ਕੁਝ ਦਿਨ ਪਹਿਲਾਂ ਗੁਰਬਖਸ਼ ਸਿੰਘ ਖਾਲਸਾ ਵੱਲੋਂ ਆਪਣੇ ਪਿੰਡ ਥਸਕਾ-ਅਲੀ ਵਿੱਚ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਖੁਦਕਸ਼ੀ ਕਰ ਲਈ ਗਈ। ਇਸ ਬਾਰੇ ਇਹ ਦੋ ਰਾਵਾਂ ਖੜੀਆਂ ਹੋ ਗਈਆਂ ਕਿ ਕੀ ਇਸਨੂੰ ਹਰਿਆਣਾ ਪੁਲੀਸ ਨੇ ਖੁਦਕਸ਼ੀ ਕਰਨ ਲਈ ਮਜਬੂਰ ਕੀਤਾ ਸੀ? ਜਾਂ ਉਨਾਂ ਦਾ ਦਬਾਅ ਮੰਨ ਕਿ ਖਾਲਸਾ ਨੇ ਆਪ ਹੀ ਆਪਣੇ ਆਪ ਨੂੰ ਬਚਾਉਣ ਲਈ ਟੈਂਕੀ ਤੋਂ ਕੁੱਦ ਕੇ ਛਾਲ ਮਾਰ ਦਿੱਤੀ ਤੇ ਜਿਸ ਕਾਰਨ ਵੱਜੀਆਂ ਸੱਟਾਂ ਦੀ ਵਜਾਹ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਖਾਲਸਾ ਦੀ ਮੌਤ ਹੋ ਗਈ।
ਗੁਰਬਖਸ਼ ਸਿੰਘ ਖਾਲਸਾ ੨੦੧੩ ਤੋਂ ਲੈ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਚਰਚਾ ਵਿੱਚ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਸ ਬਾਰੇ ਕੋਈ ਗੱਲਬਾਤ ਨਹੀਂ ਹੋ ਰਹੀ ਸੀ। ਗੁਰਬਖਸ਼ ਸਿੰਘ ਦੇ ਚਰਚਾ ਵਿੱਚ ਰਹਿਣ ਦਾ ਕਾਰਨ ਇਸ ਵੱਲੋਂ ਚਾਣ ਚੱਕ ਹੀ ੨੦੧੩ ਦੇ ਆਖਰੀ ਮਹੀਨਿਆਂ ਵਿੱਚ ਬੰਦੀ ਸਿੱਖਾਂ ਦਾ ਰਿਹਾਈ ਦਾ ਮੁੱਦਾ ਚੁੱਕਿਆ ਗਿਆ ਸੀ ਤੇ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ। ਇਸ ਭੁੱਖ ਹੜਤਾਲ ਦਾ ਮੁੱਖ ਮੁੱਦਾ ਇਹ ਰੱਖਿਆ ਗਿਆ ਸੀ ਕਿ ਲੰਮੇ ਅਰਸੇ ਤੋਂ ਦਹਾਕਿਆਂ ਬੱਧੀ ਸਿੱਖ ਸੰਘਰਸ਼ ਨਾਲ ਸਬੰਧਤ ਸਿੱਖ ਜੇਲ੍ਹਾਂ ਵਿੱਚ ਬੰਦ ਹਨ ਤੇ ਇਹਨਾਂ ਦੀ ਕੋਈ ਸੁਣਵਾਈ ਵੀ ਨਹੀਂ ਹੋ ਰਹੀ ਸੀ। ਇੰਨਾਂ ਬੰਦੀ ਸਿੱਖਾਂ ਬਾਰੇ ਇਹ ਚਰਚਾ ਹੈ ਕਿ ਇਹ ਸਿੱਖ ਆਪਣੀਆਂ ਸਜਾਵਾਂ ਭੁਗਤਣ ਤੋਂ ਬਾਅਦ ਵੀ ਜਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹਨ। ਇਸ ਲਈ ਇਸ ਮੁੱਦੇ ਨੂੰ ਮੁੱਖ ਰੱਖ ਕੇ ਗੁਰਬਖਸ਼ ਸਿੰਘ ਨੇ ਛੇ ਸਿੱਖਾਂ ਦੀ ਰਿਹਾਈ ਨੂੰ ਮੁੱਖ ਰੱਖ ਮਰਨ ਵਰਤ ਸ਼ੁਰੂ ਕੀਤਾ ਸੀ। ਇਹ ਭੁੱਖ ਹੜਤਾਲ ਮਹੀਨੇ ਤੋਂ ਉੱਪਰ ਚੱਲੀ ਸੀ ਅਤੇ ਇਸ ਨੂੰ ਮੀਡੀਆ ਤ ਸਿੱਖਾਂ ਵਿੱਚ ਕਾਫੀ ਹੁੰਗਾਰਾ ਮਿਲਿਆ ਸੀ ਜਿਸ ਸਦਕਾ ਪੰਜਾਬ ਸਰਕਾਰ ਨੇ ਬੇਅੰਤ ਸਿੰਘ ਕਤਲ-ਕਾਂਡ ਨਾਲ ਸਬੰਧਤ ਤਿੰਨ ਸਿੱਖਾਂ ਨੂੰ ੨੮ ਦਿਨ ਦੀ ਪੈਰੋਲ ਦੇ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਇਸ ਹੁੰਗਾਰੇ ਨੂੰ ਉਸ ਸਮੇਂ ਮੋੜ ਪਿਆ ਜਦੋਂ ਗੁਰਬਖਸ਼ ਸਿੰਘ ਨੇ ਆਪਣੇ ਵਾਅਦੇ ਤੋਂ ਵੱਖ ਹੁੰਦਿਆਂ ਹੋਇਆਂ ਆਪਣੀ ਭੁੱਖ ਹੜਤਾਲ ਮਕਸਦ ਪੂਰਾ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤੀ ਤੇ ਆਪਣੇ ਪਿੰਡ ਚਲਾ ਗਿਆ।
ਉਸ ਵਕਤ ਇਸ ਵਿਵਾਦ ਬਾਰੇ ਗਰਮ-ਖਿਆਲੀ ਸਿੱਖਾਂ ਵਿੱਚ ਕਾਫੀ ਚਰਚਾ ਹੋਈ ਤੇ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਕਿ ਗੁਰਬਖਸ਼ ਸਿੰਘ ਨੇ ਅਰਦਾਸ ਕਰਕੇ ਕਾਜ਼ ਅਧੂਰਾ ਹੀ ਛੱਡ ਦਿੱਤਾ। ਉਸ ਸਮੇਂ ਇਹ ਵੀ ਚਰਚਾ ਰਹੀ ਸੀ ਕਿ ਇਸ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਉਕਸਾ ਕੇ ਦੇਸ਼ ਵਿਦੇਸ਼ ਤੋਂ ਮਾਇਆ ਇਕੱਤਰ ਕੀਤੀ ਸੀ ਪਰ ਇਸ ਬਾਰੇ ਕੋਈ ਪਰਤੱਖ ਪ੍ਰਮਾਣ ਸਾਹਮਣੇ ਨਹੀਂ ਆਇਆ ਸੀ। ਇਹ ਸਿਰਫ ਗੱਲਬਾਤ ਦਾ ਹੀ ਵਿਸ਼ਾ ਸੀ। ਇਸੇ ਤਰਾਂ ਇਸਨੇ ਇੱਕ ਸਾਲ ਬਾਅਦ ਫਿਰ ਤੋਂ ਅੰਬਾਲਾ ਨੇੜੇ ਇੱਕ ਗੁਰਦੁਆਰਾ ਸਾਹਿਬ ਵਿਖੇ ਬੰਦੀ ਸਿੰਘਾ ਦੀ ਰਿਹਾਈ ਬਾਰੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਸ ਭੁੱਖ ਹੜਤਾਲ ਦੌਰਾਨ ਭਾਵੇਂ ਇਸਨੂੰ ਪਹਿਲਾਂ ਵਰਗਾ ਹੁੰਗਾਰਾ ਤਾਂ ਨਹੀਂ ਮਿਲਿਆ ਪਰ ਕੁਝ ਸਿੱਖ ਹਲਕਿਆਂ ਵੱਲੋਂ ਕਾਫੀ ਹੱਲਾਸ਼ੇਰੀ ਦਿੱਤੀ ਗਈ ਤੇ ਇਸ ਵਾਰ ਫੇਰ ਖਾਲਸਾ ਨੇ ਅਰਦਾਸ ਕਰਕੇ ਭੁੱਖ ਹੜਤਾਲ ਵਿਚਕਾਰ ਹੀ ਛੱਡ ਦਿੱਤੀ ਤੋਂ ਉਸ ਤੋਂ ਬਾਅਦ ਆਪਣੇ ਪਿੰਡ ਜਾ ਕੇ ਚੁੱਪ ਧਾਰਨ ਕਰ ਲਈ।
ਇੰਨਾਂ ਦੋ ਭੁੱਖ ਹੜਤਾਲਾਂ ਦੀ ਨਮੋਸ਼ੀ ਤੋਂ ਬਾਅਦ ਵਿਦੇਸ਼ੀ ਸਿੱਖਾਂ ਵੱਲੋਂ ਖਾਲਸਾ ਦੀ ਨਿੰਦਾ ਵੀ ਕੀਤੀ ਗਈ। ਇਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਨੇ ਵੀ ਅਰਦਾਸ ਕਰਕੇ, ਬੰਦੀ ਸਿਖਾਂ ਦੀ ਰਿਹਾਈ ਨੂੰ ਲੈ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਜੋ ਸਮੇਂ ਨਾਲ ਸੁਰਖੀਆਂ ਵਿੱਚ ਰਹਿਣ ਤੋਂ ਬਾਅਦ ਖਾਮੋਸ਼ ਹੋ ਗਿਆ ਹੁਣ ਲੰਮੇ ਸਮੇਂ ਤੋਂ ਬਾਪੂ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ ਪਰ ਉਸਦੇ ਦਾਅਵੇ ਮੁਤਾਬਕ ਅੱਜ ਵੀ ਸਾਲਾਂ ਬਾਅਦ ਉਹ ਆਪਣੀ ਭੁੱਖ ਹੜਤਾਲ ਤੇ ਕਾਇਮ ਹੈ। ਇਸ ਤਰਾਂ ਦੀ ਭੁੱਖ ਹੜਤਾਲ ਦੇ ਵਿਸ਼ੇ ਸਿੱਖਾਂ ਅੰਦਰ ਗੰਭੀਰਤਾ ਨਾਲ ਸੋਚੇ ਜਾਵੇ ਚਾਹੀਦੇ ਹਨ ਤੇ ਇਹ ਵੀ ਨਿਰਣਾ ਹੋਣਾ ਚਾਹੀਦਾ ਹੈ ਕਿ ਕੀ ਇਸ ਤਰਾਂ ਮਰਨ ਵਰਤ ਤੇ ਬੈਠਣਾ ਸਿੱਖ ਪ੍ਰੰਪਰਾਵਾਂ ਵਿੱਚ ਮੰਨਿਆ ਜਾਂਦਾ ਹੈ ਜਾਂ ਨਹੀਂ।
ਹੁਣ ਗੁਰਬਖਸ਼ ਸਿੰਘ ਵੱਲੋਂ ਤੀਜੀ ਵਾਰ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਉਠਾ ਕੇ ਆਪਣੇ ਪਿੰਡ ਵਿਖੇ ਪਾਣੀ ਦੀ ਟੈਂਕੀ ਤੇ ਚੜ ਭੁੱਖ ਹੜਤਾਲ ਦਾ ਐਲਾਨ ਕਰ ਦੇਣਾ ਤੇ ਉਸੇ ਦਿਨ ਹੀ ਹਰਿਆਣਾ ਪੁਲੀਸ ਦਾ ਉਥੇ ਪਹੁੰਚ ਕੇ ਗੁਰਬਖਸ਼ ਸਿੰਘ ਨੂੰ ਟੈਂਕੀ ਤੋਂ ਉਤਾਰਨ ਦੀ ਕੋਸ਼ਿਸ ਕਰਕੇ ਉਚ ਨੀਵੇਂ ਰਵੱਈਏ ਤੇ ਦੱਸੇ ਜਾਂਦੇ ਦਬਾਅ ਕਾਰਨ ਗੁਰਬਖਸ਼ ਸਿੰਘ ਨੇ ਅਚਾਨਕ ਹੀ ਟੈਂਕੀ ਤੋਂ ਛਾਲ ਮਾਰ ਦਿੱਤੀ ਤੇ ਲੱਗੀਆਂ ਸੱਟਾਂ ਦੀ ਤਾਬ ਨਾ ਚਲਦਿਆਂ ਉਸਦੀ ਮੌਤ ਹੋ ਗਈ। ਉਸਦੀ ਮੌਤ ਵੀ ਸਿੱਖਾਂ ਦੇ ਇੱਕ ਹਲਕੇ ਵੱਲੋਂ ਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਹਾਦਤ ਦਾ ਰੂਪ ਦਿੱਤਾ ਗਿਆ ਹੈ। ਹੁਣ ਉਸਦੀ ਅੰਤਿਮ ਅਰਦਾਸ ਤੇ ਪਾਠ ਦੇ ਭੋਗ ਦੀ ਅਰਦਾਸ ਦੌਰਾਨ ਗਰਮ-ਖਿਆਲੀ ਸਿੱਖਾਂ ਵੱਲੋਂ ਇਸ ਸ਼ਹਾਦਤ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਤਾਂ ਗਿਆ ਹੀ ਹੈ ਤੇ ਇਸਦੀਆਂ ਅਸਥੀਆਂ ਨੂੰ ਲੈ ਕੇ ਜਲ-ਪ੍ਰਵਾਹ ਕਰਨ ਤੋਂ ਪਹਿਲਾਂ ਤਿੰਨ ਤਖਤ ਸਾਹਿਬਾਨ ਤੇ ਜਲੂਸ ਦੀ ਸ਼ਕਲ ਵਿੱਚ ਲਿਜਾਣ ਦਾ ਰਸਤਾ ਅਪਣਾਇਆ ਗਿਆ ਹੈ ਤੇ ਤਾਂ ਜੋ ਇਸਦੀ ਮੌਤ ਨੂੰ ਸ਼ਹਾਦਤ ਦਾ ਰੂਪ ਦੇ ਕੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਮੁੱਖ ਰੱਖ ਕੇ ਮਕਸਦ ਬਣਾਉਣ ਦਾ ਰਸਤਾ ਅਪਣਾਇਆ ਜਾ ਸਕੇ। ਪਰ ਅੱਜ ਤੱਕ ਦੀਆਂ ਖਬਰਾਂ ਮੁਤਾਬਕ ਸਿੱਖ ਸੰਗਤਾਂ ਵੱਲੋਂ ਅੰਤਿਮ ਅਰਦਾਸ ਤੇ ਸਸਕਾਰ ਸਮੇਂ ਜਾਂ ਅਸਥੀਆਂ ਦੇ ਜਲੂਸ ਵਿੱਚ ਬਹੁਤ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ। ਇਸਦਾ ਕਾਰਨ ਇਹ ਵੀ ਹੈ ਕਿ ਪਿਛਲੇ ਸਾਲਾਂ ਵਿੱਚ ਵਾਰ-ਵਾਰ ਵਖਤ ਵਿਹਾਅ ਚੁੱਕੇ ਸਿੱਖ ਸੰਘਰਸ਼ ਦੇ ਅਖਵਾਏ ਜਾਂਦੇ ਲੀਡਰ ਆਪਣੀ ਨਿੱਜੀ ਅਹਿਮੀਅਤ ਨੂੰ ਬਲ ਦੇਣ ਲਈ ਕੋਈ ਨਾ ਕੋਈ ਪੰਥਕ ਮੁੱਦਾ ਉਠਾ ਕੇ ਕੋਸ਼ਿਸ ਕਰਦੇ ਰਹਿੰਦੇ ਹਨ ਤੇ ਸਿੱਖ ਸੰਗਤ ਇੰਨਾ ਮੁੱਦਿਆ ਨੂੰ ਗੰਭੀਰਤਾਂ ਨਾਲ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਸ਼ਖਸ਼ੀਅਤ ਬਾਰੇ ਉਂਗਲ ਨਾ ਉੱਠ ਸਕੇ ਤੇ ਇਹ ਮੁੱਦੇ ਹੱਲ ਹੋ ਸਕਣ ਦੇ ਰਾਹ ਤੇ ਪੈ ਸਕਣ ਤਾਂ ਹੀ ਗੁਰਬਖਸ਼ ਸਿੰਘ ਖਾਲਸਾ ਦੀ ਬੇਵਕਤੀ ਮੌਤ ਕਿਸੇ ਲੇਖੇ ਵਿੱਚ ਆ ਸਕੇਗੀ। ਇਸੇ ਤਰਾਂ ਸਾਲਾਂ ਤੋਂ ਚੱਲ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਵੀ ਸ਼ਾਇਦ ਕੋਈ ਅਰਥ ਮਿਲ ਸਕਣ।