ਨਵੰਬਰ ੧੦, ੨੦੧੫ ਨੂੰ ੧੯੮੬ ਤੋਂ ਬਾਅਦ ਜਦੋਂ ਸਿੱਖ ਸੰਘਰਸ਼ ਆਪਣੀਆਂ ਨੀਹਾਂ ਨੂੰ ਪੱਕੇ ਕਰਨ ਦੇ ਰਾਹ ਤਲਾਸ਼ ਰਿਹਾ ਸੀ, ਇੱਕ ਵਾਰ ਫੇਰ ਸਿੱਖ ਕੌਮ ਨੇ ਆਪਣੇ ਆਪ ਯਤਨ ਕਰਕੇ ਬੰਜ਼ਰ ਬਣੀ ਪੰਜਾਬ ਦੀ ਧਰਤੀ ਉੱਪਰ ਕੇਸਰੀ ਤੇ ਨੀਲੀਆਂ ਦਸਤਾਰਾਂ ਬੰਨ ਕੇ ਲੱਖਾਂ ਦੀ ਤਾਦਾਦ ਵਿੱਚ ਇਕੱਤਰਤਾ ਕੀਤੀ। ੨੪ ਸਤੰਬਰ ੨੦੧੨ ਦੇ ਵਿਵਾਦਮਈ ਹੁਕਮਨਾਮੇ ਦੇ ਜਾਰੀ ਹੋਣ ਤੋਂ ਬਾਅਦ ਸਿੱਖ ਕੌਮ ਅੰਦਰ ਤੱਕ ਵਲੂੰਦਰੀ ਗਈ ਸੀ ਅਤੇ ਇਸ ਬਲਦੀ ਦੀ ਅੱਗ ਉੱਪਰ ਕੁਝ ਪੰਥਕ ਜਥੇਬੰਦੀਆਂ ਨੇ ਆਪਣੀ ਹੋਂਦ ਅਤੇ ਵਡੱਪਣ ਨੂੰ ਦਰਸਾਉਣ ਲਈ ਹੋਰ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ। ਆਖਰਕਾਰ ਕੁਝ ਦਿਨਾਂ ਬਾਅਦ ਹੀ ਸਿੱਖ ਕੌਮ ਦੀ ਸਰਬਉੱਚ ਹਸਤੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਕੌਮ ਦੀ ਤੜਫਦੀ ਪੀੜ ਨੂੰ ਆਪਣੇ ਉਪਰ ਲੈਂਦਿਆਂ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਸ਼ਹੀਦੀ ਦੇਣੀ ਪਈ। ਇਸਤੋਂ ਬਾਅਦ ਲਗਾਤਾਰ ਗੁਰੂ ਗ੍ਰੰਥ ਸਾਹਿਬ ਨੂੰ ਥਾਂ-ਥਾਂ ਪਿੰਡਾਂ ਵਿੱਚ ਰੁਲਣਾ ਪਿਆ। ਹੁਣ ਤੱਕ ਇਸ ਘਟਨਾ-ਕ੍ਰਮ ਦੇ ਦੌਰਾਨ ਦੋ ਸਿੰਘ ਸ਼ਹੀਦ ਹੋ ਚੁੱਕੇ ਹਨ ਅਤੇ ਬਾਰਾਂ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਚੁੱਕੀ ਹੈ। ਇਸ ਸਾਰੇ ਦੁਖਾਂਤ ਦੌਰਾਨ ਪੰਜਾਬ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਉਸ ਨਾਲ ਸਬੰਧਤ ਸੰਤ ਸਮਾਜ ਜਿਸ ਵਿੱਚ ਮੁੱਖ ਰੂਪ ਵਿੱਚ ਦਮਦਮੀ ਟਕਸਾਲ ਦਾ ਵੀ ਇੱਕ ਹਿੱਸਾ ਸ਼ਾਮਿਲ ਹੈ ਇਸ ਸਾਰੇ ਕੁਝ ਤੋਂ ਆਪਣੇ ਆਪ ਨੁੰ ਦੁੱਧ ਧੋਤਾ ਸਾਬਤ ਕਰਨ ਲਈ ਸਿੱਖ ਕੌਮ ਦੀ ਪੀੜ ਵਿੱਚ ਸ਼ਾਮਿਲ ਹੋਣ ਤੋਂ ਇਨਕਾਰੀ ਰਿਹਾ। ਸਿੱਖ ਕੌਮ ਦੇ ਦਹਾਕਿਆਂ ਬਾਅਦ ਚਿਰਾਂ ਤੋਂ ਰੜਕਦੀ ਆ ਰਹੀ ਪੰਥਕ ਪੀੜ ਨੇ ਹੁਲਾਰਾ ਖਾਧਾ ਤੇ ਆਪਣੇ ਗੁਰੂ ਸਾਹਿਬ ਦੀ ਸ਼ਹੀਦੀ ਦੇ ਦੁੱਖ ਤੇ ਰੋਹ ਵਜੋਂ ਆਪ ਮੁਹਾਰੇ ਹੀ ਪੰਜਾਬ ਦੇ ਪਿੰਡਾਂ ਵਿੱਚ ਇਕੱਤਰਤਾਵਾਂ ਕੀਤੀਆਂ ਸੋਗ ਮਨਾਏ ਤੇ ਗੁਰੂ ਸਾਹਿਬ ਅੱਗੇ ਅਰਦਾਸ਼ਾ ਕੀਤੀਆਂ ਕਿ ਅੱਜ ਦੀ ਘੜੀ ਮੁੜ ਕੋਈ ਸੰਤ-ਮਹਾਪੁਰਸ਼ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਂਗ ਕੌਮ ਦੀ ਰਹਿਨੁਮਾਈ ਕਰਨ ਲਈ ਅੱਗੇ ਆਵੇ ਅਤੇ ਕੌਮ ਦੀ ਕਿਸ਼ਤੀ ਦਾ ਮਲਾਹ ਬਣੇ ਤਾਂ ਜੋ ਸਿੱਖ ਕੌਮ ਇੱਕ ਵਾਰ ਫਿਰ ਜਾਗਰੂਕ ਹੋ ਕੇ ਆਪੋ ਬਣੀਆਂ ਪੰਥਕ ਜਮਾਤਾਂ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਨਾਲ ਲੱਗੇ ਸੰਤ ਸਮਾਜ ਤੋਂ ਨਜਾਤ ਪਾ ਸਕੇ। ਇਸ ਦੁਬਿਧਾ ਨੂੰ ਦੂਰ ਕਰਨ ਲਈ ਸਿੱਖ ਕੌਮ ਨੇ ਆਪ ਮੁਹਾਰੇ ਕੁਝ ਸੂਝਵਾਨ ਪੰਥ ਪ੍ਰਚਾਰਕਾਂ ਦੀ ਰਹਿਨੁਮਾਈ ਵਿੱਚ ਇਕੱਤਰ ਹੋਣ ਦਾ ਮਨ ਬਣਾਇਆ। ਇਸੇ ਲੜੀ ਵਿੱਚ ਚਲਦਿਆਂ ਆਪੋ ਬਣੀਆਂ ਪੰਥਕ ਜਮਾਤਾਂ ਨੇ ਇਸ ਰੋਹ ਵਿੱਚ ਉਠੀ ਪੀੜ ਨੂੰ ਆਪਣੇ ਹੱਕ ਵਿੱਚ ਕਰਨ ਲਈ ਸਰਬੱਤ ਖਾਲਸੇ ਦਾ ਨਾਮ ਦੇ ਕੇ ਦਸ ਨਵੰਬਰ ਨੂੰ ਪਿੰਡ ਚੱਬੇ ਵਿਖੇ ਇਕੱਠੇ ਹੋਣ ਦਾ ਨਿਰਣਾ ਲਿਆ। ਸਿੱਖ ਕੌਮ ਨੇ ਸਦਾ ਵਾਂਗ ਆਪਣੇ ਪ੍ਰਣ ਨੁੰ ਨਿਭਾਉਂਦਿਆਂ ਲੱਖਾਂ ਦੀ ਤਾਦਾਦ ਵਿੱਚ ਇਸ ਸਰਬੱਤ ਖਾਲਸੇ ਵਿੱਚ ਸ਼ਾਮਲ ਹੋਏ। ਇਹ ਮਨਸ਼ਾ ਲੈ ਕੇ ਕਿ ਅੱਜ ਕੋਈ ਸਾਡੇ ਦੁੱਖਾਂ ਅਤੇ ਚਿਰਾਂ ਤੋਂ ਲਮਕਦੀਆਂ ਆ ਰਹੀਆਂ ਪੀੜਾਂ ਨੂੰ ਧਰਾਸ ਦੇਣ ਲਈ ਰਹਿਨੁਮਾਈ ਕਰਨ ਲਈ ਕੋਈ ਨਵੀਂ ਪੰਥਕ ਸੋਚ ਵਾਲੀ ਧਿਰ ਸਾਹਮਣੇ ਆਵੇਗੀ। ਜਿਸ ਮਗਰ ਸਿੱਖ ਕੌਮ ਲੱਗ ਕੇ ਆਪਣੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਅਤੇ ਲੋਕਾਂ ਦੀ ਜਮਾਤ ਵਾਲੀ ਸਰਕਾਰ ਬਣਾਉਣ ਦਾ ਰਾਹ ਅੱਗੇ ਚੱਲ ਸਕੇਗਾ। ਸਿੱਖਾਂ ਨੇ ਇਹ ਸੋਚਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਥਾਂ-ਥਾਂ ਹੋਈ ਬੇਅਦਬੀ ਤੋਂ ਬਾਅਦ ਬਹੁੜੀਂ ਵੇ ਰੱਬਾਂ ਤਾਂ ਜੋ ਖੱਖੜੀਆਂ ਤੇ ਛਿੱਲਾਂ ਵਾਂਗ ਖਿੰਡੀ ਹੋਈ ਸਿੱਖ ਕੌਮ ਇੱਕ ਸੰਘਣੇ ਦਰੱਖਤ ਦੀ ਛਾਂ ਹੇਠ ਇੱਕਠੀ ਹੋ ਕੇ ਸਿੱਖ ਸੰਘਰਸ਼ ਦੌਰਾਨ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਹੀਦ ਹੋਈ ਸਿੱਖ ਨੌਜਵਾਨੀ ਦਾ ਲਾਹਾ ਲੈ ਕੇ ਬਣੀ ਪੰਥਕ ਸਰਕਾਰ ਨੂੰ ਸਿੱਖਾਂ ਤੋਂ ਅਤੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਤੋਂ ਲਾਂਭੇ ਕਰ ਕੇ ਸਿੱਖ ਕੌਮ ਦੀ ਤਰਜ਼ਮਾਨੀ ਕਰਨ ਵਾਲੀ ਸਰਕਾਰ ਅਤੇ ਧਾਰਮਿਕ ਸਥਾਨਾਂ ਦੀ ਸੁਚੱਜੀ ਸੇਵਾ ਸੰਭਾਲ ਵਾਲੀਆਂ ਸਿੱਖ ਸ਼ਖਸ਼ੀਅਤਾਂ ਅੱਗੇ ਆ ਸਕਣ ਤੇ ਪੰਥ ਦੇ ਬੇੜ ਨੂੰ ਇੱਕ ਸੁੱਚਜੇ ਮਲਾਹ ਵਾਂਗ ਕੰਢੇ ਲਾ ਸਕਣ। ਇਸ ਮਕਸਦ ਨੂੰ ਅਤੇ ਇਸ ਲੱਖਾਂ ਦੀ ਹੋਈ ਸਿੱਖ ਕੌਮ ਦੀ ਇਕੱਤਰਤਾ ਨੂੰ ਦਹਾਕਿਆਂ ਤੋਂ ਸਿੱਖ ਕੌਮ ਨੂੰ ਗੁਮਰਾਹ ਕਰਦੀ ਹੋਈ ਅਤੇ ਉਨਾਂ ਦੇ ਜ਼ਜਬਾਤਾਂ ਦੀਆਂ ਆਪਣੇ ਨਿੱਜੀ ਮਨੋਰਥਾਂ ਲਈ ਵਰਤੋਂ ਕਰਦੀ ਹੋਈ ਪੰਥਕ ਜਮਾਤ ਨੇ ਇੱਕ ਵਾਰ ਫੇਰ ਆਪਣੇ ਲੇਖੇ ਲਾ ਕੇ ਇਸ ਇੱਕਠ ਨੂੰ ਭਰਾ ਮਾਰੂ ਜੰਗ ਦੇ ਰਾਹ ਤੇ ਤੋਰਦਿਆ ਰਸਤਾ ਅਖਤਿਆਰ ਕਰਦਿਆਂ ਆਪਣੀ ਨਿੱਜੀ ਹਾਉਮੈ ਨੂੰ ਮੁੜ ਸੁਰਜੀਤ ਕਰ ਲਿਆ। ਇਸ ਇੱਕਠ ਦੌਰਾਨ ਸਿੱਖ ਸੰਘਰਸ਼ ਨਾਲ ਮੁੱਢ ਤੋਂ ਸੱਚੇ ਮਨ ਨਾਲ ਸੰਘਰਸ਼ਮਈ ਜਿੰਦਗੀ ਜਿਉਂਣ ਵਾਲੇ ਅਤੇ ਅੱਜ ਵੀ ਨਿਮਾਣੇ ਸਿੱਖਾਂ ਵਜੋਂ ਵਿਚਰ ਰਹੇ ਨਾਮਵਰ ਮੁਕੱਦਮਿਆਂ ਦਾ ਸਾਹਮਣਾ ਕਰ ਚੁੱਕੇ ਅਤੇ ਦਹਾਕਿਆਂ ਬੱਧੀ ਜੇਲ੍ਹਾਂ ਵਾਲੇ ਸਿੱਖ ਇਸ ਇੱਕਤਰਤਾ ਵਿੱਚੋਂ ਲਾਂਭੇ ਕਰ ਦਿੱਤੇ ਗਏ । ਸੋਚੀ ਸਮਝੀ ਸ਼ਾਜਿਸ ਅਧੀਨ ਹੀ ਕੁਝ ਪੰਥਕ ਧਿਰਾਂ ਨੇ ਸਦਾ ਵਾਂਗ ਨਾਅਰਿਆਂ ਦੀ ਗੂੰਜ ਵਿੱਚ ਅਤੇ ਮਾੜੀ ਸੋਚ ਵਾਲਿਆਂ ਨੂੰ ਜੱਥੇਦਾਰੀਆਂ ਦੀ ਕਤਾਰ ਵਿੱਚ ਸਿੱਖ ਕੌਮ ਅੱਗੇ ਮੁੜ ਤੋਂ ਲਿਆ ਖੜਾ ਕੀਤਾ। ਸਿੱਖ ਕੌਮ ਨੁੰ ਮੁੱਢ ਤੋਂ ਢਾਹ ਲਾਉਂਦੀ ਆ ਰਹੀ ਪੰਥਕ ਜਮਾਤ ਵਿੱਚ ਬਣੇ ਦਹਾਕਿਆਂ ਤੋਂ ਆਗੂ ਮੁੜ ਨਵੇਂ ਰੂਪ ਵਿੱਚ ਪੰਥਕ ਮਲਾਹ ਬਣ ਕੇ ਸੰਤ ਮਹਾਂਪੁਰਸ਼ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਾਰਿਸ ਬਣ ਗਏ ਤੇ ਸਿੱਖ ਕੌਮ ਦੇ ਜ਼ਜ਼ਬਾਤਾਂ ਨੂੰ ਖੱਖੜੀਆਂ ਵਾਂਗ ਖਿਲਾਰਨ ਦਾ ਯਤਨ ਮੁੜ ਤੋਂ ਅਰੰਭ ਦਿੱਤਾ ਹੈ। ਅੱਜ ਸਿੱਖ ਕੌਮ ਅੱਗੇ ਸਵਾਲ ਹੈ ਕਿ ਕੀ ਸਦਾ ਵਾਂਗ ਸੂਝ ਤੇ ਸਮਝ ਨੂੰ ਕਿਨਾਰੇ ਕਰ ਕੇ ਫੋਕੇ ਨਾਅਰਿਆਂ ਦੀ ਗੂੰਜ ਵਿੱਚ ਹੀ ਪੰਥ ਨੂੰ ਸਮੇਟ ਕੇ ਰੱਖ ਦੇਣਾ ਹੈ ਜਾਂ ਮੁੜ ਕੇ ਸੋਚ-ਸਮਝ ਵਾਲੇ ਸੰਘਰਸ਼ਮਈ ਜੀਵਨ ਵਾਲੇ ਸਿੱਖ ਜਿੰਨਾਂ ਨੇ ਆਪਣੀ ਪੂਰੀ ਜਵਾਨੀ ਕਾਲ ਕੋਠੜੀਆਂ ਦੇ ਹਨੇਰਿਆਂ ਅਤੇ ਪਰਵਾਰਕ ਵਿਛੋੜਿਆਂ ਦੀ ਪੀੜ ਵਿਚੋਂ ਲੰਘੇ ਅੱਜ ਅੱਧ ਉਮਰੇ ਹੋਏ ਸਿੱਖਾਂ ਨੂੰ ਪਛਾਣ ਕੇ ਮੁੜ ਪੰਥਕ ਵਿਚਾਰਧਾਰਾ ਵਿੱਚ ਸ਼ਾਮਿਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ ਤਾਂ ਤੋਂ ਫੋਕੇ ਨਾਅਰਿਆਂ ਨੂੰ ਸਿੱਖ ਕੌਮ ਤੋਂ ਨਿਜਾਤ ਦਿੱਤੀ ਜਾ ਸਕੇ। ਮੈਂ ਜ਼ਿੰਦਗੀ ਦੇ ਦਹਾਕੇ ਕੌਮ ਲੇਖੇ ਲਾਏ ਹਨ ਅਤੇ ਹੁਣ ਤੱਕ ਜੋ ਸੋਚ ਸਮਝ ਇਕੱਤਰ ਕੀਤੀ ਹੈ ਉਸ ਮੁਤਾਬਕ ਮੈਂ ਨਿੱਜ ਤੌਰ ਤੇ ਅੱਜ ਇਸ ਸਰਬੱਤ ਖਾਲਸੇ ਤੋਂ ਮੁਨਕਰ ਹਾਂ ਅਤੇ ਜੇ ਮੇਰੇ ਖਿਆਲ ਵੱਖਰੇ ਹਨ ਤਾਂ ਇਹ ਨਹੀਂ ਕਿ ਮੈਂ ਪੰਥਕ ਵਿਚਾਰਧਾਰਾ ਤੋਂ ਨਿੱਖੜ ਗਿਆ ਹਾਂ ਆਪਣੇ ਪੰਥ ਵਿੱਚ ਕੁਝ ਆਪੂੰ ਬਣੇ ਪੰਥਕ ਮਲਾਹ ਕਦੇ ਕਿਰਪਾਨਾਂ ਦਾ ਸਹਾਰਾ ਲੈ ਸਲਾਹ ਮਸ਼ਵਰਿਆਂ ਤੋਂ ਭੱਜਦੇ ਰਹੇ ਹਨ ਤੇ ਕਦੇ ਝੂਠੇ ਨਾਅਰਿਆਂ ਦੀ ਲੋਅ ਹੇਠਾਂ ਆਪਣੀ ਚੌਧਰ ਨੂੰ ਬਰਕਰਾਰ ਰੱਖਦੇ ਰਹੇ ਹਨ ਤਾਂ ਜੋ ਕੌਮ ਦੀ ਕਿਸ਼ਤੀ ਵਿੱਚ ਵੱਖਰੇ ਵਿਚਾਰ ਰੱਖ ਕੇ ਸਾਡੇ ਵਰਗੇ ਇਨਾਂ ਫੋਕੀਆਂ ਸ਼ਾਨਾਂ ਤੋਂ ਦੂਰ ਰੱਖੇ ਜਾ ਸਕਣ।