Dr Jasvir Singh

ਕੁਝ ਸਮਾਂ ਪਹਿਲਾਂ ਕੌਮ ਪ੍ਸਤ ਸਿੱਖ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਵੱਲੋਂ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਚਲਾਣੇ ਸਬੰਧੀ ਦਿੱਤੀ ਗਈ ਇਕ ਮੁਲਾਕਾਤ ਵਿੱਚ ਪੰਜਾਬ ਵਿਚ ਹਿੰਦੂ ਆਗੂਆਂ ਦੀ ਹਿੰਦੀ ਭਾਸ਼ਾ ਪ੍ਰਤੀ ਪ੍ਰਤਿਬੱਧਤਾ ਦਾ ਮੁਲਾਂਕਣ ਕੀਤਾ ਗਿਆ । ਇਹ ਮੁਲਾਂਕਣ ਅਕਾਲੀ ਦਲ ਅਤੇ ਇਸ ਦੇ ਆਗੂਆਂ (ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ) ਦੀ ਸਿੱਖਾਂ ਸਬੰਧੀ ਕੋਮਵਾਦੀ ਨੀਤੀ( ਜਿਸ ਵਿੱਚ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦਾ ਅਟੁੱਟ ਥਾਂ ਹੈ)ਨੂੰ ਬੁਰੀ ਤਰਾਂ ਵਿਸਾਰ ਦੇਣ ਦੇ ਸੰਦਰਭ ਵਿੱਚ ਕੀਤਾ ਗਿਆ।  ਇਹ ਵਰਤਾਰਾ ਜਿੱਥੇ ਇੱਕ ਪਾਸੇ ਪ੍ਰਕਾਸ਼ ਸਿੰਘ ਬਾਦਲ ਰਾਹੀਂ ਅਕਾਲੀ ਦਲ ਦੇ ਬਚੇ-ਖੁਚੇ ਸਿੱਖ ਖਾਸੇ ਨੂੰ ਖਤਮ ਕਰਕੇ ਇਸ ਦਾ ਭਾਰਤੀਕਰਨ ਕਰਨ ਵੱਲ ਸੇਧਤ ਹੈ ਤਾਂ ਦੂਜੇ ਪਾਸੇ ਇਹ ਪੰਜਾਬ ਵਿੱਚਲੀ ਹਿੰਦੂ ਰਾਸ਼ਟਰਵਾਦੀ ਨੀਤੀ ਦਾ ਵਿਸ਼ਲੇਸ਼ਣ ਕਰਨ ਦੀ ਮੰਗ ਵੀ ਕਰਦਾ ਹੈ। ਪੰਜਾਬ ਵਿਚ ਸੰਗਠਤ ਹਿੰਦੂਵਾਦੀ ਸੰਸਥਾਵਾਂ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਅਤੇ ਜਨ ਸੰਘ ਸ਼ਾਮਲ ਸਨ। ਜਨ ਸੰਘ ਅੰਗਰੇਜੀ ਰਾਜ ਦੋਰਾਨ ਮੋਜੂਦ ਹਿੰਦੂ ਜਥੇਬੰਦੀਆਂ ਹਿੰਦੂ ਮਹਾਂਸਭਾ ਅਤੇ ਅਰੀਅ ਸਮਾਜ ਦਾ ਹੀ ਰਾਜਨੀਤਕ ਸੰਗਠਨ ਦਾ ਹਿੱਸਾ ਸੀ ।ਰਾਸ਼ਟਰੀ ਸਵੈਮ ਸੇਵਕ ਸੰਘ ਵੀ ਇਸ ਦਾ ਵਿਚਾਰਧਾਰਕ ਹਿੱਸਾ ਸੀ।

ਇਤਿਹਾਸਕ ਤੌਰ ਤੇ ਜਨਸੰਘ ਦਾ ਸਬੰਧ ਪੰਜਾਬ ਵਿੱਚਲੀ ਆਰੀਆ ਸਮਾਜੀ ਲਹਿਰ ਅਤੇ ਇਸਦੇ ਆਗੂਆਂ ਨਾਲ ਜੁੜਦਾ ਹੈ। ਇਸ ਲਈ ਸਿੱਖਾ ਨਾਲ ਇਸ ਦਾ ਵਿਵਾਦ ਇਸ ਸੰਗਠਨ ਦੇ ਜਨਮ ਸਮੇਂ ਹੀ ਬਣ ਗਿਆ ਸੀ । ਇੱਥੇ ਇਹ ਤੱਥ ਮਹੱਤਵਪੂਰਨ ਹੈ ਕਿ ਭਾਰਤ ਦੇ ਦੂਜੇ ਹਿੱਸਿਆਂ ਤੋਂ ਪੰਜਾਬ ਵਿਚ ਹਿੰਦੂ ਰਾਸ਼ਟਰਵਾਦੀ ਆਗੂਆਂ ਦੇ ਜਾਤੀ ਅਤੇ ਵਿੱਦਿਅਕ ਅਧਾਰ ਵੱਖਰੇ ਸਨ ।ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਅੰਗਰੇਜ਼ੀ ਵਿਦਿਆ ਨੀਤੀ ਦਾ ਸਭ ਤੋਂ ਵੱਧ ਪੰਜਾਬ ਦੇ ਹਿੰਦੂ ਵਰਗ ਨੇ ਹੀ ਲਾਹ ਲਿਆ ਸੀ ।ਬਾਕੀ ਭਾਰਤ ਵਿੱਚ ਹਿੰਦੂਆਂ ਦੇ ਓੱਚ ਬ੍ਰਾਹਮਣ ਵਰਗ ਨੇ ਅੰਗਰੇਜ਼ੀ ਵਿੱਦਿਆ ਦਾ ਲਾਹਾ ਲੈ ਕੇ ਸਮਾਜ ਦੀ ਸੰਗਠਨਾਤਮਕ ਅਗਵਾਈ ਤੇ ਇਕ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਸੀ ਪਰ ਪੰਜਾਬ ਵਿੱਚ ਹਿੰਦੂ ਖੱਤਰੀ ਅਤੇ ਅਰੋੜੇ ਵਰਗ ਅੰਗਰੇਜ਼ੀ ਵਿੱਦਿਆ ਲੈ ਕੇ ਪੰਜਾਬ ਦੇ ਸਮਾਜਕ ਅਤੇ ਅੰਗਰੇਜ਼ੀ ਰਾਜ ਦੇ ਰਾਜਸੀ ਤੇ ਪ੍ਰਸ਼ਾਸ਼ਨਿਕ ਖੇਤਰਾਂ ਵਿੱਚ ਪੂਰੀ ਤਰ੍ਹਾਂ ਛਾ ਗਏ ਸਨ।

ਪੰਜਾਬ ਵਿਚਲੇ ਦੂਜੇ ਮੁਸਲਮ ਅਤੇ ਸਿੱਖ ਲੋਕ ਇੰਨਾਂ ਦੇ ਮੁਕਾਬਲੇ ਅੰਗਰੇਜ਼ੀ ਵਿੱਦਿਅ ਲੈਣ ਵਿੱਚ ਕਾਫ਼ੀ ਪਿੱਛੇ ਰਹਿ ਗਏ ਸਨ ।ਸਿੱਖ ਤਾਂ ਇਸ ਸੰਦਰਭ ਵਿੱਚ ਮਾਤਾ ਦਾ ਮਾਲ ਹੀ ਸਨ ।ਪੜ੍ਹੇ-ਲਿਖੇ ਹਿੰਦੂ ਪੰਜਾਬੀ ਧਾਰਮਿਕ ਤੇ ਵਿਚਾਰਧਾਰਕ ਤੌਰ ਤੇ ਹਿੰਦੂ ਸਮਾਜ ਵਿੱਚ ਫੈਲੀਅਂ ਕੁਰੀਤੀਅਂ ਤੋਂ ਆਵਾਜਾਰ ਸਨ ਅਤੇ ਅੰਗਰੇਜ਼ ਸ਼ਾਸਕਾਂ ਵਾਂਗ ਜੀਵਨ ਗੁਜ਼ਾਰਨ ਦੀ ਲੱਲਕ ਕਾਰਨ ਆਮ ਹਿੰਦੂਆਂ ਤੋਂ ਦੂਰੀ ਬਣਾ ਕੇ ਚੱਲ ਰਹੇ ਸਨ ।ਸਵਾਮੀ ਦਯਾਨੰਦ ਨੇ ਇਨ੍ਹਾਂ ਹਿੰਦੂ ਵਰਗਾ ਦੀ ਮਾਨਸਕ ਹਾਲਤ ਨੂੰ ਭਾਂਪ ਲਿਆ ਸੀ ।ਸਵਾਮੀ ਦਯਾਨੰਦ ਨੇ ਵੈਦਿਕ ਧਰਮ ਦੀ ਵਿਚਾਰਧਾਰਾ ਰਾਹੀਂ ਏਸ ਪੜ੍ਹੇ-ਲਿਖੇ ਹਿੰਦੂ ਹਿੰਦੂ ਵਰਗ ਨੂੰ ਆਰਿਆ ਸਮਾਜ ਵੱਲ ਖਿੱਚ ਲਿਆ ।ਸ਼ੁਰੂਆਤੀ ਦੌਰ ਵਿਚ ਕੁਝ ਪੜ੍ਹੇ ਲਿਖੇ ਸਿੱਖ ਵੀ ਆਰੀਆ ਸਮਾਜ ਲਹਿਰ ਨਾਲ ਜੁੜੇ ਪਰ ਜਲਦੀ ਹੀ ਆਰੀਆ ਸਮਾਜੀਆਂ ਦੇ ਸਿੱਖ ਵਿਰੋਧੀ ਖਾਸੇ ਅਤੇ ਸ਼ੁੱਧੀ ਲਹਿਰ ਕਾਰਨ ਇਹ ਅਮਲ ਹਿੰਦੂ-ਸਿੱਖ ਵਿਵਾਦ ਵਿੱਚ ਬਦਲ ਗਿਆ ।ਏਸ ਵਿਵਾਦ ਨੇ ਬਾਅਦ ਵਿੱਚ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ ।ਭਾਰਤੀ ਆਜ਼ਾਦੀ ਅਤੇ ਪੰਜਾਬ ਦੇ ਬਟਵਾਰੇ ਤੋਂ ਬਾਅਦ ਪੰਜਾਬ ਦੋ ਭਾਸ਼ਾਈ ਸਮੂਹਾਂ ਵਿੱਚ ਵੰਡਿਅ ਗਿਆ ।ਇਸ ਸਮੇਂ ਪੰਜਾਬ ਵਿੱਚ ਗਿਆਰਾਂ ਮਿਲੀਅਨ ਹਿੰਦੀ ਬੋਲਣ ਵਾਲੇ ਅਤੇ 8 ਮਿਲੀਅਨ ਪੰਜਾਬੀ ਬੋਲਣ ਵਾਲੇ ਲੋਕ ਰਹਿ ਰਹੇ ਸਨ ।ਹਿੰਦੀ ਭਾਸ਼ਾ ਲਈ ਦੇਵਨਾਗਰੀ ਅਤੇ ਪੰਜਾਬੀ ਭਾਸ਼ਾ ਲਈ ਗੁਰਮੁੱਖੀ ਲਿਪੀ ਵਰਤੀ ਜਾਂਦੀ ਸੀ ।ਆਰੀਆ ਸਮਾਜੀਆਂ ਨੇ ਪੰਜਾਬ ਦੇ ਹਿੰਦੂਆਂ ਦੀ ਬੋਲੀ ਦਾ ਸੰਸਕ੍ਰਿਤੀਕਰਨ ਕਰਨ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਤੇ ਜ਼ੋਰ ਦਿੱਤਾ ।ਇਸ ਅਮਲ ਦੇ ਵਿਰੋਧ ਵਜੋਂ ਸਿੱਖਾਂ ਵਿੱਚ ਕੌਮੀ ਭਾਵਨਾ ਹੇਠ ਗੁਰਮੁਖੀ ਲਿਪੀ ਦੀ ਵਰਤੋਂ ਹੋਰ ਹਰਮਨ ਪਿਆਰੀ ਹੋ ਗਈ ।ਗੁਰਮੁਖੀ ਲਿਪੀ ਗੁਰੂ ਸਾਹਿਬਾਨਾਂ ਵੱਲੋਂ ਵਰੋਸਾਈ ਹੋਣ ਕਰਕੇ ਸਿੱਖ ਮਨਾਂ ਵਿਚ ਪਵਿੱਤਰਤਾ ਦਾ ਦਰਜਾ ਧਾਰਨ ਕਰ ਗਈ ।ਭਾਸ਼ਾਈ ਵਿਰੋਧਤਾ ਦੇ ਇਸ ਅਮਲ ਨੇ ਪੰਜਾਬ ਦੀ ਰਾਜਨੀਤੀ ਨੂੰ ਧਾਰਮਿਕ ਪਛਾਣ ਅਤੇ ਲਿੱਪੀ ਅਧਾਰਤ ਵਿਰੋਧ ਦਾ ਰੂਪ ਦੇ ਦਿੱਤਾ ।

ਭਾਰਤੀ ਆਜ਼ਾਦੀ ਤੋਂ ਬਾਅਦ ਕਾਂਗਰਸ ਦੇ ਭਾਰਤੀ ਰਾਸ਼ਟਰਵਾਦੀ ਨੇਤਾਵਾਂ ਨੇ ਸਿੱਖਾਂ ਨੂੰ ਕੌਮੀ ਪਛਾਣ ਦੇ ਅਧਾਰ ਤੇ ਵੱਖਰੇ ਕਨੂੰਨੀ ਹੱਕ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ।ਇਸ ਕਰਕੇ ਅਕਾਲੀ ਦਲ ਦੇ ਆਗੂਆਂ ਜਿੰਨਾਂ ਬਿਨਾਂ ਕਿਸੇ ਰਾਜਨੀਤਿਕ ਤੇ ਕਨੂੰਨੀ ਸਮਝੋਤੇ ਦੇ ਭਾਰਤੀ ਰਾਜ ਦਾ ਹਿੱਸਾ ਹੋਣਾ ਮੰਨ ਲਿਅ ਸੀ ਲਈ ਰਾਜਸੀ ਹੋਂਦ ਦਾ ਖਤਰਾ ਤੇ ਸੁਆਲ ਖੜਾ ਹੋ ਗਿਆ।ਇਸ ਡਰ ਚੋਂ ‘ਸਚਰ ਫਾਰਮੂਲਾ’ ਅਤੇ ਪੰਜਾਬੀ ਸੂਬੇ ਦੀ ਮੰਗ ਨਿਕਲੀ ।ਸੱਚਰ ਫਾਰਮੂਲੇ ਨੇ ਪੰਜਾਬੀ ਭਾਸ਼ਾ ਨੂੰ ਵਿਦਿਅੱਕ  ਪੱਧਰ ਤੇ ਲਾਗੂ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਸੀ ।ਜਿਸ ਦੇ ਸਿੱਟੇ ਵਜੋਂ ਪੰਜਾਬ ਵਿਚਲੇ ਆਰੀਆ ਸਮਾਜੀ ਤੇ ਸੰਘੀ ਹਿੰਦੂ ਆਗੂਆਂ ਲਈ ਜਨ ਸੰਘ ਦੇ ਰੂਪ ਵਿੱਚ ਓਭਰਣ ਲਈ ਜ਼ਮੀਨ ਤਿਆਰ ਹੋ ਗਈ ।ਆਰਿਆ ਸਮਾਜੀ ਅਤੇ ਸੰਘ ਦੇ ਆਗੂ ਜਨਸੰਘ ਵਿੱਚ ਸ਼ਾਮਲ ਹੋ ਕੇ ਪੰਜਾਬੀ ਭਾਸ਼ਾ ਦੇ ਰਾਜਨੀਤਕ ਵਿਰੋਧ ਨੂੰ  ਰਾਜਨੀਤਿਕ ਅਤੇ ਸੰਗਠਨਾਤਮਕ ਰੂਪ ਦੇਣ ਵਿਚ ਸਫ਼ਲ ਹੋ ਗਏ ।1957 ਵਿਚ ਜਨਸੰਘ ਨੇ ਮਹਾਂਪੰਜਾਬ ਪੰਜਾਬ ਬਣਾਉਣ ਦੀ ਮੰਗ ਕੀਤੀ ਤਾਂ ਕਿ ਸਿੱਖਾਂ ਦੀ ਅਬਾਦੀ ਨੂੰ ਹੋਰ ਘਟਾਇਆ ਜਾ ਸਕੇ ।

ਦੂਜੇ ਪਾਸੇ ਭਾਰਤ ਪੱਧਰ ਦੇ ਜਨਸੰਘ ਦੇ ਆਗੂ ਪੰਜਾਬ ਵਿੱਚਲੇ ਵਿਵਾਦ ਸਬੰਧੀ ਜਾਣ-ਬੁੱਝ ਕੇ ਅਸਪਸ਼ਟ ਨੀਤੀ ਧਾਰ ਕੇ ਚੱਲ ਰਹੇ ਸਨ ।ਇਕ ਪਾਸੇ ਇਹ ਪੰਜਾਬੀ ਸੂਬੇ ਦੀ ਮੰਗ ਦੀ ਵਾਜਬੀਅਤ ਨੂੰ ਸਮਝਦੇ ਸਨ ਪਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਨੂੰ ਵੀ ਪੰਜਾਬੀ ਸੂਬੇ ਦਾ ਹਿੱਸਾ ਬਣਾਉਂਣ ਦੇ ਹਾਮੀ ਸਨ ।ਅਖੀਰ 1957 ਵਿੱਚ ਜਨਸੰਘ ਦੇ ਭਾਰਤੀ ਆਗੂ ਪੰਜਾਬ ਦੇਜਨਸੰਘੀ ਆਗੂਆਂ ਦੀ ਰਾਜਨੀਤੀ ਨਾਲ ਪੂਰੀ ਤਰਾਂ ਸਹਿਮਤ ਹੋ ਗਏ ।ਭਾਰਤੀ ਜਨਸੰਘ ਸੰਗੀ ਆਗੂਆਂ ਨੇ ਪੰਜਾਬ ਨੂੰ ਪੰਜਾਬੀ ਭਾਸ਼ੀ ਰਾਜ ਮੰਨਣ ਤੋਂ ਇਨਕਾਰ ਕਰ ਦਿੱਤਾ ।ਮਹਾਂ ਪੰਜਾਬ ਸੰਮਤੀ ਨੂੰ ਮੁੜ ਸੰਗਠਿਤ ਕੀਤਾ ਗਿਆ ।ਲੰਬੇ ਸਮੇਂ ਤੋਂ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਹਿੱਸਾ ਰਹੇ ਹਨ ਸੰਘ ਦੇ ਸਕੱਤਰ ਅਤੇ ਆਰਿਆ ਸਮਾਜ ਦੇ ਆਗੂ ਅਲਖ ਧਾਰੀ ਨੂੰ ਇਸ ਸੰਮਤੀ ਦੇ ਚਾਲਕ ਬਣਾਇਆ ਗਿਆ ।ਇਸ ਸੰਮਤੀ ਨੇ ਪੰਜਾਬ ਵਿੱਚ ਹਿੰਦੀ ਭਾਸ਼ਾ ਦੇ ਆਧਾਰ ਤੇ ਸੱਚਰ ਫਾਰਮੂਲੇ ਵੱਚ ਬਦਲਾ ਦੀ ਮੰਗ ਕੀਤੀ ਅਤੇ ਜੂਨ 1956 ਵਿੱਚ ਹਿੰਦੂ ਰਕਸ਼ਾ ਸੰਮਤੀ ਹੋਂਦ ਵਿਚ ਲਿਆਂਦੀ ਗਈ ।ਅਪ੍ਰੈਲ 1957 ਵਿੱਚ ਜਨਸੰਘ ਬਕਾਇਦਾ ਇਸ ਸੰਮਤੀ ਦਾ ਹਿੱਸਾ ਬਣ ਗਿਆ ।ਹਿੰਦੀ ਬਚਾਓ ਸੰਘਰਸ਼ ਦੌਰਾਨ ਜਨਸੰਘ ਦੇ ਆਰੀਆ ਸਮਾਜੀ ਅਤੇ ਸੰਘੀ ਕਾਰਕੁਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ।ਪੰਜਾਬ ਦੀ ਹਿੰਦੂ ਆਬਾਦੀ ਨੇ ਜਨਸੰਘ ਦੀ ਇਸ ਨੀਤੀ ਨੂੰ ਹੱਥੋਂ ਹੱਥ ਲਿਆ ਅਤੇ 1957ਦੀਆਂ ਚੋਣਾਂ ਵਿੱਚ 9 ਸੀਟਾਂ ਜਿੱਤਾ ਦਿੱਤੀਆਂ ।ਜਨਸੰਘ ਦੀ ਪੰਜਾਬ ਵਿੱਚਲੀ ਇਸ ਕਾਮਯਾਬੀ ਨੇ ਭਾਰਤ ਪੱਧਰ ਦੇ ਆਗੂਆਂ ਨੂੰ ਵੀ ਪੰਜਾਬ ਦੇ ਭਾਸ਼ਾਈ ਵਿਵਾਦ ਦਾ ਹਿੱਸਾ ਬਣਾ ਦਿੱਤਾ ।ਅਸਲ ਵਿੱਚ ਇਹ ਨੀਤੀ ਪੰਜਾਬ ਆਰੀਆ ਸਮਾਜ ਅਤੇ ਗੁਰੂਕੁੱਲ ਅਰੀਆ ਸਮਾਜ ਦੇ ਪ੍ਰਧਾਨ ਅਚਾਰੀਆ ਰਾਮ ਦੇਵ ਦੇ ਅਸਰ ਹੇਠ ਅਪਣਾਈ ਗਈ ਸੀ ।ਪਰ ਦੂਜੇ ਪਾਸੇ ਜਨ ਸੰਘ ਦੀ ਇਸ ਜਿੱਤ ਦੇ ਹੇਠ ਇਸ ਦੀ ਰਾਜਨੀਤਿਕ ਟੁੱਟ ਭੱਜ ਦਾ ਅਮਲ ਵੀ ਜੁੜਿਆ ਹੋਇਆ ਸੀ ।ਕਾਂਗਰਸ ਪਾਰਟੀ ਆਪਣੇ ਉੱਤਰ ਪ੍ਰਦੇਸ਼ ਦੇ ਆਰਿਆ ਸਮਾਜੀ ਆਗੂ ਪ੍ਰਸ਼ੋਤਮ ਦਾਸ ਟੰਡਨ ਰਾਹੀਂ ਮਹਾਂਪੰਜਾਬ ਸੰਮਤੀ ਅਤੇ ਹਿੰਦੀ ਬਚਾਓ ਲਹਿਰ ਦੇ ਆਗੂਆ ਨੂੰ ਰਾਜਨੀਤਕ ਤੇ ਆਰਥਕ ਲੋਭ ਲਾਲਚ ਰਾਹੀਂ ਤੋੜਨ ਵਿਚ ਕਾਮਯਾਬ ਹੋ ਗਏ ।ਆਰੀਆ ਸਮਾਜ ਦੇ ਪ੍ਰਭਾਵਸ਼ਾਲੀ ਆਗੂ  ਮੇਹਰ ਚੰਦ ਜੋ ਭਾਰਤੀ ਸੁਪਰੀਮ ਕੋਰਟ ਦਾ  ਸਾਬਕਾ ਮੁੱਖ ਜੱਜ ਅਤੇ ਡੀਏਵੀ ਕਾਲਜ ਟਰੱਸਟ ਅਤੇ ਸੁਸਾਇਟੀ ਦਾ ਮੁਖੀ ਸੀ ਨੂੰ ਪੁਲਸ ਕਮਿਸ਼ਨ ਦਾ ਮੁਖੀ  ਲਾ ਦਿੱਤਾ ਗਿਆ ।ਉਸ ਦੇ ਪੁੱਤਰ ਨੂੰ ਪੰਜਾਬ ਹਾਈ ਕੋਰਟ ਦਾ ਜੱਜ ਲਾਇਆ ਗਿਆ ।ਡੀਏਵੀ ਆਰਿਆ ਸਮਾਜ ਦੇ ਸੂਬਾਈ ਮੁਖੀ ਸੂਰਜ ਭਾਨ ਨੂੰ ਕੁਰਕਸ਼ੇਤਰ ਯੂਨੀਵਸਟੀ ਦਾ ਵਾਈਸ ਚਾਂਸਲਰ ਲਾਇਆ ਗਿਆ ।ਦਸੰਬਰ 1957 ਵਿੱਚ ਹਿੰਦੀ ਲਹਿਰ ਦੇ ਸਿਰਕੱਢ ਆਗੂ ਘਣ ਸ਼ਾਮ ਸਿੰਘ ਗੁਪਤਾ ਦੀ ਵਚੋਲਗੀ ਰਾਹੀਂ ਹਿੰਦੀ ਲਹਿਰ ਦੌਰਾਨ ਫੜੇ ਗਏ ਆਗੂਆਂ ਤੇ ਕਾਰਕੁੰਨਾਂ ਨੂੰ ਰਿਹਾਅ ਕਰ ਦਿੱਤਾ ਗਿਆ ।ਇਸ ਵਰਤਾਰੇ ਨੇ ਜਨਸੰਘ  ਨੂੰ ਹੋਰ ਤਾਕਤਹੀਣ ਕਰ ਦਿੱਤਾ।ਭਾਰਤ ਪੱਧਰ ਤੇ ਵੀ ਏਸ ਵਰਤਾਰੇ ਦਾ ਅਸਰ ਪਿਆ ।ਭਾਰਤੀ ਜਨ ਸੰਘ ਦੀ ਅਗਵਾਈ ਆਰੀਆ ਸਮਾਜੀ ਰਾਮਦੇਵ ਤੋਂ ਬਦਲ ਕੇ ਸੰਘੀ ਆਗੂਆਂ ਦੇ ਹੱਥਾਂ ਵਿਚ ਚਲੀ ਗਈ ।ਇਸ ਦਾ ਅਸਰ ਪੰਜਾਬ ਜਨ ਸੰਘ ਤੇ ਵੀ ਪਿਆ ।ਪੰਜਾਬ ਜਨ ਸੰਘ ਦੇ ਆਗੂ ਯੱਗ ਦੱਤ ਸ਼ਰਮਾ ਨੇ ਅਚਾਰੀਆ ਰਾਮਦੇਵ ਵਲੋਂ ਹਿੰਦੀ ਬਚਾਓ ਅੰਦੋਲਨ ਨੂੰ ਮੁੜ ਸ਼ੁਰੂ ਕਰਨ ਦੇ ਬਿਆਨ ਆਪਣੇ ਆਪ ਨੂੰ ਅਲੱਗ ਕਰ ਲਿਆ ।ਭਾਰਤੀ ਜਨ ਸੰਘ ਦੇ ਆਗੂਆ ਵੱਲੋਂ ਹਿੰਦੀ ਸਬੰਧੀ ਸਰਕਾਰੀ ਨੀਤੀ ਦੀ ਨਿੰਦਾ ਕੀਤੀ ਗਈ ਪਰ ਹਿੰਦੀ ਰਕਸ਼ਾ ਸੰਮਤੀ ਨੂੰ ਜਲਦਬਾਜ਼ੀ ਵਿਚ ਕੋਈ ਵੀ ਫੈਸਲਾ ਲੈਣ ਤੋਂ ਰੋਕ ਦਿੱਤਾ ।ਇਹ ਫੈਸਲਾ ਜਨਸੰਘ ਦੀ ਬਦਲੀ ਹੋਈ ਸੰਘੀ ਅਗਵਾਈ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਮਾਨਸਿਕ ਜੰਗ ਦੀ ਨੀਤੀ ਦੀ ਸ਼ੁਰੂਆਤ ਦਾ ਸੂਚਕ ਸੀ ।ਜਨਸੰਘ ਦੀ ਸਿੱਖਾਂ ਪ੍ਰਤੀ ਬਦਲੀ ਨੀਤੀ ਦੀ ਸ਼ੁਰੂਆਤ ਅਕਤੂਬਰ 1957 ਵਿੱਚ ਸੰਘ ਮੁਖੀ ਗੋਲਵਲਕਰ ਦੀ ਪੰਜਾਬ ਫੇਰੀ ਤੋਂ ਹੋਈ ।ਸੰਘ ਮੁਖੀ ਗੋਲਵਲਕਰ ਨੇ ਪੰਜਾਬ ਦੇ ਸੰਘੀ ਕਾਰਕੁਨਾਂ ਤੇ ਆਗੂਆਂ ਨੂੰ ਹਿੰਦੀ ਸਬੰਧੀ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਲੈਣ ਤੋਂ ਸਖਤੀ ਨਾਲ ਰੋਕਿਆ ।ਸੰਘ ਦੀ ਇਹ ਨੀਤੀ ਜਨਸੰਘ ਨੂੰ ਭਾਰਤ ਦੇ ਦੂਜੇ ਹਿੱਸਿਆਂ ਖਾਸ ਕਰਕੇ ਦੱਖਣੀ ਭਾਰਤ ਵਿੱਚ ਫੈਲਾਓਣ ਦੀ ਵੀ ਸੀ ।ਇਸੇ ਨੀਤੀ ਤਹਿਤ 1967 ਵਿਚ ਦੱਖਣੀ ਭਾਰਤੀ ਆਗੂ ਨੂੰ ਸੰਘ ਦਾ ਮੁਖੀ ਬਣਾਇਆ ਗਿਆ ।ਪੰਜਾਬ ਜਨਸੰਘ ਦੇ ਆਗੂਆਂ ਬਲਦੇਵ ਪ੍ਰਕਾਸ਼ ਅਤੇ ਬਲਰਾਮ ਦਾਸ ਟੰਡਨ ਨੇ ਬਾਅਦ ਵਿੱਚ ਭਾਰਤੀ ਜਨਸੰਘ ਆਗੂਆਂ ਵੱਲੋਂ ਹਿੰਦੀ ਲਹਿਰ ਦੇ ਮੁਕਾਬਲੇ ਭਾਰਤ ਵਿਚ ਇਸ ਦੇ ਫੈਲਾਅ ਦੀ ਨੀਤੀ ਨੂੰ ਮੰਨ ਲਿਆ।ਦੂਜੇ ਪਾਸੇ ਪੰਜਾਬ ਦੇ ਜਨਸੰਘੀ ਅਤੇ ਆਰਿਆ ਸਮਾਜੀ ਆਗੂਆਂ ਦੇ ਜ਼ਹਿਰੀਲੇ ਪ੍ਰਚਾਰ ਦੇ ਬਾਵਜੂਦ ਭਾਰਤੀ ਰਾਜ ਨੇ 1966 ਵਿੱਚ ਪੰਜਾਬ ਦੀ ਵੰਡ ਨੂੰ ਮੰਨ ਲਿਆ ।

ਪੰਜਾਬੀ ਸੂਬੇ ਦੇ ਬਣਨ ਦਾ ਪੰਜਾਬ ਦੀ ਸ਼ਹਿਰੀ ਹਿੰਦੂ ਵਸੋਂ ਵੱਲੋਂ ਹਿੰਸਕ ਵਿਰੋਧ ਕੀਤਾ ਗਿਆ ।ਪੰਜਾਬ ਜਨਸੰਘ ਅਤੇ ਆਰੀਆ ਸਮਾਜ ਦੇ ਕਈ ਆਗੂ ਗ੍ਰਿਫਤਾਰ ਕਰ ਲਏ ਗਏ ।ਦੂਜੇ ਪਾਸੇ ਭਾਰਤੀ ਜਨ ਸੰਘ ਦੇ ਆਗੂ ਸੰਤ ਫਤਿਹ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਆਗੂਆਂ ਨੂੰ ਮਾਨਿਸਕ ਤੌਰ ਤੇ ਕਾਬੂ ਕਰਨ ਵਿੱਚ ਸਫ਼ਲ ਹੋ ਗਏ ਸਨ ।ਇਸ ਸਮੇਂ ਤੱਕ ਪੰਜਾਬ ਵਿਚ  ਸੰਘੀ ਅਤੇ ਕਾਂਗਰਸ ਅੰਦਰਲੇ ਆਰਿਆ ਸਮਾਜੀ ਆਗੂ ਇਕ ਮੁੱਠ ਹੋ ਗਏ ਸਨ ।ਇਨ੍ਹਾਂ ਆਗੂਆਂ ਨੇ ਭਾਰਤ ਦੇ ਗ੍ਰਹਿ ਮੰਤਰੀ ਗਿਰਧਾਰੀ ਲਾਲ ਨੰਦਾ ਨੂੰ ਪੰਜਾਬੀ ਸੂਬੇ ਨੂੰ ਕਮਜ਼ੋਰ ਕਰਨ ਦੀ ਨੀਤੀ ਲਾਗੂ ਕਰਨ ਲਈ ਮਨਾ ਲਿਆ ਸੀ ।ਅਪ੍ਰੈਲ 30 ਨੂੰ ਸੰਘ ਦੇ ਭਾਰਤੀ ਆਗੂ ਬਲਰਾਜ ਮਧੋਕ ਨੇ ਜਲੰਧਰ ਵਿਚ ਆਪਣੇ ਭਾਸ਼ਣ ਦੌਰਾਨ ਪੰਜਾਬੀ ਹਿਦੂੰਆ ਨੂੰ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨੂੰ ਮੰਨ ਲੈਣ ਦੀ ਅਪੀਲ ਕੀਤੀ ਤਾਂਕਿ ਸਿੱਖਾਂ ਵਿਚ ਗੁਰਮੁਖੀ ਲਿਪੀ ਲਈ ਧਾਰਮਿਕ ਲਗਾਅ ਨੂੰ ਖੋਰਾ ਲਾਇਆ ਜਾ ਸਕੇ ।ਜਨਸੰਘ ਅਤੇ ਆਰਿਆ ਸਮਾਜੀਆਂ ਦੀ ਸਿੱਖਾਂ ਖਿਲਾਫ ਮਾਨਸਿਕ ਜੰਗ ਦੀ ਨੀਤੀ ਉਸ ਸਮੇਂ ਸਿਖਰ ਤੇ ਪਹੁੰਚ ਗਈ ਜਦੋਂ ਸੰਘ ਮੁਖੀ ਗੋਲਵਲਕਰ ਨੇ ਪੰਜਾਬ ਦੇ ਹਿੰਦੂਆਂ ਨੂੰ ਪੰਜਾਬੀ ਭਾਸ਼ਾ ਅਪਣਾਉਣ ਦੀ ਅਪੀਲ ਕੀਤੀ ਅਤੇ ਨਾਲ ਹੀ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦਿਆਂ ਭਾਸ਼ਾ ਵਿਵਾਦ ਨੂੰ ਧਰਮ ਨਾਲ ਜੋੜਨ ਦਾ ਵਿਰੋਧ ਕੀਤਾ ।ਬਾਅਦ ਵਿੱਚ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਇਸੇ ਨੀਤੀ ਦਾ ਸ਼ਿਕਾਰ ਹੋ ਕੇ ਆਪਣੀ ਰਾਜਨੀਤਕ ਬਰਬਾਦੀ ਦੇ ਸਿਖਰ ਤੱਕ ਪਹੁੰਚ ਗਏ ।

1967 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਕਾਲੀ ਦਲ ਨੇ ਜਨਸੰਘ ਨਾਲ ਪੰਜਾਬੀ ਭਾਸ਼ਾ ਦੀ ਵਿਚਾਰਧਾਰਕ ਅਣਦੇਖੀ  ਕਰ ਕੇ ਅਤੇ ਸਾਂਝੀ ਸਰਕਾਰ ਬਣਾ ਕੇ ਆਪਣੀ ਰਾਜਨੀਤਕ ਬਰਬਾਦੀ ਦਾ ਮੁੱਢ ਬੰਨ ਲਿਆ।ਜਨਸੰਘ ਦੇ ਜਨਰਲ ਸਕੱਤਰ ਕਰਿਸ਼ਨ ਲਾਲ ਨੇ ਇਸ ਸਮੇਂ ਸਪਸ਼ਟ ਕੀਤਾ ਕਿ ਅਕਾਲੀ ਦਲ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੀ ਨੀਤੀ ਲਾਗੂ ਨਹੀਂ ਕਰੇਗਾ ਅਤੇ ਨਾਲ ਹੀ ਹਿੰਦੀ ਭਾਸ਼ਾ ਦੀ ਪੜ੍ਹਾਈ ਵਿਚ ਰੋਕ ਨਹੀਂ ਬਣੇਗਾ ।ਦੂਜੇ ਪਾਸੇ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਤਾਂ ਅਕਾਲੀ ਸਰਕਾਰ ਵੱਲੋਂ ਪੰਜਾਬੀ ਮਾਤ ਭਾਸ਼ਾ ਕਾਨੂੰਨ ਬਣਾਉਣ ਦਾ ਐਲਾਨ ਕੀਤਾ ।ਜਨਸੰਘ ਦੇ ਆਗੂਆਂ ਵੱਲੋਂ ਏਸ ਕਨੂੰਨ ਦਾ ਸਮਰਥਨ ਕੀਤਾ ਪਰ ਅਕਾਲੀ ਦਲ ਦੇ ਅੰਦਰੂਨੀ ਕਲੇਸ਼ ਕਾਰਨ ਇਹ ਸਰਕਾਰ ਡਿਗ ਗਈ ।ਜਨਸੰਘ ਦੇ ਆਗੂਆਂ ਵੱਲੋਂ ਪੰਜਾਬੀ ਮਾਤ ਭਾਸ਼ਾ ਕਾਨੂੰਨ ਨੂੰ ਹੈਰਾਨੀਜਨਕ ਤੋਰ ਮੰਨ ਲਿਆ ਗਿਆ ਸੀ ਪਰ ਇਸ ਫੈਸਲੇ ਨੇ ਮਿਲੀਟੈਂਟਾਂ ਆਰੀਆ ਸਮਾਜੀ ਆਗੂਆਂ ਅਤੇ ਸੰਘੀ ਆਗੂਆਂ ਵਿਚਕਾਰ ਵਖਰੇਵੇਂ ਪੈਦਾ ਕਰ ਦਿੱਤੇ ।ਇਸ ਅਮਲ ਨੇ ਹਿੰਦੀ ਲਹਿਰ ਦੇ ਆਗੂਆਂ ਨੂੰ ਕਾਂਗਰਸ ਪਾਰਟੀ ਦੇ ਨੇੜੇ ਕਰ ਦਿੱਤਾ ।ਜਿਸ ਦੇ ਸਿੱਟੇ ਵਜੋਂ ਕਾਂਗਰਸ ਪਾਰਟੀ ਦੇ ਪੰਜਾਬ ਵਿਚਲੇ ਆਰੀਆ ਸਮਾਜੀ ਆਗੂਆਂ, ਮਿਲੀਟੈਂਟ ਆਰੀਆ ਸਮਾਜੀਆਂ ਅਤੇ ਜਲੰਧਰ ਵਿੱਚਲੇ ਹਿੰਦੂ ਮਹਾਸ਼ਾ ਪ੍ਰੈੱਸ ਵਿਚਕਾਰ ਇੱਕ ਜਹਿਰੀਲਾ ਗਠਜੋੜ ਹੋਂਦ ਵਿਚ ਆਇਆ ।ਇਸ ਗੱਠਜੋੜ ਨੇ ਸਿੱਖ ਵਿਰੋਧੀ ਮਾਹੋਲ ਪੈਦਾ ਕਰ ਕੇ ਪੰਜਾਬੀ ਹਿਦੂੰ ਵਸੋਂ ਨੂੰ ਆਪਣੇ ਨਾਲ ਜੋੜ ਲਿਆ ।ਜਿਸ ਦੇ ਸਿੱਟੇ ਵਜੋਂ ਪੰਜਾਬ ਜਨਸੰਘ ਹਿੰਦੂ ਵਸੋਂ ਦੀਆਂ ਵੋਟਾਂ ਲੈਣ ਤੋਂ ਤਾਂ ਅਸਫਲ ਹੋ ਗਿਆਪਰ ਇਸ ਸਮੇਂ ਤੱਕ ਇਸ ਨੇ ਅਕਾਲੀ ਦਲ ਦੇ ਵਿਚਾਰਧਾਰਕ ਖਾਸੇ ਤੇ ਵੱਡੀ ਸੱਟ ਮਾਰ ਦਿੱਤੀ ਸੀ ।

ਜਨਸੰਘ ਦੇ ਪੰਜਾਬ ਵਿਚਲੇ ਹਾਲਤਾਂ ਤੋਂ ਭਾਰਤੀ ਜਨ ਸੰਘ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂਆ ਨੇ ਵੱਡੀਆਂ ਸਿੱਖਿਆਵਾਂ ਤੇ ਸਬਕ ਸਿੱਖੇ ।ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਅਤੇ ਸੰਗਠਨਾਤਮਕ ਡਸਿਪਲਨ ਨੂੰ ਜਨਸੰਘ ਅਤੇ ਸੰਘ ਦੇ ਕਾਰਕੁੰਨਾਂ ਤੇ ਆਗੂਆਂ ਦੇ ਰਾਜਨੀਤਕ ਅਤੇ  ਸਮਾਜਕ ਵਿਹਾਰ ਦਾ ਅੰਗ ਬਣਾਇਆ ਗਿਆ ।ਸੰਘ ਨੇ ਤਾਂ ਇਸ ਨੀਤੀ ਨੂੰ ਪਾਗਲਪਨ ਦੀ ਹੱਦ ਤੱਕ ਲਾਗੂ ਕੀਤਾ ।ਬਾਅਦ ਵਿਚ ਇਸ ਅਮਲ ਨੇ ਸੰਘ ਦੀ ਸੰਗਠਨਾਤਮਕ ਤਾਕਤ ਅਤੇ ਜਨਸੰਘ ਦੀ ਸਮਾਜਕ ਗਤੀਸ਼ੀਲਤਾ ਵਰਗੀਆਂ ਖਾਸੀਅਤਾਂ ਦਾ ਰਾਜਸੀ ਸੁਮੇਲ ਕਰਕੇ ਭਾਰਤੀ ਜਨਤਾ ਪਾਰਟੀ ਰਾਹੀਂ ਭਾਰਤੀ ਰਾਜ ਦੇ ਹਿੰਦੂ ਖਾਸੇ ਨੂੰ ਧਰਮ ਨਿਰਪੱਖਤਾ ਦੇ ਪਰਦੇ ਤੋਂ ਬਾਹਰ ਲੈ ਆਂਦਾਂ ।ਉਧਰ ਪੰਜਾਬ ਵਿਚਲੇ ਟਕਸਾਲੀ ਅਕਾਲੀ ਆਗੂ ਪੰਜਾਬੀ ਭਾਸ਼ਾ ਨੂੰ ਯੂਨੀਵਰਸਿਟੀ ਪੱਧਰ ਤੇ ਲਾਗੂ ਕਰਵਾਉਣ ਵਿੱਚ ਸਫ਼ਲ ਹੋ ਗਏ ਸਨ ।ਅਕਾਲੀ ਆਗੂਆਂ ਦੀ ਇਸ ਸਫਲਤਾ ਨੇ ਜਨਸੰਘ ਦੇ ਪੰਜਾਬ ਦੀ ਹਿੰਦੂ ਵਸੋਂ ਵਿਚੋਂ ਪੈਰ ਉਖਾੜ ਦਿੱਤੇ ।ਇਸ ਦੇ ਸਿੱਟੇ ਵਜੋਂ 1977 ਦੀਆਂ ਲੋਕ ਸਭਾ ਚੋਣਾਂ ਵਿਚ ਜਨਸੰਘ ਦਾ ਆਗੂ ਯੱਗ ਦੱਤ ਸ਼ਰਮਾਂ ਅੰਮ੍ਰਿਤਸਰ ਤੋਂ ਚੋਣ ਹਾਰ ਗਿਆ ।ਉੱਨੀ ਸੌ ਬਹੱਤਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਜਨਸੰਘ ਦੀ ਹਾਰ ਹੋਈ ।ਇਨਾਂ ਲੱਕ ਭੰਨੀਵੀਆਂ ਹਾਰਾਂ ਦੇ ਬਾਵਜੂਦ ਜਨ ਸੰਘ ਦੀ ਵਿਚਾਰਧਾਰਕ ਸਪਸ਼ਟਤਾ ਅਤੇ ਪਾਰਟੀ ਸੰਗਠਨ ਦੀ ਲਗਾਤਾਰ ਸਿਰਜਣਾ ਦਾ ਅਮਲ ਕਦੇ ਵੀ ਮੱਠਾ ਨਹੀਂ ਪਿਆ।ਜਨ ਸੰਘ ਨਾਲ ਸਬੰਧਤ ਇਸ ਰਾਜਨੀਤਕ ਅਮਲ ਤੋਂ ਕੌਮ ਪ੍ਰਸਤ ਸਿੱਖ ਆਗੂਆਂ ਅਤੇ ਕਾਰਕੁਨਾਂ ਨੂੰ ਵੱਡੀਆਂ ਰਾਜਨੀਤਕ ਸੇਧਾਂ ਮਿਲ ਸਕਦੀਆਂ ਹਨ ।