ਫਿਲਮੀ ਅਦਾਕਾਰ, ਸਰਗਰਮ ਕਾਰਕੁੰਨ ਅਤੇ ਪੇਸ਼ੇ ਵਜੋਂ ਵਕੀਲ ਦੀਪ ਸਿੱਧੂ, ਜਿਸ ਨੂੰ ਪਿਛਲੇ ਵਰ੍ਹੇ ੨੬ ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਵਿਚ ਮੁੱਖ ਦੋਸ਼ੀ ਮੰਨਿਆ ਗਿਆ ਸੀ, ਦੀ ਪਿਛਲੇ ਹਫਤੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ।ਸਿੱਧੂ ਦਿੱਲੀ ਤੋਂ ਬਠਿੰਡਾ ਵੱਲ ਆ ਰਿਹਾ ਸੀ ਜਦੋਂ ਉਸ ਦੀ ਕਾਰ ਰਾਤ ਦੇ ੯.੩੦ ਵਜੇ ਦੇ ਕਰੀਬ ਇਕ ਟਰੱਕ ਨਾਲ ਟਕਰਾ ਗਈ।ਦਿੱਲੀ ਵਿਚ ਲਾਲ ਕਿਲ੍ਹੇ ਉੱਪਰ ਕੇਸਰੀ ਝੰਡਾ ਫਹਿਰਾਉਣ ਦੇ ਦੋਸ਼ ਵਿਚ ਉਸ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਗਿਆ ਸੀ।ਉਹ ਲਗਭਗ ਦੋ ਮਹੀਨੇ ਜੇਲ੍ਹ ਵਿਚ ਰਿਹਾ ਅਤੇ ੧੭ ਅਪ੍ਰੈਲ ੨੦੨੧ ਨੂੰ ਉਸ ਨੂੰ ਜਮਾਨਤ ਉੱਪਰ ਰਿਹਾ ਕੀਤਾ ਗਿਆ ਸੀ।

ਅਕਤੂਬਰ ਵਿਚ ਉਸ ਨੂੰ ਅਨੁਸੂਚਿਤ ਜਾਤੀਆਂ ਲਈ ਅਪਮਾਨਜਨਕ ਸ਼ਬਦਾਵਲੀ ਵਰਤਣ ਲਈ ਵੀ ਉਸ ਉੱਪਰ ਕੇਸ ਦਰਜ ਕੀਤਾ ਗਿਆ ਸੀ।ਦਿੱਲੀ ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਹੋਈ ਹਿੰਸਾਤਮਕ ਕਰਵਾਈ ਤੋਂ ਪਿੱਛੋਂ ਦੀਪ ਸਿੱਧੂ ਨੇ ਅੰਦੋਲਨਕਾਰੀਆਂ ਦਾ ਇਹ ਕਹਿੰਦੇ ਹੋਏ ਸਮਰਥਨ ਕੀਤਾ ਕਿ ਉਨ੍ਹਾਂ ਨੇ ਰਾਸ਼ਟਰੀ ਝੰਡਾ ਨਹੀਂ ਸੀ ਹਟਾਇਆ ਅਤੇ ਨਿਸ਼ਾਨ ਸਾਹਿਬ ਦੇ ਝੰਡੇ ਨੂੰ ਪ੍ਰਤੀਕਾਤਮਕ ਰੂਪ ਵਜੋਂ ਹੀ ਫਹਿਰਾਇਆ ਸੀ।

ਕਿਸਾਨ ਜੱਥੇਬੰਦੀਆਂ ਨੇ ਵੀ ਉਸ ਉੱਪਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਅਤੇ ਉਸ ਨੂੰ ‘ਗੱਦਾਰ’ ਗਰਦਾਨ ਦਿੱਤਾ।ਉਸ ਨੇ ਵੀ ਜਵਾਬ ਵਿਚ ਕਿਸਾਨ ਜੱਥੇਬੰਦੀਆਂ ਉੱਪਰ ਉਸ ਵਿਰੁੱਧ ਪ੍ਰੋਪੇਗੰਡਾ ਅਤੇ ਨਫਰਤ ਫੈਲਾਉਣ ਦਾ ਇਲਜ਼ਾਮ ਲਗਾਇਆ।ਦੀਪ ਸਿੱਧੂ ਨੂੰ ਭਾਜਪਾ ਸੰਸਦੀ ਮੈਂਬਰ ਸੰਨੀ ਦਿਓਲ ਦਾ ਨਜ਼ਦੀਕੀ ਮੰਨਿਆ ਜਾਂਦਾ ਸੀ, ਪਰ ਜਦੋਂ ਉਸ ਨੇ ਕਿਸਾਨ ਅੰਦੋਲਨ ਵਿਚ ਸਰਗਰਮ ਭੂਮਿਕਾ ਨਿਭਾਈ ਤਾਂ ਦਿਓਲ ਨੇ ਆਪਣੇ ਆਪ ਨੂੰ ਉਸ ਤੋਂ ਦੂਰ ਕਰ ਲਿਆ।ਮੁਕਤਸਰ ਨਾਲ ਸੰਬੰਧਿਤ ਇਸ ਅਦਾਕਾਰ ਨੂੰ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਦੇ ਰੂਪ ਵਿਚ ਦੇਖਿਆ ਗਿਆ।ਮਲੇਰਕੋਟਲਾ ਦੇ ਅਮਰਗੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਸਮਰਥਨ ਵਿਚ ਪ੍ਰਚਾਰ ਕਰਦਿਆਂ ਦੀਪ ਸਿੱਧੂ ਦੀ ਵੀਡਿਓ ਉਸ ਦੀ ਮੌਤ ਤੋਂ ਬਾਅਦ ਕਾਫੀ ਵਾਇਰਲ ਹੋ ਚੁੱਕੀ ਹੈ।ਇਸ ਵੀਡਿਓ ਵਿਚ ਉਸ ਨੇ ਇਕ ਹੱਥ ਵਿਚ ਕਿਰਪਾਨ ਅਤੇ ਦੂਜੇ ਵਿਚ ਝਾੜੂ ਫੜਿਆ ਹੋਇਆ ਹੈ।ਉਹ ਵੋਟਰਾਂ ਨੂੰ ਇਸ ਗੱਲ ਦਾ ਨਿਰਣਾ ਲੈਣ ਲਈ ਆਖ ਰਿਹਾ ਹੈ ਕਿ ਉਨ੍ਹਾਂ ਨੇ ਕਿਰਪਾਨ ਚੁਣਨੀ ਹੈ ਜਾਂ ਝਾੜੂ? ਜਿਸ ਤਰਾਂ ਉਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਛੋਹਿਆ ਹੈ, ਇਹ ਤੱਥ ਪੇਂਡੂ ਖੇਤਰਾਂ ਵਿਚ ਆਮ ਆਦਮੀ ਪਾਰਟੀ ਦੇ ਵਿਰੁੱਧ ਭੁਗਤ ਸਕਦਾ ਹੈ।

ਭਾਵੇਂ ਕਿ ਦੀਪ ਸਿੱਧੂ ਦੀ ਮੌਤ ਇਕ ਕਾਰ ਐਕਸੀਡੈਂਟ ਵਿਚ ਹੋਈ ਹੈ, ਸਿੱਖਾਂ ਦਾ ਇਕ ਵੱਡਾ ਤਬਕਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ।ਉਹ ਇਸ ਨੂੰ ਇਕ ਸਾਜਿਸ਼ ਗਰਦਾਨ ਦੇ ਰਹੇ ਹਨ ਜੋ ਕਿ ਇਸ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ ਕਿ ਸਿੱਖਾਂ ਨੂੰ ਲਗਾਤਾਰ ਉਤਪੀੜਨ ਦਾ ਸਾਹਮਣਾ ਕਰਨਾ ਪਿਆ ਹੈ। ਇਹ ਸਿੱਖ ਵੋਟ ਦਾ ਨਿਰਣਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।ਜਿਸ ਤਰਾਂ ਦੀਪ ਸਿੱਧੂ ਨੇ ਪੰਜਾਬ ਦੇ ਪਾਣੀਆਂ, ਕਿਸਾਨਾਂ ਦੀਆਂ ਸਮੱਸਿਆਵਾਂ, ਬੇਅਦਬੀ ਅਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਨੂੰ ਉਠਾਇਆ, ਇਸ ਨੇ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਟੁੰਬਿਆ।੨੦੨੦ ਦੇ ਮੱਧ ਵਿਚ ਜਦੋਂ ਕਿਸਾਨ ਅੰਦੋਲਨ ਅਜੇ ਆਪਣਾ ਰੂਪ ਲੈ ਹੀ ਰਿਹਾ ਸੀ ਤਾਂ ਦੀਪ ਸਿੱਧੂ ਦੇ ਕਾਫੀ ਸਮਰਥਕ ਪੰਜਾਬ ਵਿਚ ਪੈਦਾ ਹੋ ਗਏ ਸਨ।ਕਾਨੂੰਨੀ ਪਿਛੋਕੜ ਹੋਣ ਕਰਕੇ ਦੀਪ ਸਿੱਧੂ ਰਾਜਨੀਤਿਕ ਮੁੱਦਿਆਂ, ਖਾਸ ਕਰਕੇ ਪੰਜਾਬ ਨਾਲ ਸੰਬੰਧਿਤ, ਬਾਰੇ ਖੱੁਲ ਕੇ ਬੋਲਦਾ ਸੀ।ਕਿਸਾਨ ਅੰਦੋਲਨ ਨਾਲ ਜੁੜੇ ਹੋਣ ਦੌਰਾਨ ਪਹਿਲਾਂ ਉਸ ਨੇ ਅੰਦੋਲਨਕਾਰੀਆਂ ਦਾ ਸਮਰਥਨ ਕੀਤਾ ਅਤੇ ਫਿਰ ਉਸ ਨੇ ਆਪਣਾ ਅਲੱਗ ਮੋਰਚਾ ਲਗਾ ਲਿਆ ਜਿਸ ਵਿਚ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅਵਾਜ਼ ਉਠਾਉਂਦੇ ਹੋਏ ਉਸ ਨੇ ਬਾਅਦ ਵਿਚ ਸੰਵਿਧਾਨ ਵਿਚ ਸੰਘੀ ਢਾਂਚੇ ਦਾ ਮੁੱਦਾ ਉਠਾਇਆ।

ਪੰਜਾਬ ਦੇ ਮੁਕਤਸਰ ਜਿਲ੍ਹੇ ਵਿਚ ੧੯੮੪ ਵਿਚ ਜਨਮੇ ਦੀਪ ਸਿੱਧੂ ਨੇ ਵੀ ਆਪਣੇ ਪਿਤਾ ਵਾਲਾ ਹੀ ਪੇਸ਼ਾ ਚੁਣਿਆ ਅਤੇ ਪੂਨੇ, ਮਹਾਰਾਸ਼ਟਰ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ।ਵਕੀਲ ਦੇ ਤੌਰ ਤੇ ਉਹ ਬਾਲਾਜੀ ਫਿਲਮਜ਼ ਦੀ ਕਾਨੂੰਨੀ ਟੀਮ ਦਾ ਮੈਂਬਰ ਸੀ।ਇਸ ਤੋਂ ਬਾਅਦ ਉਹ ਮਾਡਲੰਿਗ ਵੱਲ ਮੁੜ ਗਿਆ ਅਤੇ ਫਿਰ ਫਿਲਮਾਂ ਵੱਲ।ਉਸ ਦੀ ਪਹਿਲੀ ਪੰਜਾਬੀ ਫਿਲਮ ੨੦੧੫ ਵਿਚ ਆਈ ‘ਰਮਤਾ ਜੋਗੀ’ ਸੀ ਜਿਸ ਨੂੰ ਧਰਮਿੰਦਰ ਦੀ ਵਿਜਯਤਾ ਫਿਲਮਜ਼ ਨੇ ਪ੍ਰੋਡਿਊਸ ਕੀਤਾ, ਪਰ ਇਹ ਫਿਲਮ ਜਿਆਦਾ ਨਾ ਚੱਲੀ।ਉਸ ਨੂੰ ੨੦੧੭ ਵਿਚ ਆਈ ਫਿਲ਼ਮ ‘ਜੋਰਾ ਦਸ ਨੰਬਰੀਆਂ’ ਨਾਲ ਪਹਿਚਾਣ ਮਿਲੀ। ਪਿਛਲੇ ਵਰ੍ਹੇ ਹੀ ਉਸ ਨੇ ਇਕ ਰਾਜਨੀਤਿਕ ਸੰਗਠਨ ‘ਵਾਰਿਸ ਪੰਜਾਬ ਦੇ’ ਦਾ ਗਠਨ ਕੀਤਾ ਸੀ।

ਪੰਜਾਬ ਅਤੇ ਹਰਿਆਣਾ ਦੀ ਸਰਹੱਦ ਸ਼ੰਭੂ ਉੱਪਰ ਭਾਵਨਾਵਾਂ ਦਾ ਹੜ੍ਹ ਵਹਿ ਆਇਆ ਜਦੋਂ ਸੈਂਕੜਿਆਂ ਦੀ ਗਿਣਤੀ ਵਿਚ ਨੌਜਵਾਨ ਸੰਦੀਪ ਸਿੰਘ ਸਿੱਧੂ ਉਰਫ ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋ ਗਏ।ਉਸ ਦੀ ਮ੍ਰਿਤਕ ਦੇਹ ਨੂੰ ਲੈ ਕੇ ਜਾਣ ਵਾਲੀ ਐਂਬੂਲੈਂਸ ਦੇ ਨਾਲ-ਨਾਲ ਪੰਜਾਬ ਨੰਬਰ ਵਾਲੀਆਂ ਗੱਡੀਆਂ ਅਤੇ ਮੋਟਰਸਾਈਕਲ ਚੱਲ ਰਹੇ ਸਨ ਅਤੇ ਵਾਹਨ ਉੱਪਰ ਫੁੱਲਾਂ ਦੀ ਵਰਖਾ ਕਰਦੇ ਹੋਏ ਨੌਜਵਾਨ ਉਸ ਨੂੰ ਸ਼ਹੀਦ ਗਰਦਾਨਦੇ ਹੋਏ ‘ਦੀਪ ਸਿੱਧੂ ਜ਼ਿੰਦਾਬਾਦ’, ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’, ‘ਦੀਪ ਸਿੱਧੂ ਅਮਰ ਰਹੇ’, ‘ਦੀਪ ਸਿੱਧੂ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’, ‘ਰਾਜ ਕਰੇਗਾ ਖਾਲਸਾ’ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾ ਰਹੇ ਸਨ।ਦੀਪ ਸਿੱਧੂ ਦੇ ਸੰਸਕਾਰ ਅਤੇ ਉਸ ਤੋਂ ਬਾਅਦ ਭੋਗ ਉੱਪਰ ਹੋਇਆ ਭਾਰੀ ਇਕੱਠ ਸਿੱਖ ਨੌਜਵਾਨਾਂ ਅੰਦਰ ਚੱਲ ਰਹੇ ਅੰਤਰਪ੍ਰਵਾਹ ਦੀ ਤਰਜਮਾਨੀ ਕਰਦਾ ਹੈ ਜਿਸ ਤੋਂ ਲੱਗਦਾ ਹੈ ਕਿ ਸਿੱਖਾਂ, ਖਾਸਕਰ ਨੌਜਵਾਨਾਂ, ਵਿਚ ਇਕ ਵਿਰੋਧ ਅਤੇ ਗੁੱਸੇ ਦੀ ਭਾਵਨਾ ਹੈ ਜੋ ਕਿ ਸਿੱਖ ਮੁੱਦਿਆਂ ਨੂੰ ਮਜਬੂਤ ਅਤੇ ਸਹੀ ਦਿਸ਼ਾ ਲਈ ਚਿਹਰੇ ਦੀ ਭਾਲ ਵਿਚ ਹਨ।ਇਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਤੇਜ ਚੱਲਦੀਆਂ ਹਵਾਵਾਂ ਕੁਝ ਲੋਕਾਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀਆਂ ਹਨ ਜਦੋਂ ਕਿ ਕੁਝ ਇਸ ਦਾ ਸਾਹਮਣਾ ਕਰਨ ਲਈ ਦੀਵਾਰਾਂ ਸਿਰਜ ਲੈਂਦੇ ਹਨ ਅਤੇ ਕੁਝ ਪੌਣ ਚੱਕੀਆਂ ਦਾ ਹੀ ਕੰਮ ਕਰਦੇ ਹਨ।