ਪੰਜਾਬ ਵਿੱਚ ਵਿਧਾਨ ਸਭਾ ਲਈ ੨੧ ਅਕਤੂਬਰ ਨੂੰ ਉਪ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਇਹ ਤਹਿ ਹੋਵੇਗਾ ਕਿ ਲੋਕਾਂ ਦੀ ਰਾਇ ਸੱਤਾਧਾਰੀ ਕਾਂਗਰਸ ਵੱਲ ਹੈ ਜਾਂ ਅਕਾਲੀ ਦਲ ਭਾਜਪਾ ਗੱਠਜੋੜ ਵੱਲ ਅਤੇ ਜਾਂ ਤੀਸਰੇ ਕਿਸੇ ਜਮਹੂਰੀ ਗੱਠਜੋੜ ਵੱਲ ਹੈ। ਇਸ ਵੇਲੇ ਇਹ ਕਿਹਾ ਜਾ ਸਕਦਾ ਹੈ ਕਿ ਹਵਾ ਦਾ ਰੁੱਖ ਕਿਸੇ ਵੱਲ ਵੀ ਨਹੀਂ ਹੈ। ਇਨ੍ਹਾ ਜਿਮਨੀ ਚੋਣਾਂ ਵਿੱਚ ਇਹ ਤਹਿ ਹੋਵੇਗਾ ਕਿ ਸੱਤਾਧਾਰੀ ਕਾਂਗਰਸ ਪਾਰਟੀ ਅੱਜ ਵੀ ਪੰਜਾਬ ਦੇ ਲੋਕਾਂ ਤੇ ਆਪਣੀ ਧਾਂਕ ਰੱਖਦੀ ਹੈ ਜਾਂ ਇਹ ਕਹਿ ਲਵੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਲੋਕਾਂ ਵਿੱਚ ਅੱਜ ਵੀ ਪ੍ਰਭਾਵ ਬਣਿਆ ਹੋਇਆ ਹੈ। ਦੂਸਰੇ ਪਾਸੇ ਅਕਾਲੀ ਭਾਜਪਾ ਗੱਠਜੋੜ ਨੂੰ ਵੀ ਆਪਣੀ ਪਛਾਣ ਬਰਕਰਾਰ ਰੱਖਣ ਲਈ ਇੰਨ੍ਹਾਂ ਉਪ ਚੋਣਾਂ ਵਿੱਚ ਚੰਗੀ ਕਾਰਗੁਜਾਰੀ ਦਿਖਾਉਣੀ ਪਵੇਗੀ। ਪੰਜਾਬ ਦੀ ਮੁੱਖ ਵਿਰੋਧੀ ਧਿਰ ਆਪ ਨੂੰ ਵੀ ਇੰਨਾਂ ਚੋਣਾਂ ਵਿੱਚ ਆਪਣਾ ਪ੍ਰਭਾਵ ਦੱਸਣਾ ਪਵੇਗਾ। ਤੇ ਇਹ ਸਿੱਧ ਕਰਨਾ ਪਵੇਗਾ ਕਿ ਕੀ ਉਹ ੨੦੧੭ ਦੀਆਂ ਵਿਧਾਨ ਸਭਾ ਚੋਣਾਂ ਵਾਂਗ ਆਪਣੀ ਲੋਕਪ੍ਰਿਯਤਾ ਨੂੰ ਕਾਇਮ ਰੱਖ ਸਕਣਗੇ ਜਾਂ ਨਹੀਂ। ਇਹ ਉਪ ਚੋਣਾਂ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿੱਚ ਹੋਣ ਜਾ ਰਹੀਆਂ ਹਨ। ਜਲਾਲਾਬਾਦ ਵਿਧਾਨਸਭਾ ਸੀਟ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਦੇਣ ਤੇ ਖਾਲੀ ਹੋਈ ਹੈ ਕਿਉਂਕਿ ਉਹ ਲੋਕ ਸਭਾ ਦੇ ਮੈਂਬਰ ਬਣ ਗਏ ਹਨ। ਦਾਖਾ ਵਿਧਾਨ ਸਭਾ ਸੀਟ ਇਸ ਕਰਕੇ ਖਾਲੀ ਹੋਈ ਹੈ ਕਿ ਉਥੋਂ ਦੇ ਵਿਧਾਇਕ ਫੂਲਕਾ ਨੇ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਫਗਵਾੜਾ ਦੀ ਵਿਧਾਨ ਸਭਾ ਸੀਟ ਇਸ ਕਰਕੇ ਖਾਲੀ ਹੋਈ ਹੈ ਕਿ ਉਥੋਂ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਇਸ ਕਰਕੇ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਹ ਲੋਕ ਸਭਾ ਦੇ ਮੈਂਬਰ ਬਣ ਗਏ ਹਨ। ਮੁਕੇਰੀਆਂ ਦੀ ਸੀਟ ਇਸ ਕਰਕੇ ਖਾਲੀ ਹੋਈ ਸੀ ਕਿਉਂਕਿ ਉਥੋਂ ਦੇ ਵਿਧਾਇਕ ਰਜ਼ਨੀਸ਼ ਬੱਬੀ ਦਾ ਦਿਹਾਂਤ ਹੋ ਗਿਆ ਸੀ। ਇੰਨਾਂ ਚਾਰ ਵਿਧਾਨ ਸਭਾ ਸੀਟਾਂ ਵਿਚੋਂ ਜਲਾਲਾਬਾਦ ਵਿਧਾਨ ਸਭਾ ਸੀਟ ਅਕਾਲੀ ਦਲ ਨੇ ਜਿੱਤੀ ਸੀ। ਦਾਖਾ ਵਿਧਾਨ ਸਭਾ ਸੀਟ ਆਪ ਪਾਰਟੀ ਨੇ ਜਿੱਤੀ ਸੀ। ਫਗਵਾੜਾ ਵਿਧਾਨ ਸਭਾ ਸੀਟ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਸੀ ਤੇ ਮੁਕੇਰੀਆਂ ਦੀ ਵਿਧਾਨ ਸਭਾ ਸੀਟ ਕਾਂਗਰਸ ਦੇ ਖਾਤੇ ਵਿੱਚ ਪਈ ਸੀ। ਇੰਨ੍ਹਾ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜੇ ਵੋਟਾਂ ਦੀ ਰਾਜਨੀਤੀ ਤੇ ਨਜ਼ਰ ਮਾਰੀਏ ਤਾਂ ਜਲਾਲਾਬਾਦ ਵਿੱਚ ੨੦੧੭ ਵਿੱਚ ਅਕਾਲੀ ਦਲ ਨੇ ਭਾਰੀ ਬਹੁਮੱਤ ਨਾਲ ਇਹ ਸੀਟ ਜਿੱਤੀ ਸੀ। ਕਾਂਗਰਸ ਪਾਰਟੀ ਇਸ ਸੀਟ ਤੋਂ ਤੀਜੇ ਅਸਥਾਨ ਤੇ ਆਈ ਸੀ। ਇਸੇ ਤਰ੍ਹਾਂ ਦਾਖਾ ਵਿਧਾਨ ਸਭਾ ਹਲਕੇ ਤੋਂ ਵਿਧਾਨ ਸਭਾ ਸੀਟ ਆਪ ਪਾਰਟੀ ਨੇ ਵੱਡੇ ਫਰਕ ਨਾਲ ਜਿੱਤੀ ਸੀ ਤੇ ਅਕਾਲੀ ਦਲ ਇਸ ਸੀਟ ਤੋਂ ਦੂਜੇ ਅਸਥਾਨ ਤੇ ਆਇਆ ਸੀ ਤੇ ਕਾਂਗਰਸ ਪਾਰਟੀ ਤੀਸਰੇ ਅਸਥਾਨ ਤੇ ਸੀ। ਫਗਵਾੜਾ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਵੱਡੇ ਫਰਕ ਨਾਲ ਸੀਟ ਜਿੱਤੀ ਸੀ ਤੇ ਕਾਂਗਰਸ ਦੂਜੇ ਅਸਥਾਨ ਤੇ ਆਈ ਸੀ। ਇਸੇ ਤਰ੍ਹਾਂ ਮੁਕੇਰੀਆਂ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੇ ਆਪਣੀ ਜਿੱਤ ਦਰਜ ਕੀਤੀ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਦੂਜਾ ਅਸਥਾਨ ਹਾਸਿਲ ਹੋਇਆ ਸੀ। ਇਸ ਵੇਲੇ ਜੇ ਨਜ਼ਰ ਮਾਰੀਏ ਤਾਂ ਪਲੜਾ ਕਿਧਰੇ ਵੀ ਭਾਰੀ ਨਹੀਂ ਦਿਖ ਰਿਹਾ ਪਰ ਇਹ ਜਰੂਰ ਹੈ ਕਿ ਇਹ ਉਪ ਚੋਣਾਂ ਪੰਜਾਬ ਦੀ ਰਾਜਨੀਤੀ ਤੇ ਆਪਣੀ ਛਾਪ ਜਰੂਰ ਛੱਡਣਗੀਆਂ।