ਇਹ ਹਫਤਾ ਸਿੱਖ ਇਤਿਹਾਸ ਵਿੱਚ ਇੱਕ ਦੁਖਦਾਈ ਹਫਤੇ ਦੇ ਤੌਰ ਤੇ ਜਾਣਿਆਂ ਜਾਂਦਾ ਹੈੈ। 31 ਅਕਤੂਬਰ ਨੂੰ ਖਾਲਸਾ ਪੰਥ ਦੇ ਦੂਲਿਆਂ ਨੇ ਭਾਰਤੀ ਇਤਿਹਾਸ ਦੇ ਇੱਕ ਤਾਨਾਸ਼ਾਹ ਹਾਕਮ ਨੂੰ ਉਸਦੇ ਕੀਤੇ ਹੋਏ ਦੁਰਕਰਮਾਂ ਦੀ ਸਜ਼ਾ ਦਿੱਤੀ ਸੀ। ਸੱਤਾ ਦੇ ਨਸ਼ੇ ਵਿੱਚ ਮਦਹੋਸ਼ ਹੋਈ ਇੱਕ ਔਰਤ ਜਦੋਂ ਗੁਰੂ ਦੇ ਦੁਆਰੇ ਅਤੇ ਗੁਰੂ ਦੇ ਖਾਲਸੇ ਦੀ ਪਾਵਨਤਾ ਤੋਂ ਮੁੱਖ ਮੋੜ ਬੈਠੀ ਸੀ ਤਾਂ 31 ਅਕਤੂਬਰ 1984 ਨੂੰ ਵਾਹਿਗੁਰੂ ਨੇ ਅਜਿਹਾ ਭਾਣਾਂ ਵਰਤਾਇਆ ਕਿ ਉਸ ਔਰਤ ਦਾ ਮਾਣ ਚੂਰ ਚੂਰ ਹੋ ਗਿਆ।
ਪਰ ਉਸਤੋਂ ਅਗਲੇ ਦਿਨ ਭਾਰਤ ਦੇ ਹਰ ਹਿੱਸੇ ਵਿੱਚ ਪੰਜਾਬ ਨੂੰ ਛੱਡਕੇ, ਹਿੰਦੂ ਭੀੜਾਂ ਨੇ ਸਿੱਖਾਂ ਦਾ ਕਤਲੇਆਮ ਕਰਨਾ ਅਰੰਭ ਕਰ ਦਿੱਤਾ ਸੀ। ਸਮੇਂ ਦੇ ਪਰਧਾਨ ਮੰਤਰੀ ਦੀਆਂ ਹਦਾਇਤਾਂ ਤੇ ਅਤੇ ਉਸਦੇ ਤਿੰਨ ਬਹੁਤ ਨੇੜਲੇ ਸਾਥੀਆਂ ਦੀ ਯੋਜਨਾਬੰਦੀ ਨਾਲ ਮੁਲਕ ਭਰ ਵਿੱਚ ਸਿੱਖਾਂ ਦਾ ਵਹਿਸ਼ੀ ਕਤਲੇਆਮ ਕਰਵਾਇਆ ਗਿਆ। ਜਿੱਥੇ ਕਿਤੇ ਵੀ ਸਿੱਖ ਮਿਲਿਆ ਉਸਨੂੰ ਵਹਿਸ਼ਤ ਨਾਲ ਕਤਲ ਕਰ ਦਿੱਤਾ ਗਿਆ,ਘਰ ਬਾਰ ਲੁੱਟ ਲਏ ਗਏ ਅਤੇ ਹਰ ਪਾਸੇ ਤਬਾਹੀ ਫੈਲਾ ਦਿੱਤੀ ਗਈ।
31 ਅਕਤੂਬਰ ਤੋਂ ਲੈਕੇ 7 ਨਵੰਬਰ ਤੱਕ ਦਾ ਹਫਤਾ ਖਾਲਸਾ ਪੰਥ ਦੇ ਇਤਿਹਾਸ਼ ਦਾ ਅਜਿਹਾ ਹਫਤਾ ਹੈ ਜਿਸਨੂੰ ਹਰ ਸਿੱਖ ਨੂੰ ਹਮੇਸ਼ਾ ਯਾਦ ਰੱਖਣਾਂ ਚਾਹੀਦਾ ਹੈੈ। ਇਹ ਕੌਮ ਦੀ ਸੂਰਮਗਤੀ ਅਤੇ ਸ਼ਹਾਦਤ ਦਾ ਹਫਤਾ ਹੈੈ। ਸਦੀਆਂ ਤੱਕ ਕੌਮ ਉਸ ਦਿਨ ਤੇ ਮਾਣ ਕਰਦੀ ਰਹੇਗੀ ਜਦੋਂ,ਕੌਮੀ ਨਿਸ਼ਾਨਾਂ ਅਤੇ ਗੁਰਧਾਮਾਂ ਵੱਲ ਉੱਠੀ ਨਿਗਾਹ ਨੂੰ ਖਾਲਸਾ ਜੀ ਨੇ ਮੋੜ ਦਿੱਤਾ ਸੀ। ਇਸਦੇ ਨਾਲ ਹੀ ਵੱਡੇ ਅਤੇ ਛੋਟੇ ਘਲੂਘਾਰੇ ਵਾਂਗ ਬਾਕੀ ਦੇ 7 ਦਿਨਾਂ ਨੂੰ ਵੀ ਸ਼ਹਾਦਤਾਂ ਵਾਲੇ ਹਫਤੇ ਦੇ ਤੌਰ ਤੇ ਯਾਦ ਕੀਤਾ ਜਾਣਾਂ ਚਾਹੀਦਾ ਹੈੈ।
ਅਸੀਂ ਦੇਖ ਰਹੇ ਹਾਂ ਕਿ ਸਿੱਖ ਕੌਮ ਦੀ ਨਵੀਂ ਪੀੜ੍ਹੀ ਜਿਸ ਨੂੰ ਹੁਣ ਤੀਜੀ ਪੀੜ੍ਹੀ ਦੇ ਤੌਰ ਤੇ ਯਾਦ ਕਰ ਰਹੇ ਹਾਂ ਉਸ ਦੀ ਸਿਮਰਤੀ ਵਿੱਚੋਂ 1984 ਦੀਆਂ ਘਟਨਾਵਾਂ ਦੀ ਮਹੱਤਤਾ ਕਿਸੇ ਹੱਦ ਤੱਕ ਵਿਸਰਦੀ ਜਾ ਰਹੀ ਹੈੈ। ਪਿਛਲੇ ਦਿਨੀ ਕੁਝ ਸੂਝਵਾਨ ਵੀਰਾਂ ਨੇ ਇੱਕ ਸਰਵੇਖਣ ਕਰਵਾਇਆ ਜਿਸ ਵਿੱਚ ਤੀਜੀ ਪੀੜ੍ਹੀ ਦੇ ਨੌਜਵਾਨਾਂ ਨੂੰ ਨਵੰਬਰ 1984 ਦੇ ਘਟਨਾਕ੍ਰਮ ਬਾਰੇ ਸੁਆਲ ਕੀਤੇ ਗਏ। ਪਰ ਉਸ ਸਰਵੇਖਣ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ, 1984 ਦੇ ਘਟਨਾਕ੍ਰਮ ਬਾਰੇ ਕੋਈ ਬਹੁਤੀ ਪੁਖਤਾ ਜਾਣਕਾਰੀ ਸਾਂਝੀ ਨਹੀ ਕਰ ਸਕੇ। ਉਨ੍ਹਾਂ ਨੂੰ ਉਸ ਇਤਿਹਾਸ਼ ਬਾਰੇ ਬਹੁਤ ਘੱਟ ਪਤਾ ਸੀ।
ਕਿਸੇ ਕੌਮ ਦੀ ਅਧੀਨਗੀ ਹੇਠ ਰਹਿ ਰਹੀਆਂ ਕੌਮਾਂ ਲਈ ਅਜਿਹੀਆਂ ਇਤਿਹਾਸਕ ਭੁੱਲਾਂ ਕਾਫੀ ਖਤਰਨਾਕ ਹੁੰਦੀਆਂ ਹਨ। ਕਿਸੇ ਕੌਮ ਨੇ ਇਤਿਹਾਸ ਵਿੱਚ ਜੋ ਪ੍ਰਾਪਤੀਆਂ ਕੀਤੀਆਂ ਅਤੇ ਅਤੇ ਜੋ ਜ਼ਖਮ ਹਾਸਲ ਕੀਤੇ ਹਨ ਉਹ ਹਰ ਪੀੜ੍ਹੀ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਣੇ ਚਾਹੀਦੇ ਹਨ। ਕੌਮ ਦੇ ਹਰ ਬੱਚੇ ਦੇ ਮਨ ਵਿੱਚ ਉਨ੍ਹਾਂ ਸਾਕਿਆਂ ਦੀ ਪੀੜ ਹਮੇਸ਼ਾ ਤਰੋ-ਤਾਜ਼ਾ ਰਹਿਣੀ ਚਾਹੀਦੀ ਹੈੈ। ਬੇਸ਼ੱਕ ਸਾਡੇ ਬੱਚਿਆਂ ਨੇ ਵਿਦਿਅਕ ਖੇਤਰ ਵਿੱਚ ਬਹੁਤ ਮੱਲਾਂ ਮਾਰਨੀਆਂ ਹਨ ਪਰ ਇਸਦੇ ਨਾਲ ਹੀ ਉਨ੍ਹਾਂ ਨੂੰ ਇੱਕ ਕੌਮ ਦੇ ਤੌਰ ਤੇ ਵੀ ਸੁਚੇਤ ਹੋਣਾਂ ਚਾਹੀਦਾ ਹੈੈ।
ਹਰ ਮਨੁੱਖ ਦੀਆਂ ਦੋ ਸ਼ਖਸ਼ੀਅਤਾਂ ਹੁੰਦੀਆਂ ਹਨ, ਇੱਕ ਨਿੱਜੀ ਸ਼ਖਸ਼ੀਅਤ ਅਤੇ ਦੂਜੀ ਕੌਮੀ ਸ਼ਖਸ਼ੀਅਤ। ਜਿੱਥੇ ਮਨੁੱਖ ਨੇ ਸੰਸਾਰ ਵਿੱਚ ਰਹਿੰਦੇ ਹੋਏ ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਕਰਨੀ ਹੈ ਉੱਥੇ ਉਸਨੇ ਨੇ ਕੌਮ ਦਾ ਅੰਗ ਹੋਣ ਦੀ ਜਿੰਮੇਵਾਰੀ ਵੀ ਨਿਭਾਉਣੀ ਹੈੈ। ਸਿੱਖ ਬੱਚੇ ਆਪਣੀ ਕੌਮੀ ਜਿੰਮੇਵਾਰੀ ਤਾਂ ਹੀ ਨਿਭਾਅ ਸਕਣਗੇ ਜੇ ਉਨ੍ਹਾਂ ਨੂੰ ਕੌਮ ਨਾਲ ਵਾਪਰੇ ਦੀ ਸਮਝ ਹੋਵੇਗੀ ।
ਅਸੀਂ ਸਮਝਦੇ ਹਾਂ ਕਿ ਇਸ ਸਥਿਤੀ ਲਈ ਅਸੀਂ ਸਾਰੇ ਕਿਤੇ ਨਾ ਕਿਤੇ ਜਿੰਮੇਵਾਰ ਹਾਂ। ਬੇਸ਼ੱਕ ਭਾਰਤੀ ਸਟੇਟ ਨੇ ਸਾਡੇ ਉੱਤੇ ਅਜਿਹੀ ਲੀਡਰਸ਼ਿੱਪ ਥੋਪ ਦਿਤੀ ਹੋਈ ਹੈ ਜੋ 1984 ਦੇ ਵਰਤਾਰੇ ਨੂੰ ਭੁਲਾ ਕੇ, ਮੌਜਾਂ ਕਰਨ ਵਾਲਾ ਮਾਡਲ ਤਿਆਰ ਕਰ ਰਹੀ ਹੈ ਪਰ ਕੌਮ ਨਾਲ ਦਿਲੀ ਸਾਂਝ ਰੱਖਣ ਵਾਲੇ ਹਰ ਮਾਈ ਭਾਈ ਨੂੰ ਇਹ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਉਹ ਕੌਮ ਦੀਆਂ ਸਾਂਝੀਆਂ ਜਿੱਤਾਂ ਅਤੇ ਸਾਂਝੀਆਂ ਪੀੜਾਂ ਬਾਰੇ ਆਪਣੇ ਬੱਚਿਆਂ ਨੂੰ ਜਰੂਰ ਜਾਣਕਾਰੀ ਦੇਵੇ।
ਜੇ ਸਾਡੀਆਂ ਪੀੜ੍ਹੀਆਂ ਆਪਣੇ ਇਤਿਹਾਸ ਦੇ ਬਹੁਤ ਜੰਗਜੂ ਅਤੇ ਸ਼ਹਾਦਤਾਂ ਭਰੇ ਪੰਨਿਆਂ ਨੂੰ ਹੀ ਵਿਸਾਰ ਦੇਣਗੀਆਂ ਤਾਂ ਅਸੀਂ ਕੌਮੀ ਤੌਰ ਤੇ ਅੱਗੇ ਕਿਵੇਂ ਵਧ ਸਕਾਂਗੇ।
ਹਰ ਸੱਚੇ ਸਿੱਖ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈੈ।