ ਸਿੱਖਾਂ ਦਾ ਰਾਜਨੀਤਿਕ ਲਾਮਬੰਦੀ ਵੱਖ-ਵੱਖ ਪੱਧਰਾਂ ਤੇ ਹੁੰਦੀ ਆਈ ਹੈ ਜਿਸ ਵਿਚ ਦੀਪ ਸਿੱਧੂ ਦੇ ਭੋਗ ’ਤੇ ਹੋਇਆ ਇਕੱਠ ਵੀ ਇਸ ਦੇ ਇਕ ਪੱਖ ਨੂੰ ਉਜਾਗਰ ਕਰਦਾ ਹੈ।ਸਿੱਧੂ ਦੇ ਭੋਗ ਉੱਪਰ ਹੋਇਆ ਇਕੱਠ ਇਹ ਦਰਸਾਉਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਵਾਪਰੀ ਕੋਈ ਘਟਨਾ ਕਿਸ ਤਰਾਂ ਸਿੱਖਾਂ, ਖਾਸ ਕਰਕੇ ਨੌਜਵਾਨਾਂ, ਦੇ ਮਨ ਵਿਚ ਮਹੱਤਵਪੂਰਨ ਸਥਾਨ ਬਣਾ ਸਕਦੀ ਹੈ।

ਦੀਪ ਸਿੱਧੂ ਦੇ ਭੋਗ ਤੇ ਹੋਇਆ ਇਕੱਠ ਪਿਛਲੇ ਦਸ ਸਾਲਾਂ ਵਿਚ ਹੋਏ ਅਜਿਹੇ ਹੀ ਇਕੱਠਾਂ ਦੀ ਛੇਵੀਂ ਮਿਸਾਲ ਸੀ।ਇਸ ਇਕੱਠ ਦੀਆਂ ੨੦੧੨ ਦੀਆਂ ਚੋਣਾਂ ਤੋਂ ਬਿਲਕੁਲ ਬਾਅਦ ਹੋਏ ਇਕੱਠ ਨਾਲ ਬਹੁਤ ਸਾਰੀਆਂ ਸਮਾਨਤਾਵਾਂ ਸਨ। ਹਾਲੀਆ ਇਕੱਠ ਜਨਤਕ ਲਾਮਬੰਦੀ ਅਤੇ ਪੰਥਕ ਭਾਵਨਾਵਾਂ ਨੂੰ ਉਜਾਗਰ ਕਰਨ ਦੀ ਮਿਸਾਲ ਵੀ ਹੋ ਨਿਬੜਿਆ।ਇਹ ਸਾਰੇ ਹੀ ਇਕੱਠ ਸ਼ਾਂਤੀਪੂਰਣ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਤਤਕਾਲੀਨ ਹਿੱਤਾਂ ਨੂੰ ਅੰਸ਼ਿਕ ਰੂਪ ਵਿਚ ਪੂਰਾ ਕੀਤਾ, ਪਰ ਉਹ ਕਿਸੇ ਵੀ ਤਰਾਂ ਦਾ ਰਾਜਨੀਤਿਕ ਬਦਲ ਨਹੀਂ ਪੇਸ਼ ਕਰ ਸਕੇ। ਬਰਗਾੜੀ ਕਾਂਡ
ਅਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਤੋਂ ਬਾਅਦ ਵੀ ਪੰਜਾਬ ਵਿਚ ਵੱਡੀ ਗਿਣਤੀ ਵਿਚ ਪ੍ਰਦਰਸ਼ਨ ਹੋਏ ਸਨ। ਇਹਨਾਂ ਪ੍ਰਦਰਸ਼ਨਾਂ ਦੇ ਸਿੱਟੇ ਵਜੋਂ ਅੰਮ੍ਰਿਤਸਰ ਦੇ ਚੱਬਾ ਪਿੰਡ ਵਿਚ ੧੦ ਨਵੰਬਰ ੨੦੧੫ ਨੂੰ ਇਕੱਠ ਹੋਇਆ ਜਿਸ ਵਿਚ ਪਹੁੰਚਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਸੀ।ਪਰ ਇਸ ਦੇ ਪ੍ਰਬੰਧਕ ਵੀ ਸੂਬੇ ਨੂੰ ਕੋਈ ਪੰਥਕਰਾਜਨੀਤਿਕ ਬਦਲਾਅ ਨਹੀਂ ਦੇ ਸਕੇ। ੧ ਜੂਨ ੨੦੧੮ ਤੋਂ ੯ ਦਸੰਬਰ ੨੦੧੮ ਤੱਕ ਚੱਲਿਆ ਬਰਗਾੜੀ ਮੋਰਚਾ ਵੀ ਪੰਜਾਬ ਵਿਚ ਹੋਈ ਵੱਡੀ ਜਨਤਕ ਲਾਮਬੰਦੀ ਸੀ, ਪਰ ਇਹ ਵੀ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੋਈ ਬਦਲਾਅ ਨਹੀਂ ਪੇਸ਼ ਕਰ ਸਕਿਆ।੨੦੨੦-੨੧ ਵਿਚ ਹੋਇਆ ਕਿਸਾਨ ਅੰਦੋਲਨ ਅਜਿਹੀ ਹੀ ਪੰਜਵੀਂ ਲਾਮਬੰਦੀ ਸੀ। ਹਾਲਾਂਕਿ, ਇਸ ਦਾ ਸਰੋਕਾਰ ਸਿੱਖਾਂ ਦੇ ਮਸਲਿਆਂ ਨਾਲ ਨਹੀਂ ਸੀ, ਪਰ ਸਿੱਖ ਕਿਸਾਨਾਂ ਦੀ ਇਸ ਵਿਚ ਵੱਡੀ ਭਾਗੀਦਾਰੀ ਸੀ ਅਤੇ ਸਿੱਖ ਭਾਈਚਾਰੇ ਨੇ ਇਸ ਨੂੰ ਪੂਰਾ ਸਹਿਯੋਗ ਦਿੱਤਾ।ਭਾਵੇਂ ਇਸ ਅੰਦੋਲਨ ਨੇ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਉਣ ਦੇ ਆਪਣੇ ਟੀਚੇ ਨੂੰ ਪੂਰਾ ਕਰ ਲਿਆ, ਪਰ ਇਹ ਵੀ ਕੋਈ ਰਾਜਨੀਤਿਕ ਬਦਲ ਨਹੀਂ ਪੈਦਾ ਕਰ ਸਕਿਆ।ਸਿੱਖ ਰਾਜਨੀਤੀ ਵਿਚ ਨਵੇਂ-ਨਵੇਂ ਸਰਗਰਮ ਹੋਏ ਦੀਪ ਸਿੱਧੂ ਦੇ ਭੋਗ ’ਤੇ ਹੋਇਆ ਇਕੱਠ ਵੀ ਪੰਥਕਰਾਜਨੀਤਿਕ
ਭਾਵਨਾਵਾਂ ਦੀ ਹੀ ਪੇਸ਼ਕਾਰੀ ਸੀ।ਇਸ ਤੋਂ ਪਹਿਲਾਂ ਹੋਈਆਂ ਤਿੰਨ ਜਨਤਕ ਲਾਮਬੰਦੀਆਂ – ੨੦੧੫ ਵਿਚ ਸਰਬੱਤ ਖਾਲਸਾ, ੨੦੧੮ ਵਿਚ ਬਰਗਾੜੀ ਮੋਰਚਾ ਅਤੇ ਹਾਲੀਆ ਕਿਸਾਨ ਅੰਦੋਲਨ, ਸਾਰੀਆਂ ਸੰਭਾਵਨਾਵਾਂ ਹੋਣ ਦੇ ਬਾਵਜੂਦ ਪੰਜਾਬ ਕੇਂਦਰਿਤ ਰਾਜਨੀਤਿਕ ਬਦਲਾਅ ਨਹੀਂ ਦੇ ਸਕੀਆਂ। ਸਿੱਖਾਂ, ਖਾਸ ਕਰਕੇ ਨੌਜਵਾਨਾਂ, ਵਿਚ ਇਹ ਭਾਵਨਾ ਘਰ ਕਰ ਰਹੀ ਹੈ ਕਿ ਉਨ੍ਹਾਂ ਨੂੰ ਪੰਜਾਬ ਵਿਚ ਹੀ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਅਭਿਲਾਸ਼ਾਵਾਂ ਨੂੰ ਪ੍ਰਗਟ ਕਰਨ ਲਈ ਕੋਈ ਰਾਹ ਨਹੀਂ ਮਿਲ ਰਿਹਾ।ਇਸ ਨੂੰ ਇਕ ਸ਼ਾਇਰ
ਦੇ ਇਨ੍ਹਾਂ ਲਫਜ਼ਾਂ ਰਾਹੀ ਸਮਝਿਆ ਜਾ ਸਕਦਾ ਹੈ:

ਬਹੁਤ ਉਲਝਜ਼ ਹੈ ਮਿਲੇ ਰੰਗੋਂ ਕੋ ਜੁਦਾ ਕੈਸੇ ਕਰੇਂ
ਬਾਤ ਨਾ ਆਏ ਸਮਝ ਮੇਂ ਕਿ ਅਸਲ ਹਕੀਕਤ ਕਿਆ ਹੈ।

ਸਿੱਖ ਨੌਜਵਾਨਾਂ ਦਾ ਭਾਰੀ ਇਕੱਠ ਅਤੇ ਉਨ੍ਹਾਂ ਵਿਚ ਨਿਰਾਸ਼ਾਮਈ ਆਵੇਗ ਸਿੱਖ ਸੰਘਰਸ਼ ਤੋਂ ਬਾਅਦ ਪੈਦਾ ਹੋਏ ਖਲਾਅ ਦਾ ਵੀ ਸੂਚਕ ਹੈ ਅਤੇ ਇਹ ਸਿੱਖ ਅਤੇ ਸੂਬਾਈ ਸੰਸਥਾਵਾਂ ਵਿਚ ਉਨ੍ਹਾਂ ਦੀ ਬੇਭਰੋਸਗੀ ਨੂੰ ਵੀ ਜ਼ਾਹਿਰ ਕਰਦਾ ਹੈ।