ਪੰਜਾਬ ਵਿੱਚ ਰਾਜ ਕਰ ਰਹੀ ਅਕਾਲੀ ਦਲ ਨਾਮੀ ਪਾਰਟੀ ਅੱਜਕੱਲ਼੍ਹ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਭੋਲੀਆਂ ਸੰਗਤਾਂ ਨੂੰ ਕੁਝ ਸੁਆਲ ਕਰ ਰਹੀ ਹੈ। ਸਿੱਖ ਸੰਗਤਾਂ ਵੱਲੋਂ ਜੋ ਮਾਇਆ ਆਪਣੇ ਗੁਰੂ ਦੀ ਨਜ਼ਰ ਕੀਤੀ ਜਾਂਦੀ ਹੈ ਉਸ ਮਾਇਆ ਦੀ ਘੋਰ ਦੁਰਵਰਤੋਂ ਕਰਕੇ ਅਕਾਲੀ ਦਲ ਵੱਲੋਂ ਆਪਣੀ ਬਹੁਤ ਹੀ ਨੀਵੀਂ ਕਿਸਮ ਦੀ ਸਿਆਸਤ ਨੂੰ ਚਲਦੀ ਰੱਖਣ ਦੇ ਹਮੇਸ਼ਾ ਵਾਂਗ ਯਤਨ ਕੀਤੇ ਜਾ ਰਹੇ ਹਨ। ਇਹ ਪਹਿਲੀ ਵਾਰ ਨਹੀ ਹੈ ਕਿ ਅਕਾਲੀ ਦਲ ਨੇ ਸਿੱਖ ਸੰਗਤਾਂ ਸਾਹਮਣੇ ਸੁਆਲ ਰੱਖੇ ਹਨ। ਜਦ ਵੀ ਅਕਾਲੀ ਦਲ ਦੀ ਰਾਜਸੀ ਸੱਤਾ ਦੇ ਪਾਵੇ ਹਿੱਲਣ ਲੱਗਦੇ ਹਨ ਉਸੇ ਵੇਲੇ ਅਕਾਲੀ ਦਲ ਆਪਣਾਂ ਪੰਜਾਬੀ ਸੁਭਾਅ ਛੱਡਕੇ ਪੰਥਕ ਰੰਗ ਵਿੱਚ ਰੰਗਿਆ ਬਣ ਜਾਂਦਾ ਹੈ ਅਤੇ ਸਿੱਖ ਸੰਗਤਾਂ ਦੇ ਹਜਾਰਾਂ ਸੁਆਲਾਂ ਦਾ ਜੁਆਬ ਦੇਣ ਦੀ ਥਾਂ ਭੋਲੀਆਂ ਅਤੇ ਮਾਸੂਮ ਸੰਗਤਾਂ ਨੂੰ ਹੀ ਸੁਆਲ ਕਰਨ ਲੱਗ ਜਾਂਦਾ ਹੈ। ਸਿਆਸੀ ਸੱਤਾ ਦੇ ਹੁਲਾਰਿਆਂ ਨੇ ਅਕਾਲੀ ਦਲ ਨੂੰ ਰਾਜਨੀਤਿਕ ਚਾਲਬਾਜੀ (Art of Statecraft) ਦੇ ਏਨਾ ਕਾਬਲ ਬਣਾ ਦਿੱਤਾ ਹੈ ਕਿ ਉਹ ਹਰ ਝੂਠੀ ਗੱਲ ਨੂੰ ਵੀ ਸੱਚੀ ਬਣਾਉਣ ਦਾ ਮਾਹਰ ਬਣ ਗਿਆ ਹੈ। ਇੱਕ ਪਾਰਟੀ ਜੋ ਮਾਸੂਮ ਅਤੇ ਭੋਲੇ ਭਾਲੇ ਕੁਰਬਾਨੀ ਦੇ ਪੁਤਲਿਆਂ ਦੀ ਪਾਰਟੀ ਹੁੰਦੀ ਸੀ ਨੂੰ ਇਸ ਦੇ ਮੌਜੂਦਾ ਸੂਤਰਧਾਰਾਂ ਨੇ ਸ਼ੈਤਾਨ, ਚਾਲਬਾਜ ਅਤੇ ਚਾਲੂ ਲੋਕਾਂ ਦੀ ਪਾਰਟੀ ਬਣਾ ਕੇ ਰੱਖ ਦਿੱਤਾ ਹੈ।
ਖੈਰ ਇਨ੍ਹੀ ਦਿਨੀ ਅਕਾਲੀ ਦਲ ਨੂੰ ਇੱਕ ਵਾਰ ਫਿਰ ਸਿੱਖ ਸੰਗਤਾਂ ਦੇ ਵਿਹੜੇ ਵਿੱਚ ਸੁਆਲਾਂ ਦੇ ਅੰਬਾਰ ਲਾਉਣ ਦਾ ਚਾਅ ਚੜ੍ਹਿਆ ਹੋਇਆ ਹੈ। ਕੁਝ ਪੰਥਕ ਜਥੇਬੰਦੀਆਂ ਵੱਲੋਂ ਅਕਾਲੀ ਦਲ ਦੇ ਧਾਰਮਕ ਅਤੇ ਰਾਜਸੀ ਖੇਤਰ ਵਿੱਚ ਚੱਲ ਰਹੇ ਅਸ਼ਲੀਲ ਵਰਤਾਰੇ ਤੋਂ ਤੰਗ ਆਕੇ ਜੋ ਸਰਬੱਤ ਖਾਲਸਾ ਬੁਲੁਉਣ ਦਾ ਫੈਸਲਾ ਕੀਤਾ ਗਿਆ ਉਸ ਦੇ ਖਿਲਾਫ ਅਕਾਲੀ ਦਲ ਨੇ ਅਖਬਾਰਾਂ ਵਿੱਚ ਇਸ਼ਤਿਹਾਰਾਂ ਦੀ ਮੁਹਿੰਮ ਵਿੱਢ ਦਿੱਤੀ ਹੋਈ ਹੈ। ਅਕਾਲੀ ਦਲ ਦਾ ਪਹਿਲਾ ਇਸ਼ਤਿਹਾਰ ਭਾਰਤੀ ਫੌਜਾਂ ਦੀਆਂ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਵੱਡੀ ਤਸਵੀਰ ਲਗਾ ਕੇ ਪ੍ਰਕਾਸ਼ਿਤ ਕੀਤਾ ਗਿਆ ਜਿਸ ਵਿੱਚ ਆਖਿਆ ਗਿਆ ਸੀ ਕਿ ੧੯੮੪ ਵਿੱਚ ਵਕਤ ਦੀ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ ਅਤੇ ਹੁਣ ਫਿਰ ਕੁਝ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਢਹਿਢੇਰੀ ਕਰਨ ਦਾ ਯਤਨ ਕਰ ਰਹੇ ਹਨ।
ਇਸ਼ਤਿਹਾਰ ਵਿੱਚ ਤਬਾਹ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਵਰਤਕੇ ਅਕਾਲੀ ਦਲ ਨੇ ਇਹ ਸਿੱਧ ਕਰਨ ਦੀ ਕੋਸ਼ਿਸ ਕੀਤੀ ਹੈ ਕਿ ਉਹ ਉਸ ਤਬਾਹੀ ਦੇ ਦਰਦ ਨੂੰ ਮਹਿਸੂਸ ਕਰਦਾ ਹੈ।
ਹੁਣ ਸਿੱਖ ਪੰਥ ਇੱਥੇ ਅਕਾਲੀ ਦਲ ਨੂੰ ਸੁਆਲ ਕਰਦਾ ਹੈ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਬਾਹੀ ਦੇ ਦਰਦ ਨੂੰ ਅਕਾਲੀ ਦਲ ਮਹਿਸੂਸ ਕਰਦਾ ਹੈ ਅਤੇ ਪੰਥ ਦੀ ਪੀੜ ਵਿੱਚ ਭਾਈਵਾਲ ਹੈ ਤਾਂ, ਸ੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਕਰਦੇ ਹੋਏ ਸਿੰਘ-ਸਿੰਘਣੀਆਂ ਬਾਰੇ ਅਕਾਲੀ ਦਲ ਕੀ ਮਹਿਸੂਸ ਕਰਦਾ ਹੈ? ਉਹ ਲੋਕ ਅਕਾਲੀ ਦਲ ਦੀ ਨਜ਼ਰ ਵਿੱਚ ਕੌਣ ਸਨ, ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਬਚਾਉਣ ਲਈ ਸ਼ਹਾਦਤਾਂ ਦਿੱਤੀਆਂ? ਅਕਾਲੀ ਦਲ ਸੰਤ ਜਰਨੈਲ ਸਿੰਘ ਨੂੰ ਕੀ ਸਮਝਦਾ ਹੈ, ਖਤਰਨਾਕ ਅੱਤਵਾਦੀ ਜਾਂ ਸਿੱਖ ਸ਼ਹੀਦ? ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਦੀ ਘੋਰ ਬੇਹੁਰਮਤੀ ਦਾ ਬਦਲਾ ਲੈਣ ਵਾਲੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਨੂੰ ਕਿਵੇਂ ਦੇਖਦਾ ਹੈ? ਇੱਕ ਤਾਨਾਸ਼ਾਹ ਹਾਕਮ ਨੂੰ ਸਿੱਖ ਰਵਾਇਤਾਂ ਅਨੁਸਾਰ ਉਸਦੇ ਪਾਪ ਦੀ ਸਜ਼ਾ ਦੇਣ ਵਾਲੇ ਸੂਰਮੇ ਜਾਂ ਖਤਰਨਾਕ ਅੱਤਵਾਦੀਆਂ ਦੇ ਤੌਰ ਤੇ? ਅਕਾਲੀ ਦਲ ਦੀ ਨਜ਼ਰ ਵਿੱਚ ਉਨ੍ਹਾਂ ਨੌਜਵਾਨਾਂ ਦੀ ਕੀ ਥਾਂ ਹੈ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾਵਰ ਬਣਕੇ ਆਏ ਜਨਰਲ ਅਰੁਣ ਵੈਦਿਆ ਨੂੰ ਸਜ਼ਾ ਦਿੱਤੀ। ਕੀ ਅਕਾਲੀ ਦਲ ਦੀ ਨਜ਼ਰ ਵਿੱਚ ਉਹ ਦੇਸ਼ ਦੁਸ਼ਮਣ ਅੱਤਵਾਦੀ ਹਨ ਜਾਂ ਕੌਮੀ ਸ਼ਹੀਦ?
ਕਿਉਂਕਿ ਅਕਾਲੀ ਦਲ ਅਤੇ ਉਸਦੇ ਪ੍ਰਬੰਧ ਹੇਠਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਇਸ਼ਤਿਹਾਰ ਛਪਵਾਇਆ ਸੀ, ਇਸ ਲਈ ਅਕਾਲੀ ਦਲ ਇਹ ਮੰਨਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਘੋਰ ਬੇਅਦਬੀ ਇੱਕ ਵੱਡਾ ਗੁਨਾਹ ਸੀ। ਫਿਰ ਉਸ ਸਥਿਤੀ ਵਿੱਚ ਅਕਾਲੀ ਦਲ, ਉਸ ਬੇਅਦਬੀ ਤੋਂ ਬਾਅਦ ਚੱਲੀ ਖਾੜਕੂ ਸਿੱਖ ਲਹਿਰ ਨੂੰ ਕਿਸ ਨਜ਼ਰ ਨਾਲ ਪਰਿਭਾਸ਼ਤ ਕਰਦਾ ਹੈ। ਦੇਸ਼ ਵਿਰੋਧੀ ਅੱਤਵਾਦੀ ਲਹਿਰ ਦੇ ਤੌਰ ਤੇ ਜਾਂ ਬਹੁਗਿਣਤੀ ਦੀ ਮਾਰ ਹੇਠ ਆਈ ਇੱਕ ਘੱਟਗਿਣਤੀ ਦੇ ਆਤਮ ਰੱਖਿਆ ਅਤੇ ਆਤਮ ਸਨਮਾਨ ਲਈ ਚੱਲੇ ਸੰਘਰਸ਼ ਦੇ ਤੌਰ ਤੇ।
ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਕੁਝ ਸੰਤ ਸੰਪਰਦਾਵਾਂ ਦੇ ਨਾਅ ਥੱਲੇ ਲੱਗੇ ਇਸ਼ਿਤਿਹਾਰਾਂ, ਜੋ ਇੱਕ ਹੀ ਵਿਅਕਤੀ ਵੱਲੋਂ ਲਿਖੇ ਗਏ ਹਨ, ਵਿੱਚ ਵਾਰ ਵਾਰ ਪੰਜਾਬ ਦੇ ਸੰਤਾਪ ਦੀ ਗੱਲ ਕੀਤੀ ਗਈ ਹੈ। ਪਰ ਅਕਾਲੀ ਦਲ ਨੇ ਇਸ ਬਾਰੇ ਕੋਈ ਸਪਸ਼ਟ ਇਸ਼ਾਰਾ ਨਹੀ ਕੀਤਾ ਕਿ ਉਹ ਪੰਜਾਬ ਦੇ ਸੰਤਾਪ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ, ਭਾਰਤੀ ਸਟੇਟ ਦੇ ਸਿੱਖਾਂ ਤੇ ਇੱਕ ਯੋਜਨਾਬੱਧ ਹਮਲੇ ਦੇ ਤੌਰ ਤੇ ਜਾਂ ਦੇਸ਼ ਨੂੰ ਤੋੜਨ ਵਾਲੀ ਵਿਦੇਸ਼ੀ ਸ਼ਹਿ ਪ੍ਰਾਪਤ ਖਤਰਨਾਕ ਅੱਤਵਾਦੀ ਲਹਿਰ ਦੇ ਤੌਰ ਤੇ।
ਜੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਕੀਤਾ ਗਿਆ ਹਮਲਾ ਗਲਤ ਸੀ ਅਤੇ ਉਸ ਹਮਲੇ ਕਾਰਨ ਜਖਮੀ ਹੋਏ ਧਾਰਮਕ ਜਜਬਾਤਾਂ ਅਧੀਨ ਹਥਿਆਰਾਂ ਦੇ ਰਾਹ ਪਏ ਸਿੱਖ ਨੌਜਵਾਨਾਂ ਦਾ ਘਾਣ ਵੀ ਗਲਤ ਸੀ ਤਾਂ ਅਕਾਲੀ ਦਲ ਨੇ ਕੱਲ਼੍ਹ ਤੱਕ ਸਿੱਖਾਂ ਦੀ ਨਸਲਕੁਸ਼ੀ ਵਿੱਚ ਸ਼ਾਮਲ ਰਹੇ ਪੁਲਿਸ ਅਫਸਰਾਂ ਨੂੰ ਕਿਸ ਖੁਸ਼ੀ ਵਿੱਚ ਵੱਡੇ ਅਹੁਦੇ ਦੇ ਰੱਖੇ ਸਨ?
ਸ਼੍ਰੋਮਣੀ ਕਮੇਟੀ ਵੱਲੋਂ ਛਪਵਾਏ ਗਏ ਇਸ਼ਤਿਹਾਰ ਵਿੱਚ ਇਹ ਮੁੱਦਾ ਉਭਾਰਿਆ ਗਿਆ ਹੈ ਕਿ ਕੁਝ ਸ਼ਰਾਰਤੀ ਤੱਤ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਰਵਾਇਤਾਂ ਨੂੰ ਮਲੀਆਮੇਟ ਕਰਨ ਦਾ ਯਤਨ ਕਰ ਰਹੇ ਹਨ ਜੋ ਕਿ ੧੯੮੪ ਵਿੱਚ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਤੋਂ ਵੀ ਵੱਧ ਖਤਰਨਾਕ ਹੈ।
ਅਕਾਲੀ ਦਲ ਨੂੰ ਇਹ ਸੁਆਲ ਪੁਛਿਆ ਜਾ ਸਕਦਾ ਹੈ ਕਿ ਕੀ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਰਵਾਇਤਾਂ ਬਾਰੇ ਕੋਈ ਗਿਆਨ ਵੀ ਹੈ ਜਾਂ ਨਹੀ। ਸ਼੍ਰੀ ਅਕਾਲ ਤਖਤ ਸਾਹਿਬ ਇਤਿਹਾਸ ਵਿੱਚ ਕਦੇ ਵੀ ਕਿਸੇ ਸਰਕਾਰ ਦਾ ਗੁਲਾਮ ਨਹੀ ਰਿਹਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਉਸ ਪਦਵੀ ਤੇ ਬੈਠੇ ਕਿਸੇ ਵੀ ਸਤਿਕਾਰਤ ਸੱਜਣ ਨੇ ਹਮੇਸ਼ਾ ਹੀ ਪੰਥ ਖਾਲਸੇ ਦੀ ਭਲਾਈ ਲਈ ਫੈਸਲੇ ਕੀਤੇ ਹਨ। ਭਾਵੇਂ ਕੋਈ ਕਿੰਨਾ ਵੀ ਵੱਡਾ ਰਾਜਾ ਮਹਾਰਾਜਾ ਹੋਵੇ ਉਸਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੋਣਾਂ ਪੈਂਦਾ ਹੈ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਿੱਖ ਕੌਮ ਦਾ ਨੁਮਾਇੰਦਾ ਨਾ ਹੋਕੇ ਇੱਕ ਪਰਿਵਾਰ ਦਾ ਕਰਿੰਦਾ ਬਣਕੇ ਵਿਚਰ ਰਿਹਾ ਹੈ। ਅਕਾਲ ਤਖਤ ਸਾਹਿਬ ਦਾ ਜਥੇਦਾਰ ਅਤੇ ਪੰਜ ਸਿੰਘ ਜਦੋਂ ਉਹ ਪੰਜ ਪਿਆਰਿਆਂ ਦੇ ਰੂਪ ਵਿੱਚ ਹੁੰਦੇ ਹਨ ਦੁਨੀਆਂ ਦੇ ਕਿਸੇ ਕਨੂੰਨ ਦੇ ਮੁਥਾਜ ਨਹੀ ਹਨ। ਇਹ ਸਿੱਖ ਪਰੰਪਰਾ ਅਤੇ ਰਵਾਇਤ ਹੈ। ਸੱਚੇ ਸੁਚੇ ਪੰਜ ਸਿੰਘਾਂ ਵਿੱਚ ਗੁਰੂ ਆਪ ਵਰਤਦਾ ਹੈ ਅਤੇ ਗੁਰੂ ਦੀ ਬਖਸ਼ਿਸ਼ ਦਾ ਮੰਡਲ ਏਨਾ ਵਿਸ਼ਾਲ ਹੈ ਕਿ ਇਸ ਦੇ ਸਾਹਮਣੇ ਹਜਾਰਾਂ ਸਲਤਨਤਾਂ ਵਾਰੀਆਂ ਜਾ ਸਕਦੀਆਂ ਹਨ। ਪਰ ਕੀ ਕਾਰਨ ਹੈ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਪਰਿਵਾਰ ਦੀ ਸੱਤਾ ਕਾਇਮ ਰੱਖਣ ਲਈ ਵਰਤਿਆ ਜਾ ਰਿਹਾ ਹੈ?
ਮੀਡੀਆ ਨਾਲ ਜੁੜੇ ਹੋਏ ਅਤੇ ਅਕਾਲੀ ਰਾਜਨੀਤੀ ਦੀ ਸਮਝ ਰੱਖਣ ਵਾਲੇ ਹਰ ਚੇਤੰਨ ਵਿਅਕਤੀ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮੇ ਇੱਕ ਅਜਿਹਾ ਵਿਅਕਤੀ ਲਿਖਦਾ ਹੈ ਜੋ ਪਤਿਤ ਹੈ, ਸ਼ਰਾਬੀ ਹੈ ਅਤੇ ਸਿੱਖ ਕੌਮ ਦੇ ਨਿਆਰੇਪਣ ਨੂੰ ਘੋਰ ਨਫਰਤ ਕਰਦਾ ਹੈ। ਉਹ ਵਿਚਾਰਧਾਰਕ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ ਖਤਮ ਕਰ ਦੇਣ ਦੇ ਪ੍ਰਜੈਕਟ ਤੇ ਕੰਮ ਕਰ ਰਿਹਾ ਹੈ। ੧੯੯੪ ਵਿੱਚ ਉਸ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਯਾਦਾ ਅਤੇ ਰਵਾਇਤਾਂ ਦੇ ਖਿਲਾਫ ਜੋ ਲੇਖ ਲਿਖੇ ਉਹ ਹਾਲੇ ਵੀ ਸਾਂਭੇ ਹੋਏ ਹਨ। ਇਸੇ ਲਈ ਉਹ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਦੇ ਸਭ ਤੋਂ ਨੇੜੇ ਹੈ। ਤਖਤਾਂ ਦੇ ਜਥੇਦਾਰ ਤਾਂ ਉਸ ਪਤਿਤ ਅਤੇ ਸਿੱਖਾਂ ਨੂੰ ਘੋਰ ਨਫਰਤ ਕਰਨ ਵਾਲੇ ਸੱਜਣ ਵੱਲੋਂ ਲਿਖੇ ਹੁਕਮਨਾਮੇ ਤੇ ਸਿਰਫ ਦਸਤਖਤ ਹੀ ਕਰਦੇ ਹਨ।
ਕੀ ਇਤਿਹਾਸ ਵਿੱਚ ਕਦੇ ਇਹ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਗੁਰੂ ਦੀ ਰਜ਼ਾ ਅਤੇ ਹਾਜਰੀ ਵਿੱਚ ਨਾ ਕੀਤੇ ਜਾਂਦੇ ਹੋਣ ਬਲਕਿ ਉਨ੍ਹਾਂ ਲੋਕਾਂ ਵੱਲੋਂ ਕੀਤੇ ਜਾਂਦੇ ਹੋਣ ਜੋ ਕੌਮ ਦੇ ਘੋਰ ਵੈਰੀ ਹਨ।
ਇਸ ਸਥਿਤੀ ਵਿੱਚ ਕੀ ਅਕਾਲੀ ਦਲ ਇਸ ਗੱਲ ਦਾ ਜੁਆਬ ਦੇ ਸਕਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਰਵਾਇਤਾਂ ਦੀ ਬੇਅਦਬੀ ਕੌਣ ਕਰ ਰਿਹਾ ਹੈ? ਸੱਤਾ ਦੇ ਨਸ਼ੇ ਵਿੱਚ ਚੂਰ ਹਾਕਮ ਜਾਂ ਉਹ ਭੋਲੀਆਂ ਭਾਲੀਆਂ ਸੰਗਤਾਂ ਜੋ ਆਪਣੇ ਗੁਰੂ ਦੀ ਰਜ਼ਾ ਵਿੱਚ ਰਹਿ ਕੇ ਨੀਲੇ ਵਾਲੇ ਦੇ ਪੰਥ ਦੀ ਸਲਾਮਤੀ ਲਈ ਆਪਣਾਂ ਆਪਾ ਕੁਰਬਾਨ ਕਰ ਦੇਣ ਦੀ ਤੜਪ ਅੱਜ ਵੀ ਰੱਖਦੀਆਂ ਹਨ?
ਅਕਾਲੀ ਦਲ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਹੋਂਦ ਵਿੱਚ ਆਇਆ ਉਹ ਸਮੂਹ ਜਾਂ ਸੰਗਠਨ ਹੈ ਜਿਸਦੀ ਜਿੰਮੇਵਾਰੀ ਪੰਥਕ ਜਜਬਿਆਂ, ਰੀਝਾਂ, ਰਵਾਇਤਾਂ ਅਤੇ ਸਿੱਖ ਕਿਰਦਾਰ ਨੂੰ ਕਾਇਮ ਰੱਖਣ ਦੀ ਹੈ।
ਕੀ ਅੱਜ ਪੁੱਛਿਆ ਜਾ ਸਕਦਾ ਹੈ ਕਿ ਅਕਾਲੀ ਦਲ ਨੇ ਸਿੱਖੀ ਦੇ ਕਿਰਦਾਰ ਅਤੇ ਰਵਾਇਤਾਂ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਨੂੰ ਹਸਤਾਂਤਰਿਤ ਕਰਨ ਲਈ ਕਿੰਨਾ ਕੁ ਕੰਮ ਕੀਤਾ ਹੈ? ਅਕਾਲੀ ਦਲ, ਗੁਰੂ ਦਾ ਦਲ ਸੀ। ਗੁਰੂ ਦੀ ਬਖਸ਼ਿਸ ਹੀ ਅਕਾਲੀ ਦਲ ਦੀ ਸ਼ਕਤੀ ਸੀ। ਗੁਰੂ ਦੀ ਰਜ਼ਾ ਵਿੱਚ ਰਹਿਕੇ ਅਤੇ ਪੰਥ ਖਾਲਸੇ ਦੇ ਜਾਬਤੇ ਵਾਲੇ ਜੀਵਨ ਵਿੱਚ ਰਹਿਕੇ ਅਕਾਲੀ ਦਲ ਨੇ ਸਿੱਖੀ ਦੇ ਝੰਡੇ ਬੁੰਗਿਆਂ ਅਤੇ ਗੁਰੂਧਾਮਾਂ ਨਿਸ਼ਾਨਾ ਦੀ ਸੰਭਾਲ ਕਰਨੀ ਸੀ ਰਾਜਸੀ ਸੱਤਾ ਪ੍ਰਾਪਤ ਕਰਕੇ।
ਅੱਜ ਇਹ ਸਵਾਲ ਵੀ ਪੁੱਛਿਆ ਜਾ ਸਕਦਾ ਹੈ ਕਿ ਸ਼ਹੀਦਾਂ ਅਤੇ ਅੰਮ੍ਰਿਤਧਾਰੀਆਂ ਦੀ ਪਾਰਟੀ ਵਿੱਚ ਕਿੰਨੇ ਕੁ ਅੰਮ੍ਰਿਤਧਾਰੀ ਨੁਮਾਇੰਦੇ ਹਨ? ਚੰਦੂਮਾਜਰਾ, ਬ੍ਰਹਮਪੁਰਾ, ਰਣੀਕੇ, ਸੇਖਵਾਂ ਤੋਂ ਬਿਨਾ ਸ਼ਾਇਦ ਕੋਈ ਇੱਕ ਅੱਧਾ ਹੋਰ ਹੋਵੇ ਜਿਸਨੇ ਅੰਮ੍ਰਿਤ ਪਾਨ ਕੀਤਾ ਹੋਵੇ।
ਸਿਤਮਜਰੀਫੀ ਇਹ ਹੈ ਕਿ ਅੱਜ ਅਕਾਲੀ ਦਲ ਦਾ ਪ੍ਰਧਾਨ ਅਤੇ ਉਸਦਾ ਸ੍ਰਪਰਸਤ ਵੀ ਅੰਮ੍ਰਿਤਧਾਰੀ ਨਹੀ ਹੈ। ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਏਨੀ ਸ਼ਕਤੀ ਨਹੀ ਹੈ ਕਿ ਇਨ੍ਹਾਂ ਸੱਤਾਧਾਰੀਆਂ ਨੂੰ ਪੁੱਛ ਸਕੇ ਕਿ ਤੁਹਾਡੀ ਸ੍ਰੀ ਸਾਹਿਬ ਕਿੱਥੇ ਹੈ।
ਸੁਆਲ ਇੱਕ ਨਹੀ ਹੈ ਸੁਆਲ ਅਨੇਕਾਂ ਹਨ। ਸ਼ੁਆਲਾਂ ਦੀ ਲੜੀ ਬਹੁਤ ਲੰਬੀ ਹੈ। ਕੌਮ ਕੋਲ ਸੁਆਲਾਂ ਦੇ ਅੰਬਾਰ ਲੱਗੇ ਹੋਏ ਹਨ। ਜੇ ੧੯੭੮ ਵਿੱਚ ੧੩ ਸਿੰਘਾਂ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਰਕਾਰੀ ਸ੍ਰਪਰਸਤੀ ਤਹਿਤ ਬਚਾਇਆ ਨਾ ਜਾਂਦਾ ਅਤੇ ਸਿੱਖਾਂ ਨੂੰ ਇਨਸਾਫ ਮਿਲ ਗਿਆ ਹੁੰਦਾ ਤਾਂ ਅੱਜ ਵਰਗੀ ਨੌਬਤ ਕਦੇ ਨਾ ਆਉਂਦੀ। ਅੱਜ ਵੀ ਦੋ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਬਚਾਉਣ ਦੀ ਮਨਸ਼ਾ ਨਾਲ ਅਕਾਲੀ ਦਲ ਫਿਰ ਰਾਹ ਤੋਂ ਭਟਕ ਰਿਹਾ ਹੈ। ਪੰਜਾਬੀ ਦੇ ਵੱਡੇ ਅਖਬਾਰ ‘ਅਜੀਤ’ ਨੇ ਇਹ ਰਿਪੋਰਟ ਛਾਪੀ ਹੈ ਕਿ ਨੌਜਵਾਨਾਂ ਨੂੰ ਗੋਲੀਆਂ ਮਾਰਨ ਤੋਂ ਬਾਅਦ ਮੈਜਿਸਟਰੇਟ ਤੋਂ ਸਹਿਮਤੀ ਦੇ ਦਸਵਖਤ ਕਰਵਾਏ ਗਏ।
ਅਕਾਲੀ ਦਲ ਫਿਰ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰਕੇ ਰਾਜਸੀ ਸ਼ਕਤੀ ਨਾਲ ਇਨਸਾਫ ਦੇ ਦਰਵਾਜ਼ੇ ਬੰਦ ਕਰਨ ਦੀਆਂ ਕੋਸ਼ਿਸਾਂ ਕਰ ਰਿਹਾ ਹੈ। ਇਸੇ ਲਈ ਕੌਮ ਅਕਾਲੀਆਂ ਲਈ ਸੁਆਲਾਂ ਦੇ ਅੰਬਾਰ ਲਈ ਖੜੀ ਹੈ।
ਇਤਿਹਾਸ ਅਕਾਲੀ ਦਲ ਲਈ ਸੁਆਲਾਂ ਦੀ ਲੜੀ ਲੈਕੇ ਖਲੋਤਾ ਹੈ। ਇਨ੍ਹਾਂ ਸੁਆਲਾਂ ਨੂੰ ਉਲੰਘ ਕੇ ਅਕਾਲੀ ਦਲ ਨਾ ਤਾਂ ਆਪਣੀ ਹੋਂਦ ਬਚਾ ਸਕਦਾ ਹੈ ਅਤੇ ਨਾ ਪੰਜਾਬ ਨੂੰ ਤਬਾਹੀ ਦੇ ਕੰਢੇ ਤੇ ਜਾਣ ਤੋਂ ਰੋਕ ਸਕਦਾ ਹੈ। ਜੇ ਅਕਾਲੀ ਦਲ ਦੇ ਪ੍ਰਬੰਧਕ, ਸੱਤਾ ਦੇ ਮਦਮਸਤ ਘੋੜੇ ਤੋਂ ਥੱਲੇ ਉਤਰ ਕੇ ਸਿੱਖ ਕੌਮ ਦੀ ਪੀੜ ਨੂੰ ਮਹਿਸੂਸ ਕਰ ਲੈਣਗੇ ਤਾਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਂਣਗੇ, ਵਰਨਾ ਪੰਜਾਬ ਦੇ ਇਤਿਹਾਸ ਨੇ ਇਸ ਵੇਲੇ ਤਾਂ ਉਨ੍ਹਾਂ ਦੀ ਜਗ੍ਹਾ ਨਿਸਚਿਤ ਕੀਤੀ ਹੋਈ ਹੈ।